ਭਾਰਤੀ ਲੋਕ ਨੀਚ ਕਿਵੇਂ ਬਣੇ ਅਤੇ ਹੋਰ 30 ਦੇ ਲੱਗਭਗ ਕਿਤਾਬਾਂ ਦੇ ਰਚੇਤਾ ਸਰਦਾਰ ਗੁਰਨਾਮ ਸਿੰਘ ਮੁਕਤਸਰ ਅਕਾਲ ਚਲਾਣਾ ਕਰ ਗਏ
(ਸਮਾਜ ਵੀਕਲੀ) – 26 ਅਕਤੂਬਰ 1947 ਨੂੰ ਪਿੰਡ ਧੂੜਕੋਟ ਰਣਸ਼ੀਹ ਵਿਖੇ ਸ। ਕਰਤਾਰ ਸਿੰਘ ਦੇ ਘਰ ਜਨਮੇ ਗੁਰਨਾਮ ਸਿੰਘ। ਘਰ ਵਿੱਚ ਤੰਗੀਆਂ ਤੁਰਸੀਆਂ ਦੇ ਬਾਵਯੂਦ ਵੀ ਮਾਤਾ ਭਗਵਾਨ ਕੌਰ ਨੇ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਵਾਉਣ ਤੇ ਜ਼ੋਰ ਦਿੱਤਾ। ਬੱਚੇ ਦਾ ਪਹਿਲਾ ਸਕੂਲ ਉਹਦਾ ਘਰ ਤੇ ਪਹਿਲਾ ਅਧਿਆਪਕ ਮਾਪੇ ਹੁੰਦੇ ਹਨ। ਸੋ ਗੁਰਨਾਮ ਸਿੰਘ ਨੇ ਵੀ ਆਪਣੇ ਪਹਿਲੇ ਸਕੂਲ ਭਾਵ ਆਪਣੇ ਘਰ ਤੋਂ ਸਖਤ ਮਿਹਨਤ ਅਤੇ ਕੰਮ ਪ੍ਰਤੀ ਲਗਨ ਅਤੇ ਇਮਾਨਦਾਰੀ ਦਾ ਪਹਿਲਾ ਪਾਠ ਆਪਣੇ ਮਾਪਿਆਂ ਤੋਂ ਪੜ੍ਹਿਆ। ਪਹਿਲੇ ਸਬਕ ਨੂੰ ਚੰਗੀ ਤਰ੍ਹਾਂ ਯਾਦ ਕਰਕੇ ਆਪਣੇ ਜੀਵਨ ਵਿੱਚ ਢਾਲ ਲਿਆ ਅਤੇ ਚੱਲ ਪਏ ਚਣੌਤੀਆਂ ਭਰੇ ਜੀਵਨ ਸਫਰ ਦੀ ਸ਼ੁਰੂਆਤ ਤੇ ।
ਸ. ਕਰਤਾਰ ਸਿੰਘ ਰਾਗੀ ਮਿਹਨਤਕਸ਼, ਸੱਚਾ ਸੁੱਚਾ ਤੇ ਅਗਾਂਹਵਧੂ ਵਿਚਾਰਾਂ ਵਾਲਾ ਉਹ ਇਨਸਾਨ ਸੀ ਜਿਸਨੇ ਪਿੰਡ ਦੇ ਸਰਵਪੱਖੀ ਵਿਕਾਸ ਲਈ ਕੰਮ ਕਰ ਰਹੇ ਸੱਜਣਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਦਿਨ ਰਾਤ ਇੱਕ ਕਰੀ ਰੱਖਿਆ। ਆਪਣੀ ਮਿਹਨਤ ਦੇ ਬਲਬੂਤੇ ਆਪਣੇ ਬੱਚਿਆਂ ਨੂੰ ਉਹਨਾਂ ਵੇਲਿਆਂ ‘ਚ ਉਹ ਤਾਲੀਮ ਦਵਾਈ ਜਦੋਂ ਪਿੰਡਾਂ ਦੇ ਲੋਕ ਪੜ੍ਹਾਈ ਪ੍ਰਤੀ ਐਨੇ ਜਾਗਰੂਕ ਤੇ ਉਤਸ਼ਾਹਿਤ ਨਹੀ ਸਨ। ਸ। ਕਰਤਾਰ ਸਿੰਘ ਦੇ ਚਾਰੇ ਪੁੱਤਰ ਪੜ੍ਹ ਲਿਖ ਕੇ ਉੱਚੇ ਅਹੁਦਿਆਂ ਤੇ ਪਹੁੰਚੇ ਅਤੇ ਇਹਨਾਂ ਚਾਰਾਂ ‘ਚੋਂ ਇੱਕ ਹੈ ਸ. ਗੁਰਨਾਮ ਸਿੰਘ।
ਆਪਨੇ ਅੱਠਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਕੀਤੀ। ਇਹ ਪਿੰਡ ਦੇ ਸਕੂਲ ਦਾ ਵੀ ਮੁੱਢਲਾ ਸਮਾਂ ਸੀ। ਫਿਰ ਦਸਵੀਂ 1964 ਵਿੱਚ ਤਖਤੂਪੁਰਾ ਸਾਹਿਬ ਦੇ ਸਕੂਲ ਤੋਂ ਪਾਸ ਕੀਤੀ। ਬਾਰਵੀਂ ਗੁਰੂ ਨਾਨਕ ਕਾਲਜ਼ ਰੋਡੇ, ਬੀ.ਏ. ਗੁਰੂ ਗੋਬਿੰਦ ਸਿੰਘ ਕਾਲਜ਼ ਚੰਡੀਗੜ੍ਹ, ਐਮ.ਏ. ਪੰਜਾਬੀ ਯੂਨੀਵਰਸਿਟੀ ਤੋਂ 1971-72, ਐਮ.ਏ. ਰਾਜਨੀਤੀ ਈਵਨਿੰਗ ਕਾਲਜ਼ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਤੋਂ 1972-73, ਬੀ.ਐਡ. ਸਰਕਾਰੀ ਟਰੇਨਿੰਗ ਕਾਲਜ਼ ਫਰੀਦਕੋਟ ਤੋਂ 1974 ਵਿੱਚ ਕੀਤੀ। ਇਹ ਸਫਰ ਸੀ ਵਿੱਦਿਆ ਪ੍ਰਾਪਤੀ ਦਾ, ਹੁਣ ਗੁਰਨਾਮ ਸਿੰਘ, ਪ੍ਰੋ. ਗੁਰਨਾਮ ਸਿੰਘ ਬਣ ਗਏ। ਇਹਨਾਂ ਵੇਲਿਆਂ ਵਿੱਚ ਆਪ ਪੰਜਾਬ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਲੋਕਾਂ ਵਿੱਚ ਸ਼ਾਮਿਲ ਸੀ।
ਨੌਕਰੀ ਦੌਰਾਨ ਆਪਨੇ ਪੰਜਾਬ ਦੇ ਵੱਖ ਵੱਖ ਕਾਲਜ਼ਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹਾਇਆ। ਆਪ ਨੇ ਆਪਣੇ ਵਿਿਦਆਰਥੀਆਂ ਨੂੰ ਕਾਬਿਲ ਬਣਾਇਆ, ਜਿਸ ਕਰਕੇ ਆਪਨੂੰ ਅੱਜ ਵੀ ਯਾਦ ਕੀਤਾ ਜਾਦਾ ਹੈ। ਇਹਨਾਂ ਦਿਨਾਂ ਦੌਰਾਨ ਹੀ ਆਪ ਨੇ ਮਹਾਤਮਾਂ ਬੁੱਧ ਅਤੇ ਡਾ। ਬੀ. ਆਰ. ਅੰਬੇਦਕਰ ਨੂੰ ਪੜ੍ਹਿਆ। ਇਹਨਾਂ ਨੂੰ ਪੜ੍ਹਨ ਤੋਂ ਬਾਅਦ ਆਪ ਨੇ ਆਪਣੇ ਅੰਦਰ ਹੈਰਾਨੀਜਨਕ ਤਬਦੀਲੀ ਮਹਿਸੂਸ ਕੀਤੀ। ਇਸ ਤਬਦੀਲੀ ਦਾ ਅਸਰ ਐਸਾ ਹੋਇਆ ਕਿ ਆਪਨੇ ਆਪਣਾ ਜੀਵਨ ਇੱਕ ਸ਼ੰਘਰਸ਼ ਨੂੰ ਸਮਰਪਤ ਕਰ ਦਿੱਤਾ। ਇਹ ਸ਼ੰਘਰਸ਼ ਸੀ ਬੰਦੇ ਹੱਥੋਂ ਬੰਦੇ ਦੀ ਹੁੰਦੀ ਲੁੱਟ ਦੇ ਖਿਲਾਫ। ਇਹ ਸ਼ੰਘਰਸ਼ ਸੀ ਜਾਤਾਂ ਪਾਤਾਂ ਦੀ ਚੱਕੀ ‘ਚ ਪਿਸ ਰਹੇ ਕਿਰਤੀ ਵਰਗ ਦੀ ਜੂਨ ਸੁਧਾਰਣ ਲਈ। ਆਪ ਨੇ ਆਪਣੇ ਸ਼ੰਘਰਸ਼ ਦਾ ਬਿਗੁਲ ਵਜ਼ਾ ਦਿੱਤਾ। ਸਮਾਜ ਦੇ ਦੱਬੇ ਕੁਚਲੇ ਲੋਕਾਂ ਲਈ ਆਪ ਡਾ. ਅੰਬੇਦਕਰ ਤੋਂ ਬਾਅਦ ਮਸੀਹਾ ਬਣਕੇ ਬਹੁੜੇ। ਆਪ ਨੇ ਬਣੀਆਂ ਬਣਾਈਆਂ ਮਿੱਥਾਂ ਨੂੰ ਤੋੜ ਕੇ ਇਤਿਹਾਸ ਨੂੰ ਨਵੀਂ ਦਿਸ਼ਾ ਦਿੱਤੀ ਅਤੇ ਅਨੇਕਾਂ ਅਣਗੌਲੇ ਤੱਥਾਂ ਨੂੰ ਉਜਾਗਰ ਕੀਤਾ। ਜਾਤਾਂ ਪਾਤਾਂ ਤੇ ਵਰਣਾਂ ਦੀ ਮਾਰ ਝੱਲ ਰਹੇ ਭਟਕੇ ਲੋਕਾਂ ਲਈ ਨਵੇਂ ਰਾਹ ਬਣਾਏ। ਹੋਰ ਵਿਦਵਾਨ ਆਪ ਬਾਰੇ ਲਿਖਦੇ ਹਨ ਕਿ ਪ੍ਰੋ. ਸਾਹਿਬ ਕੱਲੇ ਹੀ ਕਈ ਸੰਸ਼ਥਾਵਾਂ ਬਰਾਬਰ ਹਨ ਅਤੇ ਨਵੇਂ ਰਾਹ ਬਣਾਉਣ ਦੇ ਸਮਰੱਥ ਹਨ।
ਦਲਿਤ ਵਰਗ ਲਈ ਆਪ ਆਸ ਦੀ ਕਿਰਨ ਬਣਕੇ ਬਹੁੜੇ। ਫਿਰ ਆਪਨੇ ਸਮਾਜਿਕ ਬਰਾਬਰੀ ਤੇ ਬਰਾਬਰਤਾ ਦੇ ਹੱਕ, ਇਤਿਹਾਸਿਕ ਊਣਤਾਈਆਂ, ਧਾਰਮਿਕ ਗੁੰਝਲਾਂ ਆਦਿ ਕੁਰੀਤੀਆਂ ਨਾਲ ਲੋਹਾ ਲੈਂਦੀ ਇੱਕ ਕਿਤਾਬ “ਭਾਰਤੀ ਲੋਕ ਨੀਚ ਕਿਵੇਂ ਬਣੇਂ॥?” ਲਿਖੀ। ਇਸ ਕਿਤਾਬ ਨੇ ਭਾਰਤੀ ਸਿਸਟਮ ਅੰਦਰ ਤਹਿਲਕਾ ਮਚਾ ਦਿੱਤਾ। ਧਰਮ ਦੇ ਠੇਕੇਦਾਰਾਂ ਲਈ ਇਹ ਸੱਚ ਹਜ਼ਮ ਕਰਨੇ ਔਖੇ ਸੀ। ਪਰ ਅਦਾਲਤੀ ਕਾਰਵਾਈਆਂ ‘ਚ ਬਰਬਾਦ ਹੁੰਦਾ ਸਮਾਂ ਤੇ ਨਿੱਤ ਮਿਲਦੀਆਂ ਧਮਕੀਆਂ ਵੀ ਆਪ ਦਾ ਹੌਸ਼ਲਾ ਨਹੀਂ ਤੋੜ ਸਕੀਆਂ। ਸਮਾਜਿਕ ਕੋਹੜ ਨੂੰ ਹੂੰਝਣ ਲਈ ਆਪ ਨੇ ਲਿਖਣਾਂ ਜਾਰੀ ਰੱਖਿਆ ਅਤੇ ਅਠਾਰਾਂ ਵੀਹ ਦੇ ਕਰੀਬ ਖੋਜ਼ ਆਧਾਰਿਤ ਕਿਤਾਬਾਂ ਲਿਖਣ ਦਾ ਇਤਿਹਾਸਿਕ ਕਾਰਜ਼ ਕਰ ਵਿਖਾਇਆ। ਆਪ ਦੀਆਂ ਹੋਰ ਪੁਸਤਕਾਂ ਵਿੱਚ #ਬਾਨਾਰਸ਼ ਕੇ ਠੱਗ, #ਧਰਮ ਯੁੱਧ, #ਗੁਲਾਮਗਿਰੀ, #ਸ਼ੰਘਰਸ਼ ਜਾਰੀ ਹੈ, #ਸਿੱਖ ਲਹਿਰ ਦੇ ਸਿਰਜਕ, #ਮੈਂ ਹਿੰਦੂ ਨਹੀ ਮਰੂੰਗਾ, #ਝੂਠ ਨਾ ਬੋਲ ਪਾਂਡੇ, #ਖੌਲਦਾ ਮਹਾਂ ਸਾਗਰ ਗੱਲ ਕੀ ਕਿ ਸਾਰੀਆਂ ਕਿਤਾਬਾਂ ਇਤਿਹਾਸਿਕ ਹੋ ਨਿੱਬੜੀਆਂ। “ਭਾਰਤੀ ਲੋਕ ਨੀਚ ਕਿਵੇਂ ਬਣੇਂ?” ਇਹ ਕਿਤਾਬ ਸਦੀ ਦੀਆਂ ਮਹਾਨ ਪੁਸਤਕਾਂ ਵਿੱਚ ਸ਼ਾਮਿਲ ਹੈ। ਇਸ ਕਿਤਾਬ ਨੂੰ “ਦਲਿਤਾਂ ਦੀ ਬਾਈਬਲ”, “ਦਲਿਤਾਂ ਦੀ ਕੁਰਾਨ” ਕਿਹਾ ਜਾਦਾ ਹੈ। ਪਾਠਕ ਇਸ ਕਿਤਾਬ ਨੂੰ “#ਭਵਜਲਪਾਰ_ਗ੍ਰੰਥ” ਕਹਿ ਕੇ ਸਤਿਕਾਰਦੇ ਹਨ। ਇਹ ਕਿਤਾਬ ਬਲੈਕ ‘ਚ ਸਭ ਤੋਂ ਵੱਧ ਵਿਕਣ ਵਾਲੀਆਂ ਕਿਤਾਬਾਂ ਵਿੱਚ ਸ਼ਾਮਿਲ ਹੈ। ਇਸਦਾ ਹੁਣ ਦਸਵਾਂ ਗੋਲਡਨ ਆਡੀਸ਼ਨ ਛੱਪ ਰਿਹਾ ਹੈ। ਇਸਦੀ ਮੰਗ ਸਮੇਂ ਦੇ ਨਾਲ ਨਾਲ ਵੱਧ ਰਹੀ ਹੈ। ਇਸ ਤੋਂ ਇਲਾਵਾ ਦੇਸ਼ ਵਿਦੇਸ਼ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਦੇ ਆਪ ਦੇ ਕਾਰਜ਼ ਨਿਰੰਤਰ ਜਾਰੀ ਹਨ। ਆਪ ਜੀ ਇਸ ਵੇਲੇ “ਰਾਸ਼ਟਰੀ ਮੂਲ਼ ਭਾਰਤੀ ਚਿੰਤਨ ਸੰਘ” ਦੇ ਰਾਸ਼ਟਰੀ ਪ੍ਰਧਾਨ ਹੋ। ਲੋਕਾਂ ਨੂੰ ਪੜ੍ਹਨ ਲਈ ਪ੍ਰੇਰਣਾਂ, ਲਾਇਬ੍ਰੇਰੀਆਂ ਬਣਾਉਣਾਂ, ਦਲਿਤ ਪੱਛੜੇ ਅਤੇ ਨਾ ਬਰਾਬਰੀ ਦੇ ਸ਼ਿਕਾਰ ਲੋਕਾਂ ਦੀ ਆਵਾਜ ਬਣਨਾ, ਸ਼ੰਘਰਸ਼ ਲਈ ਪ੍ਰੇਰਣਾ ਇਹੋ ਆਪ ਦੇ ਜੀਵਨ ਦਾ ਮਕਸਦ ਹੈ। ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਕਿਸੇ ਲੇਖਕ ਦੀ ਲਿਖੀ ਕਿਤਾਬ ਗਰੀਬਾਂ ਦੀ ਦਲਿਤਾਂ ਦੀ ਬਾਈਬਲ, ਕੁਰਾਨ, ਅੰਜੀਲ ਜਾਂ ਗ੍ਰੰਥ ਦਾ ਦਰਜ਼ਾ ਹਾਸਿਲ ਕਰ ਜਾਵੇ, ਇਹ ਉਸ ਲੇਖਕ ਦਾ ਵਿਦਵਾਨ ਹੋਣਾਂ ਤਸਦੀਕ ਕਰਦਾ ਹੈ। ਐਸਾ ਮਹਾਨ ਵਿਦਵਾਨ ਸਾਡੇ ਪਿੰਡ ਧੂੜਕੋਟ ਰਣਸ਼ੀਹ ਜੰਮਿਆ ਪਲਿਆ, ਪੜ੍ਹਿਆ, ਵੱਡਾ ਹੋਇਆ, ਕਿਰਤ ਕਰਦਾ ਰਿਹਾ ਇਹ ਪਿੰਡ ਵਾਸਤੇ ਵੱਡੇ ਮਾਣ ਵਾਲੀ ਗੱਲ ਹੈ। ਪ੍ਰੋ. ਸਾਹਬ ਓਨਾਂ ਲੋਕਾਂ ‘ਚੋਂ ਹਨ ਜਿੰਨਾਂ ਆਪਣੀ ਮਾਂ ਦੀ ਕੁੱਖ ਨੂੰ ਸਫਲੀ ਕੀਤਾ, ਜਿੰਨਾਂ ਧਰਤੀ ਮਾਂ ਦਾ ਕਰਜ਼ ਲਾਹਿਆ, ਜਿੰਨਾਂ ਹਜ਼ਾਰਾਂ ਲੱਖਾਂ ਮਾਂਵਾ ਦੀਆਂ ਦੁਆਵਾਂ ਕਮਾਈਆਂ। ਆਪਣੇ ਸ਼ੰਘਰਸ਼ਮਈ ਜੀਵਨ ਦੀ ਮੂਲ਼ ਪ੍ਰੇਰਣਾਂ ਆਪਣੇ ਮਾਪਿਆਂ ਨੂੰ ਮੰਨਣ ਵਾਲੇ ਪ੍ਰੋ. ਗੁਰਨਾਮ ਸਿੰਘ ਦਾ ਜੀਵਨ ਮਾਨਵਵਾਦੀ ਕਦਰਾਂ ਕੀਮਤਾਂ ਦੀ ਕਦਰ ਕਰਨ ਵਾਲੇ ਹਰ ਇਨਸਾਨ ਲਈ ਪ੍ਰੇਰਣਾਂ ਹੈ। ਹਰ ਉਹ ਇਨਸਾਨ ਜੋ ਬੰਦੇ ਹੱਥੋਂ ਬੰਦੇ ਦੀ ਲੁੱਟ ਦੇ ਖਿਲਾਫ ਹੈ ਉਹ ਪ੍ਰੋ. ਸਾਹਬ ਨੂੰ ਪੜ੍ਹਕੇ ਊਰਜਾ ਲੈਂਦਾ ਰਹੇਗਾ।