ਲੁਧਿਆਣਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਮਜਦੂਰਾਂ ਦੀਆਂ ਜੱਥੇਬੰਦੀਆਂ ਕਾਰਖਾਨਾ ਮਜਦੂਰ ਯੂਨੀਅਨ ਅਤੇ ਟੈਕਸਟਾਇਲ-ਹੌਜਰੀ ਕਾਮਗਾਰ ਯੂਨੀਅਨ ਵੱਲੋਂ 01 ਸਤੰਬਰ ਨੂੰ ਡਾ.ਅੰਬੇਡਕਰ ਧਰਮਸ਼ਾਲਾ, ਜਮਾਲਪੁਰ ਚੌਂਕ, ਚੰਡੀਗੜ੍ਹ ਰੋਡ ਲੁਧਿਆਣਾ ਵਿਖੇ ਮਜਦੂਰ-ਪੰਚਾਇਤ ਕੀਤੀ ਗਈ। ਇਸ ਮੌਕੇ ਪਹੁੰਚੇ ਮਜਦੂਰਾਂ ਅਤੇ ਜੱਥੇਬੰਦੀ ਦੇ ਆਗੂਆਂ ਨੇ ਮਜਦੂਰਾਂ ਦੇ ਹਲਾਤ ਅਤੇ ਕਾਰਖਾਨਿਆਂ ਵਿੱਚ ਹੁੰਦੀ ਧੱਕੇਸ਼ਾਹੀ ਬਾਰੇ ਗੱਲਬਾਤ ਕੀਤੀ। ਬੁਲਾਰਿਆਂ ਨੇ ਕਿਹਾ ਕਿ ਮਜਦੂਰ ਬਹੁਤ ਮਾੜੀਆਂ ਹਾਲਤਾਂ ਦਾ ਸਾਹਮਣਾ ਕਰ ਰਹੇ ਹਨ। ਮਹਿੰਗਾਈ ਦਿਨੋ-ਦਿਨ ਵਧਦੀ ਜਾ ਰਹੀ ਹੈ, ਪਰ ਆਮਦਨੀ ਵਿੱਚ ਕੋਈ ਵਾਧਾ ਨਹੀਂ ਹੋ ਰਿਹਾ। ਮਾਲਕ ਤਨਖਾਹ/ਪੀਸ-ਰੇਟ ਵਧਾਉਣ ਦੀ ਵਜਾਏ ਮਸ਼ੀਨਾਂ ਵਧਾ ਕੇ ਕੰਮ ਦਾ ਬੋਝ ਦੁੱਗਣਾ ਕਰ ਰਹੇ ਹਨ।
ਕਾਰਖਾਨਿਆਂ ਵਿੱਚ ਕਿਰਤ-ਕਨੂੰਨ ਲਾਗੂ ਨਹੀਂ ਸਗੋਂ ਮਾਲਕ ਮਜ਼ਦੂਰਾਂ ਦੀਆਂ ਸੰਘਰਸ਼ਾਂ ਰਾਹੀਂ ਪ੍ਰਾਪਤ ਕੀਤੀਆਂ ਸਹੂਲਤਾਂ ‘ਤੇ ਵੀ ਕਟੌਤੀ ਕਰ ਰਹੇ ਹਨ। ਮਾਲਕ ਬੇਹਿਸਾਬ ਮੁਨਾਫੇ ਕਮਾ ਰਹੇ ਹਨ ਅਤੇ ਦੂਜੇ ਪਾਸੇ ਮਜਦੂਰ ਭੈੜੇ ਹਲਾਤਾਂ ਵਿੱਚ ਗੁਜਾਰਾ ਕਰਨ ਲਈ ਮਜਬੂਰ ਹੋਏ ਪਏ ਹਨ। ਸਰਕਾਰ ਤੇ ਕਿਰਤ-ਵਿਭਾਗ ਸ਼ਰੇਆਮ ਮਾਲਕਾਂ ਦੇ ਪੱਖ ਚ ਭੁਗਤ ਰਹੇ ਹਨ। ਕਾਰਖਾਨਿਆਂ ਵਿੱਚ ਹਾਦਸਿਆਂ ਤੋਂ ਸੁਰੱਖਿਆ ਦੇ ਪ੍ਰਬੰਧ ਨਹੀਂ।
ਪੰਚਾਇਤ ਵਿੱਚ ਮਜਦੂਰਾਂ ਦੀਆਂ ਭਖਵੀਆਂ ਮੰਗਾਂ ਦੇ ਅਧਾਰ ਤੇ ਇੱਕ ਮੰਗ-ਪੱਤਰ ਪੇਸ਼ ਕੀਤਾ ਗਿਆ। ਵਿਚਾਰ-ਚਰਚਾ ਤੋਂ ਬਾਅਦ ਇੱਕ ਹੋਰ ਮੰਗ ਦਾ ਵਾਧਾ ਕਰਕੇ ਮੰਗ-ਪੱਤਰ ਤੇ ਸਹਿਮਤੀ ਪ੍ਰਗਟਾਈ। ਫੈਸਲਾ ਕੀਤਾ ਗਿਆ ਕਿ ਮੰਗ ਪੱਤਰ ਨੂੰ ਸਰਕਾਰ ਅਤੇ ਸਰਮਾਏਦਾਰਾਂ ਅੱਗੇ ਪੇਸ਼ ਕੀਤਾ ਜਾਵੇਗਾ। ਇਹ ਵੀ ਫੈਸਲਾ ਲਿਆ ਕਿ ਆਉਣ ਵਾਲੇ ਬੁੱਧਵਾਰ ਨੂੰ ਇਹ ਮੰਗ-ਪੱਤਰ ਡੀਸੀ ਲੁਧਿਆਣਾ ਨੂੰ ਸੌਂਪਿਆ ਜਾਵੇਗਾ। ਪੰਚਾਇਤ ਨੂੰ ਕਾਰਖਾਨਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ, ਟੈਕਸਟਾਇਲ ਹੌਜ਼ਰੀ ਕਾਮਗਾਰ ਯੂਨੀਅਨ ਦੇ ਪ੍ਰਧਾਨ ਜਗਦੀਸ਼, ਨੌਜਵਾਨ ਭਾਰਤ ਸਭਾ ਦੇ ਆਗੂ ਤਰਨ ਅਤੇ ਹੋਰ ਯੂਨੀਅਨ ਆਗੂਆਂ, ਕਾਰਕੁਨਾਂ, ਮੈਂਬਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਮੰਗ-ਪੱਤਰ ਵਿੱਚ ਇਹ ਮੰਗਾਂ ਸ਼ਾਮਲ ਕੀਤੀਆਂ ਗਈਆਂ ਹਨ। ਮਹੀਨਾਵਾਰ ਘੱਟੋ-ਘੱਟ 26000 ਰੁਪਏ ਤੈਅ ਕੀਤੀ ਜਾਵੇ। ਪੀਸਰੇਟ/ਦਿਹਾੜੀ ਇਸੇ ਹਿਸਾਬ ਨਾਲ਼ ਤੈਅ ਹੋਵੇ। ਲੱਕ-ਤੋੜ ਮਹਿੰਗਾਈ ਨੂੰ ਨੱਥ ਪਾਈ ਜਾਵੇ। ਔਰਤ ਮਜਦੂਰਾਂ ਨੂੰ ਬਰਾਬਰ ਕੰਮ ਲਈ ਮਰਦਾਂ ਦੇ ਬਰਾਬਰ ਤਨਖਾਹ/ਪੀਸਰੇਟ/ਦਿਹਾੜੀ ਮਿਲ਼ੇ, ਮਾਲਕਾਂ ਵੱਲੋਂ ਮਜਦੂਰਾਂ ਦੀ ਤਨਖਾਹ, ਈ.ਪੀ.ਐਫ. ਆਦਿ ਦੇ ਪੈਸੇ ਦੱਬਣ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ, ਕਾਰਖਾਨਿਆਂ ਵਿੱਚ ਈ.ਐਸ.ਆਈ., ਈ.ਪੀ.ਐਫ., ਬੋਨਸ, ਪਹਿਚਾਣ ਪੱਤਰ, ਪੱਕਾ ਹਾਜਰੀ ਕਾਰਡ ਅਤੇ ਰਜਿਸਟਰ, ਤਨਖਾਹ ਪਰਚੀ (ਪੇ-ਸਲਿੱਪ) ਆਦਿ ਸਾਰੇ ਕਨੂੰਨੀ ਕਿਰਤ ਹੱਕ ਲਾਗੂ ਕੀਤੇ ਜਾਣ, ਕਾਰਖਾਨਿਆਂ ਵਿੱਚ ਪੀਣ ਵਾਲ਼ੇ ਸਾਫ ਪਾਣੀ, ਸਾਫ-ਸਫਾਈ ਦਾ ਪੂਰਾ ਪ੍ਰਬੰਧ ਹੋਵੇ, ਮਜਦੂਰਾਂ ਦੇ ਕਨੂੰਨੀ ਕਿਰਤ ਹੱਕ ਲਾਗੂ ਨਾ ਕਰਨ ਵਾਲ਼ੇ ਮਾਲਕਾਂ ਨੂੰ ਸਖਤ ਸਜਾਵਾਂ ਮਿਲ਼ਣ, ਈ.ਪੀ.ਐਫ. ਅਤੇ ਈ.ਐਸ.ਆਈ. ਦੀ ਤਨਖਾਹ ਹੱਦ ਵਧਾਈ ਜਾਵੇ, ਕਾਰਖਾਨਿਆਂ ਵਿੱਚ ਹਾਦਸਿਆਂ ਤੋਂ ਮਜਦੂਰਾਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਹੋਣ,ਹਾਦਸਾ ਹੋਣ ਤੇ ਇਲਾਜ ਅਤੇ ਜਾਇਜ ਮੁਆਵਜੇ ਦੀ ਗਰੰਟੀ ਹੋਵੇ, ਸਾਰੇ ਮਜਦੂਰਾਂ ਨੂੰ ਪੱਕੇ ਰੋਜਗਾਰ ਦੀ ਗਰੰਟੀ ਹੋਵੇ ਮਜਦੂਰ ਵਿਰੋਧੀ ਠੇਕੇਦਾਰੀ ਪ੍ਰਥਾ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾਵੇ। ਬੇਰੁਜਗਾਰੀ ਦੀ ਹਾਲਤ ਵਿੱਚ ਬੇਰੁਜਗਾਰੀ ਭੱਤਾ ਮਿਲ਼ੇ, ਮਜਦੂਰਾਂ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਸਰਕਾਰੀ ਹਸਪਤਾਲ-ਡਿਸਪੈਂਸਰੀਆਂ, ਸਕੂਲ ਆਦਿ ਲੋੜੀਂਦੀ ਗਿਣਤੀ ‘ਚ ਖੋਲੇ ਜਾਣ, ਜੋ ਪਹਿਲਾਂ ਮੌਜੂਦ ਹਨ ਉਹਨਾਂ ਦੀ ਹਾਲਤ ਸੁਧਾਰੀ ਜਾਵੇ, ਸਾਫ-ਸਫਾਈ, ਬਿਜਲੀ, ਪਾਣੀ ਆਦਿ ਸਹੂਲਤਾਂ ਦਾ ਪੁਖਤਾ ਪ੍ਰਬੰਧ ਹੋਵੇ, ਮਜਦੂਰਾਂ ਦੇ ਰਾਸ਼ਨ ਕਾਰਡ, ਵੋਟਰ ਕਾਰਡ ਆਦਿ ਬਣਾਏ ਜਾਣ, ਬੁਢਾਪਾ ਪੈਨਸ਼ਨ ਲਾਗੂ ਹੋਵੇ, ਮਜਦੂਰਾਂ-ਕਿਰਤੀਆਂ ਨਾਲ਼ ਨਿੱਤ-ਦਿਹਾੜੇ ਹੁੰਦੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਸਖਤ ਕਾਰਵਾਈ ਕੀਤੀ ਜਾਵੇ, ਸਾਰੇ ਮਜਦੂਰਾਂ ਨੂੰ ਐਤਵਾਰ ਦੇ ਦਿਨ ਹਫਤਾਵਰੀ ਛੁੱਟੀ ਦਿੱਤੀ ਜਾਵੇ। ਪੰਚਾਇਤ ਵਿੱਚ ਕਾਰਖਾਨਾ ਮਜਦੂਰ ਯੂਨੀਅਨ ਦੇ ਮੈਂਬਰ ਰਮੇਸ਼ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ। ਪ੍ਰੋਗਰਾਮ ਦੇ ਅੰਤ ਵਿੱਚ ਇਲਾਕੇ ਵਿੱਚ ਪੈਦਲ-ਮਾਰਚ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly