(ਸਮਾਜ ਵੀਕਲੀ)
ਸੰਸਾਰ ਵਿੱਚ ਵਿਚਰਦੇ ਹੋਏ ਹਰ ਪ੍ਰਾਣੀ ਨੂੰ ਕਰਮ ਕਰਨਾ ਪੈਂਦਾ ਹੈ। ਕਰਮ ਹੀ ਸਾਡੇ ਜੀਵਨ ਨੂੰ ਗਤੀਮਾਨ ਕਰਦੇ ਹਨ ਅਤੇ ਪ੍ਰਾਣੀ ਆਪਣੇ ਮਹਾਨਤਮ ਕਾਰਜਾਂ ਸਦਕਾ ਹੀ ਸੰਸਾਰ ਵਿੱਚ ਉਚੇਰੀਆਂ ਮੰਜ਼ਿਲਾਂ ਸਰ ਕਰਦਾ ਹੈ ਤੇ ਬੁਲੰਦੀਆਂ ਦੇ ਝੰਡੇ ਗੱਡਦਾ ਹੈ। ਇਸ ਸਬੰਧ ਵਿਚ ਉਪਨਿਸ਼ਦਾਂ ਵਿੱਚ ਵਰਣਨ ਹੈ , ” ਯਦੇਵ ਵਿਦਿਆਯ ਕਰੋਮਿ ਸ਼੍ਰਧਯੋਨਿਸ਼ਦਾ ਤਦੇਵ ਵੀਰਅਵਤਰੰਮ ਭਵਤਿ ।। ” ਇਨਸਾਨ ਜਦੋਂ ਆਪਣੇ ਕਰਮਾਂ / ਕਾਰਜਾਂ ਵਿੱਚ ਯੁਕਤੀ , ਸ਼ਰਧਾ ਅਤੇ ਵਿਦਵਤਾ ਨੂੰ ਸਮਾਹਿਤ ਕਰਕੇ ਵਿਚਰਦਾ ਹੈ ਤਾਂ ਉਸ ਦੀ ਸਫ਼ਲਤਾ ਵੀ ਪ੍ਰਬਲਤਾ ਵਿੱਚ ਬਦਲ ਕੇ ਚੰਗੇ ਨਤੀਜੇ ਸਾਹਮਣੇ ਲਿਆਉਂਦੀ ਹੈ।
ਅਜਿਹੇ ਹੀ ਮਹਾਨ ਗੁਣਾਂ ਨਾਲ ਸੁਸ਼ੋਭਿਤ ਅਤੇ ਜੀਵਨ ਦੇ ਪਹਿਲਕੇ ਅਰਸੇ ਵਿੱਚ ਹੀ ਉੱਚਤਮ , ਮਹਾਨ ਅਤੇ ਪ੍ਰਬਲ ਪ੍ਰਾਪਤੀਆਂ ਹਾਸਲ ਕਰਨ ਵਾਲੀ ਮਹਾਨ ਅਧਿਆਪਿਕਾ ਹੈ : ਸ੍ਰੀਮਤੀ ਅਮਨਪ੍ਰੀਤ ਕੌਰ ਜੀ , ਸਟੇਟ ਅੇੈਵਾਰਡੀ। ਸ੍ਰੀਮਤੀ ਅਮਨਪ੍ਰੀਤ ਕੌਰ ਜੀ ਨੇ ਆਪਣੀ ਨੌਕਰੀ ਦੀ ਸ਼ੁਰੂਆਤ 01.07.2006 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਗਧਰਾਮ ਖੁਰਦ ( ਚਮਕੌਰ ਸਾਹਿਬ ) ਰੂਪਨਗਰ ਤੋਂ ਬਤੌਰ ਈ.ਟੀ.ਟੀ. ਅਧਿਆਪਿਕਾ ਕੀਤੀ। ਆਪਣੀ ਯੋਗਤਾ ਦਾ ਲੋਹਾ ਮਨਵਾਉਂਦੇ ਹੋਏ ਆਪਣੇ ਸੰਨ 2019 ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਅਮਲਾਲਾ ਐੱਸ .ਏ .ਐੱਸ. ਨਗਰ ਵਿਖੇ ਬਤੌਰ ਮੁੱਖ ਅਧਿਆਪਕਾ ਤਰੱਕੀ ਪ੍ਰਾਪਤ ਕੀਤੀ ਅਤੇ ਜੂਨ 2021 ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਝੱਲੀਆਂ ਖੁਰਦ , ਬਲਾਕ ਸਲੋਰਾ ( ਰੂਪਨਗਰ ) ਵਿਖੇ ਬਤੌਰ ਸੀ.ਐਚ.ਟੀ. ਅਹੁਦਾ ਸੰਭਾਲਿਆ।
ਨਿੱਕੀ ਜਿਹੀ ਆਯੂ ਵਿੱਚ ਅਜਿਹੀਆਂ ਬੁਲੰਦੀਆਂ ਨੂੰ ਛੂਹ ਲੈਣਾ ਜ਼ਰੂਰ ਹੀ ਇੱਕ ਸਤਿਕਾਰਯੋਗ , ਮਿਹਨਤੀ , ਬੁਲੰਦ ਇਰਾਦੇ ਵਾਲੇ ਅਤੇ ਇੱਕ ਖਾਸ ਸ਼ਖ਼ਸੀਅਤ ਤੇ ਕਰਮਵਾਦੀ ਵਿਅਕਤੀਤਵ ਦੇ ਲੇਖੇ ਹੀ ਆਉਂਦਾ ਹੈ।ਆਪ ਜੀ ਨੇ ਹਰ ਸਕੂਲ ਵਿੱਚ ਪੜ੍ਹਾਈ ਦਾ ਪੱਧਰ ਉੱਚਾ ਚੁੱਕਿਆ , ਸਕੂਲਾਂ ਵਿੱਚ ਬੁਨਿਆਦੀ ਸਹੂਲਤਾਂ ਦਾ ਯਥਾਸੰਭਵ ਪ੍ਰਬੰਧ ਕੀਤਾ ਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਹਰ ਪੱਖ ਤੋਂ ਭਰਪੂਰ ਕੋਸ਼ਿਸ਼ਾਂ ਕੀਤੀਆਂ ਤੇ ਕਰਦੇ ਆ ਰਹੇ ਹਨ। ਆਪ ਜੀ ਦੀ ਯੋਗ ਅਗਵਾਈ ਹੇਠ ਬੱਚਿਆਂ ਨੇ ਖੇਡਾਂ ਅਤੇ ਹੋਰ ਖੇਤਰਾਂ ਵਿੱਚ ਵੀ ਅਥਾਹ ਮੱਲਾਂ ਮਾਰੀਆਂ।
ਸ਼੍ਰੀਮਤੀ ਅਮਨਪ੍ਰੀਤ ਕੌਰ ਜੀ ਨੇ ਆਪਣੇ ਬੁਲੰਦ ਇਰਾਦੇ ਅਤੇ ਸਮਰਪਣ ਦਾ ਸਬੂਤ ਦਿੰਦੇ ਹੋਏ ਖੁਦ ਅਤੇ ਆਪਣੇ ਵਿਦਿਆਰਥੀਆਂ ਦੀ ਹਰ ਖੇਤਰ ਦੇ ਹਰੇਕ ਮੁਕਾਬਲੇ ਵਿੱਚ ਭਾਗੀਦਾਰੀ ਦਰਜ ਕਰਵਾਈ ਤੇ ਉੱਚਤਮ ਮੁਕਾਮ ਹਾਸਲ ਕਰਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਮੈਡਮ ਅਮਨਪ੍ਰੀਤ ਕੌਰ ਜੀ ਨੇ ਸਮਾਜਿਕ ਬੁਰਾਈਆਂ ਵਿਰੁੱਧ ਆਮ – ਜਨ ਨੂੰ ਜਾਗਰੂਕ ਕਰਨ ਲਈ ਵੱਖ – ਵੱਖ ਨੁੱਕੜ ਨਾਟਕਾਂ ਵਿੱਚ ਵੀ ਯੋਗਦਾਨ ਪਾਇਆ। ਆਪਜੀ ਨੇ ਸੁਤੰਤਰਤਾ ਦਿਵਸ , ਗਣਤੰਤਰ ਦਿਵਸ , ਮੇਲਿਆਂ , ਤਿਉਹਾਰਾਂ , ਝਾਂਕੀਆਂ ਆਦਿ ਵਿੱਚ ਵੀ ਆਪਣੀ ਸ਼ਲਾਘਾਯੋਗ ਸ਼ਮੂਲੀਅਤ ਦਰਜ ਕਰਵਾਈ। ਲੌਕਡਾਊਨ ਦੌਰਾਨ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਜੋੜਨ ਲਈ ਆਪ ਜੀ ਨੇ ਵਿਸ਼ੇਸ਼ ਉਪਰਾਲੇ ਕਰਕੇ ਵਿਸ਼ੇਸ਼ ਯੋਗਦਾਨ ਪਾਇਆ।
ਮੈਡਮ ਅਮਨਪ੍ਰੀਤ ਕੌਰ ਜੀ ਨੇ ਦੋ ਫ਼ਿਲਮਾਂ /ਮੂਵੀਜ਼ (ਅਖ਼ਬਾਰ ਵਾਲ਼ਾ ਤੇ ਆਖ਼ਰੀ ਪੁਲਾਂਘ ) ਵਿੱਚ ਆਪਣੀ ਖਾਸ ਭੂਮਿਕਾ ਨਿਭਾਈ। ਆਪ ਜੀ ਨੇ ਬਤੌਰ ਆਰਜ਼ੀ ਸੈਂਟਰ ਹੈੱਡ ਟੀਚਰ ਦੇ ਅਹੁਦੇ ‘ਤੇ ਵੀ ਸੇਵਾ ਨਿਭਾਈ। ਮੈਡਮ ਅਮਨਪ੍ਰੀਤ ਕੌਰ ਜੀ ਦੀ ਸਿੱਖਿਆ , ਸਮਾਜ ਤੇ ਸਕੂਲ ਪ੍ਰਤੀ ਨਿਭਾਈ ਜਾ ਰਹੀ ਹਰ ਜ਼ਿੰਮੇਵਾਰੀ ਕਾਬਿਲ – ਏ – ਤਾਰੀਫ਼ ਹੈ। ਸਿੱਖਿਆ ਤੇ ਸਮਾਜ ਦੇ ਖੇਤਰ ਵਿੱਚ ਨਿਭਾਏ ਜਾ ਰਹੇ ” ਵਿਸ਼ੇਸ਼ – ਯੋਗਦਾਨ ” ਸਦਕਾ ਮੈਡਮ ਅਮਰਪ੍ਰੀਤ ਕੌਰ ਜੀ ਨੂੰ ਉੱਚ ਸਿੱਖਿਆ ਅਧਿਕਾਰੀਆਂ ਵੱਲੋਂ ਕਈ ਵਾਰ ਸਨਮਾਨ – ਪੱਤਰ ਪ੍ਰਾਪਤ ਹੋਏ।ਸਕੂਲ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਜੀ (I.A.S.) ਵੱਲੋਂ ਆਪਜੀ ਨੂੰ ਤਿੰਨ ਵਾਰ ਸਨਮਾਨਿਤ ਕੀਤਾ ਗਿਆ , ਰੂਪਨਗਰ ਜ਼ਿਲ੍ਹੇ ਦੀ ਵੱਕਾਰੀ ਸੰਸਥਾ ” ਰੋਟਰੀ ਕਲੱਬ ” ਵੱਲੋਂ ਸੰਨ 2016 ਵਿੱਚ ਸਨਮਾਨਿਤ ਕੀਤਾ ਗਿਆ ਤੇ ਸੈਣੀ ਸਭਾ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਮੈਡਮ ਅਮਨਪ੍ਰੀਤ ਕੌਰ ਜੀ ਨੂੰ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਵਿਸ਼ੇਸ਼ ਪ੍ਰਸੰਸਾ – ਪੱਤਰ ਪ੍ਰਦਾਨ ਕੀਤਾ ਗਿਆ। ਸੰਨ 2018 ਵਿੱਚ ਤੱਤਕਾਲੀ ਕੈਬਨਿਟ ਸਿੱਖਿਆ ਮੰਤਰੀ ਪੰਜਾਬ ਸਰਕਾਰ ਸ੍ਰੀਮਤੀ ਅਰੁਣਾ ਚੌਧਰੀ ਜੀ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਹੋਰ ਅਨੇਕਾਂ ਸਮਾਜਿਕ ਸੰਸਥਾਵਾਂ ਤੇ ਕਲੱਬਾਂ ਨੇ ਮੈਡਮ ਅਮਨਪ੍ਰੀਤ ਕੌਰ ਜੀ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਤੇ ਆਪਜੀ ਨੂੰ ਸਮੇਂ – ਸਮੇਂ ‘ਤੇ ਸਨਮਾਨਿਤ ਵੀ ਕੀਤਾ।ਸੰਨ 2020 ਵਿੱਚ ਸਕੂਲ ਸਿੱਖਿਆ ਵਿਭਾਗ ਪੰਜਾਬ – ਸਰਕਾਰ ਵੱਲੋਂ ਅਧਿਆਪਕ ਦਿਵਸ ਦੇ ਸ਼ੁਭ ਅਵਸਰ ‘ਤੇ ਮੈਡਮ ਅਮਨਪ੍ਰੀਤ ਕੌਰ ਜੀ ਨੂੰ ” ਪੰਜਾਬ ਰਾਜ ਅਧਿਆਪਕ ਪੁਰਸਕਾਰ ” ( ਸਟੇਟ ਐਵਾਰਡ ) ਪ੍ਰਦਾਨ ਕੀਤਾ ਗਿਆ। ਆਪ ” ਨੇਸ਼ਨ ਬਿਲਡਰ ਐਵਾਰਡ ” ਨਾਲ ਵੀ ਸਨਮਾਨਿਤ ਹੋ ਚੁੱਕੇ ਹਨ।
ਅੱਜ ਜੇਕਰ ਮੈਡਮ ਅਮਨਪ੍ਰੀਤ ਕੌਰ ਜੀ ਦੇ ਸਮੁੱਚੇ ਭਰਪੂਰ ਕਾਰਜਾਂ ਦੀ ਗੱਲ ਕਰੀਏ ਤਾਂ ਸ਼ਾਇਦ ਕਲਮ ਵੀ ਹੱਥ ਖਡ਼੍ਹੇ ਕਰ ਦੇਵੇ ; ਕਿਉਂ ਜੋ ਇੰਨੀ ਛੋਟੀ ਆਯੂ ਵਿੱਚ ਇੰਨੀਆਂ ਉਚਾਈਆਂ ਨੂੰ ਛੂਹਣਾ , ਇੰਨੀਆਂ ਬੁਲੰਦੀਆਂ ਸਰ ਕਰਨੀਆਂ ਅਤੇ ਮਾਣ – ਸਨਮਾਨ ਹਾਸਲ ਕਰਨਾ ਇਹ ਕੇਵਲ ਤੇ ਕੇਵਲ ਇੱਕ ਮਹਾਨ , ਬੁਲੰਦ ਇਰਾਦੇ ਤੇ ਸਮਰਪਣ ਭਾਵ ਰੱਖਣ ਵਾਲੇ ਮਹਾਨ ਵਿਅਕਤੀਤਵ ਦੇ ਹੀ ਹਿੱਸੇ ਆਉਂਦਾ ਹੈ। ਪਰਮਾਤਮਾ ਕਰੇ ! ਮੈਡਮ ਅਮਨਪ੍ਰੀਤ ਕੌਰ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਅਤੇ ਸਿੱਖਿਆ ਤੇ ਸਮਾਜ ਦੀ ਹੋਰ ਭਰਪੂਰ ਸੇਵਾ ਕਰਦੇ ਰਹਿਣ। ਇਸ ਸੰਬੰਧੀ ਮੈਡਮ ਅਮਨਪ੍ਰੀਤ ਕੌਰ ਜੀ ਦੇ ਵਿਚਾਰ ਹਨ ,
” ਮੇਰੇ ਕਰਮ ਹੀ ਮੇਰੀ ਪਹਿਚਾਨ ਬਨੇ
ਤੋ ਬਿਹਤਰ ਹੈ ,
ਚਿਹਰੇ ਕਾ ਕਿਆ ਹੈ ?
ਵੋ ਤੋ ਮੇਰੇ ਸਾਥ ਹੀ ਚਲਾ ਜਾਏਗਾ । ”
ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ .
9478561356.
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly