(ਸਮਾਜ ਵੀਕਲੀ)
ਬੜਾ ਖੂਬਸੁਰਤ ਸੀ ਉਹ ਪਹਿਲਾਂ
ਮੂੰਹ ਲਟਕ ਗਿਆ ਸੀ ਹੁਣ ਉਸਦਾ
ਉਸਦਾ ਕਸੂਰ ਨਹੀਂ ਸੀ ਇਹਦੇ ‘ਚ
ਮੈਂ ਹੀ, ਅਵੇਸਲਾ ਹੋ ਗਿਆ ਸੀ, ਉਸ ਵਲੋਂ ||
ਸਾਰ ਨਾ ਲਈ, ਜੇ ਅੱਜ ਵੀ, ਉਸਦੀ
ਛੱਡ ਜਾਵੇਗਾ ਇਹ ਦੁਨੀਆਂ, ਸਦਾ ਲਈ
ਤੇ ਦੋਸ਼ੀ ਹੋਵਾਗਾਂ ਮੈਂ, ਉਸਦੀ ਮੌਤ ਦਾ
ਅਹਿਸਾਸ ਜਾਗ ਪਿਆ ਸੀ, ਹੁਣ ਮੇਰੇ ਅੰਦਰ||
ਉਸਨੂੰ ਚਾਹੀਦਾ ਹੀ ਕੀ ਸੀ? ਜਿਊਣ ਲਈ
ਦੋ-ਬੂੰਦਾਂ, ਉਸਦੇ ਪਾਤਰ ‘ਚ
ਦੋ-ਬੂੰਦਾਂ, ਉਸਦੇ ਪਿੰਡੇ ਉਪਰ
ਆਹਿਸਤਾ-ਆਹਿਸਤਾ, ਉਸਨੂੰ ਹੋਸ਼ ਆਉਣ ਲੱਗੀ ||
ਮੁੜ ਕੇ ਸਿਰ ਚੁੱਕ ਲਿਆ ਸੀ ਹੁਣ, ਉਸਨੇ
ਮੁਸਕਰਾ ਪਿਆ ਸੀ, ਫ਼ੇਰ ਤੋਂ ਪਹਿਲਾਂ ਵਾਂਗਰ
ਉਹੀ ਨੂਰ, ਉਹੀ ਦਿੱਖ, ਮੁੜ ਪਰਤ ਆਈ ਸੀ
ਲਗਦਾ ਸੀ ਜਿਵੇਂ ਕਹਿ ਰਿਹਾ ਹੋਵੇ….
ਧੰਨਵਾਦ,
ਬਹੁਤ ਬਹੁਤ ਧੰਨਵਾਦ, ਪਾਣੀ ਦੀਆਂ ਦੋ-ਬੂੰਦਾਂ ਲਈ
ਤੇ ਦੇ ਰਿਹਾ ਸੀ – ਇਕ ਨਸ਼ੀਹਤ ਵੀ, ਕਿ
” ਹੱਥੀਂ ਲਾ ਕੇ ਉਜਾੜਨਾ, ਅਕਲਮੰਦੀ ਨਹੀਂ ! “