ਵਿਸ਼ਵ ਰੇਡੀਓ ਦਿਵਸ ‘ਤੇ ਵਿਸ਼ੇਸ਼ ਸਦੀਆਂ ਤੋਂ ਲੋਕਾਂ ਦਾ ਮਨਭਾਉਂਦਾ ਸਾਥੀ : ਰੇਡੀਓ

ਬਲਦੇਵ ਸਿੰਘ ਬੇਦੀ

(ਸਮਾਜ ਵੀਕਲੀ) ਮਨੋਰੰਜਨ ਦੇ ਨਵੇਂ-ਨਵੇਂ ਸਾਧਨ ਆਉਣ ਦੇ ਬਾਵਜੂਦ ਵੀ ਰੇਡੀਓ ਦੀ ਮਹੱਤਤਾ ਘਟਣ ਦੀ ਬਜਾਏ ਹੋਰ ਵਧ ਰਹੀ ਹੈ। ਇਹ ਸਿਰਫ਼ ਇੱਕ ਮਨੋਰੰਜਨ ਦਾ ਸਾਧਨ ਹੀ ਨਹੀਂ, ਸਗੋਂ ਜਾਣਕਾਰੀ, ਸਮਾਜਿਕ ਜਾਗਰੂਕਤਾ ਅਤੇ ਲੋਕਾਂ ਨੂੰ ਆਪਸੀ ਰਿਸ਼ਤਿਆਂ ਨਾਲ ਜੋੜਨ ਦਾ ਇੱਕ ਮਜ਼ਬੂਤ ਮਾਧਿਅਮ ਵੀ ਹੈ। ਰੇਡੀਓ ਹਰ ਵਰਗ ਲਈ ਇੱਕ ਵਿਸ਼ਵਾਸਯੋਗ ਸਾਥੀ ਹੈ ਚਾਹੇ ਅਸੀਂ ਘਰ, ਦਫ਼ਤਰ, ਹੋਟਲ, ਗੱਡੀ ਜਾਂ ਖੇਤਾਂ ‘ਚ ਹੀ ਕਿਓਂ ਨਾ ਹੋਈਏ। ਹਰ ਥਾਂ ਤੇ ਰੇਡੀਓ ਦੀ ਪਹੁੰਚ ਬਿਨਾਂ ਕਿਸੇ ਰੁਕਾਵਟ ਦੇ ਹੈ। ਜੋ ਵਿਅਕਤੀ ਪੜ੍ਹ ਨਹੀਂ ਸਕਦਾ ਜਾਂ ਦੇਖਣ ਤੋਂ ਅਸਮਰਥ ਹੈ ਰੇਡੀਓ ਉਸ ਲਈ ਵੀ ਇੱਕ ਵਰਦਾਨ ਬਣਕੇ ਸਾਹਮਣੇ ਆਇਆ ਹੈ। ਜਿਸ ਕਾਰਨ ਸਦੀਆਂ ਤੋਂ ਰੇਡੀਓ ਹਰ ਵਰਗ ਦੇ ਲੋਕਾਂ ਦੀ ਆਵਾਜ਼ ਬਣਿਆ ਹੋਇਆ ਹੈ। ਭਾਰਤ ਵਿੱਚ ਰੇਡੀਓ ਦੀ ਸ਼ੁਰੂਆਤ 23 ਜੁਲਾਈ 1927 ਨੂੰ ਬੰਬਈ ਤੋ ਹੋਈ। ਜਿਸ ਨੂੰ 1930 ਵਿੱਚ “ਆਲ ਇੰਡੀਆ ਰੇਡੀਓ” ਦਾ ਨਾਮ ਦਿੱਤਾ ਗਿਆ ਜੋਕਿ ਬਾਅਦ ਵਿੱਚ 1956 ਤੋਂ “ਆਕਾਸ਼ਵਾਣੀ” ਦੇ ਨਾਮ ਨਾਲ ਜਾਣਿਆ ਗਿਆ। 1977 ਵਿੱਚ ਐੱਫ.ਐੱਮ. ਰੇਡੀਓ ਸਟੇਸ਼ਨਾ ਦੀ ਸ਼ੁਰੂਆਤ ਹੋਈ, ਜਿਸ ਨਾਲ ਭਾਰਤ ‘ਚ ਰੇਡੀਓ ਦਾ ਵਧਦਾ ਦਾਇਰਾ ਹੋਰ ਵੀ ਤੇਜ਼ ਹੋ ਗਿਆ। ਆਜ਼ਾਦ ਭਾਰਤ ‘ਚ ਪੰਜਾਬੀ ਰੇਡੀਓ ਦਾ ਪਹਿਲਾ ਕੇਂਦਰ ਆਕਾਸ਼ਵਾਣੀ ਜਲੰਧਰ 1948 ਵਿੱਚ ਕਰਤਾਰ ਸਿੰਘ ਦੁੱਗਲ ਦੀ ਅਗਵਾਈ ਹੇਠ ਸਥਾਪਿਤ ਕੀਤਾ ਗਿਆ। ਜਿਸ ਨੇ ਪੰਜਾਬੀ ਸੱਭਿਆਚਾਰ, ਲੋਕ-ਧੁਨੀਆਂ, ਗੁਰਬਾਣੀ, ਕਿਸਾਨੀ, ਸਿੱਖਿਆ ਅਤੇ ਸਮਾਜਿਕ ਮੁੱਦਿਆਂ ਨੂੰ ਉਤਸ਼ਾਹਿਤ ਕਰਨ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ। ਭਾਰਤ ਵਿਚ ਇਸ ਵੇਲੇ ਆਕਾਸ਼ਵਾਣੀ ਦੇ ਰੇਡੀਓ ਚੈਨਲ ਇੰਟਰਨੈਟ ਅਤੇ ਮੋਬਾਈਲ ਐਪਸ ਰਾਹੀਂ ਵੀ ਉਪਲਬਧ ਹਨ, ਜਿਸ ਨਾਲ ਸਰੋਤੇ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਆਪਣੀ ਪਸੰਦ ਦੇ ਪ੍ਰੋਗਰਾਮ ਸੁਣ ਰਹੇ ਹਨ। ਗਲ੍ਹ ਕਰੀਏ ਦੁਨੀਆਂ ਦੇ ਸਭ ਤੋਂ ਪਹਿਲੇ ਰੇਡੀਓ ਸਟੇਸ਼ਨ ਦੀ ਜੋ 2 ਨਵੰਬਰ 1920 ਵਿੱਚ ਅਮਰੀਕਾ ਦੇ ਸ਼ਹਿਰ ਪਿਟਸਬਰਗ ਵਿਖੇ ਸ਼ੁਰੂ ਹੋਇਆ। ਵਿਸ਼ਵ ਭਰ ਵਿੱਚ ਇਸ ਵੇਲੇ ਲਗਭਗ 40000 ਤੋਂ ਵੀ ਵੱਧ ਰੇਡੀਓ ਸਟੇਸ਼ਨ ਲੋਕਾਂ ਦਾ ਮਨੋਰੰਜਨ ਕਰ ਰਹੇ ਹਨ। ਰੇਡੀਓ ਦੀ ਵੱਧਦੀ ਲੋਕਪ੍ਰਿਅਤਾ ਨੂੰ ਵੇਖਦੇ ਹੋਏ ਸੰਯੁਕਤ ਰਾਸ਼ਟਰ ਨੇ 2012 ਤੋਂ ਹਰ ਸਾਲ 13 ਫਰਵਰੀ ਨੂੰ ਵਿਸ਼ਵ ਰੇਡੀਓ ਦਿਵਸ ਵਜੋਂ ਮਨਾਉਣ ਦੀ ਸ਼ੁਰੂਆਤ ਕੀਤੀ। ਕਿਉਂਕਿ ਇਹ ਤਰੀਕ 1946 ਵਿੱਚ ਯੂ.ਐੱਨ. ਰੇਡੀਓ ਦੀ ਸ਼ੁਰੂਆਤ ਨੂੰ ਹਮੇਸ਼ਾ ਤਾਜ਼ਾ ਰੱਖਣ ਲਈ ਚੁਣੀ ਗਈ ਸੀ। ਨਵੇਂ ਮੀਡੀਆ ਆਉਣ ਦੇ ਬਾਵਜੂਦ ਰੇਡੀਓ ਅੱਜ ਵੀ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਿਹਾ ਹੈ। ਇਹ ਸਸਤਾ, ਵਿਸ਼ਵਾਸਯੋਗ, ਬਿਜਲੀ ਤੋਂ ਬਿਨਾਂ ਵੀ,ਹਰ ਜਗ੍ਹਾ ਆਸਾਨੀ ਨਾਲ ਉਪਲਬਧ ਅਤੇ ਹਰ ਕਿਸੇ ਲਈ ਜਾਣਕਾਰੀ ਦੇ ਨਾਲ ਮੰਨੋਰੰਜਨ ਦਾ ਸਰੋਤ ਹੈ। ਇਸ ਲਈ ਅਸੀਂ ਵਿਸ਼ਵ ਰੇਡੀਓ ਦਿਵਸ ‘ਤੇ ਰੇਡੀਓ ਦੀ ਮਹੱਤਤਾ ਨੂੰ ਸਲਾਮ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਇਹ ਭਵਿੱਖ ‘ਚ ਵੀ ਇਸੇ ਹੀ ਤਰ੍ਹਾਂ ਲੋਕਾਂ ਦੀ ਆਵਾਜ਼ ਬਣਿਆ ਰਹੇਗਾ।

ਬਲਦੇਵ ਸਿੰਘ ਬੇਦੀ 
ਜਲੰਧਰ
9041925181
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੰਜਾਬ ਗੌਰਨਮੈਂਟ ਪੈਨਸ਼ਨ ਐਸੋਸੀਏਸ਼ਨ ਜ਼ਿਲਾ ਕਪੂਰਥਲਾ ਇਕਾਈ ਦੀ ਮਹੀਨਾਵਾਰ ਮੀਟਿੰਗ ਆਯੋਜਿਤ
Next articleਝੂਠ ਦੀ ਮੰਡੀ