ਬਲਦੇਵ ਸਿੰਘ ”ਪੂਨੀਆਂ”
(ਸਮਾਜ ਵੀਕਲੀ) ਇਨਸਾਨ ਦੀ ਜ਼ੁਬਾਨ ਹੁੰਦੀ ਤਾਂ ਭਾਵੇਂ ਛੋਟੀ ਜਿਹੀ ਹੈ ਪਰ ਕੰਮ ਬਹੁਤ ਵੱਡੇ ਵੱਡੇ ਕਰਵਾ ਦਿੰਦੀ ਹੈ।ਇਹ ਆਮ ਇਨਸਾਨ ਨੂੰ ਤਖ਼ਤ ਤੇ ਬਿਠਵਾ ਸਕਦੀ ਹੈ ਤੇ ਤਖ਼ਤ ਤੇ ਬੈਠੇ ਹੋਏ ਨੂੰ ਭੁੰਜੇ ਵੀ ਲਾਹ ਸਕਦੀ ਹੈ। ਜ਼ੁਬਾਨ ਦੇ ਸਿਰ ਤੇ ਸਾਡੀ ਇੱਜ਼ਤ ਵਿੱਚ ਇਜ਼ਾਫਾ ਹੁੰਦਾ ਹੈ ਤੇ ਕਈ ਵਾਰ ਹਾਨੀ ਵੀ ਏਨੀ ਕਰਵਾ ਦਿੰਦੀ ਹੈ ਕਿ ਲੋਕ ਥੂਹ ਥੂਹ ਕਰਨ ਲੱਗ ਜਾਂਦੇ ਹਨ।ਕਈ ਬੰਦੇ ਜ਼ੁਬਾਨ ਦੇ ਇੰਨੇ ਪੱਕੇ ਹੁੰਦੇ ਹਨ ਕਿ ਜਿਹੜਾ ਇਕਰਾਰ ਕਰ ਲਿਆ ਉਹਦੇ ਤੇ ਡਟ ਕੇ ਪਹਿਰਾ ਦਿੰਦੇ ਹਨ ਨਫੇ,ਨੁਕਸਾਨ ਦੀ ਭੋਰਾ ਪਰਵਾਹ ਨਹੀਂ ਕਰਦੇ ਭਾਵੇਂ ਦੇਸੀ ਘਿਓ ਦਾ ਘੜਾ ਈ ਕਿਉਂ ਨਾ ਰੁੜ੍ਹ ਜਾਵੇ.. ਅਜਿਹੇ ਲੋਕਾਂ ਨੂੰ ਜ਼ਿੰਦਗੀ ਵਿੱਚ ਖੱਜਲ ਖੁਆਰ ਨਹੀ ਹੋਣਾ ਪੈਂਦਾ ਸਗੋਂ ਮਣਾ ਮੂੰਹੀਂ ਮਾਣ ਮਿਲਦਾ ਹੈ।
ਬੰਦੇ ਨੂੰ ਜ਼ੁਬਾਨ ਤੇ ਕੰਟਰੋਲ ਰੱਖਣਾ ਚਾਹੀਦਾ ਹੈ ਤੇ ਸੋਚ ਸਮਝ ਕੇ ਹੀ ਬੋਲਣਾ ਚਾਹੀਦਾ ਹੈ ਤਾਂ ਕਿ ਨੁਕਸਾਨ ਤੋਂ ਬਚਿਆ ਜਾ ਸਕੇ ਪਰ ਕਈ ਵਾਰ ਸਾਡੀ ਜ਼ੁਬਾਨ ਬਦੋਬਦੀ ਫਿਸਲ ਜਾਂਦੀ ਹੈ। ਸਾਡੇ ਘਰ ਦੇ ਨੇੜੇ ਹੀ ਵੱਡੀ ਮੰਡੀ ਹੈ ਜਿੱਥੇ ਮੈ ਸਵੇਰੇ ਸਵੇਰੇ ਫਲ ਅਤੇ ਸਬਜ਼ੀਆਂ ਖਰੀਦਣ ਜਾਂਦਾ ਹਾਂ।ਕਈਆਂ ਸਾਲਾਂ ਤੋਂ ਇੱਕ ਹੀ ਫਲਾਂ ਦੀ ਦੁਕਾਨ ਤੋਂ ਹਰ ਰੋਜ਼ ਫਲ ਖ੍ਰੀਦਦਾ ਰਿਹਾ ਹਾਂ ਤੇ ਪੱਕਾ ਗਾਹਕ ਹੋਣ ਕਰਕੇ ਦੁਕਾਨਦਾਰ ਕੁੜੀ ਮੈਨੂੰ ਵਾਜਬ ਭਾਅ ਤੇ ਫਲ ਦੇ ਦਿਆ ਕਰਦੀ ਸੀ, ਉਦਾਹਰਣ ਦੇ ਤੌਰ ਤੇ ਹਦਵਾਣਾ(ਮਤੀਰਾ)ਪੰਜਾਹ ਪੀਸੋ ਨੂੰ ਕਿੱਲੋ ਵਿਕਦਾ ਸੀ ਤਾਂ ਉਹ ਮੈਨੂੰ ਪੈਂਤੀ ਪੀਸੋ ਨੂੰ ਕਿੱਲੋ ਦੇ ਦਿਆ ਕਰਦੀ ਸੀ।
ਤਿੰਨ ਕੁ ਮਹੀਨੇ ਪਹਿਲਾਂ ਦੀ ਗੱਲ ਹੈ ਕਿ ਮੈ ਸਵੇਰੇ ਸਵੇਰੇ ਫਲ ਖ੍ਰੀਦਣ ਉਸ ਕੁੜੀ ਦੀ ਦੁਕਾਨ ਤੇ ਗਿਆ ਤਾਂ ਦੁਕਾਨ ਬੰਦ ਸੀ ਪਰ ਉਹਦੀ ਵੱਡੀ ਭੈਣ ਦੀ ਦੁਕਾਨ ਖੁਲ੍ਹੀ ਸੀ ਮੈ ਉਹਦੇ ਤੋਂ ਦੋ ਹਦਵਾਣੇ ਲਏ ਤੇ ਉਹਨੇ ਪੰਜਾਹ ਪੀਸੋ ਕਿੱਲੋ ਦੇ ਹਿਸਾਬ ਨਾਲ ਦਿੱਤੇ। ਮੈਨੂੰ ਚਾਹੀਦਾ ਤਾਂ ਇਹ ਸੀ ਕਿ ਚੁੱਪਚਾਪ ਖਰੀਦ ਲਿਆਉਂਦਾ ਇੱਕ ਦਿਨ ਦੀ ਹੀ ਤਾਂ ਗੱਲ ਸੀ… ਕਿੱਡਾ ਕੁ ਵੱਡਾ ਘਾਟਾ ਪੈ ਚੱਲਿਆ ਸੀ ਕਿਤੇ ਪਰ ਮੇਰੀ ਜ਼ੁਬਾਨ ਫਿਸਲ ਗਈ। ਮੇਰੇ ਮੂੰਹੋਂ ਅਚਾਨਕ ਨਿੱਕਲ ਗਿਆ ਕਿ ਤੇਰੀ ਨਿੱਕੀ ਭੈਣ ਤਾਂ ਪੈਂਤੀ ਪੀਸੋ ਕਿੱਲੋ ਦੇ ਹਿਸਾਬ ਨਾਲ ਲਾਉਂਦੀ ਹੈ ਮੈਨੂੰ, ਮੇਰੀ ਗੱਲ ਸੁਣ ਕੇ ਉਹ ਗੁੱਸੇ ਨਾਲ ਕਹਿੰਦੀ ਕੋਈ ਨਾ ਖਿੱਚਦੀ ਆਂ ਉਹਦੇ ਕੰਨ ਘਰ ਜਾ ਕੇ.. ਘਾਟਾ ਪਾ ਕੇ ਵੇਚੀ ਜਾਂਦੀ ਆ, ਤੇ ਉਹਨੇ ਘਰ ਜਾ ਕੇ ਜਰੂਰ ਕਲਾਸ ਲਾਈ ਹੋਵੇਗੀ ਛੋਟੀ ਭੈਣ ਦੀ। ਅਗਲੇ ਦਿਨ ਜਦੋਂ ਮੈ ਫਲ ਖ੍ਰੀਦਣ ਪਹਿਲਾਂ ਆਲੀ ਦੁਕਾਨ ਤੇ ਗਿਆ ਤਾਂ ਉਸ ਕੁੜੀ ਨੇ ਮੇਰੇ ਨਾਲ ਮੱਥੇ ਵੱਟ ਪਾ ਕੇ ਗੱਲ ਕੀਤੀ ਤੇ ਹਦਵਾਣਾ ਪੈਂਤੀ ਦੀ ਬਜਾਏ ਪੰਜਾਹ ਪੀਸੋ ਨੂੰ ਕਿੱਲੋ ਠੋਕਿਆ ਤੇ ਇਵੇਂ ਬਾਕੀ ਫਲਾਂ ਦੇ ਭਾਅ ਵੀ ਉੱਚੇ ਕਰਤੇ ਮੇਰੇ ਲਈ… ਤੇ ਹੁਣ ਮੈ ਹਰ ਰੋਜ਼ ਮਹਿੰਗੇ ਫਲ ਖ੍ਰੀਦਦਾ ਹਾਂ ਜ਼ੁਬਾਨ ਫਿਸਲ ਜਾਣ ਦੀ ਵਜ੍ਹਾ ਕਾਰਣ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj