(ਸਮਾਜ ਵੀਕਲੀ)
ਰਿਸ਼ਤੇ ਕਰੀਬੀ ਅੱਜ ਵੇਖੋ ਟੁੱਟੀ ਜਾਣ ਕਿੱਦਾਂ
ਹੱਥੋਂ ਛੁੱਟ ਟੁੱਟਦਾ ਏ ਕੱਚ ਦਾ ਸਮਾਨ ਜਿੱਦਾਂ।
ਆਪਣੇ ਹੀ ਆਪਣੇ ਦਾ ਕਰੀ ਜਾਂਦੇ ਘਾਂਣ ਏਥੇ
ਇਮਾਨਦਾਰ ਡੁੱਬੇ,ਵਧੇ ਫੁੱਲੇ ਬੇਈਮਾਨ ਏਥੇ।
ਦੂਜਿਆਂ ਦੇ ਹੱਕਾਂ ਉੱਤੇ ਡਾਕ਼ੇ ਮਾਰੀ ਜਾਣ ਕਿੱਦਾਂ
ਹੱਥੋਂ ਛੁੱਟ ਟੁੱਟਦਾ ਏ ਕੱਚ ਦਾ ਸਮਾਨ ਜਿੱਦਾਂ।
ਰਿਸ਼ਤੇ ਕਰੀਬੀ …….
ਸਕਿਆਂ ਭਰਾਵਾਂ ‘ਚ ਵੀ ਰਿਹਾ ਹੁਣ ਪਿਆਰ ਨਾ
ਆਪਣੇ ਤੋਂ ਵੱਡੇ ਦਾ ਕੋਈ ਕਰੇ ਸਤਿਕਾਰ ਨਾ।
ਵੱਡਿਆਂ ਦੇ ਅੱਗੇ ਵੇਖੋ ਚੱਲਦੀ ਜ਼ੁਬਾਨ ਕਿੱਦਾਂ
ਹੱਥੋਂ ਛੁੱਟ ਟੁੱਟਦਾ ਏ ਕੱਚ ਦਾ ਸਮਾਨ ਜਿੱਦਾਂ।
ਰਿਸ਼ਤੇ ਕਰੀਬੀ ……
ਲਹੂਆਂ ਵਿੱਚ ਪਾਣੀ ਅੱਜ ਸੱਜਣੋਂ ਹੈ ਪੈ ਗਿਆ
ਆਪਣੇ ਬੇਗਾਨਿਆਂ ‘ਚ ਫਰਕ ਨਾ ਰਹਿ ਗਿਆ।
ਜੇ ਆਪਣੇ ਨਾ ਨਾਲ ਹੋਏ ਉੱਚੀ ਹੋਵੂ ਸ਼ਾਨ ਕਿੱਦਾਂ
ਹੱਥੋਂ ਛੁੱਟ ਟੁੱਟਦਾ ਏ ਕੱਚ ਦਾ ਸਮਾਨ ਜਿੱਦਾਂ।
ਰਿਸ਼ਤੇ ਕਰੀਬੀ …….
ਹਲੀਮੀ ਤੇ ਮਿਠਾਸ ਵਾਲਾ ਬੰਦ ਕਾਰੋਬਾਰ ਅੱਜ
ਗੁੱਸੇ ਤੇ ਹੰਕਾਰ ਵਾਲਾ ਗਰਮ ਬਜ਼ਾਰ ਅੱਜ।
ਜੇ ਕੋਈ ਸਮਝਾਵੇ ਉਹਨੂੰ ਪੈਂਦੇ ਵੇਖੋ ਖਾਣ ਕਿੱਦਾਂ
ਹੱਥੋਂ ਛੁੱਟ ਟੁੱਟਦਾ ਏ ਕੱਚ ਦਾ ਸਮਾਨ ਜਿੱਦਾਂ।
ਰਿਸ਼ਤੇ ਕਰੀਬੀ ……..
ਅੰਗੀਂ ਸਾਕੀਂ ਬੰਦ ਹੋਈ ਜਾਂਦਾ ਆਉਣ ਜਾਣ ਹੈ
ਏਸੇ ਗੱਲੋਂ ਰਹਿੰਦਾ ”ਬਲਦੇਵ” ਪਰੇਸ਼ਾਨ ਹੈ।
ਭੈਣਾਂ ਤੇ ਭਰਾਵਾਂ ‘ਚ ਵੀ ਵਧੀ ਖਿੱਚੋਤਾਣ ਕਿੱਦਾਂ
ਹੱਥੋਂ ਛੁੱਟ ਟੁੱਟਦਾ ਏ ਕੱਚ ਦਾ ਸਮਾਨ ਜਿੱਦਾਂ।
ਰਿਸ਼ਤੇ ਕਰੀਬੀ ……
ਬਲਦੇਵ ਸਿੰਘ ”ਪੂਨੀਆਂ”
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly