(ਸਮਾਜ ਵੀਕਲੀ)
ਸਾਡੇ ਭਾਰਤ ਦੇਸ ਦੇ ਅੰਦਰ ਔਰਤ ਦੀ ਹਾਲਤ ਸੁਰੂ ਤੋਂ ਹੀ ਬੁਰੀ ਰਹੀ ਹੈ । ਔਰਤ ਨੂੰ ਹਮੇਸ਼ਾ ਪਰਦੇ ਦੇ ਪਿੱਛੇ ਹੀ ਰਹਿਣਾ ਪਿਆ ਹੈ ਤੇ ਮਰਦ – ਪ੍ਰਧਾਨ ਸਮਾਜ ਦੇ ਅੰਦਰ ਮਰਦਾਂ ਦੇ ਬਣਾਏ ਹੋਏ ਨਿਯਮਾਂ ਦੀ ਪਾਲਣਾ ਕਰਦੇ ਹੋਏ ਤਰਸ ਦੀ ਪਾਤਰ ਬਣ ਕੇ ਰਹਿਣਾ ਪਿਆ ਹੈ । ਔਰਤ ਹਮੇਸ਼ਾ ਘਰ ਦੀ ਚਾਰ – ਦੀਵਾਰੀ ਅੰਦਰ ਘਰੇਲੂ ਕੰਮ ਹੀ ਕਰਦੀ ਸੀ ਤੇ ਉਸ ਨੂੰ ਪੜਾਈ ਤੇ ਨੌਕਰੀ ਦੀ ਇਜਾਜ਼ਤ ਨਹੀਂ ਸੀ । ਪਰ ਹੁਣ ਸਮਾਂ ਬਦਲ ਗਿਆ ਹੈ । ਅੱਜ ਦੇ ਸਮੇਂ ਮਹਿੰਗਾਈ ਆਪਣੀ ਚਰਮ ਸੀਮਾਂ ਤੇ ਹੈ ਇਸ ਨਾਲ ਹੀ ਸਾਡੀਆਂ ਬੇਲੋੜੀਆਂ ਜਰੂਰਤਾਂ ਦੇ ਵਾਧੇ ਨੇ ਸਾਨੂੰ ਕੱਖੋ ਹੋਲੇ ਕਰ ਦਿੱਤਾ ਹੈ । ਸਮੇਂ ਦੀ ਜ਼ਰੂਰਤ ਅਨੁਸਾਰ ਅੱਜ ਔਰਤਾਂ ਵੀ ਮਰਦਾਂ ਦੇ ਬਰਾਬਰ ਨੌਕਰੀ ਕਰਦੀਆਂ ਹਨ । ਸਮੇ ਦੇ ਕਥਨ ਮੁਤਾਬਕ ਅੱਜ ਦੀ ਨਾਰੀ ਆਪਣੇ ਪੈਰਾਂ ਤੇ ਖੜੀ ਹੈ । ਕੀ ਸੱਚਮੁੱਚ ਹੀ ਔਰਤਾਂ ਆਪਣੇ ਪੈਰਾਂ ਤੇ ਖੜੀਆਂ ਨੇ ?? ਕੀ ਨੌਕਰੀਪੇਸ਼ਾ ਇਹਨਾਂ ਔਰਤਾਂ ਦੀ ਜ਼ਿੰਦਗੀ ਸੱਚਮੁੱਚ ਸੁਖਾਵੀਂ ਹੈ ? ਬਿਲਕੁਲ ਵੀ ਨਹੀਂ .. ਸਾਡੇ ਦੇਸ਼ ਵਿੱਚ ਨੌਕਰੀ ਪੇਸ਼ਾ ਔਰਤਾਂ ਨੂੰ ਅਨੇਕਾਂ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।
ਮਰਦਾਂ ਦੇ ਮੁਕਾਬਲੇ ਔਰਤਾਂ ਨੂੰ ਸਮਾਜਿਕ ਤੇ ਘਰੇਲੂ ਜ਼ਿੰਮੇਵਾਰੀਆਂ ਜ਼ਿਆਦਾ ਨਿਭਾਉਣੀਆਂ ਪੈਂਦੀਆਂ ਹਨ । ਔਰਤ ਭਾਵੇਂ ਕਿੱਡੇ ਵੀ ਵੱਡੇ ਮਰਜ਼ੀ ਅਹੁਦੇ ਉੱਤੇ ਤਾਇਨਾਤ ਹੋ ਜਾਵੇ ਪਰ ਘਰੇਲੂ ਜ਼ਿੰਮੇਵਾਰੀਆਂ ਤੋਂ ਉਸ ਦਾ ਛੁਟਕਾਰਾ ਨਹੀਂ ਹੁੰਦਾ । ਉਹ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਉੱਠਦੀ ਹੈ ਆਪਣੇ ਬੱਚਿਆਂ, ਪਤੀ ਅਤੇ ਪਰਿਵਾਰ ਲਈ ਖਾਣਾ ਤਿਆਰ ਕਰਦੀ ਹੈ । ਤੇ ਹੋਰ ਘਰੇਲੂ ਤੇ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਨੇਪਰੇ ਚਾੜ੍ਹਦੀ ਹੋਈ ਬਹੁਤ ਹੀ ਕਾਹਲੀ ਨਾਲ ਆਪਣੇ ਕੰਮ ਲਈ ਜਾਣ ਲਈ ਤਿਆਰ ਹੁੰਦੀ ਹੈ । ਔਰਤ ਦਾ ਇਹ ਕੁਦਰਤੀ ਗੁਣ ਹੈ ਕਿ ਉਸ ਦੇ ਮਨ ਨੂੰ ਸੰਤੁਸ਼ਟੀ ਉਦੋਂ ਹੀ ਆਉਂਦੀ ਹੈ ਜਦੋਂ ਉਹ ਆਪਣੇ ਬੱਚਿਆਂ ਅਤੇ ਪਤੀ ਦੇ ਲਈ ਆਪ ਖਾਣਾ ਤਿਆਰ ਕਰਦੀ ਹੈ ਤੇ ਉਨ੍ਹਾਂ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਆਪ ਦੇਖਦੀ ਹੈ । ਏਨੀ ਮਿਹਨਤ ਅਤੇ ਮੁਸ਼ੱਕਤ ਭਰੀ ਜ਼ਿੰਦਗੀ ਤੋਂ ਬਾਅਦ ਵੀ ਕਈ ਪਰਿਵਾਰਾਂ ਵਿਚ ਔਰਤਾਂ ਨੂੰ ਬਣਦਾ ਮਾਣ ਸਨਮਾਨ ਨਹੀਂ ਦਿੱਤਾ ਜਾਂਦਾ ।
ਕਈ ਔਰਤਾਂ ਹਰ ਸਮੇਂ ਕੋਹਲੂ ਦਾ ਬੈਲ ਬਣੀਆਂ ਰਹਿੰਦੀਆਂ ਹਨ ਤੇ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਬਹੁਤ ਹੀ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਦੀਆਂ ਹਨ ਪਰ ਇਨ੍ਹਾਂ ਨੂੰ ਆਪਣੀ ਕਮਾਈ ਦੇ ਉੱਪਰ ਹੀ ਹੱਕ ਨਹੀਂ ਹੁੰਦਾ ਕਿਉਂਕਿ ਇਨ੍ਹਾਂ ਦੀ ਤਨਖਾਹ ਬੈਂਕਾਂ ਵਿਚ ਆਉਂਦੀ ਹੈ ਤੇ ਖਾਤੇ ਦੇ ਏ ਟੀ ਐਮ ਪਰਿਵਾਰ ਵਾਲਿਆਂ ਨੇ ਸਾਂਭੇ ਹੁੰਦੇ ਹਨ ਤੇ ਆਪਣੀਆਂ ਨਿੱਜੀ ਜ਼ਰੂਰਤਾਂ ਲਈ ਪਤੀ ਜਾਂ ਪਰਿਵਾਰ ਦੀ ਤਰਸ ਦਾ ਪਾਤਰ ਬਣਨਾ ਪੈਂਦਾ ਹੈ । ਘਰੇਲੂ ਜ਼ਿੰਮੇਵਾਰੀਆਂ ਤੇ ਡਿਊਟੀ ਨਿਭਾਉਣ ਦੀ ਚੱਕੀ ਵਿੱਚ ਪਿਸਦਿਆਂ ਇਹ ਔਰਤਾਂ ਆਪਣੇ ਬਾਰੇ ਸੋਚਣਾ ਭੁੱਲ ਜਾਂਦੀਆਂ ਹਨ । ਸਮੇਂ ਸਿਰ ਅਤੇ ਸੰਤੁਲਿਤ ਖੁਰਾਕ ਨਾ ਲੈਣ ਕਾਰਨ ਇਹ ਕੁਪੋਸ਼ਣ ਦੀਆਂ ਸ਼ਿਕਾਰ ਹੋ ਜਾਂਦੀਆਂ ਹਨ ਤੇ ਕਈ ਬਿਮਾਰੀਆਂ ਦਾ ਵੀ ਸ਼ਿਕਾਰ ਹੋ ਜਾਂਦੀਆਂ ਹਨ ।
ਘਰੇਲੂ ਅਤੇ ਪਰਿਵਾਰਕ ਸਮੱਸਿਆਵਾਂ ਤੋਂ ਬਿਨਾਂ ਨੌਕਰੀਪੇਸ਼ਾ ਮਹਿਲਾਵਾਂ ਨੂੰ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਸਰਕਾਰ ਵੱਲੋਂ ਇਨ੍ਹਾਂ ਔਰਤਾਂ ਨੇ ਛੇ ਮਹੀਨੇ ਦੇ ਲਈ ਜਣੇਪਾ ਛੁੱਟੀ ਦਿੱਤੀ ਜਾਂਦੀ ਹੈ । ਜਿਹੜੀ ਕਿ ਇੱਕ ਅੌਰਤ ਲਈ ਬਹੁਤ ਹੀ ਘੱਟ ਹੈ । ਅੱਜ ਦੇ ਤਕਨੀਕੀ ਯੁੱਗ ਦੇ ਵਿੱਚ ਸਭ ਕੁਝ ਆਨਲਾਈਨ ਚੱਲ ਰਿਹਾ ਹੈ । ਇਸ ਤਰ੍ਹਾਂ ਦੇ ਨਾਲ ਘਰ ਬੈਠ ਕੇ ਵੀ ਔਰਤ ਆਪਣੇ ਦਫਤਰੀ ਕੰਮ ਤੋਂ ਵਿਹਲੀ ਨਹੀਂ ਹੁੰਦੀ ਤੇ ਕਈ ਵਾਰੀ ਛੁੱਟੀ ਵਾਲੇ ਦਿਨ ਵੀ ਮੀਟਿੰਗਾਂ ਦਾ ਹਿੱਸਾ ਬਣਨਾ ਪੈਂਦਾ ਹੈ ਤੇ ਘਰ ਬੈਠ ਕੇ ਵੀ ਬਹੁਤ ਸਾਰਾ ਆਨਲਾਈਨ ਕੰਮ ਕਰਨਾ ਪੈਂਦਾ ਹੈ । ਕੰਮਕਾਜੀ ਸਥਾਨਾਂ ਤੇ ਉੱਤੇ ਵੀ ਮਹਿਲਾ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੈ । ਕਈ ਵਾਰੀ ਉਸ ਨੂੰ ਮਰਦ ਸਹਿਕਰਮੀਆਂ ਦੀਆਂ ਬਹੁਤ ਸਾਰੀਆਂ ਵਧੀਕੀਆਂ ਵੀ ਸਹਿਣੀਆਂ ਪੈਂਦੀਆਂ ਹਨ । ਵਾਰ – ਵਾਰ ਉਸ ਦੇ ਕੰਮਾਂ ਵਿੱਚ ਗ਼ਲਤੀ ਕੱਢੀ ਜਾਂਦੀ ਹੈ । ਔਰਤ ਨੂੰ ਨੀਵਾਂ ਦਿਖਾਉਣ ਦੇ ਕਈ ਤਰੀਕੇ ਵਰਤੇ ਜਾਂਦੇ ਹਨ ।
ਕਈ ਵਾਰੀ ਤਾਂ ਮਹਿਲਾਵਾਂ ਨੂੰ ਜਿਸਮਾਨੀ ਛੇੜਛਾੜ ਵੀ ਸਹਿਣੀ ਪੈਂਦੀ ਹੈ ।ਕਈ ਮਹਿਲਾਵਾਂ ਨੂੰ ਉਨ੍ਹਾਂ ਦੀ ਨੌਕਰੀ ਤੋਂ ਬਿਨਾਂ ਵਾਧੂ ਸਮਾਂ ਰੁੱਕਣ ਦੇ ਲਈ ਮਜਬੂਰ ਕੀਤਾ ਜਾਂਦਾ ਹੈ ਤੇ ਕਈ ਵਾਰੀ ਛੁੱਟੀ ਵਾਲੇ ਦਿਨ ਵੀ ਉਨ੍ਹਾਂ ਨੂੰ ਕੰਮ ਵਾਲੀ ਜਗ੍ਹਾ ਤੇ ਬੁਲਾਇਆ ਜਾਂਦਾ ਹੈ । ਪ੍ਰੰਤੂ ਮਹਿਲਾਵਾਂ ਅਜਿਹੀਆਂ ਘਟਨਾਵਾਂ ਦੇ ਬਾਰੇ ਚੁੱਪ ਹੋ ਜਾਂਦੀਆਂ ਹਨ ਕਿਉਂਕਿ ਉਹ ਸੋਚਦੀਆਂ ਹਨ ਜੇਕਰ ਅਸੀਂ ਕਿਧਰੇ ਵੀ ਸ਼ਿਕਾਇਤ ਕਰਾਂਗੀਆਂ ਇਸ ਨਾਲ ਸਾਡੀ ਇੱਜ਼ਤ ਵੀ ਖਰਾਬ ਹੋਵੇਗੀ ਅਤੇ ਸਾਡੇ ਪਰਿਵਾਰ ਦਾ ਸਾਡੇ ਪ੍ਰਤੀ ਗ਼ਲਤ ਰਵੱਈਆ ਹੋਵੇਗਾ । ਇਸ ਤਰ੍ਹਾਂ ਦੀਆਂ ਮਹਿਲਾਵਾਂ ਮਾਨਸਿਕ ਤੌਰ ਤੇ ਪਰੇਸ਼ਾਨ ਰਹਿਣ ਲੱਗਦੀਆਂ ਹਨ ਜਿਸ ਦਾ ਅਸਰ ਉਸ ਦੇ ਪਰਿਵਾਰ ਅਤੇ ਕੰਮ ਤੇ ਪੈਂਦਾ ਹੈ । ਕਈ ਮਹਿਲਾਵਾਂ ਨੂੰ ਆਪਣੀ ਨੌਕਰੀ ਤੇ ਲਈ ਦੂਰ ਦੁਰਾਡੇ ਸ਼ਹਿਰਾਂ ਦੇ ਵਿੱਚ ਵੀ ਜਾਣਾ ਪੈਂਦਾ ਹੈ । ਪਰ ਸਾਡੇ ਦੇਸ਼ ਦੇ ਵਿੱਚ ਔਰਤਾਂ ਦੇ ਲਈ ਯਾਤਰਾ ਕਰਨ ਸਮੇਂ ਕੋਈ ਜ਼ਿਆਦਾ ਵਧੀਆ ਪ੍ਰਬੰਧ ਨਹੀਂ ਹਨ ।
ਜਨਤਕ ਟਰਾਂਸਪੋਰਟ ਸਾਧਨਾਂ ਦੇ ਉੱਪਰ ਮਹਿਲਾਵਾਂ ਦੇ ਨਾਲ ਛੇੜਖਾਨੀ ਹੋਣੀ ਆਮ ਗੱਲ ਹੈ । ਦੇਰ ਰਾਤ ਡਿਊਟੀ ਖਤਮ ਕਰਨ ਵਾਲੀਆਂ ਮਹਿਲਾਵਾਂ ਨੂੰ ਵੀ ਆਪਣੀ ਡਿਊਟੀ ਵਾਲੀ ਜਗ੍ਹਾ ਤੇ ਹੀ ਰੁਕਣਾ ਪੈਂਦਾ ਹੈ ਕਿਉੰਕਿ ਰਾਤ ਨੂੰ ਸਫ਼ਰ ਕਰਨਾ ਤਾਂ ਸਾਡੇ ਦੇਸ਼ ਵਿੱਚ ਬਿਲਕੁਲ ਹੀ ਸੰਭਵ ਨਹੀਂ । ਇਸ ਤਰ੍ਹਾਂ ਡਿਊਟੀ ਸਮੇਂ ਤੋਂ ਬਿਨਾਂ ਵੀ ਔਰਤਾਂ ਨੂੰ ਵਾਧੂ ਸਮਾਂ ਘਰ ਤੋਂ ਬਾਹਰ ਰਹਿਣਾ ਪੈਂਦਾ ਹੈ ਜਿਸ ਕਾਰਣ ਉਹ ਆਪਣੇ ਬੱਚਿਆਂ ਨੂੰ ਵੀ ਸਹੀ ਸਮਾਂ ਨਹੀਂ ਦੇ ਸਕਦੀ ਤੇ ਜਿਸ ਨਾਲ ਬੱਚੇ ਭਾਵਨਾਤਮਕ ਤੌਰ ਤੇ ਡਿਊਟੀ ਕਰਦੀਆਂ ਮਹਿਲਾਵਾਂ ਤੋ ਦੂਰ ਰਹਿੰਦੇ ਹਨ । ਅੰਤ, ਭਾਵੇਂ ਕੰਮਕਾਜੀ ਮਹਿਲਾਵਾਂ ਨੂੰ ਅਨੇਕਾਂ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ,ਪਰ ਸਮੇਂ ਦੀ ਮੰਗ ਅਨੁਸਾਰ ਮਹਿਲਾਵਾਂ ਦਾ ਡਿਊਟੀ ਕਰਨਾ ਵੀ ਜਰੂਰੀ ਹੈ ।
ਇਸ ਲਈ ਪਰਿਵਾਰਿਕ ਮੈਬਰਾਂ ਨੂੰ ਵੀ ਔਰਤਾਂ ਪ੍ਰਤੀ ਦਿਆ ਭਾਵਨਾ ਦਿਖਾਉਣੀ ਚਾਹੀਦੀ ਹੈ । ਸਾਰੇ ਮੈਂਬਰਾਂ ਨੂੰ ਪੂਰਨ ਸਹਿਯੋਗ ਦੇਣਾ ਚਾਹੀਦਾ ਹੈ । ਔਰਤਾਂ ਨੂੰ ਵੀ ਨਿਡਰ ਰਹਿਣਾ ਚਾਹੀਦਾ ਹੈ। ਉਸਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ । ਸਰਕਾਰ ਦੁਆਰਾ ਕੰਮਕਾਜੀ ਔਰਤਾਂ ਲਈ ਸ਼ਿਕਾਇਤ ਨਿਵਾਰਨ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜਿਸ ਦੀਆਂ ਮੈਂਬਰ ਔਰਤਾਂ ਹੁੰਦੀਆਂ ਹਨ । ਡਿਊਟੀ ਸਮੇਂ ਕਿਸੇ ਵੀ ਕਿਸਮ ਦੇ ਜਿਨਸੀ ਸੋਸ਼ਣ ਸਬੰਧੀ ਮਹਿਲਾਵਾਂ ਆਪਣੀ ਆਵਾਜ਼ ਬੁਲੰਦ ਕਰ ਸਕਦੀਆਂ ਹਨ । ਸੋ ਜੇਕਰ ਨੌਕਰੀਪੇਸ਼ਾ ਔਰਤਾਂ ਥੋੜੀ ਜਿਹੀ ਜਾਗਰੂਕਤਾਂ ਰੱਖਣ ਅਤੇ ਆਪਣੇ ਹੱਕਾਂ ਪ੍ਰਤੀ ਸੁਚੇਤ ਹੋਣ ਤਾਂ ਥੋੜੀ ਜਿਹੀ ਕੋਸ਼ਿਸ ਨਾਲ ਮਾਹੌਲ ਸੁਖਾਵੇਂ ਕੀਤੇ ਜਾ ਸਕਦੇ ਹਨ ।
ਪਰਮਜੀਤ ਕੌਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly