HOME ਸੋਸ਼ਲ ਮੀਡੀਆ ਤੇ ਅੱਜ ਦੀ ਔਰਤ 

ਸੋਸ਼ਲ ਮੀਡੀਆ ਤੇ ਅੱਜ ਦੀ ਔਰਤ 

8
ਅਮਰਜੀਤ ਸਿੰਘ ਫ਼ੌਜੀ

  (ਸਮਾਜ ਵੀਕਲੀ)   ਕੁੱਝ ਦਿਨ ਪਹਿਲਾਂ ਮੇਰੇ ਮੋਬਾਈਲ ਫੋਨ ਦੇ ਮੈਸੰਜਰ ਤੇ ਕਿਸੇ ਕੁੜੀ ਦੇ ਨਾਮ ਵਾਲੀ ਆਈ ਡੀ ਤੋਂ ਗੁੱਡ ਮੋਰਨਿੰਗ ਲਿਖ ਕੇ ਮੈਸੇਜ ਆਇਆ, ਮੈਂ ਦੇਖ ਕੇ ਛੱਡ ਦਿੱਤਾ ਫਿਰ ਰਾਤ ਨੂੰ ਫੇਰ ਗੁੱਡ ਨਾਈਟ ਦਾ ਮੈਸੇਜ ਆਇਆ ਮੈਂ ਦੇਖ ਕੇ ਚੁੱਪ ਰਿਹਾ। ਫੇਰ ਕਈ ਦਿਨ ਲਗਾਤਾਰ ਮੈਸੇਜ ਆਉਂਦਾ ਰਿਹਾ ਪਰ ਮੈਂ ਦੇਖਣਾ ਬੰਦ ਕਰ ਦਿੱਤਾ ਕਿਉਂਕਿ ਮੈਨੂੰ ਪਤਾ ਲੱਗਾ ਸੀ ਕਿ ਕੁੱਝ ਨਸ਼ੇੜੀ ਜਾਂ ਮਨਚਲੇ ਟਾਈਪ ਮੁੰਡੇ!ਕੁੜੀਆਂ ਦੇ ਨਾਂ ਤੇ ਆਈ ਡੀ ਬਣਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਤੇ ਫਜ਼ੂਲ ਦੀਆਂ ਗੱਲਾਂ ਬਾਤਾਂ ਕਰਦੇ ਹਨ ਜਿਸ ਨਾਲ ਟਾਈਮ ਬਰਬਾਦ ਹੁੰਦਾ ਹੈ ਤੇ ਪ੍ਰਵਾਰਿਕ ਤੇ ਸਮਾਜਿਕ ਪ੍ਰੇਸ਼ਾਨੀ ਹੋ ਸਕਦੀ ਹੈ ਇਸ ਕਰਕੇ ਮੈਂ ਪੂਰਾ ਸੁਚੇਤ ਸੀ। ਮੈਂ ਕਈ ਦਿਨ ਉਸ ਦਾ ਕੋਈ ਮੈਸਜ ਨਾ ਦੇਖਿਆ ਤਾਂ ਉਸ ਨੇ ਕਈ ਦਿਨਾਂ ਬਾਅਦ ਇੱਕ ਆਡੀਓ ਰਿਕਾਰਡਿੰਗ ਭੇਜੀ, ਜਿਸ ਨੂੰ ਮੈਂ ਸੁਣਨ ਬਾਰੇ ਸੋਚਿਆ ਤੇ ਸੁਣ ਲਈ। ਇਹ ਆਡੀਓ ਇੱਕ ਲੜਕੀ ਦੀ ਅਵਾਜ਼ ਵਿੱਚ ਸੀ, ਜਿਸ ਵਿੱਚ ਉਸ ਨੇ ਆਪਣਾ ਪੂਰਾ ਨਾਮ ਤੇ ਸ਼ਹਿਰ ਦਾ ਨਾਮ ਦੱਸਣ ਉਪਰੰਤ ਕਿਹਾ ਕਿ ,ਕੀ ਤੁਸੀਂ ਮੈਨੂੰ ਅਪਣੀ ਸਹੇਲੀ ਬਣਾ ਸਕਦੇ ਹੋ! ਮੈਂ ਕਿਹਾ ਕਿਓਂ ਨਹੀਂ,ਚੰਗੇ ਇਨਸਾਨ ਹੀ ਚੰਗੇ ਦੋਸਤ ਹੋ ਸਕਦੇ ਹਨ। ਉਸ ਤੋਂ ਬਾਅਦ ਮੈਸਿੰਜਰ ਤੇ ਆਡੀਓ ਰਾਹੀਂ ਸਾਡੀ ਗੱਲ ਬਾਤ ਹੋਣ ਲੱਗੀ ਤੇ ਹੁੰਦੀ ਰਹੀ ਤੇ ਉਸ ਨੇ ਦੱਸਿਆ ਕਿ ਮੈਂ ਸ਼ਾਦੀ ਸ਼ੁਦਾ ਔਰਤ ਹਾਂ ਉਮਰ ਤਕਰੀਬਨ ਚਾਲੀ ਸਾਲ ਹੈ ਮੇਰੇ ਤਿੰਨ ਬੱਚੇ ਹਨ ਜਿਨ੍ਹਾਂ ਵਿਚੋਂ ਦੋ ਪੜ੍ਹਦੇ ਹਨ ਤੇ ਇੱਕ ਛੋਟਾ ਦੁੱਧ ਚੁੰਘਦਾ ਹੈ । ਫਿਰ ਮੈਂ ਉਸਨੂੰ ਦੱਸਿਆ ਕਿ ਮੇਰੀ ਉਮਰ ਤਕਰੀਬਨ 65 ਸਾਲ ਹੈ ਅਤੇ ਮੇਰੇ ਬੱਚੇ ਵੱਡੇ ਅਤੇ ਵਿਆਹੇ ਹੋਏ ਹਨ। ਫਿਰ ਗੱਲਾਂ ਗੱਲਾਂ ਵਿੱਚ ਉਸ ਨੇ ਦੱਸਿਆ ਕਿ ਮੇਰੇ ਘਰ ਵਾਲਾ ਸ਼ਹਿਰ ਵਿੱਚ ਕੰਮ ਕਰਦਾ ਹੈ ਸਵੇਰੇ ਕੰਮ ਤੇ ਚਲਾ ਜਾਂਦਾ ਹੈ ਤੇ ਰਾਤ ਨੂੰ ਆਉਂਦਾ ਹੈ ਸ਼ਰਾਬ ਪੀਂਦਾ ਹੈ ਬੀੜੀ ਸਿਗਰਟ ਖੂਬ ਪੀਂਦਾ ਹੈ ਹੋਰ ਨਸ਼ਾ ਵੀ ਕਦੇ ਕਦੇ ਕਰਦਾ ਹੈ ਮੈਨੂੰ ਖ਼ਰਚਾ ਬਹੁਤ ਘੱਟ  ਦਿੰਦਾ ਹੈ ਜਿਸ ਨਾਲ ਬੱਚੇ ਪਾਲਣੇ ਤੇ ਪੜ੍ਹਾਉਣੇ ਮੁਸ਼ਕਿਲ ਹਨ ਤੇ ਘਰ ਦੇ ਚੁੱਲ੍ਹੇ ਦਾ ਖਰਚਾ ਵੀ ਪੂਰਾ ਨਹੀਂ ਹੁੰਦਾ,ਬੱਚੇ ਫ਼ਲ ਫਰੂਟ ਜਾਂ ਹੋਰ ਬੱਚਿਆਂ ਦੇ ਖਾਣ ਵਾਲੀਆਂ ਚੀਜ਼ਾਂ ਨੂੰ ਤਰਸਦੇ ਰਹਿੰਦੇ ਹਨ ਜਿਨ੍ਹਾਂ ਨੂੰ ਦੇਖ ਕੇ ਮੇਰਾ ਹਿਰਦਾ ਵਲੂੰਧਰਿਆ ਜਾਂਦਾ ਹੈ ਮੈਂ ਕਈ ਵਾਰ ਸੋਚਿਆ ਹੈ ਕਿ ਮੈਂ ਇਸ ਨੂੰ ਛੱਡ ਕੇ ਛੋਟੇ ਬੱਚੇ ਨੂੰ ਨਾਲ਼ ਲੈ ਕੇ ਕਿਤੇ ਹੋਰ ਚਲੀ ਜਾਵਾਂ ਪਰ ਬੱਚਿਆਂ ਦਾ ਮੋਹ ਮਾਰਦਾ ਹੈ। ਮੈਂ ਉਸ ਦੀਆਂ ਗੱਲਾਂ ਬਾਤਾਂ ਸੁਣ ਕੇ ਤੇ ਉਸਦਾ ਇਸ਼ਾਰਾ ਸਮਝਦੇ ਹੋਏ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਬੀਬਾ ਜੇਕਰ ਤੂੰ ਕੋਈ ਇਹੋ ਜਿਹਾ ਗਲਤ ਕਦਮ ਚੁੱਕੇਂਗੀ ਤੇ ਆਪਣੇ ਘਰ ਵਾਲੇ ਨੂੰ ਛੱਡ ਕੇ ਕਿਸੇ ਹੋਰ ਨਾਲ ਚਲੀ ਜਾਵੇਂਗੀ ਤਾਂ ਤੇਰੇ ਮਾਪੇ ਬਦਨਾਮੀ ਤੇ ਨਮੋਸ਼ੀ ਦੇ ਮਾਰੇ ਮੌਤ ਤੋਂ ਪਹਿਲਾਂ ਹੀ ਆਤਮਿਕ ਮੌਤ ਮਰ ਜਾਣਗੇ ਤੇ ਤੇਰੇ ਭੈਣ ਭਰਾ ਵੀ ਸਮਾਜਿਕ ਨਮੋਸ਼ੀ ਝੱਲਣ ਲਈ ਮਜਬੂਰ ਹੋਣਗੇ ਇਸ ਲਈ ਤੂੰ ਹੌਸਲਾ ਰੱਖ ਕੇ ਖ਼ੁਦ ਥੋੜ੍ਹਾ ਬਹੁਤਾ ਕੰਮ ਕਰਨਾ ਸ਼ੁਰੂ ਕਰ ਤੇ ਉਸ ਨੂੰ ਛੱਡ ਕੇ ਜਾਣ ਵਾਲੇ ਇਸ ਬੁਰੇ ਖ਼ਿਆਲ ਨੂੰ ਮਨੋਂ ਕੱਢ ਦੇ, ਹੋਰ ਚਹੁੰ ਸਾਲਾਂ ਨੂੰ ਤੇਰਾ ਮੁੰਡਾ ਜੁਆਨ ਹੋ ਜਾਵੇਗਾ ਤੇ ਹਾਲਾਤ ਬਦਲ ਜਾਣਗੇ, ਵਿਵਾਹਿਕ ਜੀਵਨ ਵਿੱਚ ਮੁਸ਼ਕਿਲ ਹਲਾਤਾਂ ਦਾ ਸਾਹਮਣਾ ਕਰਨ ਨੂੰ ਹੀ ਕਬੀਲਦਾਰੀ ਕਹਿੰਦੇ ਹਨ ਘਬਰਾਉਂਣਾ ਨਹੀਂ ਚਾਹੀਦਾ ਤੇ ਰੱਬ ਤੇ ਭਰੋਸਾ ਰੱਖ ਕੇ ਮਿਹਨਤ ਤੇ ਸਬਰ ਸੰਤੋਖ ਨਾਲ ਜੀਉਣਾ ਚਾਹੀਦਾ ਹੈ ਨਾਬਾਲਗ ਬੱਚਿਆਂ ਖਾਤਿਰ ਮਿਹਨਤ ਮੁਸ਼ੱਕਤ ਕਰਨੀ ਅਪਣਾ ਸਭ ਦਾ ਫ਼ਰਜ਼ ਹੈ। ਮੇਰੀਆਂ ਇਨ੍ਹਾਂ ਗੱਲਾਂ ਦਾ ਉਸ ਤੇ ਅਸਰ ਹੋਇਆ ਜਾਂ ਨਹੀਂ ਹੋਇਆ, ਉਸ ਦੇ ਮੰਦੇ ਖਿਆਲਾਂ ਵਿੱਚ ਤਬਦੀਲੀ ਆਈ ਜਾਂ ਨਹੀਂ ਆਈ ਇਹ ਤਾਂ ਮੈਂ ਕਹਿ ਨਹੀਂ ਸਕਦਾ ਪਰ ਮੈਂ ਆਪਣੇ ਵਲੋਂ ਉਸਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਕਿ ਆਪਾਂ ਸਮਾਜ ਵਿੱਚ ਦੇਖਦੇ ਹਾਂ ਕਿ ਬਹੁਤ ਔਰਤਾਂ ਜਿਨ੍ਹਾਂ ਦੇ ਜੀਵਨ ਸਾਥੀ ਬੀਮਾਰ ਹੋ ਜਾਂਦੇ ਹਨ ਜਾਂ ਅਚਾਨਕ ਕੋਈ ਐਕਸੀਡੈਂਟ ਵਗੈਰਾ ਵਿੱਚ ਨਕਾਰਾ ਹੋ ਜਾਂਦੇ ਹਨ ਉਹ ਖੁਦ ਮਿਹਨਤ ਮੁਸ਼ੱਕਤ ਕਰਕੇ ਔਖੇ ਸੌਖੇ ਪ੍ਰਵਾਰਕ  ਜੁੰਮੇਵਾਰੀਆਂ ਨਿਭਾਉਂਦੇ ਹੋਏ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਕਾਮਯਾਬ ਕਰਦੀਆਂ ਹਨ ਤੇ ਰਿਸ਼ਤੇ ਦਾਰੀਆਂ ਵਿੱਚ ਵੀ ਖੁਸ਼ੀ ਗਮੀਂ ਵਿੱਚ ਪੂਰਾ ਮੇਲ ਮਿਲਾਪ ਰੱਖਦੀਆਂ ਹਨ ਤੇ ਸਮਾਜ ਵਿੱਚ ਮਿਸਾਲੀ ਤੇ ਸਨਮਾਨ ਵਾਲਾ ਜੀਵਨ ਜੀਉਂਦੀਆਂ ਹਨ।

ਥੋੜ੍ਹੇ ਦਿਨਾਂ ਬਾਅਦ ਇੱਕ ਦਿਨ ਫੇਰ ਉਹਦਾ ਫੋਨ ਆਇਆ ਤੇ ਉਸ ਦੀਆਂ ਗੱਲਾਂ ਤੋਂ ਮੈਨੂੰ ਮਹਿਸੂਸ ਹੋਇਆ ਕਿ ਉਹ ਕੋਈ ਸ਼ਰੀਰ ਦਾ ਗਾਹਕ ਭਾਲਦੀ ਹੈ ਜਿਸ ਨਾਲ ਪੈਸੇ ਜ਼ਿਆਦਾ, ਜਲਦੀ, ਤੇ ਸੌਖੇ ਮਿਲ਼ ਸਕਣ,ਤੇ ਮੈਂ ਉਸ ਨੂੰ ਸਾਫ਼ ਤੇ ਸਪੱਸ਼ਟ ਸ਼ਬਦਾਂ ਵਿੱਚ ਜਵਾਬ ਦੇ ਦਿੱਤਾ ਕਿ ਮੈਂ ਇਸ ਤਰ੍ਹਾਂ ਦੇ ਕੰਮਾਂ ਦੇ ਬਿਲਕੁਲ ਖ਼ਿਲਾਫ਼ ਹਾਂ ਤੇ ਮੈਂ ਉਸ ਨੂੰ ਕਿਹਾ ਕਿ ਮੈਂ ਤੈਨੂੰ ਬਲੌਕ ਕਰ
ਰਿਹਾ ਹਾਂ,ਮੇਰੇ ਇਨ੍ਹਾਂ ਕਹਿਣ ਤੇ ਉਹ ਜਲਦੀ ਜਲਦੀ ਕਾਹਲੀ ਵਿੱਚ ਬੋਲੀ ਕਿ ਪਲੀਜ਼ ਫੋਨ ਨਾ ਕੱਟਿਓ ਤੇ ਮੇਰੀ ਅਗਲੀ ਗੱਲ ਜ਼ਰੂਰ ਸੁਣੋ “ਮੈਂ ਕਿਹਾ ਹਾਂ ਦੱਸ ਕੀ ਕਹਿਣਾ ਚਾਹੁੰਨੀ ਹੈਂ!” ਤਾਂ ਉਹ ਬੋਲੀ ਤੁਹਾਡਾ ਕੋਈ ਹੋਰ ਲੋੜਵੰਦ ਯਾਰ ਦੋਸਤ ਹੋਵੇ ਜੋ ਇਮਾਨਦਾਰ ਹੋਵੇ ਜੋ ਮੇਰੀ ਤੇ ਮੇਰੇ ਪ੍ਰਵਾਰ ਦੀ ਇਜੱਤ ਤੇ ਬਦਨਾਮੀ ਦਾ ਖਿਆਲ ਰੱਖ ਸਕਦਾ ਹੋਵੇ ਤੇ ਮੇਰੀ ਥੋੜ੍ਹੀ ਬਹੁਤੀ ਆਰਥਿਕ ਮਦਦ ਕਰ ਸਕਦਾ ਹੋਵੇ ਉਸ ਬਾਰੇ ਦੱਸ ਦਿਓ ਤੇ ਮੈਂ ਵੀ ਉਸ ਦੀ ਇਜ਼ਤ ਤੇ ਸਮਾਜਿਕ ਬਦਨਾਮੀ ਦਾ ਪੂਰਾ ਖਿਆਲ ਰੱਖੂੰਗੀ,ਪਰ ਹੋਵੇ ਸੱਠ ਸਾਲਾਂ ਤੋਂ ਉੱਪਰ ਦਾ ਬਜ਼ੁਰਗ।
ਮੈਂ ਉਸ ਦੀ ਇਹ ਗੱਲ ਸੁਣ ਕੇ ਹੈਰਾਨ ਰਹਿ ਗਿਆ ਤੇ ਪੁੱਛਿਆ ਕਿ ਸੱਠ ਸਾਲਾਂ ਤੋਂ ਉੱਪਰ ਦਾ ਬਜ਼ੁਰਗ ਹੀ ਕਿਓਂ?
ਤਾਂ ਉਸ ਨੇ ਦੱਸਿਆ ਕਿ ਜੋ ਚੰਗੇ ਕਿਰਦਾਰ ਦੇ ਮੁੰਡੇ ਖੁੰਡੇ ਹਨ ਉਹ ਇਹੋ ਜਿਹੇ ਝਮੇਲਿਆਂ ਤੋਂ ਦੂਰ ਹੀ ਰਹਿੰਦੇ ਹਨ ਤੇ ਬਾਕੀ ਦੇ ਅੱਜ ਕੱਲ੍ਹ ਦੇ ਮੁੰਡੇ ਖੁੰਡੇ ਨਸ਼ੇੜੀ ਹਨ ਲੜਾਈ ਝਗੜਾ ਕਰਨ ਵਿੱਚ ਦੇਰ ਨਹੀਂ ਲਾਉਂਦੇ ਤੇ ਦੂਜੇ ਦੀ ਬਦਨਾਮੀ ਦਾ ਧਿਆਨ ਵੀ ਨਹੀਂ ਰੱਖਦੇ ਤੇ ਵਾਰ ਵਾਰ ਫੋਨ ਕਰਕੇ ਪ੍ਰੇਸ਼ਾਨ ਕਰਦੇ ਹਨ ਸਮਾਂ ਵੀ ਨਹੀਂ ਦੇਖਦੇ ਬਹੁਤੇ ਤਾਂ ਧੱਕੇ ਨਾਲ ਹੀ ਅਗਲੇ ਦੇ ਘਰੇ ਪਹੁੰਚ ਜਾਂਦੇ ਹਨ ਜਿਸ ਨਾਲ ਪ੍ਰਵਾਰਿਕ ਮਸਲੇ ਖੜ੍ਹੇ ਹੋ ਜਾਂਦੇ ਹਨ ਤੇ ਪ੍ਰਵਾਰ ਟੁੱਟ ਵੀ ਜਾਂਦੇ ਹਨ ਤੇ ਮੁੰਡੇ ਖੁੰਡਿਆਂ ਕੋਲ਼ ਪੈਸੇ ਵੀ ਨਹੀਂ ਹੁੰਦੇ” ਇਸ ਦੇ ਉਲਟ ਬਜ਼ੁਰਗਾਂ ਤੇ ਕੋਈ ਸ਼ੱਕ ਵੀ ਨਹੀਂ ਕਰਦਾ ਤੇ ਉਹ ਅਪਣੀ ਤੇ ਦੂਜੇ ਦੀ ਬਦਨਾਮੀ ਦਾ ਵੀ ਖਾਸ ਧਿਆਨ ਰੱਖਦੇ ਹਨ ਤੇ ਉਨ੍ਹਾਂ ਕੋਲ ਪੈਸੇ ਵੀ ਜ਼ਰੂਰ ਹੁੰਦੇ ਹਨ ਜੋ ਅਪਣੀ ਮਰਜ਼ੀ ਨਾਲ ਖਰਚ ਸਕਦੇ ਹਨ। ਮੈਂ ਉਸ ਦੀਆਂ ਇਹ ਗੱਲਾਂ ਸੁਣ ਕੇ ਹੈਰਾਨ ਰਹਿ ਗਿਆ। ਤੇ ਫਿਰ ਮੈਂ ਉਸਨੂੰ ਪੁੱਛਿਆ!
 ਕਿ ਤੂੰ ਮੈਨੂੰ ਇਹ ਸਾਰੀਆਂ ਗੱਲਾਂ ਕਿਉਂ ਦੱਸ ਰਹੀ ਹੈਂ !ਮੇਰੇ ਤੇ ਕਿਓਂ ਭਰੋਸਾ ਕਰ ਰਹੀ ਹੈਂ?
ਤਾਂ ਉਸ ਨੇ ਦੱਸਿਆ ਕਿ ਮੈਂ ਤੁਹਾਨੂੰ ਬਹੁਤ ਮੈਸੇਜ ਕੀਤੇ ਤੁਸੀਂ ਮੈਨੂੰ ਮੇਰੇ ਕਿਸੇ ਵੀ ਮੈਸੇਜ ਦਾ ਜਵਾਬ ਨਹੀਂ ਦਿੱਤਾ ਤੇ ਕਦੀ ਫੋਨ ਵੀ ਨਹੀਂ ਲਾਇਆ ਇਸ ਦੇ ਉਲਟ ਬਹੁਤੇ ਲੋਕ ਥੋੜ੍ਹਾ ਜਿਹਾ ਮੌਕਾ ਮਿਲਣ ਤੇ ਹੀ ਔਰਤਾਂ ਨੂੰ ਵਾਰ ਵਾਰ ਮੈਸੇਜ ਕਰਦੇ ਹਨ ਤੇ ਵਾਰ ਵਾਰ ਫੋਨ ਲਾਉਂਦੇ ਹਨ ਬਾਕੀ ਫੇਸਬੁੱਕ ਆਈ ਡੀ ਤੋਂ ਬੰਦੇ ਦੇ ਕਿਰਦਾਰ ਦਾ ਕਾਫੀ ਪਤਾ ਲੱਗ ਜਾਂਦਾ ਹੈ। ਗੱਲਾਂ ਤਾਂ ਹੋਰ ਵੀ ਬਹੁਤ ਹਨ ਪਰ ਮੈਂ ਸਾਰੀਆਂ ਇਥੇ ਨਸ਼ਰ ਨਹੀਂ ਕਰਨਾ ਚਾਹੁੰਦਾ ਕਿਉਂਕਿ ਕਿਸੇ ਔਰਤ ਦੇ ਸਤਿਕਾਰ ਤੇ ਬਦਨਾਮੀ ਦਾ ਮਸਲਾ ਹੈ।ਉਸ ਤੋਂ ਬਾਅਦ ਮੈਂ ਉਸ ਨੂੰ ਬਲੌਕ ਕਰ ਦਿੱਤਾ ਕਿਉਂਕਿ ਆਪਾਂ ਹਰ ਰੋਜ਼ ਹੀ ਸੋਸ਼ਲ ਮੀਡੀਆ ਤੇ ਪੜ੍ਹਦੇ ਸੁਣਦੇ ਤੇ ਦੇਖਦੇ ਹਾਂ ਕਿ ਬਹੁਤੀਆਂ ਔਰਤਾਂ ਮਜਬੂਰੀ ਦਾ ਵਾਸਤਾ ਦੇ ਕੇ ਗੱਲਬਾਤ ਕਰਦੀਆਂ ਹਨ  ਤੇ ਬਾਅਦ ਵਿੱਚ ਫੋਟੋ ਵਗੈਰਾ ਜਾਂ ਵੀਡੀਓ ਕਾਲ ਦੇ ਸਕਰੀਨ ਸ਼ੌਟ ਲੈ ਕੇ ਬੰਦੇ ਨੂੰ ਬਲੈਕਮੇਲ ਕਰਦੀਆਂ ਹਨ ਜਿਸ ਨਾਲ ਉਸ ਨੂੰ ਪ੍ਰਵਾਰਿਕ ਤੇ ਸਮਾਜਿਕ ਤੌਰ ਤੇ ਬਦਨਾਮੀ ਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰ ਤਾਂ ਖੁਦਕੁਸ਼ੀ ਦਾ ਕਾਰਨ ਵੀ ਬਣ ਜਾਂਦਾ ਹੈ। ਪਰ ਮੈਂ ਸੋਚ ਰਿਹਾ ਸਾਂ ਕਿ ਅੱਜ ਦੀ ਔਰਤ ਅਪਣੇ ਬੱਚਿਆਂ ਦੀਆਂ ਜ਼ਰੂਰੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਿਹੋ ਜਿਹੇ ਗੈਰ ਨੈਤਿਕ ਤੇ ਗੈਰ ਸਮਾਜਿਕ ਢੰਗ ਵਰਤ ਰਹੀਆਂ ਹਨ।  ਚਾਹੀਦਾ ਤਾਂ ਇਹ ਹੈ ਕਿ ਜੇ ਉਨ੍ਹਾਂ ਦੇ ਜੀਵਨ ਸਾਥੀ ਦੀ ਕਮਾਈ ਨਾਲ ਪ੍ਰਵਾਰ ਦਾ ਗੁਜ਼ਾਰਾ ਨਹੀਂ ਹੁੰਦਾ ਤਾਂ ਉਹ ਖੁਦ ਘਰੋਂ ਬਾਹਰ ਆਉਣ ਤੇ ਕੋਈ ਨਾ ਕੋਈ ਮਿਹਨਤ ਮਜ਼ਦੂਰੀ ਜਾਂ ਕੋਈ ਹੋਰ ਛੋਟਾ ਮੋਟਾ ਕਿੱਤਾ ਕਰਨ ਜਿਸ ਨਾਲ ਪ੍ਰਵਾਰ ਦੀ ਆਮਦਨ ਵਿੱਚ ਵਾਧਾ ਹੋਵੇ ਤੇ ਪ੍ਰਵਾਰ ਸਮੇਤ ਜਲਾਲਤ ਵਾਲਾ ਜੀਵਨ ਜਿਊਣ ਦੀ ਬਜਾਏ ਵਧੀਆ ਸੁਚੱਜਾ, ਖੁਸ਼ਹਾਲ, ਉਤਸ਼ਾਹ ਭਰਿਆ‌ ਤੇ ਸਮਾਜਿਕ ਇੱਜ਼ਤ ਵਾਲਾ ਜੀਵਨ ਜਿਉਣ।
“ਤੇ ਅਖੀਰ ਵਿੱਚ ਮੈਂ ਉਨ੍ਹਾਂ ਆਪਣੇ ਵੀਰਾਂ ਨੂੰ ਕਹਿਣਾ ਚਾਹੁੰਦਾ ਹਾਂ ਜੋ ਵਿਆਹ ਤੋਂ ਬਾਅਦ ਅਪਣੀਆਂ ਪ੍ਰਵਾਰਿਕ ਤੇ ਸਮਾਜਿਕ ਜ਼ੁੰਮੇਵਾਰੀਆਂ ਨੂੰ ਨਹੀਂ ਨਿਭਾਉਂਦੇ, ਬੱਚੇ ਪੈਦਾ ਤਾਂ ਕਰ ਲੈਂਦੇ ਹਨ ਪਰ ਉਨ੍ਹਾਂ ਦਾ ਪਾਲਣ ਪੋਸ਼ਣ ਕਰਨ ਸਬੰਧੀ ਅਣਗਹਿਲੀ ਕਰਦੇ ਹਨ ਤੇ ਅਪਣੀ ਮਿਹਨਤ ਨਾਲ ਕੀਤੀ ਹੋਈ ਕਮਾਈ ਨੂੰ ਸ਼ਰਾਬ ਜਾਂ ਹੋਰ ਨਸ਼ਿਆਂ ਤੇ ਖ਼ਰਚ ਦਿੰਦੇ ਹਨ ਤੇ ਬੱਚਿਆਂ ਦੀ ਜੁਮੇਵਾਰੀ ਇਕੱਲੀਆਂ ਔਰਤਾਂ ਤੇ ਛੱਡ ਦਿੰਦੇ ਹਨ ਇਹ ਕੋਈ ਜੁੰਮੇਵਾਰ ਤੇ ਵਧੀਆ ਸਮਾਜਿਕ ਨਾਗਰਿਕ ਦੀ ਨਿਸ਼ਾਨੀ ਨਹੀਂ ਹੈ।
ਵੀਰੋ ਮੇਰੀ ਬੇਨਤੀ ਹੈ ਕਿ ਇਸ ਮਹਿੰਗਾਈ ਦੇ ਯੁੱਗ ਵਿੱਚ  ਬੱਚਿਆਂ ਦੀ ਪੜ੍ਹਾਈ ਤੇ ਚੁੱਲ੍ਹੇ ਦਾ ਖਰਚਾ ਇਕੱਲੀ ਔਰਤ ਨਹੀਂ ਚੱਕ ਸਕਦੀ ਇਸ ਲਈ ਆਪਣੀ ਸਮਾਜਿਕ ਜ਼ੁੰਮੇਵਾਰੀ ਨੂੰ ਸਮਝਦੇ ਹੋਏ ਨਸ਼ਿਆਂ ਤੋਂ ਦੂਰ ਰਹਿ ਕੇ ਮਾਸੂਮ ਬੱਚਿਆਂ ਦੇ ਪਾਲਣ ਪੋਸ਼ਣ ਤੇ ਪੜ੍ਹਾਈ ਵੱਲ ਖ਼ਾਸ ਧਿਆਨ ਦੇਈਏ ਤਾਂ ਕਿ ਬੱਚੇ ਵੱਡੇ ਹੋ ਕੇ ਚੰਗੇ ਨਾਗਰਿਕ ਬਣਨ ਤੇ ਵਧੀਆ ਸਮਾਜ ਸਿਰਜਣ। ਤੇ  ਔਰਤ ਦਾ ਮਾਣ ਸਤਿਕਾਰ ਬਣਿਆ ਰਹੇ ਉਸ ਨੂੰ ਸ਼ਰੀਰ ਵੇਚਣ ਦੇ ਰਾਹ ਨਾ ਤੁਰਨਾ ਪਵੇ ਤੇ ਮਾਣ ਸਨਮਾਨ ਨਾਲ ਹਸਦਿਆਂ ਖੇਡਦਿਆਂ ਮਨੁੱਖਾਂ ਜੀਵਨ ਬਤੀਤ ਕਰੇ।
ਅਮਰਜੀਤ ਸਿੰਘ ਫ਼ੌਜੀ 
ਪਿੰਡ ਦੀਨਾ ਸਾਹਿਬ ਜ਼ਿਲ੍ਹਾ ਮੋਗਾ ਪੰਜਾਬ 
94174-04804
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article~~ ਪਰਦਾ~~
Next articleएमएसपी पर समिति का गठन: किसान विरोधी और निरर्थक समिति: किसान आंदोलन 2 – किसान लांग मार्च की ओर बढ़े: पुनर्मूल्यांकन