ਇਸ਼ਤਿਹਾਰਬਾਜ਼ੀ ਦੇ ਦਿੱਤੇ ਗਏ ਠੇਕੇ ‘ਚ ਬੇਨਿਯਮੀਆਂ ਦਾ ਖ਼ਦਸ਼ਾ
ਰਾਏਕੋਟ, (ਸਮਾਜ ਵੀਕਲੀ) ਗੁਰਭਿੰਦਰ ਗੁਰੀ:- ਬੀਤੇ ਕੱਲ੍ਹ ਹੋਈ ਨਗਰ ਕੌਂਸਲ ਰਾਏਕੋਟ ਦੀ ਹੋਈ ਇੱਕ ਮੀਟਿੰਗ ਵਿੱਚ ਸ਼ਹਿਰ ਵਿਚ ਦਿੱਤੇ ਗਏ ਇਸ਼ਤਿਹਾਰਬਾਜ਼ੀ ਦੇ ਦਿੱਤੇ ਗਏ ਠੇਕੇ ਨੂੰ ਲੈ ਕੇ ਇੱੱਕ ਵਾਰ ਫਿਰ ਤੋਂ ਗਰਮਾਗਰਮੀ ਦਾ ਮਾਹੌਲ ਰਿਹਾ, ਨਗਰ ਕੌਂਸਲ ਵਲੋਂ ਸ਼ਹਿਰ ਵਿੱਚ ਇਸ਼ਤਿਹਾਰਬਾਜ਼ੀ ਸਬੰਧੀ ਦਿੱਤੇ ਗਏ ਠੇਕੇ ਸਬੰਧੀ ਕੌਂਸਲਰਾਂ ਵਲੋਂ ਮੰਗੀ ਗਈ ਜਾਣਕਾਰੀ ਕੌਂਸਲ ਅਧਿਕਾਰੀਆਂ ਵਲੋਂ ਨਾਂ ਦਿੱਤੇ ਜਾਣ ਕਾਰਨ ਮੀਟਿੰਗ ਹੰਗਾਮੇਦਾਰ ਰਹੀ। ਕੌਂਸਲਰ ਗੁਰਜੰਟ ਸਿੰਘ ਅਤੇ ਸੁਖਵਿੰਦਰ ਸਿੰਘ ਗਰੇਵਾਲ ਵਲੋਂ ਮੁੱਦਾ ਉਠਾਇਆ ਗਿਆ ਕਿ ਨਗਰ ਕੌਂਸਲ ਵਲੋਂ ਦਿੱਤੇ ਗਏ ਇਸ਼ਤਿਹਾਰਬਾਜੀ ਦੇ ਠੇਕੇ ਵਿੱਚ ਬੇਨਿਯਮੀਆਂ ਵਰਤੀਆਂ ਜਾ ਰਹੀਆਂ ਹਨ ਅਤੇ ਠੇਕੇਦਾਰ ਵਲੋਂ ਕੌਂਸਲ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਤੈਅਸ਼ੁਦਾ ਗਿਣਤੀ ਤੋਂ ਵੱਧ ਹੋਰਡਿੰਗ ਲਗਾਏ ਜਾਣ ਦੇ ਵੀ ਦੋਸ਼ ਲਗਾਏ। ਜਿਸਦੇ ਜਵਾਬ ਵਿੱਚ ਕਾਰਜ ਸਾਧਕ ਅਫਸਰ ਅਮਨਦੀਪ ਸਿੰਘ ਨੇ ਕਿਹਾ ਕਿ ਇਹ ਫੈਸਲਾ ਰੀਵਿਊ ਕਮੇਟੀ ਵਲੋਂ ਭੇਜੀ ਗਈ ਰਿਪੋਰਟ ਦੇ ਅਧਾਰ ’ਤੇ ਕੀਤਾ ਗਿਆ ਹੈ ਅਤੇ ਇਸ ਸਬੰਧੀ ਵਧੇਰੇ ਜਾਣਕਾਰੀ ਸੁਪਰਡੈਂਟ ਗਗਨ ਉੱਪਲ ਵਲੋਂ ਦਿੱਤੀ ਜਾਵੇਗੀ। ਪ੍ਰੰਤੂ ਸੁਪਰਡੈਂਟ ਗਗਨ ਉੱਪਲ ਦੇ ਛੁੱਟੀ ’ਤੇ ਹੋਣ ਅਤੇ ਮਾਹੌਲ ਵਿੱਚ ਗਰਮਾਹਟ ਹੁੰਦੀ ਦੇਖ ਪ੍ਰਧਾਨ ਸੁਦਰਸ਼ਨ ਜੋਸ਼ੀ ਵਲੋੋਂ ਮੀਟਿੰਗ ਨੂੰ ਮੁਲਤਵੀ ਕਰਕੇ ਅਗਲੀ ਮੀਟਿੰਗ 6 ਅਗਸਤ ਨੰ ਰੱਖੀ ਗਈ ਹੈ ਅਤੇ ਸੁਪਰਡੈਂਟ ਗਗਨ ਉੱਪਲ ਸਮੇਤ ਹੋਰ ਸਬੰਧਤ ਮੁਲਾਜ਼ਮਾਂ ਨੂੰ ਨੋਟਿਸ ਜਾਰੀ ਕਰਕੇ ਇਸ ਸਬੰਧੀ ਰਿਕਾਰਡ ਸਮੇਤ ਹਾਜ਼ਰ ਰਹਿਣ ਲਈ ਕਿਹਾ ਗਿਆ ਹੈ। ਹੁਣ ਦੇਖਣਯੋਗ ਹੋੋਵੇਗਾ ਕਿ ਅੱਜ ਦੀ ਮੀਟਿੰੰਗ ਵਿੱੱਚ ਕੌਂਸਲ ਅਧਿਕਾਰੀ ਕੌਂਸਲਰਾਂ ਵਲੋਂ ਚੁੱਕੇ ਗਏ ਉਪਰੋਕਤ ਸਵਾਲਾਂ ਦੇ ਤਸੱਲੀਬਖਸ਼ ਜਵਾਬ ਦੇ ਪਾਂਉਦੇ ਹਨ ਜਾਂ ਨਹੀਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



