ਅੱਜ  ਦਬੂਲੀਆਂ ਵਿਖੇ ਹੋਵੇਗੀ ਕੌਮੀ ਪੱਧਰੀ 5 ਦਿਨਾਂ ਬਾਸਕਟਬਾਲ ਟੂਰਨਾਮੈਂਟ ਦੀ ਆਰੰਭਤਾ

ਉਦਘਾਟਨ ਤੋਂ ਪਹਿਲਾਂ ਪਾਏ ਜਾਣਗੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ
ਸੰਤ ਮਹਾਪੁਰਸ਼ ਉਦਘਾਟਨੀ ਸਮਾਰੋਹ ਮੌਕੇ ਰਹਿਣਗੇ ਮੌਜੂਦ
ਕਪੂਰਥਲਾ,(ਕੌੜਾ)– ਪੰਜਾਬ ਦੇ ਛੋਟੇ ਜਿਹੇ ਪਿੰਡ ਦਬੂਲੀਆਂ ਵਿਖੇ ਬਲਕਾਰ ਸਿੰਘ ਚੀਮਾ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਵਲੋਂ ਦੂਸਰਾ ਆਲ ਇੰਡੀਆ 5 ਦਿਨਾਂ ਬਲਕਾਰ ਸਿੰਘ ਯਾਦਗਾਰੀ ਬਾਸਕਟਬਾਲ ਟੂਰਨਾਮੈਂਟ 4 ਮਾਰਚ ਦਿਨ ਸੋਮਵਾਰ ਤੋਂ 8 ਮਾਰਚ ਤੱਕ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਹਨ। ਟੂਰਨਾਮੈਂਟ ਦੀ ਸਫਲਤਾ ਲਈ ਖੇਡ ਸਟੇਡੀਅਮ ਵਿੱਚ ਉਦਘਾਟਨ ਤੋਂ ਪਹਿਲਾਂ ਸ਼੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ।ਇਸ ਮੌਕੇ ਸੰਤ ਬਾਬਾ ਲੀਡਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਗੁਰਸਰ ਸਾਹਿਬ ਤੇ ਹੋਰ ਇਲਾਕੇ ਦੇ ਸੰਤ ਮਹਾਂਪੁਰਸ਼ ਮੌਜੂਦ ਰਹਿਣਗੇ।ਮੁੱਖ ਪ੍ਰਬੰਧਕ ਅਰਜੁਨ ਐਵਾਰਡੀ ਸੱਜਣ ਸਿੰਘ ਚੀਮਾ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਕਪੂਰਥਲਾ ਜ਼ਿਲ੍ਹੇ ਦਾ ਪਿੰਡ ਦਬੁਲੀਆਂ ਬਾਸਕਟਬਾਲ ਦੀ ਨਰਸਰੀ ਵਜੋਂ ਪਹਿਚਾਣ ਰੱਖਦਾ ਹੈ। ਪਿੰਡ ਨੇ ਉਚ ਕੋਟੀ ਦੇ ਅੰਤਰਰਾਸ਼ਟਰੀ ਬਾਸਕਟਬਾਲ ਪਲੇਅਰ ਪੈਦਾ ਕੀਤੇ ਹਨ। ਉਨਾਂ ਦੱਸਿਆ ਕਿ ਇਸ ਬਾਸਕਟਬਾਲ ਟੂਰਨਾਮੈਂਟ ਵਿੱਚ ਲੜਕੀਆਂ ਦੀਆਂ ਅੱਠ ਟੀਮਾਂ ਕੇਐਸਈਬੀ,ਇਨਕਮ ਟੈਕਸ ਚੇਨਈ, ਸਾਊਥ ਸੈਂਟਰਲ ਰੇਲਵੇ ਹੈਦਰਾਬਾਦ, ਈਸਟਰ ਰੇਲਵੇ ਕਲਕੱਤਾ,ਉਤਰ ਰੇਲਵੇ ਦਿੱਲੀ, ਸੈਂਟਰਲ ਰੇਲਵੇ ਮੁੰਬਈ ਤੇ ਬਲਕਾਰ ਸਿੰਘ ਚੀਮਾ ਕਲੱਬ ਦਬੁਲੀਆਂ ਅਤੇ ਅੱਠ ਲੜਕਿਆਂ ਦੀਆਂ ਟੀਮਾਂ ਪੰਜਾਬ ਪੁਲਿਸ,ਉਤਰ ਰੇਲਵੇ,ਇਨਕਮ ਟੈਕਸ, ਨੇਵੀ ਮੁੰਬਈ, ਭਾਰਤੀ ਸੈਨਾ,ਕੇਐਸਈਬੀ, ਲੁਧਿਆਣਾ ਬਾਸਕਟਬਾਲ ਅਕੈਡਮੀ, ਇੰਡੀਅਨ ਬੈਂਕ ਚੇਨਈ ਦੀਆਂ ਟੀਮਾਂ ਹਿੱਸਾ ਲੈਣਗੀਆਂ। ਟੂਰਨਾਮੈਂਟ ਦਾ ਉਦਘਾਟਨ ਖੇਡ ਮੰਤਰੀ ਮੀਤ ਹੇਅਰ ਕਰਨਗੇ, ਜਦਕਿ ਰਾਜ ਸਭਾ ਮੈਂਬਰ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ, ਕੈਬਨਿਟ ਮੰਤਰੀ ਲਾਲਜੀਤ ਭੁੱਲਰ, ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਖ ਵੱਖ ਦਿਨਾਂ ਵਿਚ ਸ਼ਾਮਿਲ ਹੋਣਗੇ।ਉਨਾਂ ਨੇ ਦੱਸਿਆ ਕਿ ਟੂਰਨਾਮੈਂਟ ਦੇ ਮੁਕਾਬਲੇ ਸ਼ਾਮ ਨੂੰ ਖੇਡੇ ਜਾਣਗੇ ਅਤੇ ਮੁਕਾਬਲੇ ਲੀਗ ਅਤੇ ਨਾਕ ਆਊਟ ਅਧਾਰ ਤੇ ਖੇਡੇ ਜਾਣਗੇ। ਦੋਹਾਂ ਵਰਗਾਂ ਵਿਚ ਟੂਰਨਾਮੈਂਟ ਜਿੱਤਣ ਵਾਲੀ ਟੀਮ ਨੂੰ 2 ਲੱਖ ਰੁਪਏ ਅਤੇ ਉਪ ਜੇਤੂ ਟੀਮ ਨੂੰ ਡੇਢ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਲੜਕਿਆਂ ਦੇ ਵਰਗ ਵਿੱਚ ਟੂਰਨਾਮੈਂਟ ਦੇ ਬੈਸਟ ਖਿਡਾਰੀ ਨੂੰ ਬੁਲਟ ਮੋਟਰਸਾਈਕਲ ਅਤੇ ਲੜਕੀਆਂ ਦੇ ਵਰਗ ਵਿੱਚ ਟੂਰਨਾਮੈਂਟ ਦੀ ਬੈਸਟ ਖਿਡਾਰਨ ਨੂੰ ਸਕੂਟਰੀ ਨਾਲ ਸਨਮਾਨਿਤ ਕੀਤਾ ਜਾਵੇਗਾ। ਟੂਰਨਾਮੈਂਟ ਦੌਰਾਨ ਖੇਡ ਜਗਤ ਨਾਲ ਜੁੜੀਆਂ ਹੋਈਆਂ ਉੱਘੀਆਂ ਹਸਤੀਆਂ ਮੌਜੂਦ ਰਹਿਣਗੀਆਂ। ਉਹਨਾਂ ਦੱਸਿਆ ਕਿ ਇਹ ਟੂਰਨਾਮੈਂਟ ਇੱਕ ਛੋਟੇ ਜਿਹੇ ਪਿੰਡ ਵਿੱਚ ਹੋ ਰਿਹਾ ਹੈ ਅਤੇ ਇਸ ਟੂਰਨਾਮੈਂਟ ਵਿੱਚ ਦੇਸ਼ ਦੀਆਂ ਉੱਚ ਕੋਟੀ ਦੀਆਂ ਟੀਮਾਂ ਭਾਗ ਲੈਣੀਆਂ ਹਨ। ਉਹਨਾਂ ਇਹ ਵੀ ਦੱਸਿਆ ਕਿ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀਆਂ ਟੀਮਾਂ ਵਿੱਚ ਕਈ ਅੰਤਰਰਾਸ਼ਟਰੀ ਖਿਡਾਰੀ ਹਿੱਸਾ ਹੋਣਗੇ। ਇਸ ਮੌਕੇ ਤੇ ਬਲਾਕ ਪ੍ਰਧਾਨ ਸੰਨੀ ਰੱਤੜਾ,ਬਲਾਕ ਪ੍ਰਧਾਨ ਬਿਕਰਮ ਸਿੰਘ ਉੱਚਾ,ਬਲਾਕ ਪ੍ਰਧਾਨ ਪ੍ਰੇਮ ਕਾਲੀਆ, ਦਿਲਪ੍ਰੀਤ ਸਿੰਘ ਟੋਡਰਵਾਲ ਬਲਾਕ ਪ੍ਰਧਾਨ , ਮਨਜੀਤ ਸਿੰਘ ਬਲਾਕ ਪ੍ਰਧਾਨ,ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਅਕਾਸ਼ਦੀਪ ਸਿੰਘ,ਪੀਏ ਲਵਪ੍ਰੀਤ ਸਿੰਘ, ਜਸਵੰਤ ਸਿੰਘ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਪਿੰਡ ਸ਼ਾਲਾਪੁਰ ਦੋਨਾਂ ਸਮੇਤ ਕਈ ਹੋਰ ਪਿੰਡਾਂ ਵਿੱਚ ਬੱਚਿਆਂ ਨੂੰ ਪਿਲਾਈਆਂ ਗਈਆਂ ਪੋਲੀਓ ਦੀਆਂ ਬੂੰਦਾਂ
Next articleNaval Commanders’ Conference to commence on March 5