ਅੱਜ ਭੈਣੀ ਸਾਹਿਬ ਵਿੱਚ ਸਨਮਾਨ ਉੱਤੇ ਵਿਸ਼ੇਸ਼

ਬਲਬੀਰ ਸਿੰਘ ਬੱਬੀ ਜਿਹੇ ਸੀਨੀਅਰ ਪੱਤਰਕਾਰ ਮੇਰੇ ਰਾਹ ਦਸੇਰਾ ਬਣੇ- ਹਰਪ੍ਰੀਤ ਸਿੰਘ ਸਿਹੌੜਾ
(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਪੰਜਾਬੀ ਮਾਂ ਬੋਲੀ ਦੇ ਨਾਲ ਜੁੜ ਕੇ ਪੰਜਾਬੀ ਸਹਿਤ ਜਗਤ ਵਿੱਚੋਂ ਕੁਝ ਸਿੱਖ ਕੇ ਕੁਝ ਨਾ ਕੁਝ ਲਿਖਣ ਦੇ ਲਈ ਸਾਹਿਤਕਾਰ ਬਣਦਾ ਹੈ ਇਸੇ ਸਾਹਿਤਕਾਰੀ ਵਿੱਚੋਂ ਲੋਕ ਸਮੱਸਿਆਵਾਂ ਉੱਪਰ ਕਵਿਤਾਵਾਂ ਕਹਾਣੀਆਂ ਆਦਿ ਲਿਖ ਕੇ ਲੋਕਾਂ ਦੇ ਦੁੱਖ ਦਰਦ ਨੂੰ ਸਮਝਣ ਵਾਲਾ ਪੰਜਾਬੀ ਲੇਖਕ ਫਿਰ ਪੱਤਰਕਾਰੀ ਵੱਲ ਨੂੰ ਆਉਂਦਾ ਹੈ ਤੇ ਪੱਤਰਕਾਰੀ ਰਾਹੀਂ ਲੋਕਾਂ ਦੇ ਦੁੱਖ ਸੁੱਖ ਸਮਾਜ ਵਿੱਚੋਂ ਹੋਰ ਬੜਾ ਕੁਝ ਕੱਢ ਕੇ ਆਪਣੀ ਕਲਮ ਦੇ ਨਾਲ ਲਿਖ ਕੇ ਜੋ ਲੋਕਾਂ ਤੱਕ ਜਾਵੇ ਤੇ ਰੋਜ਼ਾਨਾ ਅਖਬਾਰੀ ਖਬਰਾਂ ਦੇ ਵਿੱਚ ਹਾਜ਼ਰੀ ਲਗਾਵੇ ਉਹ ਅਸਲ ਪੱਤਰਕਾਰ ਕਿਹਾ ਜਾ ਸਕਦਾ ਹੈ। ਇਹ ਗੱਲਬਾਤ ਪੱਤਰਕਾਰਾ ਤੇ ਸਾਹਿਤਕਾਰ ਹਰਪ੍ਰੀਤ ਸਿੰਘ ਸਿਹੋੜਾ ਉੱਪਰ ਪੂਰੀ ਤਰਹਾਂ ਢੁਕਦੀ ਹੈ।
     ਪੱਤਰਕਾਰਾਂ ਨੂੰ ਸਨਮਾਨ ਦੇਣ ਲਈ ਪੰਜਾਬੀ ਸਾਹਿਤ ਸਭਾ ਸ਼੍ਰੀ ਭੈਣੀ ਸਾਹਿਬ ਨੇ ਵਿਸ਼ੇਸ਼ ਉਪਰਾਲਾ ਕੀਤਾ ਹੈ ਜੋ ਸਮੇਂ ਸਮੇਂ ਉੱਤੇ ਪੱਤਰਕਾਰਾਂ ਨੂੰ ਮਾਨ ਸਨਮਾਨ ਦੇ ਕੇ ਨਿਵਾਜ਼ ਰਹੀ ਹੈ। ਅੱਜ ਪੰਜਾਬੀ ਸਾਹਿਤ ਸਭਾ ਸ਼੍ਰੀ ਭੈਣੀ ਸਾਹਿਬ ਦੇ ਵਿਹੜੇ ਵਿੱਚ 11  ਪੱਤਰਕਾਰਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ। ਇਹਨਾਂ ਪੱਤਰਕਾਰਾਂ ਵਿੱਚੋਂ ਇੱਕ ਪੱਤਰਕਾਰ ਤੇ ਸਾਹਿਤਕਾਰ ਹੈ ਹਰਪ੍ਰੀਤ ਸਿੰਘ ਸਿਹੋੜਾ। ਹਰਪ੍ਰੀਤ ਸਿੰਘ ਸਿਹੋੜਾ ਜੋ ਪਾਇਲ ਇਲਾਕੇ ਦੇ ਪ੍ਰਸਿੱਧ ਪਿੰਡ ਸਿਹੌੜਾ ਦਾ ਜੰਮਪਲ ਹੈ। ਪਿਤਾ ਸਵ ਪ੍ਰੀਤਮ ਸਿੰਘ ਤੇ ਮਾਤਾ ਕਰਨੈਲ ਕੌਰ ਦੀ ਕੁੱਖ ਤੋਂ ਹਰਪ੍ਰੀਤ ਸਿੰਘ ਦਾ ਜਨਮ ਹੋਇਆ ਆਪਣੇ ਪਿੰਡ ਦੇ ਸਰਕਾਰੀ ਸਕੂਲ ਤੋਂ ਵਿਦਿਆ ਹਾਸਿਲ ਕੀਤੀ ਦਸਵੀਂ ਤੋਂ ਬਾਅਦ ਉਸਦੇ ਪਿਤਾ ਜੀ ਦੀ ਕੈਂਸਰ ਦੇ ਨਾਲ ਮੌਤ ਹੋ ਜਾਂਦੀ ਹੈ। ਉਸ ਦੇ ਪਿਤਾ ਜੀ ਨੂੰ ਵੀ ਲਿਖਣ ਤੇ ਪੜ੍ਨ ਦਾ ਸ਼ੌਂਕ ਸੀ ਆਪਣੇ ਪਿਤਾ ਦੀਆਂ ਰਚਨਾਵਾਂ ਪੜ੍ਹਦੇ ਹੀ ਉਸਦੇ ਅੰਦਰ ਲਿਖਣ ਦਾ ਸ਼ੌਂਕ ਜਾਗਿਆ ਹਰਪ੍ਰੀਤ ਆਪਣੇ ਪਿਤਾ ਨੂੰ ਹੀ ਆਪਣਾ ਸਾਹਿਤਕ ਗੁਰੂ ਮੰਨਦਾ ਹੈ। ਇਸ ਤੋਂ ਬਾਅਦ ਉਸਨੇ ਸੀਹਾ ਸਿੰਘ ਸਰਕਾਰੀ ਕਾਲਜ ਸਿੱਧਸਰ ਵਿਖੇ ਗਿਆਰਵੀਂ ਤੇ ਬੀਏ ਤੱਕ ਦੀ ਪੜ੍ਹਾਈ ਕੀਤੀ ਪਿਤਾ ਦਾ ਸਾਇਆ ਉਠ ਜਾਣਾ ਘਰ ਵਿੱਚ ਗਰੀਬੀ ਅਤੇ ਹੋਰ ਔਂਕੜਾਂ ਕਰਕੇ ਉਸ ਨੂੰ ਆਪਣੀ ਪੜ੍ਹਾਈ ਵਿਚਕਾਰ ਹੀ ਛੱਡਣੀ ਪਈ। ਉਸਨੇ ਆਪਣਾ ਬਚਪਨ ਅਤੇ ਜਵਾਨੀ ਤੁੰਗੀ ਤੁਰਸੀਆਂ ਵਿੱਚੋਂ ਲੰਘਾਏ ਉਸ ਤੋਂ ਬਾਅਦ ਹਰਪ੍ਰੀਤ ਨੇ ਕਲਿਨਿਕ ਲੈਬੋਰੇਟਰੀ, ਕੰਪਿਊਟਰ ਸਾਫਟਵੇਅਰ, ਕੰਪਿਊਟਰ ਹਾਰਡਵੇਅਰ, ਅਕਾਊਂਟਸ ਇੱਕ ਇੱਕ ਸਾਲਾ ਕੋਰਸ ਕੀਤੇ ਤੇ ਇਹਨਾਂ ਕਿੱਤਿਆਂ ਵਿੱਚ ਪ੍ਰਾਈਵੇਟ ਨੌਕਰੀ ਵੀ ਕੀਤੀ ਆਪਣੀ ਮਿਹਨਤ ਮੁਸ਼ੱਕਤ ਦੀ ਜ਼ਿੰਦਗੀ ਦੇ ਨਾਲ ਸਾਹਿਤਕ ਪੱਖ ਵੱਲ ਨੂੰ ਉਸ ਦਾ ਸ਼ੌਂਕ ਵੱਧਦਾ ਗਿਆ।
    ਵਿਸ਼ਵ ਸਿੱਖ ਸਾਹਿਤ ਅਕਾਦਮੀ ਪਾਇਲ ਦੇ ਨਾਲ ਜੁੜੇ, ਜਿੱਥੋਂ ਮਾਸਟਰ ਜਗਦੇਵ ਸਿੰਘ ਘੰਗਰਾਲੀ ਹਰਬੰਸ ਸਿੰਘ ਸ਼ਾਨ ਤੇ ਹੋਰ ਸਾਹਿਤਕਾਰ ਸੱਜਣਾਂ ਦੀ ਸੰਗਤ ਕਰਕੇ ਪੰਜਾਬੀ ਸਾਹਿਤ ਜਗਤ ਵਿੱਚ ਪ੍ਰਵੇਸ਼ ਕੀਤਾ ਤੇ ਕੁਝ ਨਾ ਕੁਝ ਲਿਖਣਾ ਸ਼ੁਰੂ ਹੋਇਆ। ਉਸਦਾ ਵਿਆਹ ਰਾਏਕੋਟ ਦੇ ਬੱਸੀਆਂ ਪਿੰਡ ਦੀ ਸੰਦੀਪ ਕੌਰ ਨਾਲ ਹੋਇਆ ਉਸ ਦੇ ਦੋ ਬੇਟੇ ਪ੍ਰਭ ਨੂਰ ਸਿੰਘ ਤੇ ਕੋਹਿਨੂਰ ਸਿੰਘ ਹਨ ਜੋ ਪੜ੍ਹਾਈ ਕਰ ਰਹੇ ਹਨ। ਕਈ ਸਾਲ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੈਕਟਰੀ ਵਜੋਂ ਤੇ ਇਨਕਲਾਬੀ ਸਰਗਰਮੀਆਂ ਨਾਲ ਜੁੜਿਆ ਆਪਣੇ ਅੰਦਰੋਂ ਰੰਗ ਕਰਮੀ ਚਿਹਰੇ ਨੂੰ ਬਾਹਰ ਕੱਢਣ ਦੇ ਲਈ ਮਾਲਵਾ ਰੰਗ ਮੰਚ ਚੀਮਾਂ, ਅਜ਼ਾਦ ਰੰਗ ਮੰਚ ਫਗਵਾੜਾ ਨਾਲ ਵੀ ਜੁੜਿਆ। ਪੰਜਾਬੀ ਸਾਹਿਤ ਜਗਤ ਵਿੱਚ ਚੰਗੇ ਲੇਖਕਾਂ ਦੀ ਸੰਗਤ ਅਤੇ ਹੱਲਾਸ਼ੇਰੀ ਦੇ ਨਾਲ ਉਸ ਨੇ ਪਹਿਲੀ ਕਿਤਾਬ ਚਾਨਣ ਵੰਡਦਾ ਰਹਿ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾਈ ਤੇ ਇਸ ਨੂੰ ਕਾਫ਼ੀ ਹੱਦ ਤੱਕ ਸਲਾਹਿਆ ਗਿਆ ਉਸ ਦੀ ਦੂਜੀ ਕਿਤਾਬ ਵੀ ਛਾਪਣ ਲਈ ਤਿਆਰ ਹੈ।
   ਉਸ ਨੇ ਪੰਜਾਬੀ ਦੇ ਉੱਘੇ ਲੇਖਕ ਪੱਤਰਕਾਰ ਬਲਬੀਰ ਸਿੰਘ ਬੱਬੀ ਤੋਂ ਪੱਤਰਕਾਰੀ ਸੰਬੰਧੀ ਬਾਰੀਕੀਆਂ ਤੇ ਜਾਣਕਾਰੀਆਂ ਪ੍ਰਾਪਤ ਕਰਕੇ ਪੰਜਾਬੀ ਅਖਬਾਰਾਂ ਦੇ ਨਾਲ ਜੁੜ ਕੇ ਪੱਤਰਕਾਰੀ ਸ਼ੁਰੂ ਕੀਤੀ ਪਾਇਲ ਤੋਂ ਪੰਜਾਬੀ ਜਾਗਰਣ ਤੇ ਇਸ ਵੇਲੇ ਫਤਿਹ ਐਕਸਪ੍ਰੈਸ ਦੇ ਨਾਲ ਜੁੜ ਕੇ ਉਹ ਪੱਤਰਕਾਰੀ ਵਿੱਚ ਰੋਜ਼ਾਨਾ ਹੀ ਵਧੀਆ ਖਬਰਾਂ ਤੇ ਹੋਰ ਰਿਪੋਰਟਿੰਗ ਕਰ ਰਿਹਾ ਹੈ।
   ਪੰਜਾਬੀ ਸਾਹਿਤ ਸਭਾ ਭੈਣੀ ਸਾਹਿਬ ਵੱਲੋਂ ਪੱਤਰਕਾਰਾਂ ਦੇ ਸਨਮਾਨ ਵਿੱਚ ਹਰਪ੍ਰੀਤ ਸਿੰਘ ਸਿਹੋੜਾ ਨੂੰ ਵੀ ਚੁਣਿਆ ਗਿਆ ਹੈ। ਹਰਪ੍ਰੀਤ ਸਿੰਘ ਸਿਹੋੜਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਮੇਰੀਆਂ ਸਾਹਿਤਕ ਗਤੀਵਿਧੀਆਂ ਤੇ ਪੱਤਰਕਾਰੀ ਦੀਆਂ ਸੇਵਾਵਾਂ ਨੂੰ ਪੰਜਾਬੀ ਸਾਹਿਤ ਸਭਾ ਭੈਣੀ ਸਾਹਿਬ ਨੇ ਦੇਖਦਿਆਂ ਹੋਇਆਂ ਜੋ ਮੈਨੂੰ ਸਨਮਾਨ ਕਰਨ ਦਾ ਫੈਸਲਾ ਕੀਤਾ ਹੈ ਮੈਂ ਸਹਿਤ ਸਭਾ ਭੈਣੀ ਸਾਹਿਬ,ਤੇ ਅਦਾਰਾ ਸਮਾਜ ਵੀਕਲੀ ਦੇ ਪੱਤਰਕਾਰ ਬਲਬੀਰ ਸਿੰਘ ਬੱਬੀ ਦਾ ਧੰਨਵਾਦ ਕਰਦਾ ਹਾਂ ਜਿਨਾਂ ਨੇ ਉਂਗਲ ਫੜ ਕੇ ਮੈਨੂੰ ਪੱਤਰਕਾਰੀ ਵਾਲੇ ਪਾਸੇ ਨੂੰ ਤੋਰਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸ਼ਬਦ ਲਾਇਬ੍ਰੇਰੀ ਮੰਗਲੀ ਦੇ ਸੱਦੇ ਉੱਤੇ ਸਜੀ ਇਲਾਕੇ ਦੇ ਨਵੇਂ ਕਲਮਕਾਰਾਂ ਦੀ ਮਹਿਫ਼ਿਲ
Next articleਝਾਰਖੰਡ ਵਿਧਾਨ ਸਭਾ ਚੋਣਾਂ ਦੇ ਨਤੀਜੇ ਲਾਈਵ: ਸ਼ੁਰੂਆਤੀ ਰੁਝਾਨਾਂ ਵਿੱਚ ਐਨਡੀਏ ਅੱਗੇ ਹੈ, ਬਰਹੇਟ ਸੀਟ ਤੋਂ ਮੁੱਖ ਮੰਤਰੀ ਹੇਮੰਤ ਸੋਰੇਨ ਅੱਗੇ ਹੈ।