ਅੱਜ ਮੇਰੀ ਦੂਜੀ ਕਿਤਾਬ,” ਚੁੱਪ ਨਾ ਰਿਹਾ ਕਰ” ਦੀ ਅਰਵਿੰਦਰ ਕੌਰ ਕਾਕੜਾ ਜੀ ਦੀ ਸਮੀਖਿਆ

ਮੁਹੱਬਤ,ਵੰਗਾਰ ਤੇ ਵਿਦਰੋਹ ਦਾ ਕਾਵਿਕ ਕੈਨਵਸ 
ਅਰਵਿੰਦਰ ਕੌਰ ਕਾਕੜਾ
(ਸਮਾਜ ਵੀਕਲੀ) ‘ਚੁੱਪ ਨਾ ਰਿਹਾ ਕਰ’ ਹਰਪ੍ਰੀਤ ਕੌਰ ਸੰਧੂ ਦਾ ਕਾਵਿ ਸੰਗ੍ਰਿਹ ਹੈ। ਹਰਪ੍ਰੀਤ ਕਵਿਤਾ ਨਿੰਰਤਰ ਲਿਖ ਰਹੀ ਹੈ।ਉਹ ਕਵੀ ਦਰਬਾਰਾਂ, ਅਖ਼ਬਾਰਾਂ, ਰਸਾਲਿਆਂ ਤੇ ਸੋਸ਼ਲ ਮੀਡੀਆ ਤੇ ਆਪਣੀ ਪਹਿਚਾਣ ਬਣਾ ਰਹੀ ਉਹ ਕਵੀ ਹੈ ਜੋਂ ਸਮੇਂ ਦੀਆਂ ਤਲਖ਼ ਹਕੀਕਤਾਂ ਨੂੰ  ਰੂਪਮਾਨ ਕਰਦਿਆਂ ਜ਼ਿਆਦਾਤਰ ਕਵਿਤਾ ਦਾ ਸਹਾਰਾ ਲੈਂਦੀ ਹੈ।ਸਮਾਜ ਵਿੱਚ ਵਾਪਰ ਰਹੀ ਹਰ ਘਟਨਾ ਦਾ ਸੂਖ਼ਮ ਅਹਿਸਾਸ  ਕਰਦੀ ਹੋਈ ਆਪਣੇ ਅੰਤਰੀਵ ਭਾਵਾਂ ਨੂੰ ਸ਼ਾਬਦਿਕ ਉਡਾਣ ਦਿੰਦੀ ਹੈ। ਹਰਪ੍ਰੀਤ ਇਸ ਪਿੱਤਰਕੀ ਪ੍ਰਬੰਧ ਵਿੱਚ ਕਈ ਤਰ੍ਹਾਂ ਦੇ ਸਵਾਲਾਂ ਦੇ ਸਨਮੁੱਖ ਹੁੰਦੀ ਹੈ। ਉਸ ਦੀ ਕਵਿਤਾ ਔਰਤ ਦੀ ਚੁੱਪ ਪਿਛਲੀ ਬੇਬਸੀ ਨੂੰ ਵੀ ਜਾਣਦੀ ਹੈ। ਇਸ ਪ੍ਰਤੀ ਉਹ ਗੁੱਸਾ ਵੀ ਜ਼ਾਹਰ ਕਰਦੀ ਹੈ ਕਿ ਔਰਤ ਸਦੀਆਂ ਤੋਂ ਮਰਦ ਦੀ ਦਇਆ ਦ੍ਰਿਸ਼ਟੀ ਤੇ ਕਿਉਂ ਪਲ ਰਹੀ ਹੈ। ਉਹ ਪਿਆਰ ,ਪਰਿਵਾਰ ਅਤੇ ਸਮਾਜ ਦੇ ਹਰ ਖੇਤਰ ਵਿੱਚ ਵਿੱਚ ਮਰਦ ਦੀ ਬਰਾਬਰੀ ਦੀ ਇੱਛਾ ਕਰਦੀ ਹੈ। ਉਹ ਨਾਰੀ ਦੀ ਪੀੜਾ ਨੂੰ ਸਮਝਦੀ ਹੋਈ ਇਸ ਅਸਾਵੇਂ ਵਿਕਾਸ ਦੀਆਂ ਕਈ ਨੁੱਕਰਾਂ ਤੇ ਵੀ ਉਂਗਲ ਰੱਖਦੀ ਹੈ। ਉਸ ਦੀ ਕਵਿਤਾ ਅਕਸਰ ਹੀ ਸਿੱਧੀ,ਸਰਲ ਅਤੇ ਤੇ ਸਪਾਟ ਹੁੰਦੀ ਹੈ। ਜੋ ਹਰ ਇਕ ਪਾਠਕ ਨੂੰ ਅਸਾਨੀ ਨਾਲ ਸਮਝ ਵਿੱਚ ਆ ਜਾਂਦੀ ਹੈ| ਵੰਗਾਰ ਤੇ ਵਿਦਰੋਹ ਉਸਦੀ ਕਵਿਤਾ ਦੀ ਅਗਰਭੂਮੀ ਵਿੱਚ ਹੈ। ‘ਚੁੱਪ ਨਾ ਰਿਹਾ ਕਰ’ ਕਾਵਿ ਪੁਸਤਕ ਦੇ ਵਿੱਚੋਂ ਗੁਜ਼ਰਦਿਆਂ ਇਹ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਹਰਪ੍ਰੀਤ ਔਰਤ ਲਈ ਚੁੱਪੀ ਤੋੜਨ ਦਾ ਰਾਹ ਉਲੀਕਦੀ ਹੋਈ  ਆਜ਼ਾਦ ਔਰਤ  ਦਾ ਸੰਕੇਤ ਵੀ ਦਿੰਦੀ ਹੈ । ਇਸ ਕਵਿਤਾ ਦਾ ਇੱਕ ਪਾਸਾਰ ਔਰਤ ਦੀ ਆਜ਼ਾਦੀ ਤੇ ਕੇਂਦ੍ਰਿਤ ਹੁੰਦਾ ਹੈ ਜਿਵੇਂ ਮੁਹੱਬਤ ਕਰਨੀ, ਦਾਬੇ ਕਰਕੇ ਸਮਝੌਤਾ ਨਾ ਕਰਨਾ,ਆਪਣਾ ਸਵੈਮਾਣ ਕਾਇਮ ਰੱਖਣਾ, ਬੇਬਾਕੀ ਨਾਲ ਆਪਣੇ ਹੱਕਾਂ ਦੀ ਗੱਲ ਕਰਨਾ ਆਦਿ ਅਨੇਕਾਂ ਅੰਸ਼ ਇਸ ਕਵਿਤਾ ਵਿੱਚ ਰੂਪਮਾਨ ਹੋਏ ਹਨ।
ਮੈਂ ਆਜ਼ਾਦ ਔਰਤ  ਹਾਂ
ਮਾਨਸਿਕ ਤੌਰ ‘ਤੇ ਆਜ਼ਾਦ
ਆਪਣੇ ਫੈ਼ਸਲੇ ਲੈਣ ਸਮਰੱਥ
ਆਰਥਿਕ ਤੌਰ ‘ਤੇ ਆਜ਼ਾਦ
ਆਪਣੀ ਜ਼ਿੰਦਗੀ ‘ਤੇ ਰੱਖਦੀ ਹਾਂ ਆਪਣਾ ਹੱਕ
ਇਸੇ ਲਈ ‘ਔਰਤ ਹਾਂ’ ਨਾਂ ਦੀ ਕਵਿਤਾ ਦੇ ਵਿੱਚ ਉਹ ਪਿੱਤਰਕੀ ਦੁਆਰਾ ਔਰਤ ਦੇ ਬਣਾਏ ਗਏ ਬਿੰਬ ਦੇ ਸਾਹਵੇਂ ਇੱਕ ਸਫ਼ਲ ਔਰਤ ਦਾ ਪਾਤਰ ਪੇਸ਼ ਕਰਦੀ ਹੈ ਜੋਂ ਔਰਤ ਦੀ ਗੁਲਾਮੀ ਦੀ ਹਰ ਲੀਕ ਨੂੰ ਤੋੜ ਕੇ ਆਪਣੀ ਸਪੇਸ ਆਪ ਪ੍ਰਾਪਤ ਕਰਦਾ ਹੈ। ਉਸਦੀ ਕਵਿਤਾ ਦੀ ਜੁਝਾਰੂ ਔਰਤ ਆਪਣੇ ਮੱਥੇ ਚੋਂ ਚੌਂਦੇ ਸਵਾਲਾਂ ਵਿੱਚ ਔਰਤ ਨੂੰ ਯੁੱਧ ਦਾ ਅਖਾੜਾ ਬਣਾਉਣ ਦੀ ਮਾਨਸਿਕਤਾ, ਜਬਰ ਜਨਾਹ ਦੀਆਂ ਘਟਨਾਵਾਂ, ਮਰਦਾਨਗੀ ਦੀ ਧੌਂਸਬਾਜ਼ੀ ਵਿੱਚ ਪਿਸ ਰਹੀ ਔਰਤ , ਨੁਮਾਇਸ਼ ਦੇ ਵਸਤ ਤੇ ਭੋਗ ਦੀ ਵਸਤੂ ਬਣਾਈ ਜਾ ਰਹੀ ਔਰਤ ਨੂੰ ਆਪਣੇ ਹੱਕਾਂ ਤੇ ਸਨਮਾਨ ਜੋ ਰੁਤਬੇ ਲਈ ਲੜਨ ਲਈ ਪ੍ਰੇਰਦੀ ਹੈ। ਉਸ ਨੂੰ ਇਹ ਵੀ ਉਮੀਦ ਹੈ ਕਿ ਜਿਸ ਦਿਨ ਔਰਤਾਂ ਮੈਦਾਨ ਵਿੱਚ ਆਉਣਗੀਆਂ ਤਾਂ ਵਕਤ ਹੋਰ ਹੋਵੇਗਾ ਕਿਉਂਕਿ ਉਹ ਗੁਲਾਮੀਅਤ ਦੀਆਂ ਹੱਦ ਤੋੜਣ ਦਾ ਦਮ ਰੱਖਦੀਆਂ ਹਨ। ਅਜਿਹੀ ਜਾਗਰੂਕ ਔਰਤ ਦਾ ਬਿੰਬ ਉਸ ਦੀ ਕਵਿਤਾ ਦੇ ਇਰਦ ਗਿਰਦ ਘੁੰਮਦਾ ਹੈ।
ਜਿਸ ਦਿਨ ਉੱਠ ਖਲੋਈ ਆਪਣੇ ਹੱਕਾਂ ਲਈ
ਚੰਡੀ ਬਣ ਉੱਤਰੇਗੀ
ਨਹੀਂ ਸੁਣੇਂਗੀ ਕੋਈ ਬਹਾਨਾ
ਔਰਤ ਮਜ਼ਲੂਮ ਨਹੀਂ
ਮਜ਼ਬੂਤ ਹੁੰਦੀ
 ਬਸ ਰਿਸ਼ਤਿਆਂ ਨੂੰ ਜੋੜ ਕੇ ਰੱਖਣ ਲਈ
 ਸਮਝੌਤੇ ਕਰਦੀ
ਕਿੰਨਾ ਚਿਰ
ਕਿੰਨੀਆਂ ਸਦੀਆਂ
ਕਰੇਗੀ ਸਮਝੌਤਾ
ਜਿਨ੍ਹਾਂ ਦਬਾਇਆ ਜਾਏਗਾ
ਓਨੇ ਹੀ ਵੇਗ ਨਾਲ
ਉੱਠ ਖੜ੍ਹੀ ਹੋਏਗੀ
ਆਪਣੇ ਬੁਨਿਆਦੀ ਹੱਕਾਂ ਲਈ
ਇਸ ਕਵਿਤਾ ਦਾ ਦੂਸਰਾ ਪਸਾਰ ਪੂਰਨ ਮਨੁੱਖ ਦੀ ਤਲਾਸ਼ ਕਰਦਾ ਹੋਇਆ ਮੁਹੱਬਤੀ ਰਿਸ਼ਤੇ ਦੀਆਂ ਨਵੀਆਂ ਪੈੜਾਂ ਲਿਖਦਾ ਹੈ। ਨਾਰੀ ਕਵੀ ਮਰਦ ਦੇ ਰਿਸ਼ਤੇ ਦੀਆਂ ਕਈ ਸੈਂਡਜ਼  ਵਾਚਦੀ  ਹੋਈ ਬਰਾਬਰਤਾ ਦੀ ਸੁਰ ਜੀਵਨ ਦੇ ਹਰ ਰਾਹ ਤੋਂ ਸੁਣਨਾ ਚਾਹੁੰਦੀ ਹੈ। ਉਹ ਇਨਸਾਨ ਹੋਣਾ ਲੋਚਦੀ ਹੈ ਨਾਂ ਕਿ ਦੁਜੈਲੇ ਰੁਤਬੇ ਵਾਲੀ ਔਰਤ ।ਕਿਤੇ ਕਿਤੇ ਇਹ ਕਵਿਤਾ ਅਤੀਤ ਤੇ ਵਰਤਮਾਨ ਨੂੰ ਸਮਾਨੰਤਰ ਤੋਰਦੀ ਹੋਈ ਹਾਂ ਪੱਖੀ ਕੀਮਤਾਂ ਤੇ ਪਹਿਰਾ ਵੀ ਦਿੰਦੀ ਹੈ। ‘ਪੇਂਡੂ ਬੀਬੀਆਂ ‘ ਵਰਗੀਆਂ ਕਵਿਤਾਵਾਂ ਦੇ ਵਿੱਚ ਕਿਤੇ ਵੱਖੋ ਵੱਖਰੇ ਵਰਗ ਦੀਆਂ ਔਰਤਾਂ ਦੀ ਕਾਰਜ਼ਤਾ ਦੀ ਤੁਲਨਾ ਕੀਤੀ ਗਈ ਹੈ ਤੇ ਕਿਤੇ ਆਧੁਨਿਕਤਾ ਦੇ ਹੜ੍ਹ ਵਿੱਚ ਰੁੜ ਰਹੀ ਅਜੋਕੀ ਔਰਤ ਦੀ ਮਾਨਸਿਕਤਾ ਨੂੰ ਵੀ ਉਭਾਰਿਆ ਗਿਆ ਹੈ। ਹਰਪ੍ਰੀਤ ਨੂੰ ਇਸ ਗੱਲੋਂ ਦੁੱਖ ਹੁੰਦਾ ਹੈ ਕਿ ਪੈਸੇ ਦੀ ਹਵਸ ਨੇ ਮਨੁੱਖ ਦੇ ਮੋਹ ਭਿੱਜੇ ਰਿਸ਼ਤਿਆਂ ਤੇ ਸਾਂਝ ਨੂੰ ਖ਼ਤਮ ਕਰ ਦਿੱਤਾ ਹੈ। ਇੱਕ ਪਾਸੇ ਉਹ ਟੁੱਟ ਰਹੇ ਰਿਸ਼ਤਿਆਂ ਪ੍ਰਤੀ ਚਿੰਤਾ ਜ਼ਾਹਿਰ ਕਰਦੀ ਹੈ ਦੂਜੇ ਪਾਸੇ ਆਪਣੀ ਜਿਉਂਦੀ ਮੁਹੱਬਤ ਬਾਰੇ ਵੀ ਖੁਸ਼ੀ ਦਾ ਇਜ਼ਹਾਰ ਕਰਦੀ ਲਿਖਦੀ ਹੈ ।
ਮੇਰੇ ਮਾਪਿਆਂ ਦੇ ਘਰ ਜਿਹਾ
 ਜਿੱਥੋਂ ਮੈਂ ਕਦੇ ਖ਼ਾਲੀ ਨਹੀਂ ਮੁੜੀ
 ਭਰੀ ਹੋਈ ਮੁੜਦੀ ਹਾਂ
 ਮੋਹ ਨਾਲ
 ਪਿਆਰ ਨਾਲ
 ਅਪਣਤ ਨਾਲ
 ਤੇ
ਜ਼ਿੰਦਗੀ ਭਰਦੀ ਫੁੱਲਾਂ ਨਾਲ
ਇਸ ਕਵਿਤਾ ਦਾ ਤੀਜਾ ਪਸਾਰ  ਸਮਾਜਿਕ ਸਰੋਕਾਰਾਂ ਨੂੰ ਵੀ ਕੇਂਦਰ ਵਿੱਚ ਲੈ ਕੇ ਆਉਂਦਾ ਹੈ। ਸਮਾਜ ਵਿਚਲੇ ਸੰਤਾਪ ਨੂੰ ਚਿਤਰਮਾਨ ਕਰਦੀ ਇਹ ਕਵਿਤਾ ਸਮਾਜ ਵਿੱਚਲੇ ਕਰੂਰ ਅੰਸ਼ਾਂ ਨੂੰ ਵੀ ਪਕੜਦੀ ਹੈ। ਸਮਾਜਿਕ, ਸੱਭਿਆਚਾਰਿਕ, ਵਾਤਾਵਰਨੀ ਤੇ ਰਾਜਨੀਤਕ ਪ੍ਰਦੂਸ਼ਣ ਬਾਰੇ ਚਿੰਤਿਤ ਇਹ ਸ਼ਾਇਰੀ ਸਮਾਜ ਦੇ ਆਰਥਿਕ -ਸਮਾਜਿਕ ਪਾੜੇ ਅੱਗੇ ਮਨੁੱਖ ਦੀ ਬੇਬਸੀ ਨੂੰ ਵੀ ਅਭਿਵਿਅਕਤ ਕਰਦੀ ਹੈ। ਇਸ ਸ਼ਾਇਰੀ ਵਿਚਲਾ ਸੰਵਾਦ ਆਪਣੇ ਆਪ,ਵਿਅਕਤੀ ਅਤੇ ਸਮਾਜ ਦੇ ਨਾਲ ਹੈ। ਜ਼ਿੰਦਗੀ ਦੀ ਦੌੜ ਵਿੱਚ ਗੁਆਚੇ ਜਾ ਰਹੇ ਮਾਨਵ ਪੱਖੀ ਅੰਸ਼ਾਂ ਦੀ ਪਹਿਚਾਣ ਕਰਦੀ ਇਹ ਸ਼ਾਇਰੀ ਇੱਛਿਤ ਯਥਾਰਥ ਦੀ ਕਾਮਨਾ ਕਰਦੀ ਹੈ। ਇਸ ਸ਼ਾਇਰੀ ਵਿੱਚ ਕਾਵਿਕਤਾ ਦੀ ਕਮੀ ਹੋਣ ਦੇ ਬਾਵਜੂਦ ਵੀ ਮਾਨਵਵਾਦੀ ਵਿਸ਼ਿਆਂ ਦੀ ਭਰਮਾਰ ਹਰਪ੍ਰੀਤ ਕੌਰ ਸੰਧੂ ਨੂੰ ਮਾਨਵੀ ਪੱਖੀ ਸਿਰਜਕ ਸਵੀਕਾਰਦੀ ਹੈ। ਉਂਝ ਵੀ ਹਰਪ੍ਰੀਤ ਸੋਸ਼ਲ ਮੀਡੀਆ ਤੇ ਹਰ ਘਟਨਾ ਪ੍ਰਤੀ ਬਾਰੇ ਪ੍ਰਤੀਕਰਮ ਦਿੰਦੀ ਹੈ। ਕਈ ਵਾਰੀ ਇਹ ਪ੍ਰਤੀਕਰਮ ਕਾਹਲ ਦਾ ਸ਼ਿਕਾਰ ਵੀ ਬਣ ਜਾਂਦੇ ਹਨ ਭਾਵੇਂ  ਵਾਪਰ ਰਹੀ ਘਟਨਾ ਬਾਰੇ ਤੁਰੰਤ ਜਵਾਬ ਦੇਣਾ ਲਾਜ਼ਮੀ ਵੀ ਹੁੰਦਾ ਹੈ। ਨਿੱਗਰ ਤੇ ਠੋਸ ਵਿਚਾਰਾਂ ਦਾ ਪ੍ਰਗਟਾਵਾ ਹੀ ਸਿਰਜਕ ਦੀ ਵਿਚਾਰਧਾਰਕ ਪਰਪੱਕਤਾ ਨੂੰ ਦਰਸਾਉਂਦਾ ਹੈ। ਹਰਪ੍ਰੀਤ ਕੌਰ ਸੰਧੂ ਨੇ ਅਜੇ ਵਿਚਾਰਾਂ ਵਿੱਚ ਹੋਰ ਵੀ ਪਕਿਆਈ ਲੈ ਕੇ ਆਉਣੀ ਹੈ ਉਹ ਲਗਾਤਾਰ ਕੋਸ਼ਿਸ਼ ਵਿੱਚ ਹੈ।ਸੋਸ਼ਲ ਮੀਡੀਆ ‘ਤੇ ਆਪਣੇ ਖਿਆਲਤ  ਨੂੰ ਤਤਕਾਲ ਦੇ ਸਨਮੁੱਖ ਕਰ ਸਿਰਜਣਾ ਕਰਨਾ ਹੀ ਉਸਦਾ ਹਾਸਲ ਹੈ। ਇਹ ਇਸ ਕਾਵਿ ਪੁਸਤਕ ਵਿੱਚੋਂ ਵੀ ਝਲਕਦਾ ਹੈ ਕਿ ਕਈ ਕਵਿਤਾਵਾਂ ਘਟਨਾਵਾਂ ਦੀ ਪੈਦਾਇਸ਼ ਹਨ। ਹਰਪ੍ਰੀਤ ਕੌਰ ਸੰਧੂ ਦੀ ਇਸ ਕਵਿਤਾ ਦਾ ਮੋਹ ਦੀਆਂ ਲੜੀਆਂ ਬੁਨਣਾ ਤੇ  ਕਠੋਰ ਭਾਸ਼ਾਈ ਫਰੇਮ ਦੀ ਵਰਤੋਂ ਕਰਦਿਆਂ  ਲਲਕਾਰ ਤੇ ਵੰਗਾਰ ਨੂੰ  ਨਾਲ ਨਾਲ  ਰੱਖਣਾ ਹੀ ਹਾਸਲ ਹੈ। ਸੰਭਾਵਨਾ ਪੂਰਨ ਇਸ ਸ਼ਾਇਰੀ ਤੋਂ ਭਵਿੱਖ ਵਿੱਚ ਬਹੁਤ ਉਮੀਦਾਂ ਹਨ। ਹਰਪ੍ਰੀਤ ਨੂੰ ਕਾਵਿ ਖੇਤਰ ਕਦਮ ਰੱਖਣ ਦੀਆਂ ਮੁਬਾਰਕਾਂ!
                  
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਕਵਿਤਾ
Next articleਸਈਯਦ ਫ਼ਕੀਰ ਬੀਬੀ ਸ਼ਰੀਫਾਂ ਜੀ ਦੀ ਪਾਕ ਮੁਕੱਦਸ ਦੇਹ ਸਪੁਰਦ -ਏ- ਖ਼ਾਕ