ਅੱਜ ਵਿਸ਼ਵ ਕਵਿਤਾ ਦਿਵਸ ‘ਤੇ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਅੱਜ ਵਿਸ਼ਵ ਕਵਿਤਾ ਦਿਵਸ ‘ਤੇ
———————————
ਬੰਦ ਬਚਪਨ ਅਤੇ ਜਵਾਨੀ ਵਾਲ਼ੇ ਕਬਾੜ ਖੋਲ੍ਹਦੀ ਜਾਂਦੀ ਐ।
ਦਿਲੋ ਦਿਮਾਗ਼ ਦੀ ‘ਕੱਲੀ ‘ਕੱਲੀ ਨਾੜ ਖੋਲ੍ਹਦੀ ਜਾਂਦੀ ਐ।
ਇਹ ਹੋ ਸਕਦਾ ਏ ਮੇਰੀ ਕਵਿਤਾ ਪਿੰਗਲ ਆਰੂਜ਼ ‘ਚ ਨਾ ਹੋਵੇ;
ਪਰ ਜੀਹਦੀ ਹਿੱਕ ‘ਚ ਵਜਦੀ ਐ ਭਰਿਆੜ ਖੋਲ੍ਹਦੀ ਜਾਂਦੀ ਐ।

ਸਾਲ ਵਿੱਚੋਂ ਦੋ ਦਿਨ
———————
ਥੋਡੇ ਅਸੀਂ ਸ਼ਹੀਦੋ ਜਨਮ ਦਿਹਾੜੇ
ਦਿਲ ‘ਚੋਂ ਨਹੀਂ ਭੁਲਾਵਾਂਗੇ ।
ਥਾਂ ਥਾਂ ‘ਤੇ ਲੱਗਿਆਂ ਬੁੱਤਾਂ ਦੇ
ਗਲ਼ ਹਾਰ ਫੁੱਲਾਂ ਦੇ ਪਾਵਾਂਗੇ ।
ਨਾਲ਼ੇ ਇਨਕਲਾਬ ਦੀ ਗੱਲ ਕਰਾਂਗੇ
ਬੰਦ ਕਮਰਿਆਂ ਵਿੱਚ ਬਹਿ ਕੇ ;
ਤੇਰਾ ਭਗਤ ਸਿੰਹਾਂ ਬਲੀਦਾਨ ਦਿਵਸ
ਵੀ ਸ਼ਾਨ ਦੇ ਨਾਲ਼ ਮਨਾਵਾਂਗੇ ।

ਬੰਦੇ ਵਿਚਲਾ ਬੰਦਾ
——————–
ਬੰਦਾ ਬੋਲੇ ਜਾਂ ਨਾ ਬੋਲੇ ,
ਉਸ ਦਾ ਕੰਮ ਬੋਲਦਾ ਹੈ ।
ਜਾਂ ਫ਼ਿਰ ਦੋ ਨੈਣਾਂ ਦਾ ਜੋੜਾ,
ਦਿਲ ਦੇ ਭੇਦ ਖੋਲ੍ਹਦਾ ਹੈ ।
ਚੰਗੇ ਲੋਕਾਂ ਨੂੰ ਹਰ ਬੰਦੇ ,
ਵਿਚਲੇ ਗੁਣ ਹੀ ਦਿਸਦੇ ਨੇ ,
ਐਪਰ ਮਾੜਾ ਬੰਦਾ ਹੋਰਾਂ ;
ਵਿੱਚੋਂ ਨੁਕਸ਼ ਟੋਲ਼ਦਾ ਹੈ ।

ਖ਼ਤਰਾ ਦਰ ਖ਼ਤਰਾ
——————–
ਖੜ੍ਹੈ ਹਰ ਗਲ਼ੀ ਗਲ਼ੀ ਵਿੱਚ ਖ਼ਤਰਾ ,
ਪੱਗਾਂ ਨੂੰ ਤੇ ਗੁੱਤਾਂ ਨੂੰ ।
ਲੋਕੋ ਨਸ਼ਿਆਂ ਦਾ ਹੜ੍ਹ ਆ ਗਿਆ ,
ਸਾਂਭ ‘ਲੋ ਧੀਆਂ ਪੁੱਤਾਂ ਨੂੰ ।
ਸਰਦੀ ਕਿੰਨੀਂ ਸੁੰਗੜ ਗਈ ਏ‌ ,
ਗ਼ਰਮੀ ਖ਼ੁਦ ਹੀ ਵੇਖ ਲਿਓ ;
ਆਪਣੀ ਖ਼ੁਦਗਰਜ਼ੀ ਦੇ ਕਾਰਨ ,
ਖ਼ਤਰਾ ਹੋ ਗਿਆ ਰੁੱਤਾਂ ਨੂੰ ।

ਸਾਰੇ ਜਹਾਂ ਸੇ ਅੱਛਾ —————
*************************
ਕਿਤੇ ਕੋਈ ਮੁੰਡਾ ਹੋਣ ਦਾ ਫਲ਼ ਝੋਲ਼ੀ ਵਿੱਚ ਪਾਉਂਦਾ ਹੈ ।
ਕਿਤੇ ਕੋਈ ਪਲਾਂ ‘ਚ ਕੈਂਸਰ ਵਰਗਾ ਰੋਗ ਮਿਟਾਉਂਦਾ ਹੈ।
ਸਮਿਆਂ ਦੀਆਂ ਸਰਕਾਰਾਂ ਤੇ ਪ੍ਰਸ਼ਾਸਨ ਸੁੱਤੇ ਪਏ ਨੇ ;
ਤਾਂ ਕੋਈ ਗੰਜਿਆਂ ਦੇ ਸਿਰ ਸੰਘਣੇਂ ਵਾਲ਼ ਉਗਾਉਂਦਾ ਹੈ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
      9914836037

Previous articleਏਕਮ ਪਬਲਿਕ ਸਕੂਲ ਮਹਿਤਪੁਰ ਵਿੱਚ ਐਲਾਨਿਆ ਗਿਆ ਸਾਲਾਨਾ ਨਤੀਜਾ ਅੱਜ ਏਕਮ ਪਬਲਿਕ ਸਕੂਲ ਮਹਿਤਪੁਰ ਵਿੱਚ ਸਲਾਨਾ ਨਤੀਜਾ ਐਲਾਨਿਆ ਗਿਆ। 
Next articleਇਨਕਲਾਬ ਦਾ ਨਾਇਕ ਭਗਤ ਸਿੰਘ ਸ਼ਹੀਦ……