(ਸਮਾਜ ਵੀਕਲੀ)
* ਅਮਰ ਸ਼ਹੀਦ ਭਾਈ ਤਾਰੂ ਸਿੰਘ ਜੀ *
ਸੰਨ 1716 ਈਸਵੀ ਨੂੰ ਘਰ ਪਿਤਾ ਭਾਈ ਯੋਧ ਸਿੰਘ ਜੀ !
ਮਾਤਾ ਧਰਮ ਕੌਰ ਦੇ ਕੁੱਖੋਂ ਜਨਮਿਆ ਪੁੱਤ ਤਾਰੂ ਸਿੰਘ ਜੀ !
ਪਿਤਾ ਮਾਤਾ ਗੁਰੂ ਦੇ ਸਿੱਖ ਦਸ ਨਹੁੰਆਂ ਦੀ ਕਿਰਤ ਕਰਦੇ !
ਸੁੱਚੀ ਕਿਰਤ ਕਰ ਪੇਟ ਪਾਲ ਸਦਾ ਮਨੋਂ ਹਰੀ-ਹਰ ਜਪਦੇ !
ਘਰ ਵਿਚ ਇਕ ਛੋਟੀ ਬੱਚੀ ਜਿਸ ਦਾ ਨਾਅ ਭੈਣ ਤਾਰੋ ਹੈ !
ਪ੍ਭੂ ਭਗਤੀ ‘ਚ ਲੀਨ ਲੋੜਬੰਦਾਂ ਦੀ ਸੇਵਾ ਕਰਦੀ ਤਾਰੋ ਹੈ !
ਤਾਰੂ ਸਿੰਘ ਮਾਂਪਿਆਂ ਨਾਲ ਖੇਤੀ ਬਾੜੀ ਕਰ ਦਿਨ ਗੁਜ਼ਾਰਦੇ !
ਗੁਰੂ ਦੇ ਪਕੇਰੇ ਸਿੱਖ ਕਿਰਤ ਕਰ ਜ਼ਿੰਦਗੀ ਦੇ ਦਿਨ ਮਾਣਦੇ !
ਤਾਰੂ ਸਿੰਘ ਇਕ ਦਿਨ ਮਾਤਾ ਤਾਈਂ ਇਉਂ ਹੈ ਕਹਿ ਪੁਕਾਰਦਾ !
ਜੰਗਲਾਂ ‘ਚ ਭੁੱਖੇ ਸਿੰਘ ਵੇਖੇ ਨੀਂ ਜਾਂਦੇ ਨਾ ਦਿਲ ਹੈ ਸਹਾਰਦਾ !
ਆਪਾਂ ਸੱਭੇ ਘਰਾਂ ‘ਚ ਬੈਠੇ ਪਏ ਸੋਹਣੇ ਦਿਨ ਹਾਂ ਗੁਜ਼ਾਰਦੇ!
ਆਜ਼ਾਦੀ ਖਾਤਿਰ ਇਹ ਵੀਰ ਕਿੰਨੇ ਕਸ਼ਟ ਰਹੇ ਨੇ ਸਹਾਰਦੇ !
ਮਾਂ ਮੇਰਾ ਦਿਲ ਕਰੇ ਇਹਨਾਂ ਭੁੱਖੇ ਸਿੰਘਾਂ ਨੂੰ ਲੰਗਰ ਲਾ ‘ਦੀਏ !
ਠੰਢ ‘ ਚ ਠੁਰ ਠੁਰ ਕਰਦਿਆਂ ਨੂੰ ਗਰਮ ਕੱਪੜੇ ਸਿਲਾ ‘ਦੀਏ !
ਮਾਤਾ ਨੇ ਹੁੰਗਾਰਾ ਭਰ ਪੁੱਤਰ ਤਾਰੂ ਸਿੰਘ ਤਾਈਂ ਹੈ ਪੁਕਾਰਿਆ !
ਭੈਣ ਤਾਰੋ ਨੂੰ ਨਾਲ ਲੈ ਲੰਗਰ ਕਰੋ ਤਿਆਰ ਪੁੱਤ ਪਿਆਰਿਆ !
ਕੱਪੜੇ ਤੇ ਲੰਗਰ ਤਿਆਰ ਕਰ ਲੈ ਜੰਗਲ ਵੱਲ ਨੂੰ ਨੇ ਜਾਂਵਦੇ !
ਖ਼ਾਤਿਰਦਾਰੀ ਪੂਰੀ ਕਰ ਭੁੱਖੇ ਸਿੰਘਾਂ ਵੱਲੋਂ ਅਸ਼ੀਸਾਂ ਨੇ ਪਾਂਵਦੇ !
ਹੌਲੀ ਹੌਲੀ ਪੂਹਲੇ ਪਿੰਡ ਦੇ ਲੋਕ ਵੀ ਏਹ ਸੋਹਣੇ ਰਾਹ ਤੁਰ ਪਏ !
ਕਰਦੇ ਲੰਗਰ ਤਿਆਰ ਰਲ ਮਿਲ ਕੇ ਜੰਗਲਾਂ ਵੱਲ ਨੂੰ ਮੁੜ ਪਏ !
ਹਰਭਗਤ ਨਿਰੰਜਣੀਆਂ ਨਾਅ ਦਾ ਮੁਖ਼ਬਰ ਜਾ ਖਬਰ ਲਾਂਵਦਾ !
ਇਕ ਸਿੱਖ ਤਾਰੂ ਸਿੰਘ ਛੁੱਪੇ ਜੰਗਲੀਂ ਸਿੰਘਾਂ ਨੂੰ ਲੰਗਰ ਛਕਾਂਵਦਾ !
ਲਾਹੌਰ ਜਾ ਜਕਰੀਆ ਖਾਨ ਨਵਾਬ ਦੇ ਨਿਰੰਜਣੀਏ ਕੰਨ ਭਰਤੇ !
ਤੁਸੀਂ ਕਿਹੜੇ ਮੂੰਹ ਨਾਲ ਕਹਿੰਦੇ ਹੋ ਅਸੀਂ ਸਿੱਖ ਸਾਰੇ ਖਤਮ ਕਰਤੇ?
ਪਿੰਡ ਪੂਹਲੇ ਦਾ ਭਾਈ ਤਾਰੂ ਸਿੰਘ ਛੁਪੇ ਸਿੱਖਾਂ ਨੂੰ ਲੰਗਰ ਛਕਾਂਵਦਾ !
ਹਰ ਤਰਾਂ ਨਾਲ ਕਰਦਾ ਹੈ ਮਦਦ ਤੇ ਗਰਮ ਕੱਪੜੇ ਵੀ ਪਹੁੰਚਾਂਵਦਾ !
ਐਨਾ ਸੁਣ ਜਕਰੀਆ ਖਾਨ ਕਰੋਧ ਵਿਚ ਸੜ ਕੜਕਦਾ ਹੈ ਬੋਲਿਆ !
ਫੜ੍ ਲਿਆਉ ਲਹੌਰ ਤਾਰੂ ਸਿੰਘ ਨੂੰ ਕਿਵੇਂ ਜਾਊਗਾ ਤੱਕੜੀ ਤੋਲਿਆ ?
ਕੀ ਹੈ ਕਸੂਰ ਮੇਰਾ ਬੁਰਾ ਤੁਹਾਡਾ ਕੀ ਕੀਤਾ ਹੈ ਤਾਰੂ ਸਿੰਘ ਬੋਲਿਆ !
ਸਿੰਘਾਂ ਦੀ ਸੇਵਾ ਕਰਨੀ ਛੱਡ ਦੇ ਮੂੰਹ ਮੰਗੇ ਧੰਨ ਨਾਲ ਜਾਉ ਤੋਲਿਆ !
ਲੋੜਬੰਦ ਭੁੱਖਿਆਂ ਦੀ ਸੇਵਾ ਕਰਨਾ ਸਾਡਾ ਇਹ ਧਰਮ ਪਿਆਰਾ ਹੈ !
ਕਿਰਤ ਕਰ ਦਸਵਾਂ ਦਸੌਂਧ ਕੱਢ ਖਰਚ ਕਰਨਾ ਧਰਮ ਨਿਆਰਾ ਹੈ !
ਸਿੱਖੀ ਛੱਡ ਕੇ ਇਸਲਾਮ ਧਰਮ ਹੁਣ ਅਪਨਾ ਲੈ ਭਾਈ ਤਾਰੂ ਸਿੰਘਾ !
ਸਾਡੇ ਨਾਲ ਗੰਢ ਯਾਰਾਨਾ ਜ਼ਿੰਦਗੀ ਸਵਰਗ ਬਣਾ ਲੈ ਤਾਰੂ ਸਿੰਘਾ !
ਮੇਰਾ ਧਰਮ ਪਿਆਰਾ ਏ ਮੈਨੂੰ ਖ਼ਾਨ ਜੀ ਨਾ ਇਸਲਾਮ ਕਬੂਲ ਕਰਾਂ ?
ਥੋੜੇ ‘ਜੇ ਏਹ ਲਾਲਚ ਪਿੱਛੇ ਅਪਣੇ ਗੁਰਾਂ ਤੋਂ ਕਿਉਂ ਮੁੱਖ ਮੈਂ ਪਰੇ ਕਰਾਂ ?
ਤੈਨੂੰ ਵਾਹਵਾ ਈ ਸਿੱਖ ਧਰਮ ਪਿਆਰਾ ਦੇਖਦਾਂ ਕਿੱਥੇ ਕੁ ਤੱਕ ਖੜਦੈਂ ?
ਕਤਲ ਕਰ ਕੇਸ ਤੇਰੇ ਮੈਂ ਤੇਰੇ ਨਿਆਰੇ ਧਰਮ ਦੀ ਪਰਖ਼ ਹੁਣ ਕਰਦੈਂ !
ਕੇਸ ਕਤਲ ਕਰਨ ਲਈ ਨਾਈ ਬੁਲਾ ਲਏ ਅੱਗੋਂ ਤਾਰੂ ਸਿੰਘ ਅੜਦਾ!
ਕੇਸ ਕਤਲ ਨੀਂ ਹੋਣ ਦੇਣੇ ਮੈਂ ਤਾਰੂ ਸਿੰਘ ਜਪੁੱਜੀ ਸਾਹਿਬ ਹੈ ਪੜਦਾ !
ਖ਼ਾਨ ਕਹਿੰਦਾ ਤਿੱਖੀ ਰੰਬੀ ਹਥੌੜੇ ਨਾਲ ਸਣੇ ਕੇਸ ਖੋਪਰੀ ਲਾਹ ਦਿਉ !
ਜ਼ਾਲਮਾਂ ਜ਼ੁਲਮ ਕਮਾਇਆ ਐਸਾ ਵੇਖ ਨਹੀਂ ਸਕਦੇ ਪਰਦਾ ਪਾ ਦਿਉ !
ਤਿੱਖੀ ਰੰਬੀ ਤੇਸੇ ਨਾਲ ਜ਼ਾਬਰਾਂ ਤਾਰੂ ਸਿੰਘ ਦਾ ਸਾਰਾ ਖੋਪਰ ਲਾਹ’ਤਾ!
ਜਪੁੱਜੀ ਸਾਹਿਬ ਦਾ ਮੁੱਖੋਂ ਪਾਠ ਕਰਦੇ ਸਿੰਘ ਦਾ ਦਾਹੜੇ ਖ਼ੂਨ ਵਹਾ’ਤਾ !
ਘੋਰ ਪਾਪ ਜਦ ਧਰਤ ‘ਤੇ ਹੋਵੇ ਤਾਂ ਖੁਦ ਪ੍ਭੂ ਅਪਣੀ ਖੇਡ ਰਚਾਉਂਦਾ !
ਉਸੇ ਰਾਤ ਜਕਰੀਏ ਨੂੰ ਪਿਸਾਬ ਬੰਨ੍ ਪੈ ਗਿਆ ਰਿਹੈ ਛਟਪਟਾਉਂਦਾ !
ਵੈਦ ਹਕੀਮ ਸਭ ਫੇਲ੍ ਹੋ ਗਏ ਜਕਰੀਆ ਤੜਪੇ ਕੋਈ ਚੱਲੇ ਨਾ ਚਾਰਾ !
ਹਕੀਮ ਕਿਹਾ ਭਾਈ ਤਾਰੂ ਦਾ ਜੁੱਤਾ ਸਿਰ ‘ਚ ਮਾਰੋ ਚਲ ਪਊ ਫ਼ੁਹਾਰਾ !
ਜੁੱਤਾ ਮਾਰਨ ਤੇ ਬੰਨ੍ ਤਾਂ ਖੁੱਲ੍ ਗਿਆ ਪਾਪੀ ਕੂਚ ਜਹਾਨੋਂ ਕਰ ਗਿਆ !
ਜ਼ਾਬਰ ਜਕਰੀਆ ਖ਼ਾਨ ਅਪਣੀ ਕੀਤੀ ਦਾ ਫਲ ਏਥੇ ਹੀ ਭਰ ਗਿਆ !
ਲਹੌਰ ਵਿਚ ਇਕ ਸਾਵਨ -1745 ਨੂੰ ਤਾਰੂ ਸਿੰਘ ਸ਼ਹੀਦੀ ਪਾ ਗਏ !
ਵਿਲੱਖਣ ਸ਼ਹੀਦੀ ਪਾ ਕੇ ਵੀਰਨੋ ਨਾਅ ਦੁਨੀਆ ਵਿਚ ਚਮਕਾ ਗਏ !
ਬਾਈ ਦਿਨ ਪੂਰੇ ਬਿਨਾ ਖੋਪਰ ਦੇ ਭਾਈ ਤਾਰੂ ਸਿੰਘ ਰਿਹਾ ਜਿਉਂਦਾ !
ਸਿੱਖੀ ਸਿਦਕ ਨਿਭਾ ਭਾਈ ਤਾਰੂ ਸਿੰਘ ਤੁਰੰਤ ਮੋੜ ਗਿਆ ਨਿਉਂਦਾ !
ਨਜ਼ਰ ਮਾਰੋ ਹੁਣ ਆਪਣੇ ਵੱਲ ਵੀਰਨੋ ,ਆਪਾਂ ਕਿੱਥੇ ਆ ਹਾਂ ਖਲੋਤੇ ?
ਪਾਲੇ ਕੇਸਾਂ ਦੀ ਬੇਅਦਬੀ ਕਰਨ ਹਿੱਤ ਨਾਈ ਦੀ ਦੁਕਾਨ ਜਾ ਖਲੋਤੇ !
ਇਹਨਾਂ ਕੇਸਾਂ ਲਈ ਹੀ ਭਾਈ ਤਾਰੂ ਸਿੰਘ ਜਿੰਦ ਲੇਖੇ ਹੈ ਲਾ ਗਿਆ !
ਸਿੱਖੀ ਸਿਦਕ ਨਿਭਾ ਕੇ ਸੂਰਾ ਨਾਅ ਦੁਨੀਆ ਵਿਚ ਚਮਕਾ ਗਿਆ !
ਆਉ ਸਾਰੇ ਰਲ ਮਿਲ ਸਹੁੰ ਚੁੱਕੀਏ ਰੋਮਾਂ ਦੀ ਬੇਅਦਬੀ ਨਾ ਕਰਾਂਗੇ !
ਸਾਬਤ ਸੂਰਤ ਰਹਿ ਸਿੰਘ ਸਜ ਕੇ ਵੀਰਨੋ ਜ਼ਿੰਦਗੀ ਬਸਰ ਕਰਾਂਗੇ !
ਮਹਾਨ ਸ਼ਹੀਦ ਭਾਈ ਤਾਰੂ ਸਿੰਘ ਨੂੰ ਹੱਥ ਜੋੜ ਸਿਜਦਾ ਹਾਂ ਕਰਦੇ !
ਅਰਦਾਸ ‘ਚ ਸ਼ੁਭਾ ਸ਼ਾਮ ਰਲ ਸਭ ਗੁਣ ਗਾਣ ਉਹਨਾਂ ਦਾ ਕਰਦੇ !
ਜਿਹਨਾਂ ਸਿੰਘ ਸਿੰਘਣੀਆਂ ਨੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ!
ਉਹਨਾਂ ਦੀ ਯੱਸ ਕੀਰਤੀ ਸ਼ੁਭਾ ਸ਼ਾਮ ਅਰਦਾਸ ‘ਚ ਜਾਂਦੀ ਹੈ ਗਾਈ !
ਹੱਥ ਜੋੜ ਆਜ਼ਾਦ ਕਰੇ ਅਰਜ਼ੋਈ ਸਾਰੇ ਸਿੱਖ ਗੂਰੂ ਦੇ ਬਣ ਜਾਈਏ !
ਉੱਚਾ- ਸੁੱਚਾ ਜੀਵਨ ਜਿਉਂ ਕੇ ਦਸ਼ਮੇਸ਼ ਪਿਤਾ ਜੀ ਦੇ ਪੁੱਤ ਕਹਾਈਏ !
* ਰਣਜੀਤ ਸਿੰਘ ਆਜ਼ਾਦ ਕਾਂਝਲਾ *
( 09464697781)
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly