ਅੱਜ ਸ਼ਿਵਰਾਤਰੀ ਹੈ
…ਹਰਮੇਸ਼ ਜੱਸਲ
(ਸਮਾਜ ਵੀਕਲੀ)- ਅੱਜ ਪੂਰੇ ਦੇਸ਼ ਅੰਦਰ, ਉੱਤਰੀ ਭਾਰਤ ਵਿਚ ਖਾਸ ਕਰਕੇ, ਬੜੇ ਉੱਤਸਵ ਦਾ ਮਾਹੌਲ ਹੈ. ਹਰ ਹਿੰਦੂ ਮੰਦਿਰ, ਖਾਸ ਕਰਕੇ ਸ਼ਿਵ ਮੰਦਿਰ ਵਿਚ ਤਾਂ ਸ਼ਰਧਾਲੂਆਂ ਦਾ ਤਾਂਤਾ ਲੱਗਾ ਹੋਇਆ ਹੈ. ਮੈਂ ਵੀ ਜਲੰਧਰ ਸ਼ਹਿਰ ਦੇ ਮੰਦਿਰਾਂ ਦਾ ਚੱਕਰ ਲਾ ਕੇ ਆਇਆਂ ਹਾਂ. ਲੋਕਾਂ ਵਿਚ ਬਹੁਤ ਉਤਸ਼ਾਹ ਹੈ. ਬਿਨਾਂ ਇਤਿਹਾਸ ਨੂੰ ਜਾਣਿਆਂ. ਬੱਸ ਸਦੀਆਂ ਤੋਂ ਪਰੰਪਰਾ ਚਲੀ ਆ ਰਹੀ ਹੈ.
ਜਿਉਂ ਜਿਉ ਲੋਕ, ਖਾਸ ਕਰਕੇ ਮੂਲ ਨਿਵਾਸੀ , ਇਤਿਹਾਸ ਦੀ ਖੋਜ਼ ਕਰ ਰਹੇ ਹਨ ਤਾਂ ਨਵੀਆਂ ਨਵੀਆਂ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ.
ਮੈਂ ਜਦੋ ” ਪੰਜਾਬ ਦੇ ਬੋਧੀ ਇਤਿਹਾਸ ” ਦੇ ਨਜ਼ਰੀਏ ਨਾਲ , ਪਾ੍ਚੀਨ ਇਤਿਹਾਸ ਦੀ ਖੋਜ਼ ਕੀਤੀ ਤਾਂ ਦੋ ਗੱਲਾਂ ਉਭਰ ਕੇ ਸਾਹਮਣੇ ਆਈਆਂ.( 1)
ਭਾਰਤ ਦੇ ਅਖੌਤੇ ਪੜੇ ਲਿਖੇ ਵਰਗ( ਬਾ੍ਹਮਣ) ਨੇ ਭਾਰਤ(ਜੰਬੂਦੀਪ) ਦੇ ਇਤਿਹਾਸ ਨੂੰ ਸਾਂਭਿਆ ਨਹੀਂ . (2) ਸਾਹਿਤ ਨੂੰ ਆਪਣੇ ਅਨੁਕੂਲ ਨਾ ਪਾ ਕੇ , ਉਸ ਨੂੰ ਦਬਾਉਣ ਦੀ ਕੋਸ਼ਿਸ ਕੀਤੀ ਜਾਂ ਉਸ ਦਾ ਰੂਪ ਬਦਲਣ ਦੀ ਕੋਸ਼ਿਸ ਕੀਤੀ. ਜਿਉ ਹੀ ਦਲਿਤ ਲੋਕਾਂ ਨੂੰ ਪੜਨ ਦਾ ਅਧਿਕਾਰ ਮਿਲਿਆ ਤਾਂ ਉਨ੍ਹਾਂ ਨੇ ਪਹਿਲਾ ਕੰਮ ਆਪਣੇ ਇਤਿਹਾਸ ਨੂੰ ਖੋਜਣ ਦਾ ਕੀਤਾ .
ਹੁਣ ਸ਼ਿਵ ਜੀ ਬਾਰੇ ਕਈ ਨਵੇਂ ਨਵੇਂ ਖੁਲਾਸੇ ਹੋ ਰਹੇ ਹਨ. ਲੰਕਾਪਤੀ ਰਾਵਣ ਵਾਂਗੂੰ , ਭਾਰਤ ਦੇ ਮੂਲਨਿਵਾਸੀ ਸ਼ਿਵ ਨੂੰ , ਜਿਸਦੇ ਸੈਂਕੜੇ ਨਾਂ ਹਨ, ਆਪਣਾ ਪੁਰਖਾਂ ਮੰਨਣ ਲੱਗ ਪਏ ਹਨ ਕਿਉਕਿ ਸ਼ਿਵ ਦਾ ਸਬੰਧ ਨਾਗਾਂ ਨਾਲ ਜੋੜਿਆ ਜਾਂਦਾ ਹੈ. ਨਾਗ ਜਾਤੀ ਦੇ ਲੋਕਾਂ ਦਾ ਸਬੰਧ ਬੁੱਧ ਧਰਮ ਨਾਲ ਜੋੜਿਆ ਜਾਂਦਾ ਹੈ. ਨਾਗ ਜਾਤੀ ਦੇ ਲੋਕਾਂ (ਮਨੁੱਖ) ਨੂੰ ਸੱਪ ਪ੍ਜਾਤੀ (ਜੀਵ) ਨਾਲ ਰਲਗਡ ਕਰਕੇ ਦੋਹਾਂ ਵਿਚਲੇ ਫਰਕ ਨੂੰ ਮਿਟਾ ਦਿੱਤਾ ਗਿਆ ਹੈ. ਇਹ ਨਾਗ ਕੌਣ ਸਨ ? ਕੀ ਇਹ ਨਾਗ , ਸੱਪ ( ਇਕ ਜੀਵ) ਸਨ ? ਜਾਂ ਕੋਈ ਮਨੁੱਖ ਜਾਤੀ ਸੀ? ਬਾਬਾ ਸਾਹਿਬ ਡਾ. ਅੰਬੇਡਕਰ ਨੇ ਆਪਣੀਆਂ ਲਿਖਤਾਂ ਵਿਚ ਇਸ ਪਹੇਲੀ ਨੂੰ ਸੁਲਝਾਉਣ ਦੀ ਕੋਸ਼ਿਸ ਕੀਤੀ ਹੈ. ਉਹ ਲਿਖਦੇ ਹਨ…” ਨਾਗ ਕੌਣ ਹਨ? ਨਾਗ ਨੂੰ ਸਰਪ ਜਾਂ ਸੱਪ ਦੇ ਰੂਪ ਵਿਚ ਦੱਸਿਆ ਗਿਆ ਹੈ. ਕੀ ਇਹ ਸੱਚ ਹੋ ਸਕਦਾ ਹੈ? ਚਾਹੇ ਇਹ ਸੱਚ ਹੋਵੇ ਜਾਂ ਨਾ ਪਰ ਹਿੰਦੂ ਇਸ ਵਿਚ ਵਿਸਵਾਸ ਕਰਦੇ ਹਨ . ਪਾ੍ਚੀਨ ਭਾਰਤ ਦੇ ਇਤਿਹਾਸ ਉਪਰੋ ਪਰਦਾ ਹਟਾਉਣਾ ਜਰੂਰੀ ਹੈ. ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਪਾ੍ਚੀਨ ਭਾਰਤ, ਇਤਿਹਾਸ ਵਿਹੂਣਾ ਰਹਿ ਜਾਵੇਗਾ. ਸੰਯੋਗਵਸ ਭਾਰਤ ਦੇ ਬੋਧੀ ਸਾਹਿਤ ਦੀ ਸਹਾਇਤਾ ਨਾਲ , ਪਾ੍ਚੀਨ ਇਤਿਹਾਸ ਨੂੰ , ਉਸ ਮਲਬੇ ਵਿਚੋ ਖੋਦ ਕੇ ਕੱਢਿਆ ਜਾ ਸਕਦਾ ਹੈ, ਜਿਸਨੂੰ ਬਾ੍ਹਮਣ ਲੇਖਕਾਂ ਨੇ ਆਪਣੇ ਪਾਗਲਪਣ ਦੁਆਰਾ ਦਫ਼ਨਾਇਆ ਹੋਇਆ ਹੈ.
ਬੋਧੀ ਸਾਹਿਤ , ਉਸ ਮਲਬੇ ਨੂੰ ਹਟਾਉਣ ਅਤੇ ਉਸਦੇ ਹੇਠਾਂ ਦੱਬੇ ਹੋਏ ਤੱਥਾਂ ਨੂੰ ਬਿਲਕੁਲ ਸ਼ਪਸਟ ਰੂਪ ਵਿਚ ਦੇਖਣ ਲਈ ਸਾਡੀ ਸਹਾਇਤਾ ਕਰਦਾ ਹੈ.
ਬੋਧੀ ਸਾਹਿਤ , ਇਹ ਸ਼ਪਸਟ ਕਰਦਾ ਹੈ ਕਿ “ਦੇਵਤਾ” ਮਨੁੱਖੀ ਬਰਾਦਰੀ ਵਿਚੋ ਸਨ. ਬਹੁਤ ਸਾਰੇ ਦੇਵਤਾ , ਬੁੱਧ ਕੋਲ, ਆਪਣੀਆਂ ਕਠਿਨਾਈਆਂ ਅਤੇ ਭਰਮ ਦੂਰ ਕਰਨ ਲਈ ਆਉਦੇ ਸਨ. ਜੇਕਰ ਦੇਵ ਲੋਕ ਮਨੁੱਖ ਨਾ ਹੁੰਦੇ ਤਾਂ ਅਜਿਹਾ ਕਿਵੇਂ ਹੋ ਸਕਦਾ ਸੀ? ਇਸ ਤੋ ਇਲਾਵਾ ਵੀ ਬੋਧੀਆਂ ਦਾ ਪ੍ਮਾਣਿਕ ਸਾਹਿਤ ਨਾਗ ਦੇ ਸਬੰਧੀ ਗੂੰਝਲਦਾਰ ਪ੍ਸ਼ਨ ਉਪਰ ਲੋੜੀਦੀ ਰੌਸ਼ਨੀ ਪਾਉਦਾ ਹੈ. ਇਕ ਕੁੱਖ ਵਿਚੋ ਪੈਦਾ ਹੋਏ ਨਾਗ ਅਤੇ ਅੰਡੇ ਤੋਂ ਪੈਦਾ ਹੋਏ ਨਾਗ ਵਿਚ ਫਰਕ ਦੱਸਦਾ ਹੈ ਕਿ “ਨਾਗ” ਸਬਦ ਦੋ ਅਰਥੀ ਹੈ. ਇਹ ਸਬਦ ਮੁੱਢਲੇ ਅਰਥ ਵਿਚ ਮਨੁੱਖ ਜਾਤੀ ਲਈ ਵਰਤਿਆ ਜਾਂਦਾ ਸੀ.” ( ਹਵਾਲਾ: Ambedkar writing & speeches vol3, page 152.)
ਅੱਜ ਸ਼ਿਵ ਰਾਤਤਰੀ ਨੂੰ ਸ਼ਰਧਾ ਅਤੇ ਮੌਜ ਮਸਤੀ ਦਾ ਤਿਓਹਾਰ ਬਣਾ ਦਿੱਤਾ ਗਿਆ ਹੈ . ਭੰਗ ( ਇਕ ਨਸ਼ਾ) ਦਾ ਇਸਤੇਮਾਲ ਬਹੁਤ ਵੱਡੇ ਪੈਮਾਨੇ ਉਪਰ ਕੀਤਾ ਜਾਂਦਾ ਹੈ. ਇਹ ਠੀਕ ਹੈ ਕਿ ਸ਼ਿਵ ਦੀ ਸਮਾਧੀ ਬਹੁਤ ਪਰਚੰਡ ਸੀ. ਇਹ ਵੀ ਠੀਕ ਹੈ ਕਿ ਉਨਾਂ ਦਾ ਤੀਸਰਾ ਨੇਤਰ ਸਮਾਧੀ ਤੋ ਬਾਅਦ ਹੀ ਖੁੱਲਿਆ ਸੀ . ਪਰ ਸਮਾਧੀ ਲਈ ਨਸ਼ੇ ਦੀ ਲੋੜ ਨਹੀਂ ! ਬੁੱਧ ਦੀ ਸਮਾਧੀ ਵੀ ਪਰਚੰਡ ਸੀ, ਪਰ ਉਨਾਂ ਨੇ ਸਮਾਧੀ ਜਾਂ ਜੀਵਨ ਵਿਚ ਕੋਈ ਨਸ਼ਾ ਨਹੀਂ ਕੀਤਾ ਸੀ. ਮੈਨੂੰ ਲਗਦਾ ਹੈ ਕਿ ਉਹ ਲੋਕ , ਜਿਨਾਂ ਦੀ ਸਮਾਧੀ ਨਾ ਟਿਕਦੀ ਹੋਵੇ ਜਾਂ ਨਸ਼ਾ ਕਰਨ ਲਈ ਸਮਾਧੀ ਨੂੰ ਬਹਾਨਾ ਬਣਾ ਲਿਆ ਹੋਵੇ, ਉਨਾਂ ਵਿਚ ਸ਼ਿਵ ਦੇ ਭਗਤ ਵੀ ਹੋਣ ਤਾਂ ਨਸ਼ੇ ਦਾ ਸਬੰਧ , ਸ਼ਿਵ ਭਗਤਾਂ ਨਾਲ ਜੁੜ ਗਿਆ ਹੋਵੇ ਅਤੇ ਬਾਅਦ ਵਿਚ ਸ਼ਿਵ ਨਾਲ ਜੁੜ ਗਿਆ ਹੋਵੇ. ਜਦਕਿ ਅਸਲੀਅਤ ਕੁੱਝ ਹੋਰ ਰਹੀ ਹੋਵੇ.!!
ਹੁਣ ਏਨਾ ਹੀ, ਇਹੋ ਜਿਹੇ ਹੋਰ ਵਿਸ਼ਿਆਂ ਨੂੰ , ਜਦੋ” ਬੁੱਧ ਧਰਮ ਦਾ ਇਤਿਹਾਸ” ਲਿਖਿਆ ਜਾਵੇਗਾ, ਤਾਂ ਵਿਸਥਾਰ ਨਾਲ ਵਿਚਾਰੇ ਜਾਣਗੇ.
…ਹਰਮੇਸ਼ ਜੱਸਲ