ਅੱਜ ਰਾਸ਼ਟਰੀ ਸਿਨੇਮਾ ਦਿਵਸ ਤੇ ਵਿਸ਼ੇਸ਼…

ਜਲੰਧਰ ਸ਼ਹਿਰ ਦਾ ਬੰਦ ਪਿਆ ਸੰਤ ਸਿਨੇਮਾ
ਸਿਨੇਮਾ ਘਰ ਸਿਰਫ਼ ਇਮਾਰਤਾਂ ਹੀ ਨਹੀਂ ਬਲਕਿ ਸ਼ਹਿਰਾ ਦੇ ਅਟੁੱਟ ਅੰਗ ਵੀ ਸਨ 
ਉਸ ਸਮੇਂ ਜਦੋਂ ਟੈਲੀਵਿਜ਼ਨ ਘਰ-ਘਰ ਨਹੀਂ ਪਹੁੰਚਿਆ ਸੀ ਅਤੇ ਓ. ਟੀ. ਟੀ. ਜਾਂ ਯੂਟਿਊਬ ਵਰਗੀਆਂ ਸੇਵਾਵਾਂ ਕਦੇ ਸੁਣੀਆਂ ਵੀ ਨਹੀਂ ਸਨ ਤਾਂ ਸਿਨੇਮਾ ਵੇਖਣਾ ਹੀ ਇਕ ਵੱਡੀ ਗੱਲ ਹੁੰਦੀ ਸੀ।
ਬਲਦੇਵ ਸਿੰਘ ਬੇਦੀ

(ਸਮਾਜ ਵੀਕਲੀ) ਸਮੇਂ ਦੇ ਨਾਲ-ਨਾਲ ਜ਼ਿੰਦਗੀ ‘ਚ ਯਾਦਾਂ ਵੀ ਬਦਲ ਜਾਂਦੀਆਂ ਹਨ। ਅਜਿਹੀ ਹੀ ਇੱਕ ਯਾਦ ਉਸ ਵੇਲੇ ਆਈ, ਜਦੋਂ ਮੈਂ ਜਲੰਧਰ ਰੇਲਵੇ ਸਟੇਸ਼ਨ ਦੇ ਕੋਲੋਂ ਲੰਘਿਆ, ਮੇਰੀ ਨਜ਼ਰ ਸਾਹਮਣੇ ਬੰਦ ਪਏ ਸੰਤ ਸਿਨੇਮਾ ਤੇ ਗਈ। ਉਸ ਵੱਲ ਵੇਖਕੇ ਇੱਕ ਪੁਰਾਣੀ ਯਾਦ ਤਾਜ਼ਾ ਹੋ ਗਈ , ਜਦੋਂ ਮੈਂ ਆਪਣੇ ਸਕੂਲ ਦੇ ਦਿਨਾਂ ‘ਚ ਜਿੰਦਗੀ ਦੀ ਪਹਿਲੀ ਫਿਲਮ ਇਸ ਸਿਨੇਮਾ ਘਰ ਵਿੱਚ ਹੀ ਦੇਖੀ ਸੀ। ਪੰਜਵੀਂ ਜਮਾਤ ‘ਚ ਪੜਦਿਆਂ ਸਕੂਲ ਵੱਲੋਂ ਸਭ ਨੂੰ “ਸੰਸਾਰ” ਫਿਲਮ ਵੇਖਣ ਲਈ ਲਿਆਇਆ ਗਿਆ ਸੀ। ਇਹ ਸਮਾਂ ਸਿਰਫ਼ ਇੱਕ ਫਿਲਮ ਦੇਖਣ ਦਾ ਹੀ ਨਹੀਂ ਸੀ, ਸਗੋਂ ਇੱਕ ਮਸਤੀ ਭਰਾ ਪਲ ਸੀ, ਜੋ ਕਦੇ ਭੁੱਲਿਆ ਨਹੀਂ ਜਾ ਸਕਦਾ।

ਸੰਤ ਸਿਨੇਮਾ ਸਿਰਫ਼ ਇੱਕ ਇਮਾਰਤ ਹੀ ਨਹੀਂ ਸੀ, ਇਹ ਸਾਡੇ ਸ਼ਹਿਰ ਦਾ ਇੱਕ ਅਟੁੱਟ ਅੰਗ ਵੀ ਸੀ। ਉਸ ਸਮੇਂ ਜਦੋਂ ਟੈਲੀਵਿਜ਼ਨ ਘਰ-ਘਰ ਨਹੀਂ ਪਹੁੰਚਿਆ ਸੀ ਅਤੇ ਓ. ਟੀ. ਟੀ. ਜਾਂ ਯੂਟਿਊਬ ਵਰਗੀਆਂ ਸੇਵਾਵਾਂ ਕਦੇ ਸੁਣੀਆਂ ਵੀ ਨਹੀਂ ਸਨ ਤਾਂ ਸਿਨੇਮਾ ਵੇਖਣਾ ਹੀ ਇਕ ਵੱਡੀ ਗੱਲ ਹੁੰਦੀ ਸੀ। ਇਹ ਸਿਰਫ਼ ਮਨੋਰੰਜਨ ਦਾ ਸਾਧਨ ਹੀ ਨਹੀਂ ਸੀ, ਸਗੋਂ ਇਸ ਨਾਲ ਸ਼ਹਿਰ ‘ਚ ਬਹੁਤ ਸਾਰੇ ਲੋਕਾਂ ਦੇ ਕਈ ਦਿਲਚਸਪ ਕਿੱਸੇ,ਕਹਾਣੀਆ ਅਤੇ ਯਾਦਾਂ ਵੀ ਜੁੜੀਆਂ ਸਨ।
ਜਲੰਧਰ ਦੇ ਕਈ ਹੋਰ ਸਿਨੇਮਾ ਹਾਲ ਵੀ ਸਾਡੇ ਬਚਪਨ ਅਤੇ ਜਵਾਨੀ ਦਾ ਹਿੱਸਾ ਰਹੇ। ਹਰੀ , ਲਾਲ ਰਤਨ, ਨਾਜ਼, ਲੱਛਮੀ, ਨਰਿੰਦਰਾ, ਸਾਇਨ ਪਾਇਲ, ਫਰੇਂਡ, ਸਤਲੁਜ, ਸੀਮਾ ਆਦਿ ਕਈ ਸਿਨੇਮਾ ਘਰਾਂ ‘ਚ ਅਸੀਂ ਯਾਰਾਂ ਨਾਲ ਦੋ- ਤਿੰਨ ਘੰਟੇ ਦੀ ਮਸਤੀ ਕਰਨ ਜਾਇਆ ਕਰਦੇ ਸੀ। ਜਿਥੇ ਇੰਟਰਵਲ ਦੇ ਦੌਰਾਨ ਕੱਚ ਦੀਆਂ ਕੋਲਡ ਡਰਿੰਕ ਵਾਲੀਆਂ ਬੋਤਲਾਂ ਤੇ ਖੋਲਣ ਵਾਲੀ ਚਾਬੀ ਦੀ ਆਵਾਜ਼, ਜੋ ਕਈ ਵਾਰ ਮਨ ਵਿਚ ਅੱਜ ਵੀ ਗੂੰਜਦੀ ਹੈ। ਫਿਲਮ ਦੇ ਵਿਚਕਾਰ ਹੌਟ ਡੋਗ ਖਾਣਾ ਅਤੇ ਵਾਰ-ਵਾਰ ਵੱਖ-ਵੱਖ ਦੋਸਤਾਂ ਨਾਲ ਮਸਤੀ ਕਰਦੇ ਹੋਏ ਫ਼ਿਲਮ ਦਾ ਆਨੰਦ ਲੈਣਾ। ਹਰੇਕ ਸਿਨੇਮਾ ਹਾਲ ਦੀ ਆਪਣੀ ਹੀ ਇੱਕ ਡੂੰਘੀ ਯਾਦ ਸੀ।
ਕਈ ਵਾਰ ਤਾਂ ਟਿਕਟਾਂ ਖਤਮ ਹੋ ਜਾਣ ਤੇ ਬਲੈਕ ਵਿੱਚ ਟਿਕਟਾਂ ਲੈਣੀਆਂ, ਜਦੋਂ ਪਸੰਦੀਦਾ ਫਿਲਮ ਦਾ ਪਹਿਲਾ ਹੀ ਸ਼ੋ ਵੇਖਣ ਦੀ ਲਾਲਸਾ ਹੁੰਦੀ ਸੀ। ਫਿਲਮ ਖਤਮ ਹੋਣ ਤੇ ਫਿਲਮ ਦੀਆਂ ਗੱਲਾਂ ਕਰਦੇ ਹੋਏ ਬਾਹਰ ਆਉਣਾ। ਇਹ ਯਾਦਾਂ ਸਿਰਫ਼ ਫਿਲਮਾਂ ਨਾਲ ਹੀ ਨਹੀਂ ਜੁੜੀਆਂ ਸੀ, ਸਗੋਂ ਉਹ ਸਾਰੇ ਦੋਸਤਾਂ ਦੇ ਨਾਲ਼ ਗੁਜ਼ਾਰੇ ਪਲਾਂ ਨਾਲ ਵੀ ਹਨ,ਜਦੋਂ ਅਸੀਂ ਇੱਕ ਦੂਜੇ ਨਾਲ ਹੱਸਦੇ-ਖੇਡਦੇ ਸੀ, ਫਿਲਮ ਵਿੱਚ ਮਸਤੀ ਕਰਦੇ ਸੀ।
ਜਿਵੇਂ-ਜਿਵੇਂ ਸਮਾਂ ਬਦਲਦਾ ਗਿਆ, ਉਸੇ ਤਰ੍ਹਾਂ ਸਿਨੇਮਾ ਘਰਾਂ ਦੀ ਦੁਨੀਆਂ ਵੀ ਬਦਲ ਗਈ। ਸਿਨੇਮਾ ਹਾਲ ਬੰਦ ਹੋ ਗਏ, ਕਈ ਆਧੁਨਿਕਤਾ ਦੀ ਦੌੜ ਵਿੱਚ ਪਿੱਛੇ ਰਹਿ ਗਏ, ਅਤੇ ਕਈਆਂ ਦੀ ਨਵੇਂ ਟੈਕਨਾਲੋਜੀ ਵਾਲੇ ਮਲਟੀਪਲੈਕਸ ਨੇ ਇਨ੍ਹਾਂ ਦੀ ਜਗ੍ਹਾ ਲੈ ਲਈ। ਹੁਣ ਫਿਲਮਾਂ ਵੇਖਣ ਲਈ ਜਿੱਥੇ ਆਰਾਮਦਾਇਕ ਸੀਟਾਂ ਦੇ ਨਾਲ ਖਾਣ ਪੀਣ ਲਈ ਬਹੁਤ ਤਰ੍ਹਾਂ ਦੀਆਂ ਆਈਟਮਾਂ ਹਨ , ਉੱਥੇ ਹੀ ਲੋਕ ਅੰਦਰੋ ਹੀ ਮੋਬਾਈਲ ‘ਤੇ ਸਟੋਰੀਆਂ ਵੀ ਪਾਉਂਦੇ ਰਹਿੰਦੇ ਹਨ।
ਅੱਜ, ਜਦੋਂ ਮੈਂ ਬੰਦ ਪਏ ਸੰਤ ਸਿਨੇਮਾ ਨੂੰ ਵੇਖਿਆ, ਤਾਂ ਅੰਦਰ ਇੱਕ ਚੂਭਨ ਮਹਿਸੂਸ ਹੋਈ। ਸਿਰਫ਼ ਇਹ ਸਿਨੇਮਾ ਹਾਲ ਨਹੀਂ ਬੰਦ ਹੋਇਆ ਸੀ, ਸਗੋਂ ਸਾਡੇ ਬਚਪਨ ਦੀਆਂ ਕਈ ਮਸਤੀ ਭਰੀਆਂ ਯਾਦਾਂ ਵੀ ਇਸਦੇ ਨਾਲ ਹੀ ਬੰਦ ਹੋ ਗਈਆਂ। ਜਲੰਧਰ ਦੇ ਕਈ ਸਿਨੇਮਾ ਘਰ ਜੋ ਸਾਡੇ ਜੀਵਨ ਦਾ ਅਹਿਮ ਹਿੱਸਾ ਸਨ, ਹੁਣ ਸਿਰਫ਼ ਇਤਿਹਾਸ ਦਾ ਹਿੱਸਾ ਬਣਕੇ ਰਹਿ ਗਏ। ਹਾਲਾਂਕਿ ਫਿਲਮਾਂ ਵੇਖਣ ਦੇ ਤਰੀਕੇ ਬਦਲ ਗਏ ਹਨ, ਪਰ ਉਸ ਪੁਰਾਣੇ ਦੌਰ ਦਾ ਸਕੂਨ ਅਤੇ ਜੋਸ਼, ਜੋ ਸਿਨੇਮਾ ਹਾਲਾਂ ਵਿੱਚ ਮਿਲਦਾ ਸੀ, ਉਹ ਮੁੜ ਨਹੀਂ ਮਿਲਿਆ।
✍️ ਬਲਦੇਵ ਸਿੰਘ ਬੇਦੀ 
         ਜਲੰਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਭਾਅ ਜੀ ਗੁਰਸ਼ਰਨ ਸਿੰਘ ਦੀ ਸਮਾਜ ਤੇ ਪੰਜਾਬੀ ਰੰਗਮੰਚ ਨੂੰ ਦੇਣ ਸਬੰਧੀ ਕਰਾਇਆ ਸਮਾਗ਼ਮ
Next articleਜਜ਼ਬਾਤ ਏ ਦਿਲ