ਮੂਲ ਚੰਦ ਸ਼ਰਮਾ
(ਸਮਾਜ ਵੀਕਲੀ) ਮੈਨੂੰ ਸ਼ਬਦਾਂ ਨਾਲ਼ ਖੇਡਦਿਆਂ ਜਾਣੀ ਕਿ ਗੀਤ / ਕਵਿਤਾ ਲਿਖਦਿਆਂ ਪੰਜਾਹ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ , ਇਸ ਲਈ ਮੈਨੂੰ ਪਾਠਕਾਂ ਅਤੇ ਨਵੇਂ ਲੇਖਕਾਂ ਵੱਲੋਂ ਇੱਕ ਸਵਾਲ ਅਕਸਰ ਪੁੱਛਿਆ ਜਾਂਦਾ ਹੈ ਕਿ ਤੁਸੀਂ ਇਹ ਕਦੋਂ , ਕਿਵੇਂ ਅਤੇ ਕਿਸ ਤੋਂ ਸਿੱਖਿਆ ਹੈ ਤਾਂ ਮੇਰੇ ਜਵਾਬ ਸਮੇਂ ਸਮੇਂ ‘ਤੇ ਬਦਲਦੇ ਰਹੇ ਹਨ ਪ੍ਰੰਤੂ ਅੱਜ ਜਦੋਂ ਮੈਂ ਪਿੱਛੇ ਮੁੜ ਕੇ ਵੇਖਦਾ ਹਾਂ ਤਾਂ ਮੈਨੂੰ ਜਾਪਦਾ ਹੈ ਕਿ ਇਹ ਸਿੱਖਣ ਵਾਲ਼ੀ ਕਲਾ ਨਹੀਂ ਸਗੋਂ ਮੇਰੇ ਸ਼ੌਕ ਵਿੱਚੋਂ ਪੈਦਾ ਹੋਈ ਹੈ । ਮੇਰਾ ਇਹ ਵੀ ਖ਼ਿਆਲ ਹੈ ਕਿ ਕੋਈ ਨਾ ਕੋਈ ਸ਼ੌਕ ਅਤੇ ਕਲਾ ਹਰ ਬੱਚੇ ਵਿੱਚ ਜ਼ਰੂਰ ਹੁੰਦੀ ਹੈ , ਉਹ ਜਿੰਨੀਂ ਛੋਟੀ ਉਮਰ ਵਿੱਚ ਉਸ ਦੀ ਪਛਾਣ ਕਰ ਲਵੇ ਓਨਾਂ ਹੀ ਫ਼ਾਇਦਾ ਹੈ । ਉਸ ਨੂੰ ਪਹਿਚਾਨਣ ਵਿੱਚ ਉਸ ਦੇ ਮਾਪੇ , ਅਧਿਆਪਕ ਅਤੇ ਦੋਸਤ ਮਿੱਤਰ ਵੀ ਉਸ ਦੇ ਮੱਦਦਗਾਰ ਹੋ ਸਕਦੇ ਹਨ ਅਤੇ ਉਸ ਗੁਣ ਨੂੰ ਉਭਾਰਨ ਵਿੱਚ ਵੀ ।
ਇਸ ਦਾ ਇਹ ਮਤਲਬ ਵੀ ਨਹੀਂ ਕਿ ਮੇਰਾ ਕੋਈ ਗੁਰੂ ਨਹੀਂ ਸਗੋਂ ਮੇਰੇ ਤਾਂ ਗੁਰੂਆਂ ਦੀ ਇੱਕ ਲੰਮੀ ਕਤਾਰ ਹੈ । ਪਹਿਲੇ ਪ੍ਰਸਿੱਧ ਗੀਤਕਾਰ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲ਼ੇ ਜਿਨ੍ਹਾਂ ਤੋਂ ਮੈਂ ਬਚਪਨ ਵਿੱਚ ਪ੍ਰਭਾਵਿਤ ਹੋਇਆ , ਦੂਸਰੇ ਕਰਤਾਰ ਸਿੰਘ ਪੰਛੀ ਤੇ ਹਰਨੇਕ ਸੋਹੀ ਜਿਨ੍ਹਾਂ ਮੈਨੂੰ ਉਤਸ਼ਾਹਿਤ ਕਰਦਿਆਂ ਚੰਗੀਆਂ ਸਲਾਹਾਂ ਦਿੱਤੀਆਂ ਤੇ ਪੰਜਾਬੀ ਸਾਹਿਤ ਸਭਾ ਧੂਰੀ ਨਾਲ਼ ਜੋੜਿਆ , ਤੀਸਰੇ ਉਸ ਸਾਹਿਤ ਸਭਾ ਦੇ ਸਮੂਹ ਅਹੁਦੇਦਾਰ ਤੇ ਮੈਂਬਰ ਜਿਨ੍ਹਾਂ ਸਾਰਿਆਂ ਤੋਂ ਮੈਂ ਕੁੱਝ ਨਾ ਕੁੱਝ ਸਿੱਖਿਆ ਅਤੇ ਅਜੇ ਵੀ ਸਿੱਖ ਰਿਹਾ ਹਾਂ ਤੇ ਚੌਥੇ ਕੇਂਦਰੀ ਪੰਜਾਬੀ ਲੇਖਕ ਸਭਾ ਸਮੇਤ ਹੋਰਨਾਂ ਸਭਾਵਾਂ ਦੇ ਸਮਕਾਲੀ ਸਾਹਿਤਕਾਰ । ਇਸ ਦੇ ਬਾਵਜੂਦ ਵੀ ਮੈਂ ਆਪਣੇ ਆਪ ਨੂੰ ਹੀ ਆਪਣਾ ਅਸਲੀ ਗੁਰੂ ਸਮਝਦਾ ਹਾਂ ਅਤੇ ਹਰ ਲੇਖਕ ਤੇ ਕਲਾਕਾਰ ਨੂੰ ਸਮਝਣਾ ਚਾਹੀਦਾ ਹੈ ਕਿਉਂਕਿ ਵੱਧ ਤੋਂ ਵੱਧ ਚੰਗਾ ਸਾਹਿਤ ਪੜ੍ਹਨਾ , ਉਸ ‘ਤੇ ਘੋਖ ਵਿਚਾਰ ਕਰਨੀ , ਆਪ ਲਿਖਣਾ , ਉਸ ਨੂੰ ਵਾਰ ਵਾਰ ਸੋਧਣਾ ਹੀ ਅੱੱਗੇ ਵਧਣ ਅਤੇ ਸਫ਼ਲ ਹੋਣ ਦਾ ਅਸਲੀ ਰਾਜ਼ ਹੁੰਦਾ ਹੈ ।
ਇਸ ਬਾਰੇ ਮੈਂ ਇੱਕ ਉਦਾਹਰਣ ਅਕਸਰ ਨਵੇਂ ਕਵੀਆਂ ਤੇ ਕਲਾਕਾਰਾਂ ਨੂੰ ਦਿੰਦਾ ਰਹਿੰਦਾ ਹਾਂ ਕਿ ਅੱਜ ਕੱਲ੍ਹ ਤਾਂ ਹਰ ਚੀਜ਼ ਰੈਡੀਮੇਡ ਅਤੇ ਮਸ਼ੀਨੀ ਹੋ ਗਈ ਹੈ ਪਰ ਸਾਡੇ ਬਚਪਨ ਅਤੇ ਜਵਾਨੀ ਵੇਲ਼ੇ ਲੋਕ ਕੋਈ ਗੰਢਾਂ ਵਾਲ਼ੀ ਲੱਕੜ ਮਿਸਤਰੀ ਨੂੰ ਦੇ ਕੇ ਕਿਹਾ ਕਰਦੇ ਸਨ ਕਿ ਇਸ ਦਾ ਬਾਹਾਂ ( ਦਸਤਾ ) ਬਣਾ ਕੇ ਮੇਰੀ ਕਹੀ ਜਾਂ ਕੁਹਾੜੀ ਵਿੱਚ ਪਾ ਦੇਵੀਂ । ਉਹ ਮਿਸਤਰੀ ਪਹਿਲਾਂ ਉਸ ਨੂੰ ਬਹੋਲੇ ( ਤੇਸੇ ) ਨਾਲ਼ ਘੜ ਕੇ ਉਸ ਦੀ ਬਿਲਕ ਅਤੇ ਗੱਠਾਂ ਖ਼ਤਮ ਕਰਦਾ ਸੀ ਫ਼ਿਰ ਮੋਟਾ ਰੰਦਾ ਫੇਰ ਕੇ ਗੋਲ਼ ਕਰਦਾ ਸੀ ਉਸ ਤੋਂ ਬਾਅਦ ਬਾਰੀਕ ਰੰਦਾ ਫੇਰਦਾ ਹੋਇਆ ਸਫ਼ਾਈ ਲਿਆਉਂਦਾ ਸੀ ਉਸ ਤੋਂ ਮਗਰੋਂ ਕਟਰੇਤ , ਰੇਤ ਅਤੇ ਰੇਗਮਾਰ ਫੇਰ ਫੇਰ ਕੇ ਮੁਲਾਇਮ ਕਰਦਿਆਂ ਐਸਾ ਰੂਪ ਦੇ ਦਿੰਦਾ ਸੀ ਕਿ ਲੱਕੜੀ ਦਾ ਮਾਲਕ ਵੀ ਭੁਲੇਖਾ ਖਾ ਜਾਂਦਾ ਸੀ ਕਿ ਇਹ ਓਹੀ ਲੱਕੜੀ ਹੈ ਜਾਂ ਕੋਈ ਹੋਰ । ਬਿਲਕੁਲ ਓਹੀ ਗੱਲ ਕਲਾ ਦੇ ਹਰ ਰੂਪ ‘ਤੇ ਲਾਗੂ ਹੁੰਦੀ ਹੈ ਕਿਉਂਕਿ ਮੈਂ ਸ਼ੁਰੂਆਤ ਗੀਤ / ਕਵਿਤਾ ਤੋਂ ਕੀਤੀ ਸੀ ਇਸ ਲਈ ਮੈਂ ਦੱਸਣਾ ਚਾਹੁੰਦਾ ਹਾਂ ਕਿ ਮੈਂ ਆਪਣੀ ਹਰ ਰਚਨਾ ਦਾ ਮਿਸਤਰੀ ਹੀ ਹਾਂ । ਮੇਰੀ ਹਰ ਇੱਕ ਰਚਨਾਂ ਉਸ ਮਿਸਤਰੀ ਦੇ ਬਣਾਏ ਦਸਤੇ ਵਾਂਗ ਹੀ ਉਨ੍ਹਾਂ ਸਾਰੀਆਂ ਸਟੇਜਾਂ ਉੱਪਰੋਂ ਗੁਜ਼ਰੀ ਅਤੇ ਅੱਜ ਤੱਕ ਵੀ ਗੁਜ਼ਰਦੀ ਹੈ ।
ਮੈਂ ਕਿਸੇ ਗੀਤ ਕਵਿਤਾ ਗ਼ਜ਼ਲ ਜਾਂ ਕਹਾਣੀ ਨੂੰ ਪੂਰੀ ਕਰਨ ਤੋਂ ਬਾਅਦ ਰੱਖ ਕੇ ਦਿਮਾਗ਼ ਵਿੱਚੋਂ ਬਿਲਕੁਲ ਮਨਫੀ ਕਰ ਦਿੰਦਾ ਹਾਂ , ਕੁੱਝ ਦਿਨਾਂ ਮਗਰੋਂ ਜਦੋਂ ਦੁਬਾਰਾ ਪੜ੍ਹਦਾ ਹਾਂ ਤਾਂ ਮੈਨੂੰ ਖ਼ੁਦ ਹੀ ਉਸ ਦੀਆਂ ਕਮੀਆਂ ਪੇਸ਼ੀਆਂ ਰੜਕਣ ਲੱਗ ਜਾਂਦੀਆਂ ਹਨ , ਜਿਹਨਾਂ ਨੂੰ ਵਾਰ ਵਾਰ ਦੂਰ ਕਰਦਾ ਰਹਿੰਦਾ ਹਾਂ, ਇੱਕ ਨਹੀਂ ਅਨੇਕਾਂ ਵਾਰੀ । ਕਈ ਵਾਰੀ ਤਾਂ ਜਦੋਂ ਕਿਸੇ ਅਖ਼ਬਾਰ ਰਸਾਲੇ ਵਿੱਚ ਛਪਣ ਤੋਂ ਪਿੱਛੋਂ ਵੀ ਉਸ ਨੂੰ ਦੁਬਾਰਾ ਸੋਧਦਾ ਰਹਿੰਦਾ ਹਾਂ , ਏਥੋਂ ਤੱਕ ਕਿ ਆਪਣੀ ਛਪੀ ਕਿਤਾਬ ਦੇ ਦੂਜੇ ਐਡੀਸ਼ਨ ਵੇਲ਼ੇ ਵੀ ਖਰੜੇ ਨੂੰ ਦਰੁਸਤ ਕਰ ਰਿਹਾ ਹਾਂ ।
ਅੰਤ ਵਿੱਚ ਐਨਾਂ ਹੀ ਕਹਿਣਾ ਚਾਹਾਂਗਾ ਕਿ ਸਿਆਣੇ ਨੂੰ ਇਸ਼ਾਰਾ ਹੀ ਕਾਫ਼ੀ ਹੁੰਦਾ ਹੈ । ਜੇਕਰ ਮੇਰਾ ਤਜ਼ਰਬਾ ਅਤੇ ਸਲਾਹ ਕਿਸੇ ਨਵੇਂ ਸਾਥੀ ਦੇ ਕੰਮ ਆ ਜਾਵੇ ਤਾਂ ਹੀ ਮੇਰਾ ਇਹ ਲਿਖਣਾ ਸਾਰਥਕ ਸਿੱਧ ਹੋਵੇਗਾ । ਬਾਕੀ ਕਦੇ ਫ਼ਿਰ ਸਹੀ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj