ਕਪੂਰਥਲਾ, ( ਕੌੜਾ )- ਮਾਸਟਰ ਕਾਡਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਨਰੇਸ਼ ਕੋਹਲੀ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਪੈਂਡੂ ਭੱਤੇ ਵਿੱਚ ਕੀਤੀ ਗਈ ਕਟੌਤੀ ਦਾ ਸਿੱਧਾ ਅਸਰ ਸਕੂਲਾਂ ਦੇ ਦਾਖਲਿਆਂ ’ਤੇ ਪਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਬਹੁਤੇ ਅਧਿਆਪਕ ਭੱਤੇ ਵਜੋਂ ਮਿਲਣ ਵਾਲੀ ਰਾਸ਼ੀ ਦੂਰ-ਦੁਰਾਡੇ ਦੇ ਬੱਚਿਆਂ ਨੂੰ ਸਕੂਲ ਲਿਆਉਣ ਲਈ ਟਰਾਂਸਪੋਰਟ ਸਹੂਲਤ ’ਤੇ ਖਰਚ ਕਰ ਰਹੇ ਹਨ, ਪਰ ਜਦੋਂ ਤੋਂ ਇਹ ਭੱਤਾ ਬੰਦ ਕੀਤਾ ਗਿਆ ਹੈ, ਉਦੋਂ ਤੋਂ ਅਧਿਆਪਕ ਟਰਾਂਸਪੋਰਟ ਸਹੂਲਤ ਬੰਦ ਕਰਨ ਲਈ ਮਜਬੂਰ ਹਨ। ਯੂਨੀਅਨ ਦੀ ਇਕ ਵਿਸ਼ੇਸ਼ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੋਹਲੀ ਨੇ ਕਿਹਾ ਕਿ ਪ੍ਰਾਈਵੇਟ ਸਕੂਲਾਂ ਵਾਂਗ ਸਰਕਾਰੀ ਸਕੂਲਾਂ ਵਿਚ ਟਰਾਂਸਪੋਰਟ ਸਹੂਲਤਾਂ ਦੀ ਘਾਟ ਕਾਰਨ ਸਰਕਾਰੀ ਸਕੂਲਾਂ ਦੀ ਦਾਖਲਾ ਪ੍ਰਕਿਰਿਆ ‘ਤੇ ਉਲਟਾ ਅਸਰ ਪੈ ਰਿਹਾ ਹੈ, ਅਜਿਹੇ ‘ਚ ਮੁੱਖ ਮੰਤਰੀ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਨੂੰ ਪੇਂਡੂ ਖੇਤਰਾਂ ਦੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵਧਾਉਣ ਲਈ ਇਸ ਪਹਿਲੂ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇ ਅਤੇ ਪੇਂਡੂ ਭੱਤਾ ਬਹਾਲ ਕੀਤਾ ਜਾਵੇ। ਪੰਜਾਬ ਸਰਕਾਰ ਦਾ ਇਸ ਸੰਬੰਧੀ ਲਿਆ ਫੈਸਲਾ ਯਕੀਨੀ ਤੋਰ ਤੇ ਪੇਂਡੂ ਖੇਤਰ ਦੇ ਉਨ੍ਹਾਂ ਬੱਚਿਆਂ ਦੇ ਹਿੱਤ ਵਿੱਚ ਹੋਵੇਗਾ ਜੋ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹਨ ਜਾਂ ਫਿਰ ਪੜਣ ਦੇ ਇੱਛੁਕ ਹਨ ਅਤੇ ਉਨ੍ਹਾਂ ਦਾ ਸਕੂਲ ਘਰ ਤੋਂ ਦੋ-ਤਿੰਨ ਕਿਲੋਮੀਟਰ ਤੋਂ ਵੱਧ ਦੂਰ ਹੈ। ਵਿਸ਼ੇਸ਼ ਤੌਰ ‘ਤੇ ਉਨ੍ਹਾਂ ਬੱਚਿਆਂ ਲਈ ਜੋ 1 ਤੋਂ 5ਵੀਂ ਅਤੇ 6ਵੀਂ ਤੋਂ 8ਵੀਂ ਜਮਾਤ ਵਿੱਚ ਪੜ੍ਹਦੇ ਹਨ, ਲਈ ਆਵਾਜਾਈ ਦੇ ਪ੍ਰਬੰਧ ਹੋਰ ਵੀ ਜ਼ਰੂਰੀ ਹਨ। ਕੋਹਲੀ ਨੇ ਕਿਹਾ ਕਿ ਪੂਰੀ ਉਮੀਦ ਹੈ ਕਿ ਸਰਕਾਰ ਅਜਿਹੇ ਸਾਰੇ ਵਿਦਿਆਰਥੀਆਂ ਨੂੰ ਸਕੂਲ ਆਉਣ-ਜਾਣ ਲਈ ਪੈਂਡੂ ਭੱਤੇ ਦੇ ਰੂਪ ਵਿੱਚ ਅਧਿਆਪਕਾਂ ਨੂੰ ਪ੍ਰੋਤਸਾਹਨ ਰਾਸ਼ੀ ਦੇਵੇਗੀ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਲਈ ਪੰਜਾਬ ਸਰਕਾਰ ਦਾ ਇਹ ਕਦਮ ਦਾਖਲਾ ਵਧਾਉਣ ਅਤੇ ਸਰਕਾਰੀ ਸਕੂਲਾਂ ਵਿੱਚ ਦਾਖਿਲਾ ਵਧਾਉਣ ਅਤੇ ਠਹਿਰਾਉ ਨੂੰ ਯਕੀਨੀ ਬਣਾਉਣ ਲਈ ਮੀਲ ਪੱਥਰ ਸਾਬਤ ਹੋਵੇਗਾ। ਜ਼ਿਕਰਯੋਗ ਹੈ ਕਿ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਪੜ੍ਹ ਰਹੇ ਜ਼ਿਆਦਾਤਰ ਬੱਚੇ 6 ਤੋਂ 14 ਸਾਲ ਦੀ ਉਮਰ ਦੇ ਹਨ, ਯਾਨੀ ਕਿ ਉਹ ਨਾਬਾਲਗ ਹਨ। ਅਜਿਹੇ ਵਿੱਚ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਯੋਗ ਕਦਮ ਚੁੱਕਣ ਦੀ ਵਿਸ਼ੇਸ਼ ਲੋੜ ਹੈ।ਇਸ ਮੌਕੇ ਉਨ੍ਹਾਂ ਨਾਲ , ਸੰਦੀਪ ਦੁਰਗਾਪੁਰ, ਤਰਮਿੰਦਰ ਮੱਲ੍ਹੀ, ਰਾਕੇਸ਼ ਸ਼ਰਮਾ, ਸਰਤਾਜ ਸਿੰਘ ਪ੍ਰਧਾਨ ਬੀ.ਐਡ ਫਰੰਟ ਆਦਿ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly