ਹਰ ਕਿਸੇ ਦੀ ਜੇਬ ਆਪੋ ਆਪਣੀ,ਬਾਪੂ ਦੀ ਜੇਬ ਸਾਂਝੀ

ਪ੍ਰਭਜੋਤ ਕੌਰ ਢਿੱਲੋਂ

(ਸਮਾਜ ਵੀਕਲੀ)  ਮਾਂਵਾਂ ਠੰਢੀਆਂ ਛਾਂਵਾਂ,ਮਾਂਵਾਂ ਦੀਆਂ ਕੁਰਬਾਨੀਆਂ ਜਾਂ ਮਾਂਵਾਂ ਦੀ ਮਹਿਮ ਅਸੀਂ ਸਾਰੇ ਕਰਦੇ ਹਾਂ।ਮਾਂਵਾਂ ਤੇ ਬਹੁਤ ਸਾਰੇ ਗਾਣੇ ਹਨ।ਪਰ ਕਈ ਵਾਰ ਲੱਗਦਾ ਹੈ ਕਿ ਬਾਪੂ ਬਾਰੇ ਅਸੀਂ ਬਹੁਤ ਘੱਟ ਗੱਲ ਕਰਦੇ ਹਾਂ।ਪਰ ਜੋ ਕੁੱਝ ਬਾਪੂ ਘਰ ਪਰਿਵਾਰ ਲਈ ਅਤੇ ਔਲਾਦ ਲਈ ਕਰਦਾ ਹੈ,ਉਸ ਨਾਲ ਅਜਿਹਾ ਕਰਨਾ ਬੇਇਨਸਾਫ਼ੀ ਹੀ ਹੈ।ਬਾਪੂ ਵਰਗਾ ਜਿਗਰਾ ਕਿਸੇ ਦਾ ਨਹੀਂ ਹੁੰਦਾ। ਸਾਰੀ ਉਮਰ ਔਲਾਦ ਦੇ ਲੇਖੇ ਲਗਾ ਦਿੰਦਾ ਹੈ।ਆਪਣੀ ਟੁੱਟੀ ਜੁੱਤੀ, ਪੁਰਾਣੀ ਪੈਂਟ ਕਮੀਜ਼ ਉਸਨੂੰ ਕਦੇ ਪ੍ਰੇਸ਼ਾਨ ਨਹੀਂ ਕਰਦੀ।ਆਪਣੀਆਂ ਲੋੜਾਂ ਦਾ ਗਲਾ ਘੁੱਟਣ ਲੱਗਿਆਂ ਸ਼ਾਇਦ ਕਦੇ ਸੋਚਦਾ ਹੀ ਨਹੀਂ। ਬੱਚਿਆਂ ਦੀ ਹਰ ਜ਼ਰੂਰਤ ਅਤੇ ਖਾਹਿਸ਼ ਪੂਰੀ ਕਰਨ ਵਿੱਚ ਲੱਗਿਆ ਰਹਿੰਦਾ ਹੈ।ਬਾਪੂ ਨਿੰਮ ਵਰਗਾ ਹੁੰਦਾ ਹੈ ਫਾਇਦੇ ਹੀ ਫਾਇਦੇ ਕਰਦਾ ਹੈ।ਆਪਣੇ ਬੁਢਾਪੇ ਦੀ ਡੰਗੋਰੀ ਮਜ਼ਬੂਤ ਕਰਦਾ ਕਰਦਾ ਬੁੱਢਾ ਹੋ ਜਾਂਦਾ ਹੈ।ਹੁਣ ਕੁੱਝ ਗਾਇਕਾਂ ਨੇ ਬਾਪੂ ਤੇ ਵੀ ਬੜੇ ਭਾਵੁਕ ਕਰਨ ਵਾਲੇ ਗੀਤ ਗਾਏ ਹਨ।ਅਮਰ ਸੰਧੂ ਦਾ ਗਾਣਾ,”ਜਿੰਨੇ ਅਹਿਸਾਨ ਮੇਰੇ ਸਿਰ ਤੇ,ਸੋਚ ਸੋਚ ਹੰਝੂ ਚੋ ਗਿਆ,     ਬਾਪੂ ਮੈਂ ਤੇਰੇ ਕਰਕੇ ਪੈਰਾਂ ਤੇ ਖਲੋ ਗਿਆ।    ਤੂੰ ਸਾਇਕਲਾਂ ਤੇ ਕੱਟੀ ਤੇ ਮੈਂ ਗੱਡੀਆਂ ਜੋਗੇ ਹੋ ਗਿਆ। “ਅਜਿਹੇ ਪੁੱਤ ਹੋਣੇ ਚਾਹੀਦੇ ਹਨ,ਜੋ ਬਾਪ ਦੇ ਕੀਤੇ ਨੂੰ ਸਮਝੇ ਅਤੇ ਮੰਨੇ।                      ਬਾਪੂ ਅਜਿਹਾ ਬੈਂਕ ਹੈ ਜਿਸ ਵਿੱਚੋਂ ਪੈਸੇ ਹਰ ਕੋਈ ਕਰਵਾਉਂਦਾ ਹੈ ਅਤੇ ਆਪਣਾ ਹੱਕ ਸਮਝਦਾ ਹੈ।ਪਰ ਇਸ ਵਿੱਚ ਪੈਸੇ ਜਮ੍ਹਾਂ ਕੋਈ ਕੋਈ ਹੀ ਕਰਵਾਉਂਦਾ ਹੈ।ਬਾਪੂ ਦੀ ਕਮਾਈ ਦਾ ਹਿਸਾਬ ਕਿਤਾਬ ਹਰ ਕੋਈ ਆਪਣੇ ਹੱਥ ਵਿੱਚ ਲੈਣ ਲਈ ਕਾਹਲਾ ਹੈ।ਬਾਪੂ ਦਾ ਕਈ ਵਾਰ ਬੁਢਾਪਾ ਹੀ ਖਰਾਬ ਕਰ ਦਿੱਤਾ ਜਾਂਦਾ ਹੈ।ਸਾਰੀ ਉਮਰ ਦੀ ਕਮਾਈ ਲਗਾਕੇ ਔਲਾਦ ਨੂੰ ਪੈਰਾਂ ਤੇ ਖੜ੍ਹਾ ਕਰਦਾ ਹੈ,ਉਸਨੂੰ ਬਾਪੂ ਦੇ ਖਰਚੇ ਚੁੱਭਣ ਲੱਗ ਜਾਂਦੇ ਹਨ।ਨੂੰਹਾਂ ਨੂੰ ਬਾਪੂ ਦੇ ਖਰਚੇ ਰੜਕਣ ਲੱਗਦੇ ਹਨ।ਘੁੰਮਣ ਫਿਰਨ,ਖਰੀਦਦਾਰੀ ਜਾਂ ਆਪਣੇ ਤੇ ਖਰਚ ਕੀਤੇ ਪੈਸੇ ਉਜਾੜਾ ਲੱਗਦਾ ਹੈ।ਇਹ ਉਨ੍ਹਾਂ ਮਾਪਿਆਂ ਜਾਂ ਡਿਪੂਆਂ ਦੇ ਹਾਲ ਹਨ ਜਿੰਨ੍ਹਾਂ ਕੋਲ ਪੈਨਸ਼ਨ ਹੈ,ਬੁਢਾਪੇ ਲਈ ਕੁੱਝ ਪ੍ਰਬੰਧ ਕੀਤਾ ਹੋਇਆ ਹੈ।ਨੂੰਹਾਂ ਪੁੱਤਾਂ ਤੇ ਬੋਝ ਨਹੀਂ ਹਨ।ਆਪਣੀਆਂ ਸਾਰੀਆਂ ਜ਼ਰੂਰਤਾਂ ਆਪ ਪੂਰੀਆਂ ਕਰਦੇ ਹਨ ਅਤੇ ਘਰਦੇ ਖਰਚ ਵਿੱਚ ਵੀ ਪੈਸੇ ਖਰਚਦੇ ਹਨ।ਪਰ ਇਸਦੇ ਬਾਵਜੂਦ ਪੈਸਿਆਂ ਤੇ ਅਤੇ ਜਾਇਦਾਦ ਜਲਦੀ ਨਾਮ ਕਰਵਾਉਣ ਦੀ ਕਾਹਲੀ ਹੁੰਦੀ ਹੈ।ਔਲਾਦ ਆਂਡੇ ਖਾਣ ਦੀ ਥਾਂ ਮੁਰਗੀ ਖਾਣ ਦੀ ਸੋਚ ਰੱਖਦੀ ਹੈ।ਹਾਂ,ਇਵੇਂ ਦੇ ਸਾਰੇ ਨਹੀਂ ਹਨ।ਪਰ ਇਹ ਵੀ ਕੌੜਾ ਸੱਚ ਹੈ ਕਿ ਵਧੇਰੇ ਗਿਣਤੀ ਅਜਿਹੀ ਹੀ ਹੈ।

ਪੁੱਤ ਆਪਣੀ ਕਮਾਈ ਦੀ ਕੋਈ ਗੱਲ ਮਾਪਿਆਂ ਨਾਲ ਨਹੀਂ ਕਰਦਾ।ਜੇਕਰ ਨੂੰਹਾਂ ਨੌਕਰੀਆਂ ਕਰਦੀਆਂ ਹਨ ਤਾਂ ਉਹ ਉਨ੍ਹਾਂ ਦੀ ਕਮਾਈ ਹੈ।ਜੇਕਰ ਪਤੀ ਨੂੰ ਜਾਂ ਘਰ ਵਿੱਚ ਕੁੱਝ ਪੈਸੇ ਪਾਉਂਦੀਆਂ ਹਨ ਤਾਂ ਉਧਾਰ ਦੀ ਕਹਾਣੀ ਪੈਂਦੀ ਹੈ।ਪਰ ਬਾਪੂ ਦੀ ਕਮਾਈ ਤੇ ਨੂੰਹਾਂ ਪੁੱਤ ਹੱਕ ਨਾਲ ਹੱਕ ਜਮਾਉਂਦੇ ਹਨ।ਜੇਕਰ ਆਪਾਂ ਇਹ ਕਹਿ ਲਈਏ ਕਿ ਹਰ ਕਿਸੇ ਦੀ ਜੇਬ ਆਪੋ ਆਪਣੀ ਬਾਪੂ ਦੀ ਜੇਬ ਸਾਂਝੀ ਤਾਂ ਗਲਤ ਵੀ ਨਹੀਂ ਹੈ।ਬਾਪੂ ਕੋਲੋਂ ਪੈਸੇ ਕਢਵਾਉਣ ਦੀਆਂ ਨਵੀਆਂ ਨਵੀਆਂ ਘਾੜਾਂ ਘੜੀਆਂ ਜਾਂਦੀਆਂ ਹਨ।ਜਿਸ ਬਾਪੂ ਬੇਬੇ ਨੇ ਹਰ ਤਰ੍ਹਾਂ ਦੀਆਂ ਜ਼ਰੂਰਤਾਂ ਅਤੇ ਖਾਹਿਸ਼ਾਂ ਪੂਰੀਆਂ ਕੀਤੀਆਂ, ਨੂੰਹਾਂ ਪੁੱਤ ਖਰਚੇ ਤੋਂ ਬਗੈਰ ਰੋਟੀ ਨਹੀਂ ਦਿੰਦੇ।ਕੋਸ਼ਿਸ਼ ਇਹ ਹੁੰਦੀ ਹੈ ਕਿ ਸਾਰਾ ਪੈਸਾ ਕਿਸੇ ਨਾ ਕਿਸੇ ਤਰੀਕੇ ਬਾਪੂ ਤੋਂ ਕੱਢਵਾ ਲਿਆ ਜਾਵੇ।ਅਜਿਹੇ ਪੁੱਤਾਂ ਨੇ ਕਦੇ ਬਾਪੂ ਦੀ ਕੀਤੀ ਅਤੇ ਮਿਹਨਤ ਦੀ ਕਦਰ ਹੀ ਨਹੀਂ ਕੀਤੀ।ਜਦੋਂ ਪੁੱਤ ਆਪਣੀ ਪਤਨੀ ਸਾਹਮਣੇ ਇਹ ਕਹਿ ਦੇਵੇ ਕਿ ਤੁਸੀਂ ਮੇਰੇ ਲਈ ਕੁੱਝ ਨਹੀਂ ਕੀਤਾ ਜਾਂ ਬੇਇਜ਼ਤੀ ਕਰਨ ਤੋਂ ਗੁਰੇਜ਼ ਨਾ ਕਰੇ ਤਾਂ ਮਾਪਿਆਂ ਨੂੰ ਸਤਰਕ ਹੋ ਜਾਣਾ ਚਾਹੀਦਾ ਹੈ।ਸਾਂਝੀ ਸਮਝੀ ਜਾਂਦੀ ਜੇਬ ਨੂੰ ਨੂੰਹਾਂ ਪੁੱਤਾਂ ਵਾਂਗ ਆਪਣੀ ਬਣਾ ਲੈਣਾ ਚਾਹੀਦਾ ਹੈ।
ਵਕਤ ਦੇ ਹਿਸਾਬ ਨਾਲ ਅਤੇ ਆਸਪਾਸ ਦੇ ਹਿਸਾਬ ਨਾਲ ਬਦਲਣਾ ਬਹੁਤ ਜ਼ਰੂਰੀ ਹੈ।ਆਪਣੀ ਬੀਮਾਰੀ ਅਤੇ ਆਪਣੀਆਂ ਲੋੜਾਂ ਦੇ ਨਾਲ ਨਾਲ ਖਾਹਿਸ਼ਾਂ ਪੂਰੀਆਂ ਕਰਨ ਲਈ ਜੇਬ ਨੂੰ ਆਪਣਾ ਬਣਾਉਣ ਵਿੱਚ ਹੀ ਸਿਆਣਪ ਹੈ।ਜੇਕਰ ਔਲਾਦ ਆਪੋ ਆਪਣੀ ਜੇਬ ਦੀ ਸੋਚ ਰੱਖਦੀ ਹੈ ਤਾਂ ਬਾਪੂ ਦੀ ਜੇਬ ਸਾਂਝੀ ਕਿਉਂ ਹੋਵੇ।ਜਿਹੜੀ ਔਲਾਦ ਮਾਪਿਆਂ ਨੂੰ ਆਪਣੀ ਕਮਾਈ ਵਿੱਚੋਂ ਰੋਟੀ ਨਹੀਂ ਖਵਾ ਸਕਦੀ,ਆਪਣਾ ਖਰਚ ਨਹੀਂ ਚੁੱਕ ਸਕਦੀ,ਉਹ ਬਾਪੂ ਕੋਲੋਂ ਸਾਰਾ ਕੁੱਝ ਲੈਕੇ ਵੀ ਬਾਪੂ ਨੂੰ ਨਹੀਂ ਸੰਭਾਲੇਗੀ।ਇਹ ਇਸ ਵਕਤ ਦਾ ਕੌੜਾ ਸੱਚ ਹੈ।ਬਜ਼ੁਰਗਾਂ ਦੀ ਹਾਲਤ ਦਿਨ ਪ੍ਰਤੀ ਦਿਨ ਖਰਾਬ ਹੋ ਰਹੀ ਹੈ।ਘਰਾਂ ਵਿੱਚ ਘਰੇਲੂ ਹਿੰਸਾ ਆਮ ਜਿਹੀ ਗੱਲ ਹੈ। ਵਧੇਰੇ ਕਰਕੇ ਲੜਾਈ ਝਗੜਾ ਜੇਬ ਦਾ ਹੈ।ਸਾਂਝੀ ਜੇਬ ਚੋਂ ਕੱਢਣ ਦਾ ਪਤਾ ਹੈ,ਉਸ ਵਿੱਚ ਪਾਉਣ ਦਾ ਫਰਜ਼ ਪੂਰਾ ਕੋਈ ਨਹੀਂ ਕਰਦਾ।
ਪ੍ਰਭਜੋਤ ਕੌਰ ਢਿੱਲੋਂ ਮੁਹਾਲੀ ਮੋਬਾਈਲ ਨੰਬਰ 9815030221
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
Previous articleਬੀਬੇ ਰਾਣੇ
Next articleਬੁੱਧ ਚਿੰਤਨ