ਨਵੀਂ ਦਿੱਲੀ (ਸਮਾਜ ਵੀਕਲੀ): ਕੇਂਦਰੀ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਹੱਥੋਂ ਕਾਗਜ਼ ਖੋਹ ਕੇ ਪਾੜਨ ਦੇ ਮਾਮਲੇ ’ਚ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਮੈਂਬਰ ਸ਼ਾਂਤਨੂੰ ਸੈਨ ਨੂੰ ਰਾਜ ਸਭਾ ’ਚੋਂ ਮੌਨਸੂਨ ਇਜਲਾਸ ਦੇ ਬਾਕੀ ਰਹਿੰਦੇ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਰਾਜ ਸਭਾ ਦੀ ਕਾਰਵਾਈ ਸ਼ੁਰੂ ਹੋਣ ’ਤੇ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਵੀ ਮੁਰਲੀਧਰਨ ਨੇ ਸੈਨ ਨੂੰ ਸਦਨ ’ਚੋਂ ਮੁਅੱਤਲ ਕਰਨ ਦਾ ਮਤਾ ਪੇਸ਼ ਕੀਤਾ। ਇਹ ਮਤਾ ਜ਼ੁਬਾਨੀ ਵੋਟ ਨਾਲ ਪਾਸ ਕਰ ਦਿੱਤਾ ਗਿਆ ਅਤੇ ਚੇਅਰਮੈਨ ਐੱਮ ਵੈਂਕਈਆ ਨਾਇਡੂ ਨੇ ਸੈਨ ਨੂੰ ਸਦਨ ’ਚੋਂ ਬਾਹਰ ਜਾਣ ਲਈ ਆਖਿਆ।
ਟੀਐੱਮਸੀ ਮੈਂਬਰ ਸੁਖੇਂਦੂ ਸ਼ੇਖਰ ਰਾਏ ਸਮੇਤ ਹੋਰਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਮਤਾ ਲਿਆਉਣ ਦੇ ਢੰਗ ’ਤੇ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਸਦਨ ਦੀ ਕਾਰਵਾਈ ’ਚ ਮਤੇ ਨੂੰ ਸੂਚੀਬੱਧ ਕੀਤੇ ਬਿਨਾਂ ਲਿਆਂਦਾ ਗਿਆ ਹੈ। ਟੀਐੱਮਸੀ ਦੇ ਡੈਰੇਕ ਓ’ਬ੍ਰਾਇਨ ਨੇ ਸੈਨ ਨੂੰ ਇਕ ਮੰਤਰੀ ਵੱਲੋਂ ਧਮਕੀਆਂ ਮਿਲਣ ਦਾ ਮੁੱਦਾ ਉਠਾਇਆ ਪਰ ਚੇਅਰਮੈਨ ਨੇ ਕਿਹਾ ਕਿ ਇਹ ਘਟਨਾ ਸਦਨ ਦੀ ਕਾਰਵਾਈ ਮੁਲਤਵੀ ਹੋਣ ਮਗਰੋਂ ਵਾਪਰੀ ਸੀ ਅਤੇ ਇਹ ਉਨ੍ਹਾਂ ਦੇ ਧਿਆਨ ’ਚ ਨਹੀਂ ਲਿਆਂਦੀ ਗਈ ਹੈ।
ਇਸ ਤੋਂ ਪਹਿਲਾਂ ਮੁਰਲੀਧਰਨ ਨੇ ਸ਼ਾਂਤਨੂ ਖ਼ਿਲਾਫ਼ ਮਤਾ ਪੇਸ਼ ਕਰਦਿਆਂ ਕਿਹਾ ਕਿ ਉਸ ਨੇ ਕੇਂਦਰੀ ਮੰਤਰੀ ਦੇ ਹੱਥੋਂ ਕਾਗਜ਼ ਖੋਹ ਕੇ ਪਾੜੇ ਅਤੇ ਉਸ ਦੇ ਟੁੱਕੜਿਆਂ ਨੂੰ ਚੇਅਰਮੈਨ ਦੇ ਆਸਣ ਵੱਲ ਉਛਾਲਿਆ ਜਿਸ ਨਾਲ ਸਦਨ ਦਾ ਅਪਮਾਨ ਹੋਇਆ ਹੈ। ਟੀਐੱਮਸੀ ਮੈਂਬਰ ਦੇ ਮਾੜੇ ਵਤੀਰੇ ਲਈ ਉਨ੍ਹਾਂ ਨੂੰ ਸਦਨ ’ਚੋਂ ਮੁਅੱਤਲ ਕੀਤਾ ਜਾਵੇ। ਜਦੋਂ ਸੈਨ ਨੂੰ ਸਦਨ ’ਚੋਂ ਮੁਅੱਤਲ ਕਰ ਦਿੱਤਾ ਗਿਆ ਤਾਂ ਟੀਐੱਮਸੀ ਸਮੇਤ ਹੋਰ ਮੈਂਬਰਾਂ ਨੇ ਜ਼ੋਰਦਾਰ ਹੰਗਾਮਾ ਕੀਤਾ ਜਿਸ ਕਾਰਨ ਚੇਅਰਮੈਨ ਨੇ ਸਦਨ ਦੀ ਕਾਰਵਾਈ ਮੁਅੱਤਲ ਕਰ ਦਿੱਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly