ਪਿੰਡ ਧੁਦਿਆਲ ‘ਚ ਧੂਮਧਾਮ ਨਾਲ ਮਨਾਇਆ ਗਿਆ “ਤੀਆਂ ਦਾ ਮੇਲਾ”

ਆਉਂਦੇ ਵਰ੍ਹੇ ਲਈ ਇਹ ਤੀਆਂ ਦਾ ਮੇਲਾ ਕਈ ਖੱਟੀਆਂ ਮਿੱਠੀਆਂ ਯਾਦਾਂ ਛੱਡਦਾ ਸਫਲਤਾਪੂਰਵਕ ਸੰਪੰਨ ਹੋ ਗਿਆ । ਅੰਤ ਵਿਚ ਸਾਰਿਆਂ ਨੂੰ ਛੋਲੇ ਪੂਰੀਆਂ ਦਾ ਲੰਗਰ ਛਕਾਇਆ ਗਿਆ ।

ਜਲੰਧਰ, (ਕੁਲਦੀਪ ਚੁੰਬਰ) (ਸਮਾਜ ਵੀਕਲੀ)- ਜਲੰਧਰ ਜ਼ਿਲ੍ਹੇ ਦੇ ਸ਼ਹਿਰ ਆਦਮਪੁਰ ਨੇੜਲੇ ਪਿੰਡ ਧੁਦਿਆਲ ਵਿਖੇ “ਤੀਆਂ ਦਾ ਮੇਲਾ” ਸਮੂਹ ਨਗਰ ਦੀਆਂ ਔਰਤਾਂ, ਲੜਕੀਆਂ ਅਤੇ ਬੱਚੀਆਂ ਵਲੋਂ ਧੂਮਧਾਮ ਨਾਲ ਮਨਾਇਆ ਗਿਆ ।ਅਚਾਨਕ ਮੀਂਹ ਪੈਣ ਨਾਲ ਭਾਵੇਂ ਪ੍ਰੋਗਰਾਮ ਵਿੱਚ ਥੋੜ੍ਹਾ ਸਮਾਂ ਵਿਘਨ ਪਿਆ, ਪਰ ਬਾਅਦ ਦੁਪਹਿਰ ਇਹ ਪ੍ਰੋਗਰਾਮ ਆਪਣੇ ਸੱਭਿਆਚਾਰਕ ਰੰਗਾਂ ਦੀ ਖੂਬਸੂਰਤੀ ਨੂੰ ਲੈ ਕੇ ਸਿਖਰਾਂ ਛੋਹ ਗਿਆ । ਇਸ ਤੀਆਂ ਅਤੇ ਧੀਆਂ ਦੇ ਮੇਲੇ ਵਿਚ ਪਿੰਡ ਦੀਆਂ ਸਮੁੱਚੀਆਂ ਔਰਤਾਂ ,ਨਣਾਨਾਂ ਭਰਜਾਈਆਂ ਨੇ ਪਿੜ ਵਿੱਚ ਖੁੱਲ੍ਹ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ । ਇਸ ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ ਤੇ ਪੰਜਾਬੀ ਸੱਭਿਆਚਾਰ ਦੀਆਂ ਵੱਖ ਵੱਖ ਵੰਨਗੀਆਂ ਪੇਸ਼ ਕੀਤੀਆਂ ਗਈਆਂ ਵਿਰਸੇ ਵਿੱਚੋਂ ਅਲੋਪ ਹੋ ਰਹੀਆਂ ਚੀਜ਼ਾਂ ਚਰਖੇ , ਮਧਾਣੀਆਂ , ਚਾਟੀਆਂ, ਦੁੱਧ ਰਿੜਕਣੀ ਸਮੇਤ ਹੋਰ ਕਈ ਸਾਜ਼ੋ ਸਾਮਾਨ ਦਾ ਵੀ ਪ੍ਰਦਰਸ਼ਨ ਕੀਤਾ ਗਿਆ ।

ਪਿੰਡ ਦੀ ਹਮ ਮੋਹਤਬਰ ਬੀਬੀਆਂ ਨੇ ਸਮਾਗਮ ਨੂੰ ਸਫਲ ਬਣਾਉਣ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ । ਇਸ ਮੌਕੇ ਮੁਟਿਆਰਾਂ ਵਲੋਂ ਰਲ ਕੇ ਨਣਦਾਂ ਭਰਜਾਈਆਂ ਨਾਲ ਗਿੱਧੇ ਦਾ ਪ੍ਰਦਰਸ਼ਨ ਕੀਤਾ ਗਿਆ । ਛੋਟੀਆਂ ਬੱਚੀਆਂ ਨੇ ਵੀ ਆਪਣੀ ਕਲਾ ਦਾ ਇਜ਼ਹਾਰ ਕਰਦਿਆਂ ਵੱਖ ਵੱਖ ਡਾਂਸ ਗੀਤਾਂ ਤੇ ਭੰਗੜਾ ਗਿੱਧਾ ਪਾਇਆ । ਤੀਆਂ ਅਤੇ ਧੀਆਂ ਨਾਲ ਸਬੰਧਤ ਲੋਕ ਬੋਲੀਆਂ ਦੀ ਸਮਾਗਮ ਵਿੱਚ ਭਾਗ ਲੈਣ ਵਾਲੀਆਂ ਮੁਟਿਆਰਾਂ ਨੇ ਛਹਿਬਰ ਲਾਈ ਰੱਖੀ । ਅੰਤ ਵਿਚ ਪ੍ਰਬੰਧ ਕਾਰੀਆਂ ਨੇ ਇਸ ਪ੍ਰੋਗਰਾਮ ਨੂੰ ਸਹਿਯੋਗ ਕਰਨ ਵਾਲੀਆਂ ਸਾਰੀਆਂ ਹੀ ਪਿੰਡ ਦੀਆਂ ਬੀਬੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਅੱਗੇ ਤੋਂ ਵੀ ਇਸ ਪ੍ਰੋਗਰਾਮ ਲਗਾਤਾਰ ਹਰ ਸਾਲ ਕਰਾਉਣ ਦਾ ਸੰਕਲਪ ਲਿਆ ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਰਤ ਮੰਡੀ ‘ਚ ਬੱਚਿਆਂ ਦਾ ਸ਼ੋਸ਼ਣ
Next articleਡੇਰਾ ਇੰਦਰਪੁਰੀ ਸ਼ਾਮ ਚੁਰਾਸੀ ‘ਚ ਬ੍ਰਹਮਲੀਨ ਸੰਤ ਸੀਤਲ ਦਾਸ ਜੀ ਦਾ ਮਨਾਇਆ ਗਿਆ ਬਰਸੀ ਸਮਾਗਮ