(ਸਮਾਜ ਵੀਕਲੀ)
ਅੱਜ ਕੱਲ ਸਭ ਬਨਾਉਟੀ ਹਾਸੇ,
ਅੰਦਰੋਂ ਪਏ ਨੇ ਸਭ ਉਦਾਸੇ।
ਫ਼ੋਨ ਪਿਛੇ ਹੈ ਸਭ ਸੰਸਾਰ,
ਜ਼ਮਾਨਾ ਬਦਲ ਗਿਆ,
ਕਿਥੋਂ ਭਾਲਦਾ ਪਿਆਰ।
ਖ਼ੂਹ ਦੀ ਮੌਣ ਹਲਟ ਤੇ ਕੁੱਤਾ,
ਜਾਣੇ ਅੱਜ ਕੱਲ ਇੱਕਾ-ਦੁੱਕਾ।
ਘਗਰਿਆਂ ਦੀ ਥਾਂ ਸਕਰਟ ਲੈ ਲਈ,
ਦੱਸਣਾ ਹੋਇਆ ਦੁਸ਼ਵਾਰ——–
ਲੱਤ ‘ਚ ਲੱਤ ਪਾ ਕੇ ਨੱਚਣਾ,
ਡੀ. ਟੀ.ਖਾਨਾ ਵਾਹ ਕੇ ਟੱਪਣਾ।
ਦਾਈਆ-ਦੁਕੜੇ,ਘੋੜ ਕਬੱਡੀ,
ਸਭ ਗਏ ਉਡਾਰੀ ਮਾਰ—–
ਕੁੜੀਆਂ ਨੇ ਹੈ ਵਾਲ ਕਟਾਏ,
ਫੈਸ਼ਨ ਸ਼ੋ ਦੇ ਭਾਗ ਜਗਾਏ।
ਪੰਜਾਬੀ ਸੂਟ ਪਾਉਣਾ ਛੱਡ ਕੇ,
ਜ਼ੀਨ ਭੁਲਾਤੀ ਸਲਵਾਰ—–
ਮੁੰਡੇ ਕੰਨ ਪੜਾ ਰਾਂਝੇ ਬਣਦੇ,
ਚਿੱਟਾ ਖਾ ਕੇ ਸੀਨਾ ਤਣਦੇ।
ਮਾਰ ਧਾੜ ਦੇ ਗੀਤਾਂ ਨੇ,
ਭੁਲਾਤਾ ਪੰਜਾਬੀ ਸੱਭਿਆਚਾਰ——
ਦੇਸ਼ ਪਿਆਰ ਮਨ ‘ਚੋਂ ਕੱਢਿਆ,
ਬਿਰਧ ਆਸ਼ਰਮੀ ਮਾਂ ਪਿਓ ਛੱਡਿਆ।
ਖਾਣ ਪੀਣ ਬਸ ਹੋਵੇ ਖੁੱਲਾ,
ਤੇ ਕੰਮ ਕਾਰ ਤੋਂ ਇਨਕਾਰ।
ਜ਼ਮਾਨਾ ਬਦਲ ਗਿਆ,
‘ਪੱਤੋ’ਕਿਥੋਂ ਭਾਲਦਾ ਪਿਆਰ।
( ਪ੍ਰਸ਼ੋਤਮ ਪੱਤੋ, ਮੋਗਾ)