ਜਾਲੌਨ (ਸਮਾਜ ਵੀਕਲੀ): ਏਆਈਐੱਮਆਈਐੱਮ ਦੇ ਮੁਖੀ ਅਸਦ-ਉਦ-ਦੀਨ ਓਵਾਇਸੀ ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਲੋਕਾਂ ਲਈ ਭਾਜਪਾ ਅਤੇ ਸਮਾਜਵਾਦੀ ਪਾਰਟੀ ਨੂੰ ਚੋਣਾਂ ’ਚ ‘ਤਲਾਕ, ਤਲਾਕ, ਤਲਾਕ’ ਆਖਣ ਦਾ ਸਮਾਂ ਆ ਗਿਆ ਹੈ। ਜਾਲੌਨ ਜ਼ਿਲ੍ਹੇ ਦੇ ਮਾਧੋਗੜ੍ਹ ਵਿਧਾਨ ਸਭਾ ਹਲਕੇ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਹੈਦਰਾਬਾਦ ਦੇ ਸੰਸਦ ਮੈਂਬਰ ਨੇ ਕਿਹਾ ਕਿ ਭਾਜਪਾ ਅਤੇ ਸਮਾਜਵਾਦੀ ਇਕੋ ਥੈਲੀ ਦੇ ਚੱਟੇ-ਵੱਟੇ ਹਨ। ‘ਅਖਿਲੇਸ਼ ਯਾਦਵ ਅਤੇ ਯੋਗੀ ਆਦਿੱਤਿਆਨਾਥ ਭਰਾਵਾਂ ਵਰਗੇ ਹਨ ਜੋ ਵਿਛੜ ਗਏ ਸਨ। ਦੋਹਾਂ ਦੀ ਮਾਨਸਿਕਤਾ ਇਕੋ ਜਿਹੀ ਹੈ। ਦੋਵੇਂ ਜ਼ੁਲਮੀ ਅਤੇ ਹੰਕਾਰੀ ਹਨ। ਉਹ ਆਪਣੇ ਆਪ ਨੂੰ ਆਗੂ ਨਹੀਂ ਬਾਦਸ਼ਾਹ ਸਮਝਦੇ ਹਨ।’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਮੋਦੀ ਤੀਹਰੇ ਤਲਾਕ ਬਾਰੇ ਗੱਲ ਕਰਦਾ ਹੈ ਪਰ ਇਸ ਵਾਰ ਲੋਕ ਭਾਜਪਾ ਅਤੇ ਸਮਾਜਵਾਦੀ ਪਾਰਟੀ ਨੂੰ ਤਲਾਕ ਦੇ ਦੇਣਗੇ ਅਤੇ ਇਸ ਨਾਲ ਉਨ੍ਹਾਂ ਦੀ ਕਹਾਣੀ ਖ਼ਤਮ ਹੋ ਜਾਵੇਗੀ। ਭਾਗੀਦਾਰੀ ਪਰਿਵਰਤਨ ਮੋਰਚਾ ਦੇ ਉਮੀਦਵਾਰ ਲਈ ਪ੍ਰਚਾਰ ਕਰਦਿਆਂ ਉਨ੍ਹਾਂ ਕਿਹਾ,‘‘ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਆਪਣੇ ਆਪ ਨੂੰ ਦਿੱਲੀ ’ਚ ਬੈਠੇ ਸੁਲਤਾਨ ਦਾ ਵਜ਼ੀਰ ਸਮਝਦਾ ਹੈ। ਸਿਆਸਤ ’ਚ ਜਿਹੜਾ ਵਿਅਕਤੀ ਸੁਲਤਾਨ ਬਣ ਜਾਵੇ, ਉਸ ਨੂੰ ਹਟਾਇਆ ਜਾਣਾ ਚਾਹੀਦਾ ਹੈ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly