ਜਿਵੇਂ ਹੀ ਮੈਂ ਸਕੂਲ ਦੇ ਅੰਦਰ ਕਦਮ ਰੱਖਿਆ, ਮੈਨੂੰ ਉਹ ਪੁਰਾਣੇ ਦਿਨ ਯਾਦ ਆ ਗਏ ਜਦੋਂ ਮੈਂ ਵੀ ਹਰ ਸਵੇਰ ਸਕੂਲੀ ਬੈਗ ਮੋਢੇ ‘ਤੇ ਟੰਗ ਕੇ ਮਸਤੀ ਦੀਆਂ ਲਹਿਰਾਂ ਵਿੱਚ ਇੱਥੇ ਆਉਂਦਾ ਸੀ।
(ਸਮਾਜ ਵੀਕਲੀ) ਉਹ ਦਿਨ ਮੇਰੇ ਲਈ ਬੇਹੱਦ ਖ਼ਾਸ ਰਿਹਾ, ਜਦੋਂ ਮੈਨੂੰ 30 ਸਾਲਾਂ ਬਾਅਦ ਆਪਣੇ ਸਕੂਲ ਦੇ ਦਰਵਾਜ਼ਿਆਂ ਵਿੱਚੋਂ ਲੰਘਣ ਦਾ ਮੌਕਾ ਮਿਲਿਆ। ਜਿੱਥੇ ਦੀ ਵਾਪਸੀ ਮੇਰੇ ਲਈ ਇੱਕ ਯਾਤਰਾ ਵਰਗਾ ਅਹਿਸਾਸ ਸੀ, ਸਕੂਲ ਦਾ ਹਰ ਕੋਨਾ ਮੇਰੇ ਬਚਪਨ ਦੀਆਂ ਮਿੱਠੀਆਂ ਯਾਦਾਂ ਨਾਲ ਜੁੜਿਆ ਹੋਇਆ ਸੀ। ਮੇਰਾ ਸਕੂਲ ਜਲੰਧਰ ਸ਼ਹਿਰ ਦੇ ਸੋਡਲ ਰੋੜ ਤੇ ਸਥਿੱਤ ਦੇਵੀ ਸਹਾਏ ਸਨਾਤਨ ਧਰਮ ਸੀਨੀਅਰ ਸੈਕੰਡਰੀ ਸਕੂਲ, ਜਿਸ ਨੂੰ ਅਸੀਂ ਲਾਈਨਾਂ ਵਾਲਾ ਸਕੂਲ ਵੀ ਕਹਿੰਦੇ ਸੀ। ਉਹ ਇਸ ਲਈ, ਸਕੂਲ ਦੇ ਨਾਲ ਹੀ ਫਿਰੋਜ਼ਪੁਰ ਅਤੇ ਅੰਮ੍ਰਿਤਸਰ ਰੂਟ ਦੀਆਂ ਰੇਲਵੇ ਲਾਈਨਾਂ ਸੀ। ਜਿਵੇਂ ਹੀ ਮੈਂ ਸਕੂਲ ਦੇ ਅੰਦਰ ਕਦਮ ਰੱਖਿਆ, ਮੈਨੂੰ ਉਹ ਪੁਰਾਣੇ ਦਿਨ ਯਾਦ ਆ ਗਏ ਜਦੋਂ ਮੈਂ ਵੀ ਹਰ ਸਵੇਰ ਸਕੂਲੀ ਬੈਗ ਮੋਢੇ ‘ਤੇ ਟੰਗ ਕੇ ਮਸਤੀ ਦੀਆਂ ਲਹਿਰਾਂ ਵਿੱਚ ਇੱਥੇ ਆਉਂਦਾ ਸੀ।
ਸਕੂਲ ਵਿੱਚ ਕਦਮ ਰੱਖਣ ਨਾਲ, ਮੇਰੀਆਂ ਅੱਖਾਂ ਵਿੱਚ ਉਹ ਦਿਨ ਵਾਪਸ ਜੀ ਉੱਠੇ ਜਦੋਂ ਦੋਸਤਾਂ ਨਾਲ ਹਾਸੇ-ਮਜ਼ਾਕ, ਸ਼ਰਾਰਤਾਂ,ਹੱਸਦੇ,ਖੇਡਦੇ,ਅਤੇ ਬੇਫਿਕਰਾਂ ਦੀ ਤਰ੍ਹਾਂ ਜ਼ਿੰਦਗ਼ੀ ਦੇ ਹਰੇਕ ਪਲ ਦਾ ਆਨੰਦ ਮਾਣਦੇ ਸੀ, ਚਾਹੇ ਉਹ ਸਕੂਲ ਤੋਂ ਇੱਕਠੀਆਂ ਛੁੱਟੀ ਕਰਨ ਦਾ ਹੋਵੇ ਜਾਂ ਫੇਰ ਟੀਚਰ ਕੋਲੋ ਇੱਕਠੀਆਂ ਹੀ ਝਿੜਕਾਂ ਖਾਣ ਦਾ ਹੋਵੇ।
ਅਧਿਆਪਕਾਂ ਨਾਲ ਸਾਡੇ ਰਿਸ਼ਤੇ ਵੀ ਬੇਹੱਦ ਮਿੱਠੇ ਸਨ। ਕੁੱਟ ਵੀ ਪੈਂਦੀ ਸੀ, ਪਰ ਉਹ ਸਿਰਫ ਸਾਨੂੰ ਸੰਵਾਰਨ ਲਈ ਹੁੰਦੀ ਸੀ। ਅੱਜ ਦੇ ਵਿਦਿਆਰਥੀਆਂ ਵਾਂਗ ਅਸੀਂ ਕਦੇ ਮਾਸਟਰਾਂ ਨਾਲ ਦਿਲੋ ਦੂਰੀ ਨਹੀਂ ਬਣਾਉਂਦੇ ਸੀ, ਕਿਉਂਕਿ ਸਾਡੇ ਦਿਲਾਂ ਵਿੱਚ ਉਨ੍ਹਾਂ ਦੇ ਲਈ ਬੇਹੱਦ ਆਦਰ ਅਤੇ ਸਤਿਕਾਰ ਸੀ। ਮਾਸਟਰਾਂ ਦੀ ਸਖ਼ਤੀ ਵਿੱਚ ਵੀ ਪਿਆਰ ਸੀ, ਜੋ ਅਸੀਂ ਅਜਿਹੇ ਵੇਲੇ ਮਹਿਸੂਸ ਕਰਦੇ ਹਾਂ ਜਦੋਂ ਉਹ ਪਿਆਰ ਤਸੱਲੀ ਦੇ ਰੂਪ ਵਿੱਚ ਸਾਡੇ ਅੰਦਰ ਵਸ ਜਾਂਦਾ ਹੈ।
ਇਹ ਸਭ ਯਾਦਾਂ ਓਦੋਂ ਵਾਪਸ ਆਈਆਂ ਜਦੋਂ ਮੈਂ ਉਹਨਾਂ ਕਮਰਿਆਂ ਵਿੱਚ ਕਦਮ ਰੱਖਿਆ, ਜਿੱਥੇ ਕਦੇ ਸਿੱਖਿਆ ਪ੍ਰਾਪਤ ਕੀਤੀ ਸੀ। ਮੈਨੂੰ ਆਪਣੇ ਅਧਿਆਪਕ, ਜਿਵੇਂ ਜੋਸ਼ੀ ਸਰ, ਗਿਆਨ ਚੰਦ ਸਰ,ਸ਼ਾਸਤਰੀ ਸਰ , ਚੌਧਰੀ ਸਰ, ਸੋਮਰਾਜ ਸਰ, ਵਿਮੱਲ ਦੇਵ ਸਰ, ਚਮਨ ਲਾਲ ਸਰ, ਰਾਜ ਕਿਸ਼ੋਰ ਸਰ,ਅਪੋਲੋ ਸਰ, ਰੰਧਾਵਾ ਸਰ , ਪੀ ਟੀ ਸਰ ਤੋ ਇਲਾਵਾ ਸੀਮਾ,ਅਨੀਤਾ,ਸ਼ੀਲਾ,ਸ਼ਕੁੰਤਲਾ ਅਤੇ ਬਿਮਲਾ ਮੈਡਮ, ਦੀਆਂ ਕਹੀਆਂ ਗੱਲਾਂ ਅਤੇ ਸਿੱਖਿਆ ਦੇ ਅਨਮੋਲ ਮੋਤੀ ਇੱਕ ਵਾਰ ਫੇਰ ਯਾਦ ਆਏ। ਉਹ ਸਾਨੂੰ ਸਿਰਫ ਕਿਤਾਬੀ ਗਿਆਨ ਨਹੀਂ ਦਿੰਦੇ ਸਨ, ਬਲਕਿ ਜਿੰਦਗੀ ਦੀਆਂ ਬੇਸ਼ਕੀਮਤੀ ਸਿਖਲਾਈਆਂ ਵੀ ਦਿੰਦੇ ਸਨ। ਇਹ ਉਹ ਪਾਤਰ ਸਨ, ਜਿਨ੍ਹਾਂ ਨੇ ਸਾਡੇ ਚਰਿੱਤਰ ‘ਚ ਨਿਖਾਰ ਲਿਆਂਦਾ ਅਤੇ ਸਾਨੂੰ ਸਹੀ ਦਿਸ਼ਾ ਵੱਲ ਤੋਰਿਆ।
ਸਕੂਲ ਦੀਆਂ ਯਾਦਾਂ ਵਿੱਚ ਅਸੀਂ ਕੰਟੀਨ ਵਿੱਚੋਂ ਖਾਦੀਆਂ ਗਈਆਂ ਪਰਦੇਸੀ ਦੀਆਂ ਬੰਦ ਟਿੱਕੀਆਂ ਅਤੇ ਗਚਕ ਨੂੰ ਕਿਵੇਂ ਭੁੱਲ ਸਕਦੇ ਹਾਂ। ਉਹ ਖਾਸ ਸਵਾਦ, ਜੋ ਅੱਜ ਵੀ ਦਿਲ ਵਿੱਚ ਵੱਸਿਆ ਹੋਇਆ ਹੈ, ਦੁਬਾਰਾ ਕਦੇ ਵੀ ਨਹੀਂ ਮਿਲਿਆ। ਉਹ ਦਿਨ ਸਾਨੂੰ ਸਿੱਖਾਉਂਦੇ ਸਨ ਕਿ ਛੋਟੀਆਂ ਛੋਟੀਆਂ ਖੁਸ਼ੀਆਂ ਲਈ ਕਿਸੇ ਵੱਡੀ ਦੌਲਤ ਦੀ ਲੋੜ ਨਹੀਂ ਹੁੰਦੀ।
ਸਕੂਲ ਸਿਰਫ ਪੜਨ ਦੀ ਜਗ੍ਹਾ ਹੀ ਨਹੀਂ ਸੀ, ਇਹ ਸਾਨੂੰ ਜਿੰਦਗੀ ਦੇ ਸੱਚੇ ਸਬਕ ਨੂੰ ਸਿੱਖਾਉਣ ਵਾਲਾ ਇੱਕ ਮੰਦਿਰ ਵੀ ਸੀ। ਜਿਥੇ ਸਾਨੂੰ ਦੋਸਤਾਂ ਦੀ ਅਸਲ ਪਛਾਣ, ਅਧਿਆਪਕਾਂ ਦੀ ਇੱਜ਼ਤ ਕਰਨੀ ਅਤੇ ਇਕ ਆਦਰਸ਼ ਮਨੁੱਖ ਬਣਨ ਦਾ ਰਸਤਾ ਸਮਝਾਇਆ ਗਿਆ। ਅੱਜ, ਜਦੋਂ ਮੈਂ ਉਸ ਜਗ੍ਹਾ ‘ਤੇ ਮੁੜ ਗਿਆ, ਮੈਂ ਮਹਿਸੂਸ ਕੀਤਾ ਕਿ ਇਹ ਸਿਰਫ ਮੇਰੀ ਪਛਾਣ ਦੀ ਹੀ ਜਗ੍ਹਾ ਨਹੀਂ, ਬਲਕਿ ਜਿੰਦਗੀ ਦੇ ਅਸਲੀ ਸਬਕਾਂ ਦੀ ਅਹਿਮੀਅਤ ਸਮਝਾਉਣ ਵਾਲਾ ਕੇਂਦਰ ਬਿੰਦੂ ਵੀ ਸੀ।
ਜਿਵੇਂ ਜਿਵੇਂ ਮੈਂ ਇੱਥੇ ਅੱਗੇ ਵਧਦਾ ਗਿਆ, ਹਰ ਕੋਨਾ, ਹਰ ਕਮਰਾ, ਹਰ ਜਗ੍ਹਾ ਇੱਕ ਪੁਰਾਣੀ ਕਹਾਣੀ ਦੱਸਦਾ ਰਿਹਾ। ਇਹ ਉਹ ਯਾਦਾਂ ਸਨ ਜਿੰਨ੍ਹਾ ਨੂੰ ਮੈ ਵਿਰਾਸਤ ਵਾਂਗੂ ਸਾਂਭੀ ਬੈਠਾ ਸੀ।
ਸਮੇਂ ਦੀ ਪਕੜ ਵਿੱਚ, ਅਸੀਂ ਅਕਸਰ ਇਹ ਨਹੀਂ ਸਮਝਦੇ ਕਿ ਜਿਹੜਾ ਵਕਤ ਅਸੀਂ ਬਿਤਾ ਰਹੇ ਹਾਂ, ਉਹ ਅਸਲ ਵਿੱਚ ਕਿੰਨਾ ਖਾਸ ਹੈ। ਜਦੋਂ ਉਹ ਦੌਰ ਚਲਾ ਜਾਂਦਾ ਹੈ, ਤਦ ਉਹ ਪਲ ਸੋਨੇ ਵਰਗਾ ਕੀਮਤੀ ਲੱਗਦਾ ਹੈ ਪਰ ਨਾ ਤੇ ਉਹ ਦਿਨ ਵਾਪਿਸ ਆਉਂਦੇ ਹਨ, ਨਾ ਹੀ ਸਾਨੂੰ ਉਹ ਅਧਿਆਪਕ ਮਿਲਦੇ ਹਨ ਅਤੇ ਨਾ ਹੀ ਉਹ ਮਿੱਤਰ ਪਿਆਰੇ। ਜਿੰਨ੍ਹਾਂ ਦੀ ਭੂਮਿਕਾ ਸਾਡੀ ਜ਼ਿੰਦਗ਼ੀ ‘ਚ ਬਹੁਤ ਵੱਡੀ ਹੁੰਦੀ ਹੈ। ਸਕੂਲ ਦੇ ਪੁਸਤਕ ਘਰ ‘ਚ ਖੜਾ ਮੈਂ ਆਪਣੇ ਬੀਤੇ ਦਿਨਾਂ ਨੂੰ ਯਾਦ ਕਰਦੇ ਹੋਏ ਸੋਚ ਰਿਹਾ ਸੀ, ਕਾਸ਼! ਉਹ ਦਿਨ ਇੱਕ ਵਾਰ ਫੇਰ ਮੁੜ ਆਉਣ।
ਬਲਦੇਵ ਸਿੰਘ ਬੇਦੀ
ਜਲੰਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly