(ਸਮਾਜ ਵੀਕਲੀ)
ਸਮਾਂ ਨਿੱਤ ਬਦਲ ਰਿਹਾ ਹੈ,
ਸਮੇਂ ਦੇ ਨਾਲ਼ ਚੱਲ।
ਆਪਣੀ ਤੋਰ ਤੇਜ਼ ਕਰ,
ਫ਼ੇਰ ਚਾਹੇ ਆਸਮਾਂ ਨੂੰ ਮੱਲ।
ਸਮੇਂ ਦੇ ਨਾਲ਼…
ਕੰਡਿਆਂ ਨੂੰ ਚੁਗਣਾ ਔਖਾ,
ਇਹਨਾਂ ਤੇ ਤੁਰਨਾ ਸਿੱਖ ਲੈ।
ਲਹੂ ਲੁਹਾਣ ਭਾਵੇਂ ਹੋ ਜਾਵੇਂ,
ਮੰਜ਼ਿਲ ਤੇ ਪਹੁੰਚਣਾ ਮਿੱਥ ਲੈ।
ਜਿਹੜੀ ਅੱਗੇ ਵਧਣ ਤੋਂ ਰੋਕਦੀ,
ਮੁਸ਼ਕਿਲ ਦਾ ਲੱਭ ਹੱਲ।
ਸਮੇਂ ਦੇ ਨਾਲ਼….
ਸਾਥੀ ਅੱਗੇ ਜੇ ਵੱਧ ਗਏ,
ਪਿੱਛੇ ਰੜਕਦਾ ਰਹਿ ਜਾਵੇਂਗਾ।
ਜਿੱਤਾਂ ਦੇ ਭੁੱਲ ਕੇ ਸਰਨਾਵੇਂ,
ਹੋ ਕੇ ਨਿਰਾਸ਼ ਬਹਿ ਜਾਵੇਂਗਾ।
ਫਿਰ ਕੁਵੇਲੇ ਦੀਆਂ ਟੱਕਰਾਂ,
ਤੇ ਅੱਜ ਦਾ ਕੰਮ ਕੱਲ੍ਹ।
ਸਮੇਂ ਦੇ ਨਾਲ਼….
ਹੁੰਦਾ ਮਨ ਨੂੰ ਬੱਸ ਜਿੱਤਣਾ,
ਇੱਕ ਵਾਰ ਜਿੱਤ ਲਿਆ ਜੇ।
ਕਦੇ ਰੁਲਦਾ ਨਾ ਫਿਰੇਂਗਾ,
ਸਮੇਂ ਨੂੰ ਬਣਾ ਮਿੱਤ ਲਿਆ ਜੇ।
ਮੂਹਰੇ ਸੁੱਖ ਉਡੀਕੇ ਸੱਜਣਾਂ,
ਥੋੜ੍ਹਾ ਜਿਹਾ ਦੁੱਖ ਤੂੰ ਝੱਲ।
ਸਮੇਂ ਦੇ ਨਾਲ਼…
ਇਹ ਸਮਾਂ ਬੜਾ ਤਾਕਤਵਰ,
ਏਸੇ ਨਾਲ਼ ਯਾਰੀ ਲਾ ਲੈ।
ਇਹਨੇ ਕਾਮਯਾਬ ਕਰ ਦੇਣਾ,
ਕਦਮਾਂ ਨਾਲ ਕਦਮ ਮਿਲਾ ਲੈ।
ਇਹਦੇ ਨਾਲੋਂ ਪੱਛੜ ਜਾਵੀਂ ਨਾ,
‘ਮਨਜੀਤ’ ਦੀ ਮੰਨ ਲੈ ਗੱਲ।
ਸਮੇਂ ਦੇ ਨਾਲ਼….
ਮਨਜੀਤ ਕੌਰ ਧੀਮਾਨ, ਸ਼ੇਰਪੁਰ, ਲੁਧਿਆਣਾ। ਸੰ:9464633059