ਨਵੀਂ ਦਿੱਲੀ (ਸਮਾਜ ਵੀਕਲੀ): ‘ਅਪਰੇਸ਼ਨ ਗੰਗਾ’ ਤਹਿਤ ਯੂਕਰੇਨ ’ਚ ਫਸੇ 688 ਹੋਰ ਭਾਰਤੀ ਨਾਗਰਿਕਾਂ ਨੂੰ ਲੈ ਕੇ ਏਅਰ ਇੰਡੀਆ ਦੀਆਂ ਤਿੰਨ ਵਿਸ਼ੇਸ਼ ਉਡਾਣਾਂ ਐਤਵਾਰ ਦਿੱਲੀ ਹਵਾਈ ਅੱਡੇ ’ਤੇ ਪਹੁੰਚੀਆਂ। ਇਹ ਉਡਾਣਾਂ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ ਅਤੇ ਹੰਗਰੀ ਦੀ ਰਾਜਧਾਨੀ ਬੁਡਾਪੈਸਟ ਤੋਂ ਆਈਆਂ ਹਨ। ਭਾਰਤ ਨੇ ਸ਼ਨਿਚਰਵਾਰ ਨੂੰ ਯੂਕਰੇਨ ’ਚੋਂ ਆਪਣੇ ਨਾਗਰਿਕਾਂ ਨੂੰ ਕੱਢਣਾ ਸ਼ੁਰੂ ਕੀਤਾ ਸੀ ਅਤੇ ਪਹਿਲੀ ਉਡਾਣ ਏਆਈ-1944 ਕੱਲ ਸ਼ਾਮ 219 ਲੋਕਾਂ ਨੂੰ ਬੁਖਾਰੈਸਟ ਤੋਂ ਲੈ ਕੇ ਮੁੰਬਈ ਪਹੁੰਚੀ ਸੀ। ਹੁਣ ਤੱਕ 907 ਭਾਰਤੀਆਂ ਨੂੰ ਯੂਕਰੇਨ ’ਚੋਂ ਕੱਢਿਆ ਜਾ ਚੁੱਕਾ ਹੈ। ਸਰਕਾਰ ਵੱਲੋਂ ਨਾਗਰਿਕਾਂ ਨੂੰ ਬਚਾਉਣ ਲਈ ਸ਼ੁਰੂ ਕੀਤੀਆਂ ਗਈਆਂ ਉਡਾਣਾਂ ਦੇ ਪੈਸੇ ਨਹੀਂ ਲਏ ਜਾ ਰਹੇ ਹਨ।ਬੁਖਾਰੈਸਟ ਤੋਂ ਰਵਾਨਾ ਹੋਇਆ ਦੂਜਾ ਜਹਾਜ਼ ਢਾਈ ਸੌ ਭਾਰਤੀ ਨਾਗਰਿਕਾਂ ਨੂੰ ਲੈ ਕੇ ਐਤਵਾਰ ਵੱਡੇ ਤੜਕੇ ਕਰੀਬ ਪੌਣੇ ਤਿੰਨ ਵਜੇ ਦਿੱਲੀ ਹਵਾਈ ਅੱਡੇ ’ਤੇ ਪਹੁੰਚਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਏਅਰ ਇੰਡੀਆ ਦੀ ਤੀਜੀ ਉਡਾਣ 240 ਭਾਰਤੀ ਨਾਗਰਿਕਾਂ ਨਾਲ ਬੁਡਾਪੈਸਟ ਤੋਂ ਐਤਵਾਰ ਸਵੇਰੇ 9.20 ਵਜੇ ਦਿੱਲੀ ਹਵਾਈ ਅੱਡੇ ’ਤੇ ਉਤਰੀ।
ਇਸੇ ਤਰ੍ਹਾਂ ਤੀਜਾ ਜਹਾਜ਼ 198 ਨਾਗਰਿਕਾਂ ਨੂੰ ਲੈ ਕੇ ਸ਼ਾਮ 5.35 ਵਜੇ ਵਤਨ ਪਰਤਿਆ। ਬੁਲਾਰੇ ਨੇ ਕਿਹਾ ਕਿ ਐਤਵਾਰ ਨੂੰ ਬੁਖਾਰੈਸਟ ਅਤੇ ਬੁਡਾਪੈਸਟ ਲਈ ਦੋ ਹੋਰ ਜਹਾਜ਼ ਭੇਜਣ ਦੀ ਯੋਜਨਾ ਬਣਾਈ ਜਾ ਰਹੀ ਹੈ। ਅੱਜ ਸਵੇਰੇ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਦਿੱਤਿਆ ਸਿੰਧੀਆ ਨੇ ਦਿੱਲੀ ਹਵਾਈ ਅੱਡੇ ’ਤੇ ਪਹੁੰਚ ਲੋਕਾਂ ਨੂੰ ਗੁਲਾਬ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ। ਸਿੰਧੀਆ ਨੇ ਕਿਹਾ,‘‘ਮੈਂ ਜਾਣਦਾ ਹਾਂ ਕਿ ਤੁਸੀਂ ਸਾਰੇ ਬਹੁਤ ਔਖੇ ਸਮੇਂ ਵਿੱਚੋਂ ਗੁਜ਼ਰ ਰਹੇ ਹੋ। ਇਹ ਬਹੁਤ ਹੀ ਔਖਾ ਸਮਾਂ ਹੈ ਪਰ ਇਹ ਜਾਣ ਲਓ ਕਿ ਪ੍ਰਧਾਨ ਮੰਤਰੀ ਹਰ ਕਦਮ ’ਤੇ ਤੁਹਾਡੇ ਨਾਲ ਹਨ। ਭਾਰਤ ਸਰਕਾਰ ਹਰ ਸਮੇਂ ਤੁਹਾਡੇ ਨਾਲ ਹੈ। ਹਰ ਕਦਮ ’ਤੇ 130 ਕਰੋੜ ਭਾਰਤੀ ਤੁਹਾਡੇ ਨਾਲ ਹਨ।’’ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਦੇ ਸੰਪਰਕ ’ਚ ਹਨ ਅਤੇ ਭਾਰਤੀਆਂ ਦੀ ਸੁਰੱਖਿਅਤ ਵਤਨ ਵਾਪਸੀ ਦੇ ਯਤਨ ਕੀਤੇ ਜਾ ਰਹੇ ਹਨ।
ਕੇਂਦਰੀ ਮੰਤਰੀ ਨੇ ਕਿਹਾ ਕਿ ਰੂਸੀ ਸਰਕਾਰ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਭਾਰਤ ਸਰਕਾਰ ਤਾਂ ਹੀ ਸਾਹ ਲਵੇਗੀ ਜਦੋਂ ਤੱਕ ਕਿ ਸਾਰੇ ਭਾਰਤੀ, ਯੂਕਰੇਨ ’ਚੋਂ ਨਹੀਂ ਕੱਢ ਲਏ ਜਾਂਦੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਧੀਆ ਨੇ ਕਿਹਾ ਕਿ ਯੂਕਰੇਨ ’ਚ ਅਜੇ ਵੀ ਕਰੀਬ 13 ਹਜ਼ਾਰ ਭਾਰਤੀ ਫਸੇ ਹੋਏ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly