ਤਿੰਨ ਹੋਰ ਨਿਆਸਰਿਆਂ ਲਈ ਆਸਰਾ ਬਣਿਆ ਪ੍ਰਭ ਆਸਰਾ

ਕੁਰਾਲ਼ੀ, ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): ਪਿਛਲੇ 20 ਸਾਲਾਂ ਤੋਂ ਮਾਨਸਿਕ ਤੇ ਸਰੀਰਕ ਰੋਗਾਂ ਤੋਂ ਪੀੜਤ ਬੇਸਹਾਰਾ ਨਾਗਰਿਕਾਂ ਦੇ ਇਲਾਜ, ਸਾਂਭ-ਸੰਭਾਲ ਅਤੇ ਮੁੜ-ਵਸੇਬੇ ਨੂੰ ਸਮਰਪਿਤ ਸੰਸਥਾ ਪ੍ਰਭ ਆਸਰਾ ਪਡਿਆਲਾ (ਕੁਰਾਲ਼ੀ) ਵਿਖੇ ਅਜਿਹੇ ਤਿੰਨ ਹੋਰ ਨਿਆਸਰਿਆਂ ਨੂੰ ਸ਼ਰਨ ਮਿਲੀ। ਸੰਸਥਾ ਮੁਖੀ ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਜਿੰਦਰ ਕੌਰ ਨੇ ਦੱਸਿਆ ਕਿ ਵਿਮਲ ਨਾਮਕ 35 ਕੁ ਸਾਲ ਦੀ ਬੀਬੀ ਕੁਰਾਲ਼ੀ-ਮੋਰਿੰਡਾ ਰੋਡ ‘ਤੇ ਸਥਿਤ ਠੇਕੇ ਕੋਲ਼ ਲਾਵਾਰਸ ਤੇ ਤਰਸਯੋਗ ਹਾਲਤ ਵਿੱਚ ਬੈਠੀ ਸੀ। ਜਿਸਦੀ ਸੂਚਨਾ ਕਿਸੇ ਸਮਾਜ ਦਰਦੀ ਸੱਜਣ ਨੇ ਕੰਟਰੋਲ ਰੂਮ ਨੰਬਰ 112 ‘ਤੇ ਦਿੱਤੀ। ਜਿਸ ਉੱਤੇ ਕਾਰਵਾਈ ਕਰਦਿਆਂ ਥਾਣਾ ਸਿਟੀ ਕੁਰਾਲ਼ੀ ਨੇ ਇਸਨੂੰ ਪ੍ਰਭ ਆਸਰਾ ਵਿਖੇ ਦਾਖਲ ਕਰਵਾਇਆ। ਇਸੇ ਤਰ੍ਹਾਂ ਕੁਲਵੰਤ ਸਿੰਘ (70 ਸਾਲ) ਨੂੰ ਅਜੀਤਪਾਲ ਸਿੰਘ ਕੋਹਲੀ ਐੱਮ.ਐੱਲ.ਏ. ਪਟਿਆਲਾ (ਸ਼ਹਿਰੀ) ਦੀ ਸਿਫਾਰਿਸ਼ ‘ਤੇ ਪ੍ਰਭ ਆਸਰਾ ਵਿਖੇ ਪਹੁੰਚਾਇਆ ਗਿਆ। ਜਿਨ੍ਹਾਂ ਦੀ ਮਾਨਸਿਕ ਸਿਹਤ ਠੀਕ ਨਹੀਂ ਅਤੇ ਆਪਣੇ ਪਿੰਡ ਵਿਖੇ ਇਕੱਲੇ ਹੀ ਰਹਿੰਦੇ ਸਨ। ਉਪਰੋਕਤਾਂ ਵਾਂਗ ਹੀ ਜਰਨੈਲ ਸਿੰਘ (52 ਸਾਲ) ਨੂੰ ਜਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮੋਹਾਲ਼ੀ ਅਤੇ ਪ੍ਰਧਾਨ ਨਗਰ ਕੌਂਸਲ ਕੁਰਾਲ਼ੀ ਵੱਲੋਂ ਪ੍ਰਭ ਆਸਰਾ ਵਿਖੇ ਦਾਖਲ ਕਰਨ ਦੀ ਸਿਫਾਰਸ਼ ਕੀਤੀ ਗਈ ਕਿਉਂ ਜੋ ਸੇਵਾ ਮੁਕਤ ਗਣਿਤ ਅਧਿਆਪਕ ਜਰਨੈਲ ਸਿੰਘ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ। ਮਾਤਾ-ਪਿਤਾ ਵੀ ਅਕਾਲ ਚਲਾਣਾ ਕਰ ਗਏ ਹਨ। ਇੱਕੋ-ਇੱਕ ਧੀ ਤੇ ਪੁੱਤ ਵਿੱਚੋਂ ਧੀ ਦਾ ਵਿਆਹ ਕਰ ਦਿੱਤਾ ਪਰ ਪੁੱਤ ਮਾੜੀ ਸੰਗਤ ਦਾ ਸ਼ਿਕਾਰ ਹੋ ਗਿਆ ਅਤੇ ਹੁਣ ਜੇਲ੍ਹ ਵਿੱਚ ਹੈ। ਹੁਣ ਘਰ ਵਿੱਚ ਇਹ ਇਕੱਲੇ ਹੀ ਰਹਿੰਦੇ ਸਨ। ਪਿੰਡ ਦਾ ਇੱਕ ਬੰਦਾ ਇਨ੍ਹਾਂ ਦੀ ਦੇਖ-ਭਾਲ਼ ਕਰਦਾ ਸੀ ਪਰ ਤਿੰਨ ਦਿਨਾਂ ਤੋਂ ਇਹੀ ਬੰਦਾ ਇਹਨਾਂ ਨੂੰ ਤੇ ਇਹਨਾਂ ਦੀ ਪਾਲਤੂ ਕੁੱਤੀ ਨੂੰ ਕੋਠੀ ਵਿੱਚ ਬੰਦ ਕਰਕੇ ਕਿਧਰੇ ਚਲਾ ਗਿਆ ਅਤੇ ਜਿੰਦਰੇ ਦੀ ਚਾਬੀ ਵੀ ਨਾਲ਼ ਹੀ ਲੈ ਗਿਆ। ਇੱਕ ਡੇਢ ਦਿਨ ਤਾਂ ਕਿਸੇ ਨੂੰ ਪਤਾ ਹੀ ਨਾ ਲੱਗਿਆ ਪਰ ਜਦ ਤੋਂ ਕੁੱਤੀ ਦੇ ਲਗਾਤਾਰ ਭੌਂਕਣ ਕਾਰਨ ਗਵਾਂਢੀਆਂ ਨੂੰ ਕੁੱਝ ਅਣਸੁਖਾਵਾਂ ਹੋਣ ਦਾ ਸ਼ੱਕ ਹੋਇਆ। ਇੱਕ ਗਵਾਂਢਣ ਨੇ ਭਾਈਚਾਰੇ ਦੇ ਕੁੱਝ ਮੋਹਤਬਰਾਂ ਨੂੰ ਸੱਦਿਆ। ਜਿਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਇਤਫਾਕਨ ਜਰਨੈਲ ਸਿੰਘ ਨੂੰ ਬੰਦ ਕਰਕੇ ਜਾਣ ਵਾਲ਼ਾ ਬੰਦਾ ਪੁਲਿਸ ਹਿਰਾਸਤ ਵਿੱਚ ਹੀ ਸੀ। ਜਿਸ ਤੋਂ ਚਾਬੀ ਲਿਆ ਕੇ ਪੁਲਿਸ ਨੇ ਜਿੰਦਰਾ ਖੋਲ੍ਹਿਆ। ਉਪਰੰਤ ਭਾਈਚਾਰੇ ਨੇ ਨਗਰ ਕੌਂਸਲ ਪ੍ਰਧਾਨ ਕੁਰਾਲ਼ੀ ਤੇ ਜਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮੋਹਾਲ਼ੀ ਰਾਹੀਂ ਪ੍ਰਭ ਆਸਰਾ ਨੂੰ ਸੰਪਰਕ ਕੀਤਾ। ਜਿੱਥੋਂ ਰੈਸਕਿਊ ਟੀਮ ਐਬੁਲੈਂਸ ਰਾਹੀਂ ਇਨ੍ਹਾਂ ਨੂੰ ਸੰਸਥਾ ਵਿਖੇ ਲੈ ਆਈ। ਜਿਕਰਯੋਗ ਹੈ ਕਿ ਪ੍ਰਭ ਆਸਰਾ ਹੁਣ ਤੱਕ ਇਹੋ ਜਿਹੇ ਹਜ਼ਾਰਾਂ ਹੀ ਨਾਗਰਿਕਾਂ ਨੂੰ ਪਨਾਹ ਦੇ ਚੁੱਕਿਆ ਹੈ। ਜਿਨ੍ਹਾਂ ਵਿੱਚੋਂ ਬਹੁਤਿਆਂ ਦਾ ਇਲਾਜ ਕਰਨ ਉਪਰੰਤ ਆਪਣੀ ‘ਮਿਸ਼ਨ ਮਿਲਾਪ’ ਮੁਹਿੰਮ ਤਹਿਤ ਪਤੇ ਲੱਭ ਕੇ ਪਰਿਵਾਰਾਂ ਤੱਕ ਪਹੁੰਚਾ ਦਿੱਤਾ ਗਿਆ ਹੈ ਅਤੇ ਤਕਰੀਬਨ 450 ਨਾਗਰਿਕਾਂ ਦੀ ਹੁਣ ਵੀ ਸੇਵਾ-ਸੰਭਾਲ਼ ਜਾਰੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਿਅਲਿਟੀ ਸ਼ੋ
Next articleਸ੍ਰੀ ਗੁਰੂ ਪੂਰਨਿਮਾ ਮਹਾਂਉਤਸਵ ਤੇ ਵਿਸ਼ਾਲ ਭੰਡਾਰਾ ਜਮਾਲਪੁਰ ਵਿਖੇ 21 ਨੂੰ