ਤਿੰਨ ਸ਼ਹਾਦਤਾ

23 ਮਾਰਚ ਦੇ ਸ਼ਹੀਦਾ ਨੂੰ ਸਮਰਪਿਤ

ਨੋਟ: ਸ਼ਹੀਦ ਭਗਤ ਸਿੰਘ ਜੀ ਦੀ ਸ਼ਹਾਦਤ ਵਾਰੇ ਡਾਂ ਅੰਬੇਡਕਰ ਜੀ ਦੁਆਰਾ 1931 ਵਿੱਚ ਸੰਪਾਦਿਤ ‘ਜਨਤਾ’ ਨਾਮ ਦੇ ਮਰਾਠੀ ਅਖ਼ਬਾਰ ਦੇ 13 ਅਪ੍ਰੈਲ,1931 ਦੇ ਅੰਕ ਵਿਚ ਇਹ ਇਤਿਹਾਸਕ ਸੰਪਾਦਕੀ ਛਪੀ ਸੀ।

ਨਿੰਦਰ ਮਾਈਦਿੱਤਾ

(ਸਮਾਜ ਵੀਕਲੀ) ਭਗਤ ਸਿੰਘ,ਸੁਖਦੇਵ ਅਤੇ ਰਾਜਗੁਰੂ ਨੂੰ ਆਖਰ ਫਾਂਸੀ ‘ਤੇ ਲਟਕਾ ਹੀ ਦਿੱਤਾ ਗਿਆ। ਇੰਨਾਹ ਤਿੰਨਾਂ ‘ਤੇ ਇਹ ਇਲਜ਼ਾਮ ਲੱਗਿਆ ਸੀ ਕਿ ਇੰਨਾਹ ਨੇ ਸਾਂਡਰਸ ਨਾਮਕ ਇਕ ਅੰਗ੍ਰੇਜ਼ ਪੁਲਿਸ ਅਫਸਰ ਅਤੇ ਇੱਕ ਸਿਪਾਹੀ ਚਮਨ ਸਿੰਘ (ਅਸਲ ਨਾਮ ਚੰਨਣ ਸਿੰਘ ਹੈ.ਬਾਬਾ ਸਾਹਿਬ ਨੂੰ ਨਾਮ ਵਾਰੇ ਭੁਲੇਖਾ ਲੱਗਿਆ ਹੈ) ਦਾ ਲਾਹੌਰ ਵਿਚ ਕਤਲ ਕੀਤਾ। ਇਸ ਤੋਂ ਇਲਾਵਾ ਬਨਾਰਸ ਵਿਚ ਕਿਸੇ ਪੁਲਿਸ ਅਫਸਰ ਦੇ ਕਤਲ ਦਾ ਇਲਜ਼ਾਮ,ਅਸੈਂਬਲੀ ਵਿਚ ਬੰਬ ਸੁੱਟਣ ਦਾ ਇਲਜ਼ਾਮ ਅਤੇ ਮੌਲਮਿਆਂ ਪਿੰਡ ਵਿਚ ਇੱਕ ਘਰ ‘ਚ ਡਕੈਤੀ ਕਰਕੇ ਲੁੱਟਮਾਰ ਕਰਨ ਤੇ ਮਕਾਨ ਮਾਲਕ ਨੂੰ ਮਾਰਨ ਦੇ ਤਿੰਨ-ਚਾਰ ਹੋਰ ਇਲਜ਼ਾਮ ਵੀ ਉਹਨਾਂ ‘ਤੇ ਲੱਗੇ। ਇਹਨਾਂ ਵਿਚੋਂ ਬੰਬ ਸੁੱਟਣ ਦਾ ਇਲਜ਼ਾਮ ਤਾਂ ਭਗਤ ਸਿੰਘ ਨੇ ਖ਼ੁਦ ਹੀ ਮੰਨ ਲਿਆ ਸੀ ਅਤੇ ਇਸ ਲਈ ਉਸਨੂੰ ਅਤੇ ਉਸਦੇ ਸਹਾਇਕ ਬਟੁਕੇਸ਼ਵਰ ਦੱਤ ਨੂੰ ਉਮਰ ਕੈਦ ਦੇ ਤੌਰ ‘ਤੇ ਕਾਲੇ ਪਾਣੀ ਦੀ ਸਜ਼ਾ ਸੁਣਾਈ ਗਈ। ਸਾਂਡਰਸ ਦਾ ਕਤਲ ਭਗਤ ਸਿੰਘ ਵਰਗੇ ਇੰਨਕਲਾਬੀਆ ਨੇ ਕੀਤਾ, ਅਜਿਹਾ ਭਗਤ ਸਿੰਘ ਦੇ ਦੂਜੇ ਸਹਿਯੋਗੀ ਜੈ ਗੋਪਾਲ ਨੇ ਵੀ ਕਬੂਲ ਕੀਤਾ ਸੀ। ਇਸੇ ਬਿਨਾਹ ‘ਤੇ ਸਰਕਾਰ ਨੇ ਭਗਤ ਸਿੰਘ ਖਿਲਾਫ ਮੁਕੱਦਮਾ ਤਿਆਰ ਕੀਤਾ ਸੀ। ਇਸ ਮੁਕੱਦਮੇ ਵਿਚ ਤਿੰਨਾਂ ਨੇ ਹੀ ਹਿੱਸਾ ਨਹੀਂ ਲਿਆ ਸੀ। ਹਾਈਕੋਰਟ ਨੇ ਤਿੰਨ ਜੱਜਾਂ ਦਾ ਸਪੈਸ਼ਲ ਟ੍ਰਿਬਿਊਨਲ ਬਣਾ ਕੇ ਉਹਨਾਂ ਸਾਹਮਣੇ ਇਹ ਮੁਕੱਦਮਾ ਚਲਾਇਆ ਅਤੇ ਤਿੰਨਾਂ ਜੱਜਾਂ ਨੇ ਇਹਨਾਂ ਨੂੰ ਦੋਸ਼ੀ ਮੰਨ ਕੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਇਸ ਸਜ਼ਾ ‘ਤੇ ਅਮਲ ਰੋਕਣ ਅਤੇ ਵੱਧ ਤੋਂ ਵੱਧ ਕਾਲੇ ਪਾਣੀ ਦੀ ਸਜ਼ਾ ਲਈ ਭਗਤ ਸਿੰਘ ਦੇ ਪਿਤਾ ਨੇ ਬਾਦਸ਼ਾਹ ਜਾਰਜ ਪੰਚਮ ਅਤੇ ਵਾਇਸਰਾਏ ਕੋਲ ਦਰਖਾਸਤ ਵੀ ਦਿੱਤੀ। ਅਨੇਕ ਵੱਡੇ-ਵੱਡੇ ਆਗੂਆਂ ਅਤੇ ਹੋਰ ਲੋਕਾਂ ਨੇ ਭਗਤ ਸਿੰਘ ਨੂੰ ਇਸ ਤਰਾਂ ਦੀ ਸਜ਼ਾ ਨਾ ਦੇਣ ਦੀ ਸਰਕਾਰ ਨੂੰ ਅਪੀਲ ਵੀ ਕੀਤੀ। ਗਾਂਧੀ ਜੀ ਅਤੇ ਲਾਰਡ ਇਰਵਿਨ ਵਿਚਕਾਰ ਆਪਸੀ ਗੱਲਬਾਤ ਵਿਚ ਭਗਤ ਸਿੰਘ ਦੀ ਫਾਂਸੀ ਦਾ ਮਸਲਾ ਜਰੂਰ ਉੱਠਿਆ ਹੋਵੇਗਾ ਅਤੇ ਲਾਰਡ ਇਰਵਿਨ ਨੇ ‘ਭਗਤ ਸਿੰਘ ਦੀ ਜਾਨ ਮੈਂ ਬਚਾਵਾਂਗਾ’ ਜਿਹਾ ਪੱਕਾ ਵਾਅਦਾ ਭਾਵੇਂ ਗਾਂਧੀ ਜੀ ਨਾਲ ਨਾ ਕੀਤਾ ਹੋਵੇ, ਪਰ ਲਾਰਡ ਇਰਵਿਨ ਭਗਤ ਸਿੰਘ ਦੇ ਪ੍ਰਸੰਗ ਵਿਚ ਪੂਰੀ ਕੋਸ਼ਿਸ਼ ਕਰਨਗੇ ਅਤੇ ਆਪਣੇ ਅਧਿਕਾਰਾਂ ਦੇ ਦਾਇਰੇ ਵਿਚ ਰਹਿੰਦੇ ਹੋਏ ਤਿੰਨਾਂ ਦੀ ਜਾਨ ਬਚਾਉਣਗੇ, ਅਜਿਹੀ ਉਮੀਦ ਗਾਂਧੀ ਜੀ ਦੇ ਭਾਸ਼ਣਾਂ ਤੋਂ ਜਰੂਰ ਪੈਦਾ ਹੋਈ ਹੈ,ਪਰ ਇਹ ਸਾਰੀਆਂ ਉਮੀਦਾਂ,ਅੰਦਾਜ਼ੇ ਤੇ ਗੁਜ਼ਾਰਿਸ਼ਾਂ ਗ਼ਲਤ ਸਾਬਿਤ ਹੋਈਆਂ ਅਤੇ ਪਿਛਲੀ 23 ਮਾਰਚ ਨੂੰ ਸ਼ਾਮ 7 ਵਜੇ ਇਨ੍ਹਾਂ ਤਿੰਨਾਂ ਨੂੰ ਲਾਹੌਰ ਜੇਲੵ ਵਿਚ ਫਾਂਸੀ ਦੇ ਦਿੱਤੀ ਗਈ। “ਸਾਡੀ ਜਾਨ ਬਖ਼ਸ਼ ਦਿਓ” , ਅਜਿਹੀ ਰਹਿਮ ਦੀ ਅਪੀਲ ਤਿੰਨਾਂ ਵਿੱਚੋ ਕਿਸੇ ਨੇ ਵੀ ਨਹੀਂ ਕੀਤੀ। ਹਾਂ, “ਸਾਨੂੰ ਫਾਂਸੀ ਚੜਾਉਣ ਦੀ ਬਜਾਏ ਗੋਲੀਆਂ ਨਾਲ ਉਡਾ ਦਿਓ।” ਇਹ ਇੱਛਾ ਭਗਤ ਸਿੰਘ ਨੇ ਜਰੂਰ ਜ਼ਾਹਿਰ ਕੀਤੀ ਸੀ ਕਿੳਂਕਿ ਅਜਿਹੀਆਂ ਖ਼ਬਰਾਂ ਜਰੂਰ ਆਈਆਂ ਹਨ (ਭਗਤ ਸਿੰਘ ਦਾ ਬਰਤਾਨਵੀ ਸਰਕਾਰ ਨੂੰ 20 ਮਾਰਚ, 1931 ਦਾ ਖ਼ਤ),ਪਰ ਉਨ੍ਹਾਂ ਦੀ ਆਖ਼ਰੀ ਇੱਛਾ ਦਾ ਸਨਮਾਨ ਵੀ ਨਹੀਂ ਕੀਤਾ ਗਿਆ। ਜੱਜਾਂ ਦੇ ਹੁਕਮ ‘ਤੇ ਹੂਬਹੂ ਅਮਲ ਕੀਤਾ ਗਿਆ। “ਆਖਰੀ ਸਾਹ ਤੱਕ ਫਾਂਸੀ ‘ਤੇ ਲਟਕਾਈ ਰੱਖਿਆ ਜਾਵੇ” ਇਹੋ ਫੈਸਲਾ ਜੱਜ ਨੇ ਸੁਣਾਇਆ ਸੀ। ਜੇ ਗੋਲੀ ਨਾਲ ਉੱਡਾ ਦਿੱਤਾ ਜਾਂਦਾ ਤਾਂ ਇਸ ਫੈਸਲੇ ‘ਤੇ ਸ਼ਾਬਦਿਕ ਅਮਲ ਨਹੀਂ ਸੀ ਮੰਨਿਆ ਜਾਣਾ। ਇਨਸਾਫ ਦੇ ਦੇਵਤੇ ਦੇ ਫੈਸਲੇ ‘ਤੇ ਸ਼ਬਦੀ ਅਰਥਾਂ ‘ਤੇ ਹੂਬਹੂ ਅਮਲ ਕੀਤਾ ਗਿਆ ਅਤੇ ਉਸਦੇ ਕਹਿਣ ਅਨੁਸਾਰ ਹੀ ਤਿੰਨਾਂ ਦੀ ਬਲੀ ਦਿੱਤੀ ਗਈ। ਇਹ ਬਲੀ ਕਿਸ ਲਈ? ਇਸ ਘਟਨਾ ਨਾਲ ਜੇ ਅੰਗਰੇਜ ਸਰਕਾਰ ਨੂੰ ਇਹ ਉਮੀਦ ਹੋਵੇ ਕਿ ਇਸ ਨਾਲ ਲੋਕਾਂ ਵਿਚ ਇਹ ਸਮਝ ਮਜ਼ਬੂਤ ਹੋਵੇਗੀ ਕਿ ਅੰਗਰੇਜ ਸਰਕਾਰ ਪੂਰੀ ਤਰਾਂ ਇੰਨਸਾਫ ਪਸੰਦ ਹੈ ਤੇ ਨਿਆਂਪਾਲਿਕਾ ਦੇ ਫੈਸਲੇ ‘ਤੇ ਹੂਬਹੂ ਅਮਲ ਕਰਦੀ ਹੈ ਅਤੇ ਇਸ ਨਾਲ ਸਰਕਾਰ ਦੀ ਇਨਸਾਫ ਪਸੰਦਗੀ ਕਰਕੇ ਲੋਕ ਉਸਦੀ ਹਮਾਇਤ ਕਰਨਗੇ ਤਾਂ ਇਹ ਉਸਦੀ ਨਾਦਾਨੀ ਹੈ, ਕਿੳਂਕਿ ਇਹ ਬਲੀ ਬਰਤਾਨਵੀ ਇਨਸਾਫ ਦੇਵਤਾ ਦੀ ਸ਼ੌਹਰਤ ਨੂੰ ਵਧਾਉਣ ਅਤੇ ਪਾਰਦਰਸ਼ੀ ਬਣਾਉਣ ਦੇ ਇਰਾਦੇ ਨਾਲ ਦਿੱਤੀ ਗਈ ਹੈ,ਇਸ ਗੱਲ ਵਿਚ ਕਿਸੇ ਦਾ ਯਕੀਨ ਨਹੀਂ ਹੈ। ਖ਼ੁਦ ਸਰਕਾਰ ਵੀ ਇਸ ਆਧਾਰ ‘ਤੇ ਆਪਣੇ-ਆਪ ਨੂੰ ਸੰਤੁਸ਼ਟ ਨਹੀਂ ਕਰ ਸਕਦੀ। ਫਿਰ ਬਾਕੀਆਂ ਨੂੰ ਇਸ ਇਨਸਾਫ ਪਸੰਦਗੀ ਦੇ ਪਰਦੇ ਪਾ ਕੇ ਕਿਸ ਤਰਾਂ ਸੰਤੁਸ਼ਟ ਕਰ ਸਕਦੀ ਹੈ? ਇਨਸਾਫ ਦੇਵਤਾ ਦੀ ਭਗਤੀ ਖਾਤਰ ਨਹੀਂ ਸਗੋਂ ਇੰਗਲੈਂਡ ਦੇ ਕੰਜ਼ਰਵੇਟਿਵ/ਸਿਆਸੀ ਪਿਛਾਂਹ-ਖਿੱਚੂ/ਪਾਰਟੀ ਅਤੇ ਲੋਕਮੱਤ ਦੇ ਡਰੋਂ ਇਹ ਬਲੀ ਦਿੱਤੀ ਗਈ ਹੈ,ਇਹ ਗੱਲ ਸਰਕਾਰ ਦੇ ਨਾਲ-ਨਾਲ ਸਾਰੀ ਦੁਨੀਆਂ ਵੀ ਜਾਣਦੀ ਹੈ।ਗਾਂਧੀ ਵਰਗੇ ਸਿਆਸੀ ਕੈਦੀਆਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਅਤੇ ਗਾਂਧੀ-ਕੈਂਪ ਨਾਲ ਸਮਝੌਤਾ ਕਰਨ ਨਾਲ ਬਰਤਾਨਵੀ ਸਰਕਾਰ ਦੀ ਬਦਨਾਮੀ ਹੋਈ ਹੈ ਅਤੇ ਜਿਸ ਲਈ ਲੇਬਰ ਪਾਰਟੀ ਦੀ ਮੌਜੂਦਾ ਸਰਕਾਰ ਤੇ ਉਸਦੇ ਇਸ਼ਾਰੇ ‘ਤੇ ਚੱਲਣ ਵਾਲਾ ਵਾਇਸਰਾਏ ਜਿੰਮੇਵਾਰ ਹੈ,ਅਜਿਹਾ ਰੌਲਾ ਇੰਗਲੈਂਡ ਦੀ ਸਿਆਸੀ ਕੰਜ਼ਰਵੇਟਿਵ ਪਾਰਟੀ ਦੇ ਕੁੱਝ ਕੱਟੜਪੰਥੀ ਆਗੂਆਂ ਨੇ ਪਾ ਰੱਖਿਆ ਹੈ। ਅਜਿਹੇ ਸਮੇਂ ਵਿਚ ਇੱਕ ਅੰਗਰੇਜ ਅਫਸਰ ਦੇ ਕਤਲ ਦਾ ਇਲਜ਼ਾਮ ਜਿਸ ‘ਤੇ ਲੱਗਿਆ ਹੋਵੇ ਅਤੇ ਉਹ ਸਾਬਿਤ ਵੀ ਹੋ ਚੁੱਕਿਆ ਹੋਵੇ,ਅਜਿਹੇ ਸਿਆਸੀ ਇੰਨਕਲਾਬੀ ਮੁਲਜ਼ਮ ਨੂੰ ਲਾਰਡ ਇਰਵਿਨ ਨੇ ਮੁਆਫੀ ਦੇ ਦਿੱਤੀ ਹੁੰਦੀ ਤਾਂ ਇਨਾਂਹ ਸਿਆਸੀ ਖਿਡਾਰੀਆਂ ਨੂੰ ਬਣਿਆ ਬਣਾਇਆ ਮੁੱਦਾ ਮਿਲ ਜਾਂਦਾ। ਪਹਿਲਾਂ ਤੋਂ ਹੀ ਇੰਗਲੈਂਡ ਵਿਚ ਲੇਬਰ ਸਰਕਾਰ ਡਾਂਵਾਡੋਲ ਚੱਲ ਰਹੀ ਹੈ ਅਤੇ ਉਹ ਅੰਗਰੇਜ ਅਫਸਰ ਦੇ ਭਾਰਤੀ ਕਾਤਲ ਨੂੰ ਵੀ ਮੁਆਫ ਕਰਦੀ ਹੈ ਤਾਂ ਇਹ ਚੰਗਾ ਬਹਾਨਾ ਉੱਥੋਂ ਦੇ ਸਿਆਸੀ ਰੂੜੀਵਾਦੀਆਂ ਨੂੰ ਮਿਲਦਾ ਅਤੇ ਇੰਗਲੈਂਡ ਦਾ ਲੋਕਮੱਤ ਲੇਬਰ ਪਾਰਟੀ ਦੇ ਖਿਲਾਫ ਬਣਾਉਣ ਵਿਚ ਉਹਨਾਂ ਨੂੰ ਸਹੂਲਤ ਹੁੰਦੀ। ਇਸ ਸੰਕਟ ਤੋਂ ਬਚਣ ਲਈ ਅਤੇ ਇਹ ਸੋਚ ਕੇ ਕੀ ਰੂੜੀਵਾਦੀਆਂ ਦੇ ਗੁੱਸੇ ਦੀ ਅੱਗ ਨਾ ਭੜਕੇ ਇਸ ਲਈ ਫਾਂਸੀ ਦੀ ਇਸ ਸਜ਼ਾ ਨੂੰ ਅੰਜ਼ਾਮ ਦਿੱਤਾ ਗਿਆ ਹੈ।ਇਹ ਕਦਮ ਬ੍ਰਿਟਿਸ਼ ਨਿਆਂਪਾਲਿਕਾ ਨੂੰ ਖੁਸ਼ ਕਰਨ ਲਈ ਨਹੀਂ ਸਗੋਂ ਬ੍ਰਿਟਿਸ਼ ਲੋਕਮੱਤ ਨੂੰ ਖੁਸ਼ ਕਰਨ ਲਈ ਚੁੱਕਿਆ ਗਿਆ ਹੈ। ਜੇ ਮਾਮਲਾ ਲਾਰਡ ਇਰਵਿਨ ਦੀ ਨਿੱਜੀ ਪਸੰਦਗੀ-ਨਾਪਸੰਦਗੀ ਨਾਲ ਜੁੜਿਆ ਹੁੰਦਾ ਤਾਂ ਉਸਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਕੇ ਫਾਂਸੀ ਦੀ ਸਜ਼ਾ ਰੱਦ ਕਰਕੇ ਉਸਦੀ ਜਗ੍ਹਾ ਉਮਰ ਕੈਦ ਦੀ ਸਜ਼ਾ ਸੁਣਾਈ ਹੁੰਦੀ। ਇੰਗਲੈਂਡ ਦੀ ਲੇਬਰ ਪਾਰਟੀ ਦੇ ਮੰਤਰੀ ਮੰਡਲ ਨੇ ਵੀ ਲਾਰਡ ਇਰਵਿਨ ਦੀ ਇਸ ਲਈ ਹਮਾਇਤ ਕੀਤੀ ਹੁੰਦੀ,ਗਾਂਧੀ ਇਰਵਿਨ ਸਮਝੌਤੇ ਦੇ ਬਹਾਨੇ ਨਾਲ ਇਸਨੂੰ ਅੰਜ਼ਾਮ ਦੇ ਕੇ ਭਾਰਤ ਦੇ ਲੋਕਮੱਤ ਨੂੰ ਰਾਜ਼ੀ ਕਰਨਾ ਜਰੂਰੀ ਸੀ।ਜਾਂਦੇ-ਜਾਂਦੇ ਲਾਰਡ ਇਰਵਿਨ ਵੀ ਜਨਤਾ ਦਾ ਦਿਲ ਜਿੱਤ ਲੈਂਦੇ,ਪਰ ਇੰਗਲੈਂਡ ਦੀ ਆਪਣੀ ਰੂੜੀਵਾਦੀ ਬਰਾਦਰੀ ਅਤੇ ਉਸੇ ਮਨੋਬਿਰਤੀ ਦੀ ਨੋਕਰਸ਼ਾਹੀ ਦੇ ਗੁੱਸੇ ਦਾ ਉਹ ਸ਼ਿਕਾਰ ਹੁੰਦੇ।ਇਸ ਲਈ (ਭਾਰਤੀ)ਲੋਕਮੱਤ ਦੀ ਪ੍ਰਵਾਹ ਕੀਤੇ ਬਗੈਰ ਲਾਰਡ ਇਰਵਿਨ ਦੀ ਸਰਕਾਰ ਨੇ ਭਗਤ ਸਿੰਘ (ਤੇ ਉਸਦੇ ਸਾਥੀਆਂ )ਨੂੰ ਫਾਂਸੀ ਚੜ੍ਹਾ ਦਿੱਤਾ ਅਤੇ ਉਹ ਵੀ ਕਰਾਚੀ ਕਾਂਗਰਸ(ਅਜਲਾਸ)ਤੋਂ ਤਿੰਨ-ਚਾਰ ਦਿਨ ਪਹਿਲਾਂ।ਗਾਂਧੀ ਇਰਵਿਨ ਸਮਝੌਤੇ ਨੂੰ ਮਲੀਆਮੇਟ ਕਰਨ ਅਤੇ ਸਮਝੌਤੇ ਦੀਆਂ ਗਾਂਧੀ ਦੀਆਂ ਕੋਸ਼ਿਸ਼ਾ ਨੂੰ ਅਸਫਲ ਕਰਨ ਲਈ ਭਗਤ ਸਿੰਘ ਦੀ ਫਾਂਸੀ ਅਤੇ ਫਾਂਸੀ ਲਈ ਨਿਯਮ ਸਮਾਂ,ਇਹ ਦੋਵੇਂ ਗੱਲਾਂ ਕਾਫੀ ਸਨ।ਜੇ ਇਸ ਸਮਝੌਤੇ ਨੂੰ ਖ਼ਤਮ ਕਰਨ ਦਾ ਹੀ ਇਰਾਦਾ ਲਾਰਡ ਇਰਵਿਨ ਸਰਕਾਰ ਦਾ ਸੀ ਤਾਂ ਇਸ ਕਾਰਵਾਈ ਤੋਂ ਇਲਾਵਾ ਹੋਰ ਕੋਈ ਮਜ਼ਬੂਤ ਮਸਲਾ ਉਸਨੂੰ ਲੱਭਿਆ ਵੀ ਨਹੀਂ ਸੀ ਲੱਭਣਾ।ਇਸ ਨਜ਼ਰੀਏ ਤੋਂ ਦੇਖੀਏ ਤਾਂ ਗਾਂਧੀ ਜੀ ਦੇ ਕਹਿਣ ਅਨੁਸਾਰ ਸਰਕਾਰ ਨੇ ਇਹ ਬੜੀ ਵੱਡੀ ਭੁੱਲ ਕੀਤੀ ਹੈ,ਕਹਿਣਾ ਗ਼ਲਤ ਨਹੀਂ ਹੈ।ਸਾਰ ਤੱਤ ਇਹ ਹੈ ਕਿ ਲੋਕਮੱਤ ਦੀ ਪ੍ਰਵਾਹ ਕੀਤੇ ਬਗ਼ੈਰ,ਗਾਂਧੀ ਇਰਵਿਨ ਸਮਝੌਤੇ ਦਾ ਕੀ ਬਣੇਗਾ,ਇਸਦੀ ਪ੍ਰਵਾਹ ਕੀਤੇ ਬਗ਼ੈਰ,ਇੰਗਲੈਂਡ ਦੇ ਰੂੜੀਵਾਦੀਆਂ ਤੋਂ ਖ਼ੁਦ ਨੂੰ ਬਚਾਉਣ ਲਈ ਭਗਤ ਸਿੰਘ ਹੋਰਾ ਨੂੰ ਬਲੀ ਚਾੜ੍ਹਿਆ ਗਿਆ ।ਇਹ ਗੱਲ ਹੁਣ ਲੁਕ ਨਹੀਂ ਸਕੇਗੀ।ਇਹ ਗੱਲ ਸਰਕਾਰ ਨੂੰ ਹੁਣ ਪੱਕੇ ਤੌਰ ‘ਤੇ ਮੰਨ ਲੈਣੀ ਚਾਹੀਦੀ ਹੈ!!

ਸ੍ਰੋਤ:(ਇਹ ਲੇਖ ਨਵਚੇਤਨਾ ਪਬਲੀਕੇਸ਼ਨ ਦੇ ਪ੍ਰਕਾਸ਼ਨ ਹੇਠ ਚਰਨਦਾਸ ਸੰਧੂ ਦੁਆਰਾ ਸੰਪਾਦਿਤ ਕਿਤਾਬ ਸ਼ਹੀਦ ਭਗਤ ਸਿੰਘ ਅਤੇ ਡਾਂ ਅੰਬੇਡਕਰ ਦੀ ਸਿਧਾਂਤਕ ਸਾਂਝ ਵਿੱਚੋ ਲਿਆਂ ਗਿਆ ਹੈ ਇਜਾਜ਼ਤ ਦੇਣ ਲਈ ਧੰਨਵਾਦ ਕੀਤਾ ਜਾਂਦਾ ਹੈ)

ਪੇਸ਼ਕਸ਼ ਤੇ ਸ਼ਬਦ ਬਣਤਰ: ਨਿੰਦਰ ਮਾਈਦਿੱਤਾ(ਪ੍ਰਧਾਨ)
ਸ਼ਹੀਦੇ ਆਜਮ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਮਾਈਦਿੱਤਾ ਜਿਲਾ ਸ਼ਹੀਦ ਭਗਤ ਸਿੰਘ ਨਗਰ
9463251568

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਸਰਕਾਰੀ ਕਾਲਜ ਵਿਖੇ ਦੋ ਰੋਜ਼ਾ ਸਾਲਾਨਾ “ਅਥਲੈਟਿਕ ਮੀਟ” ਦਾ ਆਯੋਜਨ ਕੀਤਾ
Next articleਭਗਤ ਸਿੰਘ ਦੀ ਸ਼ਹਾਦਤ ‘ਤੇ ਗਰਵ ਹੈ!