ਪੰਜਾਬ ’ਚ ਤਿੰਨ ਸੌ ਯੂਨਿਟ ਮੁਫ਼ਤ ਬਿਜਲੀ ਦਾ ਐਲਾਨ ਭਲਕੇ

ਚੰਡੀਗੜ੍ਹ (ਸਮਾਜ ਵੀਕਲੀ):   ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਆਪਣੇ ਕਾਰਜਕਾਲ ਦਾ ਪਹਿਲਾ ਮਹੀਨਾ ਪੂਰਾ ਹੋਣ ’ਤੇ 16 ਅਪਰੈਲ ਨੂੰ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਐਲਾਨ ਕਰੇਗੀ। ‘ਆਪ’ ਸਰਕਾਰ ਨੇ ਚੋਣਾਂ ਮੌਕੇ ਲੋਕਾਂ ਨੂੰ ਦਿੱਤੀ ਇਸ ਪਹਿਲੀ ਗਾਰੰਟੀ ਨੂੰ ਪੂਰਾ ਕਰਨ ਲਈ ਸਰਕਾਰੀ ਖ਼ਜ਼ਾਨੇ ’ਤੇ ਪੈਣ ਵਾਲੇ ਵਿੱਤੀ ਬੋਝ ਦਾ ਹਿਸਾਬ ਕਿਤਾਬ ਲਗਾ ਲਿਆ ਹੈ। ਆਮ ਆਦਮੀ ਪਾਰਟੀ ਨੇ ਚੋਣ ਵਾਅਦਾ ਕੀਤਾ ਸੀ ਬਿਜਲੀ ਖਪਤ ਜਿੰਨੀ ਮਰਜ਼ੀ ਹੋਵੇ, ਹਰ ਖਪਤਕਾਰ ਦੇ 300 ਯੂਨਿਟ ਮੁਆਫ਼ ਹੋਣਗੇ।

ਭਗਵੰਤ ਮਾਨ ਨੇ 16 ਮਾਰਚ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਸੀ ਅਤੇ ਬਿਜਲੀ ਮੁਆਫ਼ੀ ਦੇ ਐਲਾਨ ਲਈ ਵੀ 16 ਅਪਰੈਲ ਦੇ ਦਿਨ ਦੀ ਚੋਣ ਕੀਤੀ ਗਈ ਹੈ। ਵੇਰਵਿਆਂ ਅਨੁਸਾਰ ਪੰਜਾਬ ਵਿਚ ਘਰੇਲੂ ਬਿਜਲੀ ਦੇ ਕਰੀਬ 72 ਲੱਖ ਖਪਤਕਾਰ ਹਨ। ਇਨ੍ਹਾਂ ਸਾਰੇ ਖਪਤਕਾਰਾਂ ਨੂੰ 300 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਂਦੀ ਹੈ ਤਾਂ ਸਰਕਾਰੀ ਖ਼ਜ਼ਾਨੇ ’ਤੇ ਸਾਲਾਨਾ ਕਰੀਬ ਚਾਰ ਹਜ਼ਾਰ ਕਰੋੜ ਰੁਪਏ ਦਾ ਵਿੱਤੀ ਬੋਝ ਪਵੇਗਾ। ਪੰਜਾਬ ਸਰਕਾਰ 22 ਲੱਖ ਐੱਸਸੀ ਖਪਤਕਾਰਾਂ ਨੂੰ ਪਹਿਲਾਂ ਹੀ 200 ਯੂਨਿਟ ਬਿਜਲੀ ਮੁਫ਼ਤ ਦੇ ਰਹੀ ਹੈ, ਜਿਸ ਦਾ ਖ਼ਜ਼ਾਨੇ ’ਤੇ ਸਾਲਾਨਾ 1700 ਕਰੋੜ ਰੁਪਏ ਦਾ ਭਾਰ ਪੈ ਰਿਹਾ ਹੈ। ਪਿਛਲੀ ਚੰਨੀ ਸਰਕਾਰ ਸਮੇਂ ਜੋ ਤਿੰਨ ਰੁਪਏ ਪ੍ਰਤੀ ਯੂਨਿਟ ਬਿਜਲੀ ਸਸਤੀ ਕੀਤੀ ਗਈ ਸੀ, ਉਸ ਦੀ ਸਬਸਿਡੀ ਵੀ ਸਾਲਾਨਾ 2300 ਕਰੋੜ ਰੁਪਏ ਬਣਦੀ ਹੈ। ਪਹਿਲਾਂ ਹੀ ਘਰੇਲੂ ਖਪਤਕਾਰਾਂ ਨੂੰ ਦਿੱਤੀ ਜਾਣ ਵਾਲੀ ਬਿਜਲੀ ਸਬਸਿਡੀ ਅਤੇ ਤਿੰਨ ਰੁਪਏ ਪ੍ਰਤੀ ਯੂਨਿਟ ਸਸਤੀ ਬਿਜਲੀ ਦੇਣ ਦਾ ਬਿੱਲ ਕਰੀਬ ਚਾਰ ਹਜ਼ਾਰ ਕਰੋੜ ਸਾਲਾਨਾ ਦਾ ਬਣ ਰਿਹਾ ਹੈ।

ਪੰਜਾਬ ਦੇ ਖੇਤੀ ਸੈਕਟਰ ਵਿਚ 14.50 ਲੱਖ ਖੇਤੀ ਮੋਟਰਾਂ ਹਨ ਜਿਨ੍ਹਾਂ ਦੀ ਬਿਜਲੀ ਸਬਸਿਡੀ ਦਾ ਬਿੱਲ ਕਰੀਬ ਸੱਤ ਹਜ਼ਾਰ ਕਰੋੜ ਰੁਪਏ ਸਾਲਾਨਾ ਬਣਦਾ ਹੈ। ਕਰੀਬ ਤਿੰਨ ਹਜ਼ਾਰ ਕਰੋੜ ਦੀ ਬਿਜਲੀ ਸਬਸਿਡੀ ਸਨਅਤੀ ਖੇਤਰ ਨੂੰ ਦਿੱਤੀ ਜਾ ਰਹੀ ਹੈ। ਮੌਜੂਦਾ ਸਮੇਂ ਪੰਜਾਬ ਸਰਕਾਰ ਨੂੰ ਹਰ ਤਰ੍ਹਾਂ ਦੀ ਬਿਜਲੀ ਸਬਸਿਡੀ ਸਾਲਾਨਾ 14 ਹਜ਼ਾਰ ਕਰੋੜ ਰੁਪਏ ਦੇਣੀ ਪੈ ਰਹੀ ਹੈ। ‘ਆਪ’ ਸਰਕਾਰ ਵੱਲੋਂ 300 ਯੂਨਿਟ ਬਿਜਲੀ ਮੁਫ਼ਤ ਦਿੱਤੇ ਜਾਣ ਦੀ ਸੂਰਤ ਵਿਚ ਸਭ ਤਰ੍ਹਾਂ ਦੀ ਬਿਜਲੀ ਸਬਸਿਡੀ ਸਾਲਾਨਾ 18 ਹਜ਼ਾਰ ਕਰੋੜ ਦੀ ਬਣ ਜਾਣੀ ਹੈ। ਪੰਜਾਬ ਸਰਕਾਰ ਵੱਲ ਕਰੀਬ 8500 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਦਾ ਪੁਰਾਣਾ ਬਕਾਇਆ ਖੜ੍ਹਾ ਹੈ। ਪਾਵਰਕੌਮ ਦਾ ਕਰੀਬ 2400 ਕਰੋੜ ਰੁਪਏ ਦਾ ਬਕਾਇਆ ਸਰਕਾਰੀ ਬਿਜਲੀ ਬਿੱਲਾਂ ਦਾ ਖੜ੍ਹਾ ਹੈ। ਚੰਨੀ ਸਰਕਾਰ ਨੇ ਜੋ ਜਲ ਘਰਾਂ ਦੇ ਬਕਾਏ ਮੁਆਫ਼ ਕੀਤੇ ਸਨ, ਉਨ੍ਹਾਂ ਦਾ ਵੀ 600 ਕਰੋੜ ਦਾ ਬਕਾਇਆ ਖੜ੍ਹਾ ਹੈ। ਪੰਜਾਬ ਸਰਕਾਰ ਨੇ ਜੋ ਪਿਛਲੇ ਸਮੇਂ ਵਿਚ ਦੋ ਕਿੱਲੋਵਾਟ ਤੱਕ ਦੇ ਖਪਤਕਾਰਾਂ ਦੇ ਬਿਜਲੀ ਬਕਾਏ ਮੁਆਫ਼ ਕੀਤੇ ਹਨ, ਉਨ੍ਹਾਂ ਨਾਲ ਵੀ ਖ਼ਜ਼ਾਨੇ ’ਤੇ ਕਰੀਬ 1500 ਕਰੋੜ ਰੁਪੲੇ ਦਾ ਭਾਰ ਪਿਆ ਹੈ। ਉਧਰ ਆਮ ਲੋਕਾਂ ਦਾ ਮੰਨਣਾ ਹੈ ਕਿ ਲੋੜਵੰਦ ਖਪਤਕਾਰਾਂ ਨੂੰ ਹੀ 300 ਯੂਨਿਟ ਮੁਫ਼ਤ ਬਿਜਲੀ ਮਿਲਣੀ ਚਾਹੀਦੀ ਹੈ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleNY Police arrest two in alleged attacks on Sikhs
Next articleਪੰਜਾਬ ਦੇ ਅਫ਼ਸਰ ਮੇਰੇ ਕਹਿਣ ’ਤੇ ਸਿਖਲਾਈ ਲੈਣ ਦਿੱਲੀ ਗਏ: ਮਾਨ