*ਜ਼ਿੰਦਗੀ ਤੇ ਸਮਾਜ ਦੇ ਭਲੇ ਲਈ ਵਿਦਿਆਰਥੀ ਚੇਤਨਾ ਦੀ ਅਹਿਮ ਲੋੜ*
ਬਰਨਾਲਾ (ਸਮਾਜ ਵੀਕਲੀ)ਵਿਦਿਆਰਥੀਆਂ ਵਿੱਚ ਵਿਗਿਆਨਕ ਚੇਤਨਾ ਦਾ ਸੰਚਾਰ ਕਰਨ ਲਈ ਸਥਾਨਕ ਤਰਕਸ਼ੀਲ ਭਵਨ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਪਹਿਲਕਦਮੀ ਤੇ ਤਿੰਨ ਰੋਜ਼ਾ ਵਿਦਿਆਰਥੀ ਵਿਗਿਆਨਕ ਚੇਤਨਾ ਕੈਂਪ ਦੀ ਸ਼ੁਰੂਆਤ ਹੋਈ।ਜਿਸ ਵਿੱਚ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਵਿੱਚੋਂ 14 ਸਾਲ ਤੋਂ 18 ਤੱਕ ਉਮਰ ਵਰਗ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।ਕੈਂਪ ਵਿੱਚ ਸ਼ਾਮਲ ਹੋਏ ਵਿਦਿਆਰਥੀਆਂ ਨੂੰ ਜੀ ਆਇਆਂ ਨੂੰ ਆਖਦਿਆਂ ਸੁਸਾਇਟੀ ਦੇ ਸੂਬਾ ਜਥੇਬੰਦਕ ਮੁਖੀ ਰਾਜਿੰਦਰ ਭਦੌੜ ਨੇ ਆਖਿਆ ਕਿ ਸੋਚਣ,ਸਮਝਣ ਤੇ ਪਰਖਣ ਦੀ ਪਹੁੰਚ ਵਿਕਸਤ ਕਰਕੇ ਹੀ ਮੰਜ਼ਿਲ ਤੇ ਪਹੁੰਚਿਆ ਜਾ ਸਕਦਾ ਹੈ।ਇਸ ਅਮਲ ਦਾ ਵਿਦਿਆਰਥੀ ਜੀਵਨ ਵਿੱਚ ਬਹੁਤ ਮਹੱਤਵ ਹੈ।ਅੰਧਵਿਸ਼ਵਾਸਾਂ ਤੇ ਅਗਿਆਨਤਾ ਨੂੰ ਖਤਮ ਕਰਕੇ ਹੀ ਜ਼ਿੰਦਗ਼ੀ ਤੇ ਸਮਾਜ ਨੂੰ ਸੁਖਾਵੇਂ ਰੁਖ ਤੋਰਿਆ ਜਾ ਸਕਦਾ ਹੈ। ਚੇਤਨਾ ਕੈਂਪ ਵਿੱਚ ਬੋਲਦਿਆਂ ਤਰਕਸ਼ੀਲ ਚਿੰਤਕ ਤੇ ਲੇਖਕ ਰਾਜਪਾਲ ਸਿੰਘ ਨੇ ਵਿਗਿਆਨਕ ਚੇਤਨਾ ਨੂੰ ਸਫ਼ਲਤਾ ਦਾ ਮਾਰਗ ਦਸਦਿਆਂ ਇਸ ਦੇ ਲੜ ਲੱਗਣ ਲਈ ਆਖਿਆ।ਉਨ੍ਹਾਂ ਕਿਹਾ ਕਿ ਵਿਗਿਆਨੀਆਂ ਵੱਲੋਂ ਮਾਨਵਤਾ ਦੇ ਭਲੇ ਲਈ ਕੱਢੀਆਂ ਕਾਢਾਂ ਸਾਡੇ ਲਈ ਪ੍ਰੇਰਨਾ ਸ੍ਰੋਤ ਹਨ।ਸਾਨੂੰ ਵੀ ਆਪਣੇ ਚੌਗਿਰਦੇ ਨੂੰ ਚੇਤਨਾ ਦੇ ਚਾਨਣ ਨਾਲ ਰੁਸ਼ਨਾਉਣਾ ਚਾਹੀਦਾ ਹੈ।ਚੇਤਨਾ ਕੈਂਪ ਦੇ ਅਗਲੇ ਸੈਸ਼ਨ ਵਿੱਚ ਡਾ. ਗਗਨਦੀਪ ਸਿੰਘ ਐੱਮ.ਡੀ.ਨੇ ਨਸ਼ਿਆਂ ਦੇ ਜ਼ਿੰਦਗੀ ਤੇ ਸਮਾਜ ਤੇ ਪੈ ਰਹੇ ਬੁਰੇ ਪ੍ਰਭਾਵਾਂ ਬਾਰੇ ਭਾਵਪੂਰਤ ਵਿਚਾਰ ਰੱਖੇ।ਉਨ੍ਹਾਂ ਵਿਦਿਆਰਥੀਆਂ ਨੂੰ ਨਸ਼ਿਆਂ ਦੀ ਬਜਾਏ ਸਿੱਖਿਆ, ਗਿਆਨ ਤੇ ਚੇਤਨਾ ਨਾਲ ਜ਼ਿੰਦਗੀ ਨੂੰ ਸੰਵਾਰਨ ਦਾ ਸੱਦਾ ਦਿੱਤਾ। ਕੈਂਪ ਦੇ ਆਖਰੀ ਸ਼ੈਸ਼ਨ ਵਿੱਚ ਰਾਮ ਕੁਮਾਰ ਪਟਿਆਲਾ ਨੇ ਜਾਦੂ ਕਲਾ ਦੇ ਭੇਦ ਦਿਲਚਪ ਢੰਗ ਨਾਲ ਸਿਖਾਏ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਸਾਇਟੀ ਦੇ ਆਗੂ ਹੇਮ ਰਾਜ ਸਟੈਨੋ, ਬਲਬੀਰ ਲੋਂਗੋਵਾਲ,ਸੰਦੀਪ ਧਾਰੀਵਾਲ ਭੋਜਾਂ, ਜੋਗਿੰਦਰ ਕੁੱਲੇਵਾਲ,ਗੁਰਪ੍ਰੀਤ ਸ਼ਹਿਣਾ, ਜਸਵੰਤ ਮੁਹਾਲੀ, ਮਾਸਟਰ ਪਰਮਵੇਦ, ਕੁਲਜੀਤ ਡੰਗਰ ਖੇੜਾ, ਸੀਤਾ ਰਾਮ ਬਾਲਦ ਕਲਾਂ, ਅਵਤਾਰ ਦੀਪ ਤੇ ਕੁਲਦੀਪ ਨੈਣੇਵਾਲ ਵੀ ਮੌਜੂਦ ਸਨ। ਚੇਤਨਾ ਕੈਂਪ ਦਾ ਮੰਚ ਸੰਚਾਲਨ ਸੁਰਜੀਤ ਟਿੱਬਾ ਨੇ ਕੀਤਾ।
ਮਾਸਟਰ ਪਰਮਵੇਦ
ਜ਼ੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ
9417422349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly