ਅੰਬਾਲਾ (ਸਮਾਜ ਵੀਕਲੀ): ਅੰਬਾਲਾ-ਚੰਡੀਗੜ੍ਹ ਹਾਈਵੇਅ ’ਤੇ ਅੱਜ ਤੜਕੇ 3 ਵਜੇ ਤਿੰਨ ਬੱਸਾਂ ਦੇ ਟਕਰਾਉਣ ਕਾਰਨ ਔਰਤ ਸਣੇ ਪੰਜ ਵਿਅਕਤੀ ਮਾਰੇ ਗਏ। ਹਾਦਸੇ ’ਚ 10 ਹੋਰ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਹਨ। ਹੀਲਿੰਗ ਟੱਚ ਹਸਪਤਾਲ ਦੇ ਸਾਹਮਣੇ ਵਾਪਰਿਆ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਇਕ ਬੱਸ ਦੇ ਪਰਖੱਚੇ ਉੱਡ ਗਏ। ਇਕ ਬੱਸ ਦੀਆਂ ਚਾਰ ਸਵਾਰੀਆਂ ਅਤੇ ਦੂਜੀ ਦੀ ਇਕ ਸਵਾਰੀ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ ਸੀ। ਜ਼ਖ਼ਮੀ ਹੋਈਆਂ ਸਵਾਰੀਆਂ ਨੂੰ ਅੰਬਾਲਾ ਦੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਸਲੀਪਰ ਟੂਰਿਸਟ ਡੀਲਕਸ ਕੋਚ (ਆਚਾਰ-38-ਏਬੀ-2234) ਐਤਵਾਰ ਸ਼ਾਮ 3 ਵਜੇ ਜੰਮੂ ਤੋਂ ਦਿੱਲੀ ਲਈ ਰਵਾਨਾ ਹੋਈ ਸੀ। ਉਸ ਦੇ ਪਿੱਛੇ ਦੋ ਹੋਰ ਸਲੀਪਰ ਬੱਸਾਂ (ਯੂਪੀ-22ਟੀ-8353 ਅਤੇ ਆਰਜੇ-18ਪੀਬੀ-2054) ਵੀ ਨਵੀਂ ਦਿੱਲੀ ਲਈ ਚੱਲ ਰਹੀਆਂ ਸਨ। ਕਾਫ਼ਲੇ ਦੀ ਸ਼ਕਲ ਵਿਚ ਚੰਡੀਗੜ੍ਹ ਵੱਲੋਂ ਆ ਰਹੀਆਂ ਇਹ ਤਿੰਨੋਂ ਬੱਸਾਂ ਜਦੋਂ ਅੰਬਾਲਾ ਦੇ ਹੀਲਿੰਗ ਟੱਚ ਹਸਪਤਾਲ ਲਾਗੇ ਪਹੁੰਚੀਆਂ ਤਾਂ ਸਭ ਤੋਂ ਅੱਗੇ ਚੱਲ ਰਹੀ ਬੱਸ ਦੇ ਚਾਲਕ ਨੂੰ ਝਪਕੀ ਆਉਣ ਕਰਕੇ ਉਸ ਦਾ ਪੈਰ ਬਰੇਕ ’ਤੇ ਚਲਾ ਗਿਆ। ਉਸ ਦੇ ਅਚਾਨਕ ਬਰੇਕ ਮਾਰਨ ਕਰਕੇ ਪਿਛਲੀ ਬੱਸ ਦੇ ਡਰਾਈਵਰ ਨੇ ਬਰੇਕ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਪਿੱਛੇ ਆ ਰਹੀ ਤੇਜ਼ ਰਫ਼ਤਾਰ ਬੱਸ ਦੇ ਚਾਲਕ ਨੇ ਸਿੱਧੀ ਟੱਕਰ ਵਿਚਕਾਰਲੀ ਬੱਸ ਨੂੰ ਮਾਰ ਦਿੱਤੀ।
ਦੋਵੇਂ ਬੱਸਾਂ ਵਿਚਕਾਰ ਫਸਣ ਕਰਕੇ ਵਿਚਕਾਰਲੀ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ। ਯੂਪੀ ਨੰਬਰ ਦੀ ਇਸ ਬੱਸ ਵਿਚ ਬੈਠੀਆਂ ਚਾਰ ਸਵਾਰੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂ ਕਿ ਅੱਗੇ ਜਾ ਰਹੀ ਹਰਿਆਣਾ ਨੰਬਰ ਦੀ ਬੱਸ ਦੀ ਇਕ ਸਵਾਰੀ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਦੋ ਛੱਤੀਸਗੜ੍ਹ, ਇਕ ਝਾਰਖੰਡ ਅਤੇ ਇਕ ਉੱਤਰ ਪ੍ਰਦੇਸ਼ ਦੇ ਵਸਨੀਕ ਸਨ ਜਦਕਿ ਇਕ ਵਿਅਕਤੀ ਦੀ ਸ਼ਨਾਖ਼ਤ ਨਹੀਂ ਹੋ ਸਕੀ। ਹਾਦਸੇ ਸਮੇਂ ਬੱਸਾਂ ਦੀਆਂ ਸਵਾਰੀਆਂ ਸੌਂ ਰਹੀਆਂ ਸਨ। ਟੱਕਰ ਏਨੀ ਜ਼ਬਰਦਸਤ ਸੀ ਕਿ ਵਿਚਕਾਰਲੀ ਬੱਸ ਦੇ ਕਈ ਮੁਸਾਫ਼ਰਾਂ ਦੇ ਪੈਰ ਅਤੇ ਸਰੀਰ ਦੇ ਹੋਰ ਅੰਗ ਕੱਟੇ ਗਏ। ਲੋਕਾਂ ਦੀ ਮਦਦ ਨਾਲ ਬੱਸਾਂ ਵਿਚ ਫਸੀਆਂ ਸਵਾਰੀਆਂ ਨੂੰ ਬਾਹਰ ਕੱਢਿਆ ਗਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly