ਸ਼ਹੀਦ ਭਗਤ ਸਿੰਘ ਦੇ ਵਿਚਾਰ ਅੱਜ ਵੀ ਰਾਹ ਦਸੇਰਾ

ਸ਼ਹੀਦ ਭਗਤ ਸਿੰਘ
ਜਨਮ ਦਿਨ 28 ਸਤੰਬਰ ’ਤੇ ਵਿਸ਼ੇਸ਼
ਐਸ ਐਲ ਵਿਰਦੀ ਐਡਵੋਕੇਟ
 
ਐਸ ਐਲ ਵਿਰਦੀ ਐਡਵੋਕੇਟ

(ਸਮਾਜ ਵੀਕਲੀ) ਸ਼ਹੀਦ ਭਗਤ ਸਿੰਘ ਦਾ ਛੋਟਾ ਜਿਹਾ ਜੀਵਨ, ਉਹਨਾਂ ਦਾ ਸੰਘਰਸ਼ ਤੇ ਸੰਘਰਸ਼ ਰੌਂਗਟੇ ਖੜ੍ਹੇ ਕਰਨ ਵਾਲੀਆਂ ਘਟਨਾਵਾਂ ਦੀ ਗਾਥਾ ਹੈ। ਭਗਤ ਸਿੰਘ ਨੇ, ਸ਼ੇਰਾਂ ਵਰਗੇ ਹੌਸਲੇ, ਫ਼ਿਲਾਸਫ਼ਰਾਂ ਵਰਗੀ ਵਿਦਵਤਾ ਤੇ ਗੰਭੀਰ ਚਿੰਤਨ ਸਦਕਾ ਹੀ ਸ਼ਹੀਦ-ਏ-ਆਜ਼ਮ ਦਾ ਰੁਤਵਾ ਪਾਇਆ ਹੈ। ਭਗਤ ਸਿੰਘ ਦੀ ਦੇਸ਼ ਭਗਤੀ, ਉਸ ਦੇ ਮਾਨਵਵਾਦੀ ਸਿਧਾਂਤਕ ਵਿਚਾਰ, ਹਰ ਉਸ ਸੌੜੇ, ਸੰਕੀਰਨ, ਮਜ਼ਹਬੀ, ਸ਼ਾਵਨਵਾਦ ਅਤੇ ਹਰ ਤਰਾਂ ਦੀ ਫਿਰਕਾਪ੍ਰਸਤੀ ਤੋਂ ਉਪਰ ਹਨ। ਇਸ ਕਰਕੇ ਹੀ ੇਭਗਤ ਸਿੰਘ ਅੱੱਜ ਸਮੁੱਚੇ ਸੰਸਾਰ ’ਚ ਧਰੂੰ ਤਾਰੇ ਵਾਂਗ ਚਮਕਦਾ ਹੈ। ਭਗਤ ਸਿੰਘ 20ਵੀਂ ਸਦੀ ਦਾ ਸਭ ਤੋਂ ਵੱਡਾ ਸ਼ਹੀਦ ਹੈ।

ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਬੰਗਾ ਜ਼ਿਲ੍ਹ ਲਾਇਲਪੁਰ, ਹੁੁਣ ਫ਼ੈਸਲਾਬਾਦ (ਪਾਕਿਸਤਾਨ) ’ਚ ਹੋਇਆ। 1916 ਈਸਵੀ ’ਚ ਉਹ ਪਿੰਡੋਂ ਂ ਪੜ੍ਹਾਈ ਕਰਕੇ ਲਾਹੌਰ ਡੀ.ਏ.ਵੀ. ਸਕੂਲ ’ਚ ਦਾਖਲ ਹੋ ਕੇ ਹੋਸਟਲ ’ਚ ਰਹਿਣ ਲੱਗ ਪਿਆ। ਭਗਤ ਸਿੰਘ ਦੇ ਪਿਤਾ ਸ. ਕਿਸ਼ਨ ਸਿੰਘ ਭਾਰਤ ਦੀ ਅਜ਼ਾਦੀ ਲਈ ਜਿਹੜੇ ਵੀ ਪ੍ਰੋਗਰਾਮ ’ਚ ਜਾਂਦੇ, ਉਹ ਭਗਤ ਸਿੰਘ ਨੂੰ ਸਾਥ ਲੈ ਕੈ ਜਾਂਦੇ ਸੀ। ਉਚੇਰੀ ਸਿੱਖਿਆ ਲਈ ਭਗਤ ਸਿੰਘ ਲਾਹੌਰ ਨੈਸ਼ਨਲ ਕਾਲਜ ਵਿੱਚ ਦਾਖ਼ਲ ਹੋਏ। ਉਥੇ ਉਹਨਾਂ ਦਾ ਭਗਵਤੀ ਚਰਨ ਵੋਹਰਾ, ਸੁਖਦੇਵ, ਯਸ਼ਪਾਲ ਆਦਿ ਕ੍ਰਾਂਤੀਕਾਰੀ ਸਾਥੀਆਂ ਨਾਲ ਮੇਲ ਹੋਇਆ। 1922-23 ’ਚ ਭਗਤ ਸਿੰਘ ਨੇ ‘ਨੈਸ਼ਨਲ ਨਾਟਕ ਕਲੱਬ’ ਵਿੱਚ ਸਰਗਰਮ ਹਿੱਸਾ ਲਿਆ। ਉਸ ਖ਼ੁਦ ਸਟੇਜ ’ਤੇ ਰਾਣਾ ਪ੍ਰਤਾਪ, ਭਰਤ ਆਦਿ ਦੇ ਰੋਲ ਕੀਤੇ। 1924 ’ਚ ਘਰ ਵਾਲੇ ਵਿਆਹ ’ਤੇ ਜਿਆਦਾ ਜ਼ੋਰ ਦੇਣ ਲੱਗੇ ਤਾਂ ਭਗਤ ਸਿੰਘ ਕਾਨ੍ਹਪੁਰ ਚਲੇ ਗਏ।
ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ 8 ਅਪ੍ਰੈਲ, 1929 ਨੂੰ ਦਿੱਲੀ ਸੈਂਟਰਲ ਅਸੈਂਬਲੀ ਵਿੱਚ ਬੰਬ ਸੁੱਟਿਆ ਤੇ ਗਿ੍ਰਫਤਾਰੀ ਹੋਈ। 12 ਜੂਨ, 1929 ਨੂੰ ਭਗਤ ਸਿੰਘ ਅਤੇ ਬੀ.ਕੇ.ਦੱਤ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ। ਫਿਰ ਲਹੌਰ ਸਾਜਿਸ਼ ਕੇਸ਼ ’ਚ 7 ਅਕਤੂਬਰ 1930 ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਗਈ। ਪਰ 23 ਮਾਰਚ, 1931 ਨੂੰ ਭਗਤ ਸਿਘ, ਰਾਜਗੁਰੂ, ਸੁਖਦੇਵ ਨੂੰ ਫਾਂਸੀ ’ਤੇ ਲਟਕਾ ਦਿੱਤਾ ਗਿਆ। ਸ਼ਹੀਦ ਭਗਤ ਸਿੰਘ ਦੀ ਇਹ ਸੰਖੇਪ ਜੀਵਨ ਯਾਤਰਾ ਹੈ।
ਭਗਤ ਸਿੰਘ ਐਵੇਂ ਨਹੀਂ ਮਰਿਆ, ਜਿਵੇਂ ਆਮ ਤੌਰ ’ਤੇ ਲੋਕ ਮਰ ਜਾਂਦੇ ਹਨ। ਇਹ ਸੱਚ ਹੈ ਕਿ ਮੌਤ ਅਟੱਲ ਹੈ ਪਰ ਮਨੁੱਖ ਦੇ ਮਰਨ ਦੇ ਢੰਗ ਅਲੱਗ-ਅਲੱਗ ਹਨ। ਕੋਈ ਪੂਰੀ ਉਮਰ 90-100 ਭੋਗ ਕੇ ਕੁਦਰਤੀ ਮੌਤ ਮਰਦਾ ਹੈ। ਕਈ ਖੁਦਕੁਸ਼ੀ ਕਰਕੇ ਮਰ ਜਾਂਦੇ ਹਨ। ਕਈ ਕੁਦਰਤੀ ਆਫ਼ਤਾਂ, ਕੋਵਿਡ, ਤੁਫਾਨ, ਭੁਚਾਲ, ਹੜ੍ਹ, ਸੁਨਾਮੀ ’ਚ ਮਰ ਜਾਂਦੇ ਹਨ। ਕਈ ਸਮਾਜ ਵਿਰੋਧੀਆਂ ਦੇ ਮਨੁੱਖਤਾ ਵਿਰੋਧੀ ਕਾਰਿਆਂ ’ਚ ਮਾਰੇ ਜਾਂਦੇ ਹਨ। ਕਈ ਮਨਮੁਖੀ ਮਨੁੱਖਾਂ ਦੀਆਂ ਆਪਣੀ ਹਉਮੇ ਪੁਗਾਉਣ ਲਈ ਛੇੜੀਆਂ ਫ਼ਸਾਦੀ ਜੰਗਾਂ ਵਿੱਚ ਮਾਰੇ ਜਾਂਦੇ ਹਨ। ਪਰ ਸ਼ਹੀਦ ਭਗਤ ਸਿੰਘ ਇਕ ਲਾਸਾਨੀ ਯੋਧਾ ਹੈ ਜਿਸ ਨੇ ਮੌਤ ਨੂੰ ਮੂੰਹੋਂ ਮੰਗ ਕੇ ਲਿਆ ਹੈ।
ਅਜ਼ਾਦੀ ਤੋਂ ਬਾਅਦ ਦੇਸ਼ ਦੀ ਸੱਤਾ ’ਤੇ ਕਾਬਜ਼ ਹੋਏ ਸਮੰਤੀ ਤੇ ਪੂੰਜੀਪਤੀਆਂ ਨੇ ਭਗਤ ਸਿੰਘ ਦੇ ਲਾਸਾਨੀ ਬਲੀਦਾਨ, ਜੀਵਨ ਤਿਆਗ ਅਤੇ ਉਹਨਾਂ ਦੇ ਵਿਵਸਥਾ ਪ੍ਰੀਵਰਤਨ ਦੇ ਵਿਚਾਰਾਂ ਨੂੰ ਪ੍ਰਭਾਵਹੀਣ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ, ਤਾਂ ਜੋ ਕਿ ਭਗਤ ਸਿੰਘ ਦੇ ਸੰਘਰਸ਼ਮਈ ਜੀਵਨ, ਵਿਸ਼ਾਲ ਚਿੰਤਨ ਤੇ ਵਿਚਾਰਕ ਲਿਖਤਾਂ ਤੇ ਵਿਚਾਰਾਂ ਬਾਰੇ ਕਿਸੇ ਨੂੰ ਪਤਾ ਨਾ ਲੱਗ ਸਕੇ। ਸ਼ਾਸ਼ਕਾਂ ਨੇ ਭਗਤ ਸਿੰਘ ਦੇ ਨਾਮ ’ਤੇ ਕੋਈ ਸਿੱਖਿਆ ਕੇਦਰ, ਖੋਜ ਸੰਸਥਾਨ, ਚੇਅਰ, ਯੂਨੀਵਰਸਿਟੀਆਂ ਸਥਾਪਤ ਨਹੀ ਕੀਤੀਆਂ, ਸਗੋਂ ਉਹਨਾਂ ਧੜਾ-ਧੜ ਪ੍ਰਚਾਰਿਆ ਕਿ ਭਗਤ ਸਿੰਘ ਨੇ ਅੰਗਰੇਜ਼ ਅਫ਼ਸਰ ਨੂੰ ਗੋਲੀ ਮਾਰ ਦਿੱਤੀ, ਭਗਤ ਸਿੰਘ ਤਾਂ ਦਹਿਸ਼ਤਗਰਦ ਸੀ। ਹੱਥ ’ਚ ਪਿਸਤੌਲ ਲਈ, ਮੁੱਛ ਮਰੋੜਦੇ ਭਗਤ ਸਿੰਘ ਨੂੰ ਹੀ ਲੋਕਾਂ ਸਾਹਮਣੇ ਉਭਾਰਿਆ ਗਿਆ ਅਤੇ ਅੱਜ ਵੀ ਅਜੇਹਾ ਹੀ ਕੀਤਾ ਜਾ ਰਿਹਾ ਹੈ।
ਜਦਕਿ ਭਗਤ ਸਿੰਘ ‘ਡ੍ਰੀਮਲੈਂਡ ਦੀ ਭੂਮਿਕਾ’ ’ਚ ਇਨਕਲਾਬ ਬਾਰੇ ਸਪੇਸ਼ਟ ਲਿਖਦੇ,‘ਇਨਕਲਾਬ ਦਾ ਮਤਲਬ ਨਿਰੀ ਉਥਲ-ਪੁਥਲ ਜਾਂ ਖੂਨ-ਖਰਾਬਾ ਨਹੀਂ ਹੁੰਦਾਂ। ਇਨਕਲਾਬ ਦਾ ਭਾਵ ਮੌਜੂਦਾ ਹਾਲਾਤ ਨੂੰ ਬਦਲਕੇ ਇੱਕ ਨਵੇਂ ਸਮਾਨਤਾ ਅਧਾਰਤ ਸਮਾਜ ਤੇ ਦੀ ਉਸਾਰੀ ਕਰਨਾ ਹੁੰਦਾ ਹੈ। ਇਸ ਵਿਚਾਰ ਨੂੰ ਹੋਰ ਸਪੱਸ਼ਟ ਕਰਦਿਆਂ ਭਗਤ ਸਿੰਘ  ਲਿੱਖਦਾ, ‘ਇਨਕਲਾਬ-ਪਿਸਤੌਲ ਅਤੇ ਬੰਬ ਦਾ ਸੱਭਿਆਚਾਰ ਨਹੀਂ, ਅਤੇ ਨਾ ਹੀ ਅਸੀਂ ਨੌਜਵਾਨਾਂ ਨੂੰ ਬੰਬ ਅਤੇ ਪਿਸਤੌਲ ਚੁੱਕਣ ਦੀ ਸਲਾਹ ਦੇ ਸਕਦੇ ਹਾਂ।  ਇਨਕਲਾਬ ਇਨ੍ਹਾਂ ਤੱਕ ਸੀਮਤ ਨਹੀਂ ਹੈ। ਸਾਡੀਆਂ ਮੌਜੂਦਾ ਪ੍ਰਸਥਿਤੀਆਂ ਅੰਦਰ ਇਨਕਲਾਬ ਦਾ ਉਦੇਸ਼ ਕੁਝ ਵਿਅਕਤੀਆਂ ਨੂੰ ਮਾਰਨਾ ਵੀ ਨਹੀਂ ਹੈ, ਸਾਡਾ ਤਾਂ ਉਦੇਸ਼ ਮਨੁੱਖ ਦੀ ਲੁੱਟ-ਖਸੁੱਟ ਕਰਨ ਵਾਲੀ ਵਿਵਸਥਾ ਨੂੰ ਖਤਮ ਕਰਕੇ, ਇਸ ਦੇਸ਼ ਲਈ ਸਵੈਨਿਰਣੇ ਦੇ ਹੱਕ ਨੂੰ ਪ੍ਰਾਪਤ ਕਰਨਾ ਹੈ।’
ਸ਼ਹੀਦ ਭਗਤ ਸਿੰਘ ਕਦੇ ਕਿਸੇ ਜਾਤ ਮਜ਼ਹਬ ਦਾ ਸਮਰਥਕ ਨਹੀਂ ਹੋਇਆ। ਬਲਕਿ ਉਹ ਤਾਂ ਜਾਤ ਤੇ ਫਿਰਕਾਪ੍ਰਸਤੀ ਦਾ ਸਖ਼ਤ ਵਿਰੋਧੀ ਸੀ ਅਤੇ ਧਰਮ ਨੂੰ ਰਾਜਨੀਤੀ ਵਿੱਚ ਘਸੇੜਨ ਦਾ ਉਹ ਡੱਟ ਕੇ ਵਿਰੋਧ ਕਰਦਾ ਸੀ।  ਉਹ ਲਿੱਖਦੇ, ‘ਜਾਤ ਤੇ ਮਜ਼ਹਬ ਸਾਡੀ ਤਰੱਕੀ ਦੇ ਰਾਹ ਵਿੱਚ ਵੱਡੀ ਰੁਕਾਵਟ ਹਨ। ਇਸ ਲਈ ਸਾਨੂੰ ਇਨ੍ਹਾਂ ਨੂੰ ਖਤਮ ਕਰਨਾ ਪਵੇਗਾ। ਵਿਦੇਸ਼ੀ ਹਾਕਮ, ਹਿੰਦੂਆਂ, ਮੁਸਲਮਾਨਾਂ ਦੀ ਕੱਟੜਤਾ ਤੇ ਤੰਗਦਿਲੀ ਦਾ ਫਾਇਦਾ ਉਠਾਉਂਦੇ ਹਨ। ਇਸ ਨੂੰ ਖਤਮ ਕਰਨ ਲਈ ਇਨਕਲਾਬੀ ਲਗਨ ਵਾਲੇ ਜਵਾਨਾਂ ਨੂੰ ਅੱਗੇ ਆਉਣਾ ਪਵੇਗਾ। ਕਿਉਕਿ ਸਰਮਾਏਦਾਰਾਂ ਦੀਆਂ  ਮਨੁੱਖਤਾ ਵਿਰੋਧੀ ਨੀਤੀਆਂ, ਕਿਰਤੀ ਵਰਗਾਂ ਦੇ ਸਾਂਝੇ ਸੰਘਰਸ਼ਾਂ ਨੂੰ ਕਮਜ਼ੋਰ ਕਰਦੀਆਂ ਹਨ। ਉਹ ਕਿਰਤੀਆਂ ਵਿਚ ਧਰਮ, ਜਾਤੀ, ਇਲਾਕਾਬਾਦ, ਭਾਸ਼ਾ ਦੇ ਸਵਾਲ ਖੜੇ ਕਰਕੇ, ਆਮ ਜਨਤਾ ਵਿਚ ਫਸਾਦ ਕਰਵਾਉਂਦੇ ਹਨ। ਕੋਹਾਟ ਦੇ 1924 ਵਿੱਚ ਮੁਸਲਮਾਨ-ਹਿੰਦੂ ਦੰਗੇ ਇਸੇ ਸਾਜਿਸ਼ ਤਹਿਤ ਹੋਏ ਸਨ।’
ਭਗਤ ਸਿੰਘ ਦੇ ਜਾਤ, ਮਜ਼ਹਬ ਤੇ ਫਿਰਕਾਪ੍ਰਸਤੀ ਪ੍ਰਤੀ ਸ਼ੰਕੇ ਸੱਚ ਸਾਬਤ ਹੋਏ ਹਨ। ਹਾਕਮ ਅਤੇ ਪੂੰਜੀਪਤੀ, ਸਮੰਤੀ ਧਨਾਡ, ਲੀਡਰ ਪਿਛਲੇ 78 ਸਾਲਾਂ ਤੋਂ ਸ਼ਹੀਦ ਭਗਤ ਸਿੰਘ ਹੁਣਾਂ ਦੀਆਂ ਕੁਰਬਾਨੀਆਂ ਅਤੇ ਬਹਾਦਰੀ ਦੇ ਗੁਣਗਾਣ ਕਰਕੇ ਸ਼ਰਧਾਂਜਲੀਆਂ ਤਾਂ ਦਿੰਦੇ ਆ ਰਹੇ ਹਨ ਪਰ ਹੁਣ ਹਾਕਮ ਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ ਸ਼ਹੀਦੀ ਦਿਨ ਤੇ ਸਿਆਸਤ ਖੇਡਣੀ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਦਲਿਤ ਸ਼ੋਸ਼ਿਤ ਮਜ਼ਦੂਰ ਕਿਸਾਨ ਮੁਲਾਜ਼ਮ ਔਰਤਾਂ ਉਹਨਾਂ ਦੇ ਮਸਤ/ਬੇਹੋਸ਼ ਵੋਟਰ ਬਣੇ ਰਹਿਣ। ਇਹਨਾਂ ਮੌਕਾਪ੍ਰਸਤ ਲੀਡਰਾਂ ਨੂੰ ਦੇਸ਼ ਦੇ ਵਿਕਾਸ ਲਈ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੇ ਸਮਾਜਵਾਦ ਨਾਲ ਕੋਈ ਸਰੋਕਾਰ ਨਹੀ ਹੈ।
ਸ਼ਹੀਦ ਭਗਤ ਸਿੰਘ ਇੱਕ ਵਿਚਾਰਕ ਇਨਕਲਾਬੀ ਸੀ, ਜਿਸ ਨੇ ਭਾਰਤੀ ਸਮਾਜ ਦੇ ਇਤਿਹਾਸਕ ਬੋਧ ਵਿਕਾਸ ਨੂੰ ਸਮਝਿਆ, ਭਾਰਤੀ ਸਮਾਜ ਵਿਵਸਥਾ ਦੀ ਵਿਗਿਆਨਕ ਨਜ਼ਰੀਏ ਤੋਂ ਵਿਆਖਿਆ ਕਰਦਿਆਂ, ਸਮਾਜਿਕ ਸਮੱਸਿਆਵਾਂ, ਅੰਧਵਿਸ਼ਵਾਸ, ਵਰਣ-ਵਿਵਸਥਾ ਤੇ ਜਾਤ ਪਾਤ ਦੀ ਪਹਿਚਾਣ ਕਰਕੇ ਸਮਾਜ ਪ੍ਰੀਵਰਤਨ ਲਈ ਇੱਕ ਨਵਾਂ ਸਮਾਜਵਾਦੀ ਦਿ੍ਰਸ਼ਟੀਕੋਣ ਪੇਸ਼ ਕੀਤਾ।
ਭਗਤ ਸਿੰਘ ਇਕ ਅਜਿਹਾ ਵਿਦਿਆਰਥੀ/ਵਿਦਵਾਨ ਸੀ, ਜਿਸ ਨੇ ਆਪਣੇ ਸਕੂਲੀ ਜੀਵਨ ਵਿੱਚ ਹੀ 50 ਕਿਤਾਬਾਂ, ਕਾਲਜ ਵਿੱਚ 200 ਕਿਤਾਬਾਂ ਤੇ ਜੇਲ੍ਹ ਦਰਮਿਆਨ 300 ਤੋ ਵੱਧ ਕਿਤਾਬਾਂ ਪੜ੍ਹੀਆਂ ਹੀ ਨਹੀਂ, ਬਲਕਿ ਦੁਨੀਆਂ ਭਰ ਦੇ ਸਾਹਿਤ ਦਾ ਚਿੰਤਨ ਵੀ ਕੀਤਾ। ਭਗਤ ਸਿੰਘ ਦੀਆਂ ਜੇਬਾਂ ਹਮੇਸ਼ਾ ਕਿਤਾਬਾਂ ਨਾਲ ਭਰੀਆਂ ਰਹਿੰਦੀਆਂ ਸਨ। ਆਪਣੇ ਸੰਖੇਪ ਜੀਵਨ ’ਚ ਹੀ ਉਸ ਨੇ ਕਾਰਲ ਮਾਰਕਸ, ਫੈਂਡਰਿਕ, ਐੰਗਲਜ, ਟ੍ਰਾਟਸਕੀ, ਪਲੈਟੋ, ਰੂਸੋ, ਅਰਸਤੂ ਪੜ੍ਹੇ, ਹੀਗਲ  ਬਾਕੁਨਿਨ, ਬੁੱਧ ਤੇ ਕਬੀਰ ਸਾਹਿਤ ਪੜ੍ਹਿਆ ਅਤੇ ਵਿਚਾਰਿਆ ਵੀ। ਇਹ ਭਗਤ ਸਿੰਘ ਦੀ ਜੇਲ੍ਹ ਡਾਇਰੀ ਤੋਂ ਸਪੱਸ਼ਟ ਹੋ ਜਾਂਦਾ ਹੈ।’
ਭਗਤ ਸਿੰਘ ਦੀ ਫਾਂਸੀ ਨੂੰ ਉਮਰ ਕੈਦ ਵਿੱਚ ਬਦਲਣ ਲਈ ਸੰਸਾਰ ਭਰ ਵਿੱਚੋਂ ਲੱਖਾਂ ਲੋਕਾਂ ਨੇ ਚਿੱਠੀਆਂ ਅਤੇ ਤਾਰਾਂ ਅੰਗਰੇਜ਼ ਸਰਕਾਰ ਨੂੰ ਭੇਜੀਆਂ। ਜਿਨ੍ਹਾਂ ਵਿੱਚ ਕਈ ਖ਼ਤ ਖੂਨ ਨਾਲ ਵੀ ਲਿਖੇ ਹੋਏ ਸਨ ਕਿ ਭਗਤ ਸਿੰਘ ਦੀ ਫਾਂਸੀ ਨੂੰ ਉਮਰ ਕੈਦ ਵਿੱਚ ਬਦਲਿਆ ਜਾਵੇ। ਪਰ ਭਗਤ ਸਿੰਘ ਦੇ ਵਿਚਾਰਕ ਇਨਕਲਾਬ ਤੋਂ ਡਰਦੀ ਅੰਗਰੇਜ਼ ਸਰਕਾਰ ਨੇ ਮਿਲੀ ਭੁਗਤ ਕਰਕੇ ਅਦਾਲਤ ਦੇ ਹੁਕਮਾਂ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਫਾਂਸੀ ’ਤੇ ਲਟਕਾ ਦਿੱਤਾ।
ਭਗਤ ਸਿੰਘ 23 ਮਾਰਚ 1931 ਨੂੰ ਫਾਂਸੀ ਚੜ੍ਹਨ ਸਮੇਂ ਸਿਰਫ 23 ਸਾਲ 5 ਮਹੀਨੇ 25 ਦਿਨਾਂ ਦੇ ਸਨ। ਭਗਤ ਸਿੰਘ ਆਪਣੀ ਲਾਸਾਨੀ ਕੁਰਬਾਨੀ ਸਦਕਾ ਭਾਰਤ ਦੀ ਅਜ਼ਾਦੀ ਦਾ ਨਾਇਕ ਬਣ ਗਿਆ ਸੀ। ਭਾਰਤ ਦੇ ਲੋਕਾਂ ਨੇ ਭਗਤ ਸਿੰਘ ਨੂੰ ਆਪਣੇ ਜਜ਼ਬਾਤ ਦਾ ਹਿੱਸਾ ਬਣਾ ਲਿਆ, ਨੌਜ਼ਵਾਨ/ਮਟਿਆਰਾਂ ਉਸ ਦੀਆਂ ਘੋੜੀਆਂ ਗਾਉਣ ਲੱਗ ਪਏ। ਆਪਣੇ ਥੋੜ੍ਹੇ ਸਮੇਂ ਦੇ ਰਾਜਨੀਤਕ ਜੀਵਨ ਵਿੱਚ ਹੀ ਉਹ ਇੰਨੇ ਹਰਮਨ ਪਿਆਰੇ ਹੋ ਗਏ ਕਿ ਦੂਰ-ਦੁਰਾਡੇ ਦੇਸ਼ ਦੇ ਪਿੰਡਾਂ ਵਿੱਚ ਭਗਤ ਸਿੰਘ ਨੂੰ ਗਾ ਗਾ ਕੇ ਸਤਿਕਾਰਿਆ ਜਾਣ ਲੱਗ ਪਿਆ। ਉਨ੍ਹਾਂ ਦੀ ਕੁਰਬਾਨੀ ਅੱੱਜ ਵੀ ਨੌਜਵਾਨਾਂ ਨੂੰ ਦੇਸ਼ ਭਗਤੀ ਲਈ ਵਾਰ ਵਾਰ ਪ੍ਰੇਰਦੀ ਹੈ।
ਸ਼ਹੀਦ ਭਗਤ ਸਿੰਘ ਭਾਰਤ ਦੇ ਆਜ਼ਾਦੀ ਅੰਦੋਲਨ ਵਿੱਚ ਜੈਟ ਦੀ ਰਫ਼ਤਾਰ ਵਾਂਗ ਆਏ ਅਤੇ ਵਿਦੇਸ਼ੀ-ਦੇਸ਼ੀ ਸਾਮਰਾਜੀ ਲੋਟੂਆਂ ਨਾਲ ਲੋਹਾ ਲੈਂਦੇ-ਲੈਂਦੇ ਸ਼ਹੀਦ ਹੋ ਕੇ ਮਜ਼ਦੂਰਾਂ, ਮਿਹਨਤਕਸ਼ਾਂ ਦੇ ਰਾਜ ਲਈ ਰਾਹ ਦਸੇਰਾ ਬਣ ਗਏ।  ਭਗਤ ਸਿੰਘ ਨੇ ਨਾ ਕੇਵਲ ਭਾਰਤ ਹੀ ਬਲਕਿ ਪੂਰੇ ਸੰਸਾਰ ਨੂੰ ਵਾਸਤਵਿਕ ਸਮਾਨਤਾ ਅਤੇ ਸ਼ਾਂਤੀ ਦਾ ਮਾਰਗ ਦਿਖਾਉਣ ਲਈ ਆਪਣੀ ਕੁਰਬਾਨੀ ਦਿੱਤੀ। ਉਹ ਜਿਉਂਦੇ ਜੀਅ ਹੀ ਇੰਨੇ ਉਚੇ ਉਠ ਗਏ ਸੀ ਕਿ ਸਾਨੂੰ ਭਗਤ ਸਿੰਘ ਦੀ ਸ਼ਹਾਦਤ ਉਤੇ ਮਾਣ ਹੈ।
ਅੱਜ ਦੇਸ਼ ਦੀਆਂ ਸਮੂਹ ਰਾਜਨੀਤਕ ਪਾਰਟੀਆਂ, ਸੱਤਾ ’ਚ ਹੋਣ ਜਾਂ ਵਿਰੋਧ ’ਚ, ਉਹ ਦੇਸ਼ ਜਾਂ ਭਗਤ ਸਿੰਘ ਦੇ ਸਿਧਾਂਤਾਂ ਨੂੰ ਤਰਜੀਹ ਨਹੀਂ ਦਿੰਦੀਆਂ, ਬਲਕਿ ਆਪਣੇ ਨਿੱਜੀ ਸਵਾਰਥਾਂ ਨੂੰ ਵੱਧ ਤਰਜੀਹ ਦਿੰਦੀਆਂ ਹਨ। ਮੌਕਾਪ੍ਰਸਤ ਆਗੂ ਨਾਅਰਾ ਤਾਂ ਭਗਤ ਸਿੰਘ ਦਾ ਲਾਉਦੇ ਹਨ ਪਰ ਉਸ ਦੇ ਸਮਾਜਵਾਦ ਤੇ ਸਮਾਨਤਾ ਦੇ ਸਮਾਜ ਨੂੰ ਪਿੰਛੇ ਛੁੱਟਕੇ, ਦੇਸ਼ ਦੇ ਪਹਿਲੇ ਵੀ ਸਰਕਾਰੀ ਉਤਪਾਦਕ ਉਦਯੋਗਾਂ, ਬਿਜਲੀ ਘਰਾਂ, ਸਟੇਸ਼ਨਾਂ, ਏਅਰਪੋਰਟਾਂ, ਵਿਦਿਅਕ ਆਦਾਰਿਆਂ, ਯੂਨੀਵਰਸਿਟੀਆਂ, ਹਸਪਤਾਲਾਂ, ਆਦਿ ਨੂੰ ਨਿੱਜੀ ਕੰਪਨੀਆਂ ਨਾਲ ਮਿਲੀ ਭੁਗਤ ਕਰਕੇ ਪ੍ਰਾਈਵੇਟ ਜਾਂ ਫਿਰ ਵੇਚ ਰਹੀਆਂ ਹਨ। ਕਾਰਪੋਰੇਟ ਘਰਾਣੇ, ਧਨਾਡ, ਪੂੰਜੀਪਤੀ ਤੇ ਪ੍ਰੋਹਿਤ ਹੀ ਅੱਜ ਦੇਸ਼ ਦਾ ਭਵਿੱਖ ਤੈਅ ਕਰਦੇ ਹਨ।
ਪਾਰਲੀਮੈਂਟ ਤੇ ਵਿਧਾਨ ਸਭਾਵਾ ਵਿਚ ਅਪਰਾਧੀਆਂ ਦਾ ਭਰਮਾਰ ਹੋ ਗਈ ਹੈ। ਆਗੂ, ਅਫ਼ਸਰ, ਵੋਟਾਂ ਵਿਟੋਰਨ ਲਈ ਜਨਤਾਂ ਨੂੰ ਮੁਫਤ ਦੀਆਂ ਰਿਉੜੀਆਂ ਰਾਹੀ ਵਰਗਲਾ ਰਹੇ ਹਨ। ਹਰ ਪਾਰਟੀ ਦਾ ਵੱਡੇ ਤੋਂ ਛੋਟੇ ਨੇਤਾ ਪਿੱਛੇ ਈ. ਡੀ, ਵਿਜ਼ੀਲੈਂਸ ਲੱਗੀ ਹੋਈ ਆ। ਸੰਪੂਰਨ ਕ੍ਰਾਂਤੀ, ਗਰੀਬੀ ਹਟਾਓ, ਸ਼ਾਈਨਿੰਗ ਇੰਡੀਆ, ਸਵੱਸ਼ ਭਾਰਤ, ਸਭ ਦਾ ਵਿਕਾਸ ਦੇ ਨਾਹਰੇ ਸਿਰਫ ਨਾਹਰੇ ਹੀ ਨਜ਼ਰ ਆ ਰਹੇ ਹਨ। ਮਜ਼ਦੂਰਾਂ ਬਾਰੇ ਬਣੇ ਚਾਰ ਲੇਬਰ ਲਾਅਜ਼ ਨੇ ਮਜ਼ਦੂਰਾਂ ਨੂੰ ਸਰਮਾਏਦਾਰਾਂ ਦੇ ਬੰਧੂਆ ਮਜ਼ਦੂਰ ਬਣਾ ਦਿੱਤਾ ਹੈ। ਮਜ਼ੂਦਾ ਵਿਦਿਆ ਨੀਤੀ ਨੇ ਗਰੀਬਾਂ ਨੂੰ ਉਚ ਸਿੱਖਿਆ ਪ੍ਰਾਪਤ ਕਰਨ ਤੋਂ ਹਾਸ਼ੀਏ ਉਪਰ ਧੱਕ ਦਿੱਤਾ ਹੈ।
ਭਾਰਤੀ ਲੋਕਤੰਤਰ ਦਾ ਹੌਲੀ-ਹੌਲੀ ਗਲਾ ਬਹਿੰਦਾ ਜਾ ਰਿਹਾ ਹੈ।  ਦੇਸ਼ ’ਚ ਦਿਨੋ ਦਿਨ ਸਿਰ ਚੁੱਕ ਰਹੀ ਫਿਰਕਾਪ੍ਰਸਤੀ ਨੂੰ ਠਲ੍ਹ ਪਾਉਣ ਲਈ ਭਗਤ ਸਿੰਘ ਦੇ ਵਿਚਾਰ ਅੱਜ ਵੀ ਸਾਰਥਿਕ ਹਨ। ਉਹਨਾਂ ਦੇ ਜਾਤੀ, ਮਜ਼ਹਬ ਤੇ ਫਿਰਕਾਪ੍ਰਸਤੀ ਵਿਰੋਧੀ ਵਿਚਾਰ ਅਤੇ ਇਸ ਦੇ ਬਦਲ ਵਿਚ ਉਹਨਾਂ ਦੇ ਅਜ਼ਾਦੀ, ਸਮਾਨਤਾ, ਭਾਈਚਾਰੇ ਤੇ ਨਿਆਂ ਅਧਾਰਤ ਸਮਾਜਵਾਦੀ ਸਮਾਜ ਸਿਰਜਨਾ ਦੇ ਲਕਸ਼, ਲੋਕਾਂ ਖਾਸਕਰ ਨੌਜ਼ਵਾਨਾਂ ਲਈ ਅੱਜ ਵੀ ਮਾਰਗ ਦਰਸ਼ਕ ਤੇ ਪ੍ਰੇਰਨਾਦਾਇਕ ਹਨ।
 ਮੋ. 98145 17499 
ਜੀ ਟੀ ਰੋਡ, ਸਿਵਲ ਕੋਰਟਸ, ਫਗਵਾੜਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਸੰਗੀਤਕ ਜਗਤ ‘ਚ ਹਮੇਸ਼ਾਂ ਅਮਰ ਹੈ: ਲਤਾ ਮੰਗੇਸ਼ਕਰ ਦੇ ਸੁਰਾਂ ਦਾ ਰੰਗ
Next articleਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਰਾਣੀਪਿੰਡ ਵਿਖੇ ਪਰਾਲੀ ਪ੍ਰਬੰਧਨ ਬਾਬਤ ਜਾਗਰੁਕਤਾ ਕੈਂਪ ਦਾ ਆਯੋਜਨ