(ਸਮਾਜ ਵੀਕਲੀ)
ਕਿਸੇ ਵੀ ਕੂਲੀਗ, ਘਰ ਦੇ ਕਿਸੇ ਜੀਅ ਜਾਂ ਕਿਸੇ ਵੀ ਗੂੜ੍ਹੇ ਅਤੇ ਸੱਭ ਤੋਂ ਨੇੜਲੇ ਸਾਕ ਸਬੰਧੀ ਦੇ ਸੁਭਾਅ ਜਾਂ ਵਤੀਰੇ ਕਾਰਨ ਕਈ ਵਾਰ ਸਾਨੂੰ ਮਾਯੂਸੀ ਦਾ ਸਾਹਮਣਾ ਕਰਨਾ ਪੈਂਦਾ ਹੈ। ਮਨ ਵੀ ਖ਼ਰਾਬ ਹੋ ਜਾਂਦਾ ਹੈ ਅਤੇ ਮੂਡ ਵੀ ਠੀਕ ਨਹੀਂ ਰਹਿੰਦਾ। ਅਜਿਹੇ ਭਲੇ ਮਾਣਸ ਦੇ ਰੁੱਖੇ ਬੋਲ,ਬੇਚੈਨੀ ਅਤੇ ਤਕਲੀਫ਼ ਦਿੰਦੇ ਰਹਿੰਦੇ ਹਨ। ਕਿਸੇ ਮਜ਼ਬੂਰੀ ਵੱਸ ਅਸੀਂ ਰੀਐਕਸ਼ਨ ਵੀ ਨਹੀਂ ਕਰ ਸਕਦੇ ਕਿਉਂਕਿ ਪ੍ਰੇਸ਼ਾਨੀਆਂ ਘਟਣ ਦੀ ਬਜਾਏ ਹੋਰ ਵਧ ਜਾਂਦੀਆਂ ਹਨ। ਗੱਲਾਂ ਤਾਂ ਹੁੰਦੀਆਂ ਹਨ ਨਿੱਕੀਆਂ-ਨਿੱਕੀਆਂ ,ਪਰ ਜੇਕਰ ਸਮਝਦਾਰੀ, ਸੂਝ-ਬੂਝ, ਠਰੰਮੇ ਅਤੇ ਠੰਢੇ ਦਿਮਾਗ ਨਾਲ ਸੋਚਿਆ ਜਾਵੇ ਤਾਂ ਅਜਿਹੀ ਕੋਈ ਗੱਲ ਨਹੀਂ ਕਿ ਮਨ ਦਾ ਖੋਇਆ ਹੋਇਆ ਚੈਨ ਵਾਪਸ ਨਾ ਆਏ।
ਤੁਰੰਤ ਰੀਐਕਸ਼ਨ ਕਰਨ ਤੋਂ ਬਚਾਅ ਕੀਤਾ ਜਾਵੇ ਕਿਉਂਕਿ ਕਈ ਰਿਸ਼ਤੇ ਅਜਿਹੇ ਹੁੰਦੇ ਹਨ ਜਿਨ੍ਹਾਂ ਨੇ ਪਰਛਾਵਾਂ ਬਣ ਜੀਵਨ ਭਰ ਨਾਲੋਂ ਨਾਲ ਚੱਲਣਾ ਹੁੰਦਾ ਹੈ। ਬਦਲੇ ਦੀ ਭਾਵਨਾ ਮਨ ਵਿੱਚ ਪਹਿਲੀ ਗੱਲ ਤਾਂ ਆਉਣ ਦੇਣੀ ਹੀ ਨਹੀਂ ਚਾਹੀਦੀ, ਜੇ ਆ ਵੀ ਜਾਵੇ ਤਾਂ ਸੰਭਲ ਜਾਣਾ ਚਾਹੀਦਾ ਹੈ। ਮਾਹੌਲ ਨੂੰ ਕਦੇ ਭੁੱਲ ਕੇ ਵੀ ਖ਼ਰਾਬ ਨਹੀਂ ਹੋਣ ਦੇਣਾ ਚਾਹੀਦਾ। ਕਈ ਵਾਰ ” ਇੱਕ ਚੁੱਪ,ਸੌ ਸੁੱਖ ” ਤੇ ਅਮਲ ਕਰਨਾ ਠੀਕ ਰਹਿੰਦਾ ਹੈ। ਮਨ ਨੂੰ ਸਮਝਾ ਲੈਣਾ ਹੀ ਬਿਹਤਰ ਰਹਿੰਦਾ ਹੈ। ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣੀ ਚਾਹੀਦੀ। ਮਾਣਕ ਨੇ ਠੀਕ ਹੀ ਕਿਹਾ ਹੈ ਕਿ “, ਇੱਕ ਵਾਰੀ ਲੰਘਿਆ ਵੇਲਾ, ਮੁੜਕੇ ਹੱਥ ਆਉਂਦਾ ਨੀ।”
ਗੱਲਾਂ ਤਾਂ ਹੁੰਦੀਆਂ ਹਨ ਨਿੱਕੀਆਂ-ਨਿੱਕੀਆਂ, ਲੇਕਿਨ ਵੱਡੀਆਂ ਬਣ ਕੇ ਵੰਡੀਆਂ ਬਣ ਜਾਂਦੀਆਂ ਹਨ ਜਿਸ ਦਾ ਨਤੀਜਾ ਹੁੰਦਾ ਹੈ, ਲੜਾਈ- ਝਗੜੇ, ਪਾਟੋਧਾੜ, ਥਾਨੇ ਕਚਹਿਰੀਆਂ ਆਦਿ। ਅਜਿਹੀ ਨੌਬਤ ਆਵੇ ਹੀ ਨਾਂ, ਇਹ ਗੱਲ ਲੜ ਬੰਨ੍ਹ ਲੈਣ ਵਿੱਚ ਹੀ ਅਕਲ ਵਾਲੀ ਗੱਲ ਹੁੰਦੀ ਹੈ ਕਿ :*ਕੋਈ ਸਨਮਾਨ ਕਰੇ ਜਾਂ ਨਾਂ ਕਰੇ, ਚੰਗੇ ਕੰਮ ਕਰਦੇ ਰਹਿਣਾ ਚਾਹੀਦਾ ਹੈ।*
**ਟੁੱਟੇ ਦਿਲ ਨੀ ਜੁੜਦੇ, ਵੇਖੀਂ ਤੋੜੀ ਨਾਂ*।
ਅਜੀਤ ਪ੍ਰਦੇਸੀ ਰੋਪੜ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly