ਸੀਸ ਤਲੀ ਤੇ ਰੱਖ ਕੇ ਲੜਨ ਵਾਲੇ: ਬਾਬਾ ਦੀਪ ਸਿੰਘ ਜੀ ਜਾਂ ਗੁਰਬਾਣੀ ਦੇ ਵਿਦਵਾਨ ਤੇ ਲਿਖਾਰੀ : ਬਾਬਾ ਦੀਪ ਸਿੰਘ ਜੀ

ਬਾਬਾ ਦੀਪ ਸਿੰਘ ਜੀ
27 ਜਨਵਰੀ ਨੂੰ ਜਨਮ-ਦਿਨ ’ਤੇ ਵਿਸ਼ੇਸ਼
(ਸਮਾਜ ਵੀਕਲੀ)  ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਸ਼ਹੀਦ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਸ਼ਹਾਦਤ ਦੇਣ ਵਾਲਾ, ਗਵਾਹ, ਸਾਕੀ (ਸਾਖੀ) ਹੈ। ਇਸ ਦੀ ਸੰਗਿਆ — ਅਜਿਹਾ ਕੰਮ ਕਰਨ ਵਾਲਾ ਜਿਸ ਦੀ ਲੋਕ ਸਾਖੀ ਦੇਣ। ਧਰਮਯੁੱਧ ਵਿੱਚ ਜਿਸ ਨੇ ਜੀਵਨ ਅਰਪਿਆ ਹੈ।         ‌‌
          ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ ਸੰਨ 1682 ਈ: ਨੂੰ ਪਿਤਾ ਭਾਈ ਭਗਤਾ ਜੀ ਅਤੇ ਮਾਤਾ ਜਿਉੂਣੀ ਜੀ ਦੇ ਘਰ ਪਿੰਡ ਪਹੂਵਿੰਡ ਜ਼ਿਲ੍ਹਾ ਤਰਨਤਾਰਨ (ਪੰਜਾਬ) ਵਿਖੇ ਹੋਇਆ। ਦੋਵੇਂ ਗੁਰੂ ਘਰ ਦੇ ਬੜੇ ਪ੍ਰੇਮੀ ਸਨ। ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਰਹੇ ਤੇ ਸੇਵਾ ਕਰਦੇ ਰਹੇ। ਉਹ ਆਪਣੇ ਆਪ ਨੂੰ ਗੁਰੂ ਘਰ ਦਾ ਨਿਮਾਣਾ ਸਿੱਖ ਸਮਝਦੇ ਸਨ। ਮਾਤਾ-ਪਿਤਾ ਨੇ ਬਚਪਨ ਵਿੱਚ ਉਹਨਾਂ ਦਾ ਨਾਂ ‘ਦੀਪਾ’ ਰੱਖਿਆ। ਬਾਬਾ ਦੀਪ ਸਿੰਘ ਚੜ੍ਹਦੀ ਜਵਾਨੀ ’ਚ ਤਕਰੀਬਨ 18 ਸਾਲ ਦੀ ਉਮਰ ਵਿੱਚ ਆਪਣੇ ਮਾਤਾ-ਪਿਤਾ ਦੇ ਨਾਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ-ਮਹੱਲਾ ਮਨਾਉਣ ਲਈ ਪਹੁੰਚੇ। ਗੁਰੂ ਸਾਹਿਬ ਨੇ ਉਹਨਾਂ ਨੂੰ ਅਨੰਦਪੁਰ ਸਾਹਿਬ ਹੀ ਰੱਖ ਲਿਆ ਤੇ ਮਾਤਾ-ਪਿਤਾ ਆਪਣੇ ਪਿੰਡ ਵਾਪਸ ਆ ਗਏ ਆਪ ਤਿੰਨ ਸਾਲ ਗੁਰੂ ਜੀ ਦੇ ਚਰਨਾਂ ਵਿੱਚ ਰਹੇ।
         ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ: ਵਿੱਚ ਜਦ ਖ਼ਾਲਸੇ ਦੀ ਸਿਰਜਣਾ ਕੀਤੀ ਤਾਂ ਉਸ ਸਮੇਂ ਵੱਡੀ ਤਾਦਾਦ ਵਿੱਚ ਸੰਗਤਾਂ ਨੇ ਖੰਡੇ-ਬਾਟੇ ਦਾ ਅੰਮ੍ਰਿਤ ਛਕਿਆ। ਬਾਬਾ ਦੀਪ ਸਿੰਘ ਜੀ ਵੀ ਅੰਮ੍ਰਿਤ ਛਕ ਕੇ ਸਿੰਘ ਸਜ ਗਏ ਅਤੇ ਨਾਂ “ਦੀਪ ਸਿੰਘ” ਰੱਖ ਦਿੱਤਾ ਗਿਆ। ਬਾਬਾ ਦੀਪ ਸਿੰਘ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਭਾਈ ਮਨੀ ਸਿੰਘ ਜੀ ਦੀ ਰਹਿਨੁਮਾਈ ਹੇਠ ਗੁਰਬਾਣੀ ਦਾ ਅਧਿਐਨ ਕੀਤਾ ਅਤੇ ਸ਼ਸਤਰ ਵਿੱਦਿਆ ਗ੍ਰਹਿਣ ਕੀਤੀ। ਬਾਬਾ ਜੀ ਨੇ ਸੰਸਕ੍ਰਿਤ, ਬ੍ਰਿਜ, ਫ਼ਾਰਸੀ ਅਤੇ ਗੁਰਮੁਖੀ ਭਾਸ਼ਾਵਾਂ ਵਿੱਚ ਮੁਹਾਰਤ ਹਾਸਲ ਕਰਕੇ ਜਿੱਥੇ ਧਰਮ ਗ੍ਰੰਥਾਂ ਦਾ ਅਧਿਐਨ ਕੀਤਾ, ਉੱਥੇ ਹੀ ਬਾਣੀ ਦਾ ਪ੍ਰਚਾਰ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ।
1704 ਈ: ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਅਕਾਲ ਪੁਰਖ ਦੇ ਹੁਕਮ ਨਾਲ ਅਨੰਦਪੁਰ ਸਾਹਿਬ ਛੱਡਣਾ ਪਿਆ। ਗੁਰੂ ਜੀ ਚਮਕੌਰ ਸਾਹਿਬ, ਮਾਛੀਵਾੜਾ, ਦੀਨਾ ਕਾਂਗੜ, ਆਲਮਗੀਰ, ਕੋਟਕਪੁੂਰਾ, ਮੁਕਤਸਰ, ਲੱਖੀ-ਜੰਗਲ ਤੋਂ ਹੁੰਦੇ ਹੋਏ ਦਮਦਮਾ ਸਾਹਿਤ ਤਲਵੰਡੀ ਸਾਬੋ ਪਹੁੰਚੇ। ਗੁਰੂ ਸਾਹਿਬ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਪੂਰਨ ਰੂਪ ਦੇਣ ਦਾ ਕਾਰਜ ਭਾਈ ਮਨੀ ਸਿੰਘ ਦੁਆਰਾ ਨੇਪਰੇ ਚਾੜ੍ਹਿਆ। ਇਸ ਮਹਾਨ ਕਾਰਜ ਵਿੱਚ ਭਾਈ ਮਨੀ ਸਿੰਘ ਜੀ ਦੇ ਸਹਾਇਕ ਬਾਬਾ ਦੀਪ ਸਿੰਘ ਜੀ ਸਨ। ਉਹਨਾਂ ਇਸ ਸੇਵਾ ਨੂੰ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਨਿਭਾਇਆ।
ਬਾਬਾ ਦੀਪ ਸਿੰਘ ਜੀ ਜਿੱਥੇ ਨਿਧੜਕ ਯੋਧੇ ਸਨ ਉੱਥੇ ਗੁਰਬਾਣੀ ਦੇ ਮਹਾਨ ਵਿਦਵਾਨ ਅਤੇ ਲਿਖਾਰੀ ਵੀ ਸਨ। ਉਹ ਸੰਗਤਾਂ ਨੂੰ ਗੁਰਬਾਣੀ ਦੇ ਅਰਥ ਕਰਕੇ ਵੀ ਦੱਸਦੇ ਰਹੇ ਅਤੇ ਆਦਿ ਗ੍ਰੰਥ ਦੇ ਹੱਥ ਲਿਖਤ ਉਤਾਰੇ ਵੀ ਕਰਦੇ ਰਹੇ। ਬਾਬਾ ਦੀਪ ਸਿੰਘ ਜੀ ਨੇ 1705 ਈ: ਵਿੱਚ ਭਾਈ ਮਨੀ ਸਿੰਘ ਜੀ ਨਾਲ ਮਿਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੱਥ ਲਿਖਤ ਬੀੜਾਂ ਤਿਆਰ ਕੀਤੀਆਂ। ਬਾਬਾ ਦੀਪ ਸਿੰਘ ਜੀ ਵੱਲੋਂ ਤਿਆਰ ਕੀਤੇ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵੱਖ-ਵੱਖ ਤਖ਼ਤ ਸਾਹਿਬਾਨ ਤੇ ਭੇਜੇ ਗਏ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਹੀ ਬਾਬਾ ਦੀਪ ਸਿੰਘ ਜੀ ਨੇ ਪ੍ਰਸਿੱਧੀ ਪ੍ਰਾਪਤ ਕਰ ਲਈ ਸੀ।
ਬਾਬਾ ਦੀਪ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਧਰਮ ਯੁੱਧਾਂ ਵਿੱਚ ਮਦਦ ਕੀਤੀ ਅਤੇ ਖ਼ਾਲਸਾ ਰਾਜ ਦੀ ਸਥਾਪਨਾ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ। ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਸ੍ਰ: ਦਰਬਾਰਾ ਸਿੰਘ ਜੀ ਅਤੇ ਨਵਾਬ ਕਪੂਰ ਸਿੰਘ ਜੀ ਨੇ ਸਿੱਖ ਕੌਮ ਨੂੰ ਜਥਿਆਂ ਵਿੱਚ ਵੰਡ ਕੇ ਲਾਮਬੰਦ ਕੀਤਾ। ਇਹਨਾਂ ਜਥਿਆਂ ਨੂੰ ਮਿਸਲਾਂ ਦਾ ਨਾਂ ਦਿੱਤਾ ਗਿਆ। ਬਾਬਾ ਦੀਪ ਸਿੰਘ ਜੀ ਨੂੰ ਸਿੱਖਾਂ ਦੀਆਂ 12 ਮਿਸਲਾਂ ਵਿੱਚੋਂ ‘ਸ਼ਹੀਦ ਮਿਸਲ’ ਦੇ ਜਥੇਦਾਰ ਦੀ ਸੇਵਾ ਵੀ ਸੌਂਪੀ ਗਈ। ਪੰਥ ਨੇ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਗੁਰੂਧਾਮ ਦੀ ਮਹੰਤੀ ਦਿੱਤੀ।
ਅਹਿਮਦਸ਼ਾਹ ਅਬਦਾਲੀ ਦਾ ਪੁੱਤਰ ਤੈਮੂਰ ਸ਼ਾਹ ਸਿੱਖਾਂ ਦੀ ਚੜ੍ਹਦੀ ਕਲਾ ਤੋਂ ਪੇ੍ਰਸ਼ਾਨ ਸੀ। ਉਸ ਦੇ ਹੁਕਮ ਤੇ ਹੀ ਜਹਾਨ ਖਾਂ ਨੇ ਸਿੱਖਾਂ ਦਾ ਕਤਲੇਆਮ ਕਰਨਾ ਸ਼ੁਰੂ ਕਰ ਦਿੱਤਾ। ਉਸ ਨੂੰ ਇਹ ਵੀ ਦੱਸਿਆ ਗਿਆ ਕਿ ਜਦ ਤੱਕ ਸਿੱਖਾਂ ਦੀ ਸ਼ਕਤੀ ਦੇ ਸੋਮੇ ਸ਼੍ਰੀ ਹਰਿਮੰਦਰ ਸਾਹਿਬ ਨੂੰ ਖ਼ਤਮ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸਿੱਖ ਨਾ ਆਪ ਚੈਨ ਨਾਲ ਬੈਠਣਗੇ ਅਤੇ ਨਾ ਹੀ ਹਾਕਮਾਂ ਨੂੰ ਸੁੱਖ ਦਾ ਸਾਹ ਲੈਣ ਦੇਣਗੇ। ਇਹ ਸਰੋਵਰ ਵਿੱਚ ਇਸ਼ਨਾਨ ਕਰਨ ਉਪਰੰਤ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਨਵਾਂ ਜੀਵਨ ਤੇ ਉਤਸ਼ਾਹ ਪ੍ਰਾਪਤ ਕਰ ਲੈਂਦੇ ਹਨ। ਜਹਾਨ ਖਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਨੂੰ ਢਹਿ-ਢੇਰੀ ਕਰਵਾ ਦਿੱਤਾ ਅਤੇ ਸਰੋਵਰ ਨੂੰ ਮਿੱਟੀ ਨਾਲ ਪੂਰ (ਭਰ) ਦਿੱਤਾ। ਬੇਪਤੀ ਦੀ ਇਹ ਖ਼ਬਰ ਬਾਬਾ ਦੀਪ ਸਿੰਘ ਜੀ ਨੂੰ ਦਮਦਮਾ ਸਾਹਿਬ ਮਿਲ ਗਈ। ਉਹਨਾਂ ਖੰਡਾ ਹੱਥ ਵਿੱਚ ਚੁੱਕ ਕੇ ਅਕਾਲ ਪੁਰਖ ਅੱਗੇ ਸ਼ਕਤੀ ਪ੍ਰਦਾਨ ਕਰਨ ਦੀ ਅਰਦਾਸ ਕੀਤੀ।
ਬਾਬਾ ਦੀਪ ਸਿੰਘ ਜੀ ਜਦੋਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਤੋਂ ਅੰਮ੍ਰਿਤਸਰ ਲਈ ਰਵਾਨਾ ਹੋਏ ਤਾਂ ਉਹਨਾਂ ਨਾਲ 20 ਸਿੰਘ ਸਨ। ਜਦ ਉਹ ਮਾਲਵੇ ਦੇ ਇਲਾਕੇ ਵਿੱਚੋਂ ਲੰਘੇ ਤਾਂ ਸਿੰਘਾਂ ਦੀ ਗਿਣਤੀ 5000 ਹੋ ਗਈ। ਬਾਬਾ ਦੀਪ ਸਿੰਘ ਜੀ ਜਥੇ ਸਮੇਤ ਤਰਨਤਾਰਨ ਸਾਹਿਬ ਪਹੁੰਚੇ। ਸ਼੍ਰੀ ਤਰਨਤਾਰਨ ਸਾਹਿਬ ਪਹੁੰਚ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਅਤੇ ਅਰਦਾਸ ਕੀਤੀ। ਪੁਸ਼ਾਕੇ ਬਦਲੇ, ਸ਼ਹੀਦੀ ਗਾਨੇ ਬੰਨ੍ਹ ਲਏ। ਬਾਬਾ ਜੀ ਨੇ ਇੱਕ ਲਕੀਰ ਖਿੱਚ ਕੇ ਕਿਹਾ ਕਿ ਜੋ ਸਿੰਘ ਸ਼ਹੀਦ ਹੋਣ ਲਈ ਤਿਆਰ ਹਨ ਸਿਰਫ਼ ਉਹੀ ਲਕੀਰ ਟੱਪਣ, ਬਾਕੀ ਵਾਪਸ ਚਲੇ ਜਾਣ। ਸਾਰੇ ਸਿੰਘ ਗੁਰਧਾਮਾਂ ਦੀ ਰਾਖੀ ਲਈ ਆਪਾ ਕੁਰਬਾਨ ਕਰਨ ਦੇ ਚਾਉ ਨਾਲ ਜੈਕਾਰੇ ਛੱਡਦੇ ਲਕੀਰ ਲੰਘ (ਟੱਪ) ਗਏ।
ਸ਼੍ਰੀ ਤਰਨਤਾਰਨ ਸਾਹਿਬ ਤੋਂ 8 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਪਿੰਡ ਗੋਹਲਵੜ ਵਿਖੇ ਘਮਸਾਣ ਦਾ ਯੁੱਧ ਹੋਇਆ। ਜਹਾਨ ਖਾਂ ਨੇ 20,000 ਦੀ ਸ਼ਕਤੀਸ਼ਾਲੀ ਸੈਨਾ ਲੈ ਕੇ ਸਿੰਘਾਂ ਉੱਤੇ ਹਮਲਾ ਕਰ ਦਿੱਤਾ। ਬਾਬਾ ਦੀਪ ਸਿੰਘ ਜੀ ਨੇ ਸਿੰਘਾਂ ਨੂੰ ਦੁਸ਼ਮਣ ਦੀਆਂ ਫ਼ੌਜਾਂ ’ਤੇ ਟੁੱਟ ਪੈਣ ਲਈ ਲਲਕਾਰਿਆ। ਇਸ ਜੰਗ ਵਿੱਚ ਬਾਬਾ ਦੀਪ ਸਿੰਘ ਜੀ ਆਪਣੇ 18 ਸੇਰ ਦੇ (ਦੋ ਧਾਰੇ) ਖੰਡੇ ਨਾਲ ਜ਼ਾਲਮਾਂ ਦੇ ਆਹੂ ਲਾਹੁੰਦਿਆਂ ਅੱਗੇ ਵੱਧ ਰਹੇ ਸਨ। ਜਹਾਨ ਖਾਂ ਦੇ ਬਹੁਤ ਸਾਰੇ ਸਿਪਾਹੀ ਦੌੜ ਗਏ ਤੇ ਵੱਡੀ ਗਿਣਤੀ ਵਿੱਚ ਮਾਰੇ ਗਏ। ਬਾਬਾ ਦੀਪ ਸਿੰਘ ਜੀ ਦੇ ਕਈ ਸਾਥੀ ਜੰਗ ਦੌਰਾਨ ਸ਼ਹਾਦਤ ਦਾ ਜਾਮ ਪੀ ਗਏ। ਅਮਾਨ ਖਾਂ ਨਾਲ ਆਹਮਣੇ-ਸਾਹਮਣੇ ਦੀ ਜੰਗ ਦੌਰਾਨ ਦੋਹਾਂ ਦੇ ਸਾਂਝੇ ਵਾਰ ਨਾਲ ਦੋਨਾਂ ਦੇ ਸੀਸ ਧੜ ਨਾਲੋਂ ਅੱਡ ਹੋ ਗਏ। ਅਮਾਨ ਖਾਂ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ ਪਰ ਬਾਬਾ ਦੀਪ ਸਿੰਘ ਜੀ ਨੇ ਇੱਕ ਹੱਥ ਦੀ ਤਲੀ ਨਾਲ ਆਪਣੇ ਸੀਸ ਨੂੰ ਸੰਭਾਲਿਆ ਅਤੇ ਦੂਜੇ ਹੱਥ ਨਾਲ ਖੰਡਾ ਚਲਾਉਂਦੇ (ਵਾਹੁੰਦੇ) ਹੋਏ ਅੱਗੇ ਵਧਦੇ ਗਏ। ਬਾਬਾ ਜੀ ਦਾ ਦ੍ਰਿੜ੍ਹ ਨਿਸ਼ਚਾ ਸੀ ਕਿ ਉਹ ਸ਼੍ਰੀ ਦਰਬਾਰ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਦੇਣ ਉਪਰੰਤ ਆਪਣਾ ਸੀਸ ਗੁਰੂ ਜੀ ਦੇ ਚਰਨਾਂ ਵਿੱਚ ਭੇਟ ਕਰਕੇ ਹੀ ਸ਼ਹੀਦੀ ਪ੍ਰਾਪਤ ਕਰਨਗੇ। ਬਾਬਾ ਦੀਪ ਸਿੰਘ ਜੀ ਨੂੰ ਪ੍ਰਣ ਚੇਤੇ ਆਇਆ, ਉਹਨਾਂ ਆਪਣਾ ਸੀਸ ਖੱਬੇ ਹੱਥ ਦੀ ਤਲੀ ਨਾਲ ਸੰਭਾਲਦੇ ਹੋਏ, ਜ਼ਾਲਮਾਂ ਨਾਲ ਲੜਦੇ ਹੋਏ, ਸ਼੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾ ਅੰਦਰ ਪਹੁੰਚ ਕੇ ਆਪਣਾ ਸੀਸ ਭੇਟ ਕਰਕੇ 11 ਨਵੰਬਰ ਸੰਨ 1757 ਈ: ਨੂੰ 75 ਸਾਲ, ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਸੰਮਤ 1817, ਸੰਨ 1760 ਈਸਵੀ ਨੂੰ 78 ਸਾਲ ਦੀ ਉਮਰ ਬਤੀਤ ਕਰਕੇ ਸ਼ਹੀਦੀ ਪ੍ਰਾਪਤ ਕੀਤੀ। ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਨੇੜੇ ਇੱਕ ਥੜ੍ਹੇ ਉੱਪਰ ਨਿਸ਼ਾਨ ਸਾਹਿਬ ਝੁਲਾਇਆ ਹੋਇਆ ਹੈ। ਉਸ ਥੜ੍ਹੇ ਉੱਪਰ ਕੁਝ ਸਿੰਘਾਂ ਦੇ ਨਾਮ ਹੇਠ ਲਿਖੇ ਅਨੁਸਾਰ ਲਿਖੇ ਹੋਏ ਹਨ ।
   1. ਬਾਬਾ ਦੀਪ ਸਿੰਘ ਜੀ ਸ਼ਹੀਦ ਹੈੱਡ ਜਥੇਦਾਰ
    2 ਬਾਬਾ ਬਲਵੰਤ ਸਿੰਘ ਜੀ ਸ਼ਹੀਦ ਜਥੇਦਾਰ
.   3.ਬਾਬਾ ਹੀਰਾ ਸਿੰਘ ਜੀ ਸ਼ਹੀਦ ਜਥੇਦਾਰ
    4.ਬਾਬਾ ਗੰਡਾ ਸਿੰਘ ਜੀ ਸ਼ਹੀਦ ਜਥੇਦਾਰ
    5. ਬਾਬਾ ਲਹਿਣਾ ਸਿੰਘ ਜੀ ਸ਼ਹੀਦ ਜਥੇਦਾਰ
     6. ਬਾਬਾ ਰਣ ਸਿੰਘ ਜੀ ਸ਼ਹੀਦ ਜਥੇਦਾਰ
    7.ਬਾਬਾ ਗੁਪਾਲ ਸਿੰਘ ਜੀ ਸ਼ਹੀਦ ਜਥੇਦਾਰ
    8. ਬਾਬਾ ਭਾਗ ਸਿੰਘ ਜੀ ਸ਼ਹੀਦ ਜਥੇਦਾਰ
   9.  ਬਾਬਾ ਸੱਜਣ ਸਿੰਘ ਜੀ ਸ਼ਹੀਦ ਜਥੇਦਾਰ
  10.ਬਾਬਾ ਬਹਾਦਰ ਸਿੰਘ ਜੀ ਸ਼ਹੀਦ ਜਥੇਦਾਰ
        ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਅਸਥਾਨ ਗੁਰਦੁਆਰਾ ਰਾਮਸਰ ਸਾਹਿਬ ਦੇ ਨੇੜੇ ਹੈ। ਜਿੱਥੇ ਅੱਜ-ਕੱਲ੍ਹ “ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ” ਸ਼ੁਸ਼ੋਭਿਤ ਹੈ। ਸ਼੍ਰੀ ਦਰਬਾਰ ਸਾਹਿਬ ਜੀ ਦੀ ਪਰਕਰਮਾ ਵਿੱਚ ਜਿੱਥੇ ਬਾਬਾ ਦੀਪ ਸਿੰਘ ਜੀ ਨੇ ਸੀਸ ਭੇਟ ਕੀਤਾ ਸੀ। ਉੱਥੇ ਵੀ  ਪਾਵਨ ਗੁਰਦੁਆਰਾ ਸਾਹਿਬ ਸੁਭਾਇਮਾਨ ਹੈ।  ਬਾਬਾ ਦੀਪ ਸਿੰਘ ਜੀ ਦਾ ਉਹ ਦੋ ਧਾਰਾ ਖੰਡਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸ਼ਸਤਰਾਂ ਵਿੱਚ ਸੰਭਾਲ ਕੇ ਰੱਖਿਆ ਗਿਆ, ਜਿਸ ਦੇ ਰੋਜ਼ਾਨਾ ਸ਼ਾਮ ਨੂੰ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਂਦੇ ਹਨ।
ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ 343ਵਾਂ ਜਨਮ-ਦਿਹਾੜਾ ਮਿਤੀ 27 ਜਨਵਰੀ ਦਿਨ ਸੋਮਵਾਰ ਨੂੰ ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਚਾਟੀਵਿੰਡ ਗੇਟ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬੜੀ ਸ਼ਰਧਾ ਅਤੇ ਭਾਵਨਾ ਨਾਲ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ, ਪ੍ਰਚਾਰਕ, ਉੱਘੀਆਂ ਸ਼ਖ਼ਸੀਅਤਾਂ ਗੁਰਮਤਿ ਵਿਚਾਰਾਂ ਤੇ ਗੁਰਬਾਣੀ ਦੇ ਰਸ-ਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਗੁਰੂ ਕਾ ਲੰਗਰ ਅਤੁੱਟ ਵਰਤੇਗਾ।

ਕਰਨੈਲ ਸਿੰਘ ਐੱਮ.ਏ. ਲੁਧਿਆਣ
#1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰਬਰ 1, ਚੰਡੀਗੜ੍ਹ ਰੋਡ, ਜਮਾਲਪੁਰ, ਲੁਧਿਆਣਾ। 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮਾਛੀਵਾੜਾ ਸਾਹਿਬ ਨਗਰ ਕੌਂਸਲ ਦੀ ਪ੍ਰਧਾਨਗੀ ਉੱਤੇ ਸੋਨੂੰ ਕੁੰਦਰਾ ਹੋਏ ਬਿਰਾਜ਼ਮਾਨ
Next articleਦੁਨੀਆਂ ਦੇ ਇਤਿਹਾਸ ਵਿੱਚ 26 ਜਨਵਰੀ ਜਾਂ 26 ਜਨਵਰੀ ਨੂੰ ਕੀ ਹੋਇਆ