(ਸਮਾਜ ਵੀਕਲੀ)
ਮਨੁੱਖੀ ਜ਼ਿੰਦਗੀ ਜੀਵਨ ਦੇ ਵੱਖ ਵੱਖ ਪੜਾਵਾਂ ਵਿੱਚੋਂ ਗੁਜ਼ਰਦੀ ਹੈ।ਜੀਵਨ ਦੇ ਹਰ ਪੜਾਅ ਦਾ ਵੱਖੋ ਵੱਖਰਾ ਅਦਵ ਅਤੇ ਮਹੱਤਵ ਹੈ।ਹਰ ਮਨੁੱਖ ਸਦਾ ਇਹੀ ਕੋਸ਼ਿਸ ਕਰਦਾ ਹੈ ਕਿ ਉਹ ਸਾਰੀ ਜ਼ਿੰਦਗੀ ਆਪਣੇ ਜੱਦੀ ਅਤੇ ਵਿਰਾਸਤੀ ਘਰ ਵਿੱਚ ਹੀ ਗੁਜ਼ਾਰੇ ਪਰ ਸਮੇਂ ਦੇ ਹਾਲਾਤਾਂ ਅਨੁਸਾਰ ਕਈ ਵਾਰ ਰੋਟੀ ਰੋਜ਼ੀ ਦੀ ਖਾਤਰ ਆਪਣੇ ਜੱਦੀ ਪਿੰਡ ਜਾਂ ਪਿੰਡ ਦੇ ਉਹਨਾਂ ਲੋਕਾਂ ਕੋਲੋ ਜਿੰਨਾਂ ਕੋਲ ਉਸ ਨੇ ਬਹੁਤ ਸਾਰੇੇ ਬਚਪਨੀ ਬੁੱਲੇ ਲੁੱਟੇ ਹੁੰਦੇ ਹਨ ਤੋਂ ਦੂਰ ਜਾਣਾ ਪੈਦਾਂ ਹੈ।ਬਚਪਨੀ ਅਵਸਥਾ ਕੁਦਰਤ ਦੀ ਇੱਕ ਅਜਿਹੀ ਸੌਗਾਤ ਹੈ ਜਿਸ ਵਿੱਚ ਜ਼ਿੰਦਗੀ ਦੇ ਬੇਸ਼ੁਮਾਰ ਕੀਮਤੀ ਬਹਮੁੱਲੇ-ਰੰਗ ਘੁੱਲੇ ਹੁੰਦੇ ਹਨ।ਇਸ ਉਮਰ ਵਿੱਚ ਨਾ ਕੋਈ ਦੇਣ ਲੈਣ ਦਾ ਅਤੇ ਨਾ ਹੀ ਕੋਈ ਕਮਾ ਕੇ ਲਿਆਉਣ ਦਾ ਫਿਕਰ ਹੁੰਦਾ ਹੈ।
ਬੱਸ ਆਪਣੇ ਮਾਪਿਆਂ ਵੱਲੋ ਮਿਲੇ ਤਿਲਫੱੁਲ ਚੰਦ ਕੁ ਸਿੱਕਿਆਂ ਨੂੰ ਖਰਚ ਕੇ ਐਨਾ ਜਿਆਦਾ ਸਕੂਨ ਮਿਲਦਾ ਹੁੰਦਾ ਹੈ ਜਿਸ ਅੱਗੇ ਵੱਡੀ ਉਮਰੇ ਕਮਾਈ ਕਰਕੇ ਕੀਤੇ ਜਾਂਦੇ ਬੇਹਿਸਾਬ ਖਰਚੇ ਵੀ ਨਿਗੂਣੇ ਜਾਪਦੇ ਹਨ।ਬਚਪਨ ਭਰੀ ਅਣਭੋਲ ਉਮਰ ਵਿੱਚ ਦੁਨੀਆਂ ਤੋਂ ਬੇਖੌਫ, ਬੇਖਬਰ ਜਿਊਣ ਦਾ ਅਲੱਗ ਹੀ ਆਨੰਦ ਹੁੰਦਾ ਹੈ।ਮਨੁੱਖ ਬੇਸ਼ੱਕ ਬੁਲੰਦ ਇਰਾਦਿਆਂ ਦਾ ਪਾਂਧੀ ਬਣ ਕੇ ਕਿੰਨਾਂ ਹੀ ਧਨੀ ਅਤੇ ਵੱਡਾ ਆਦਮੀ ਕਿਉਂ ਨਾ ਬਣ ਜਾਵੇ ਪਰ ਉਹ ਬਚਪਨ ਵਿੱਚ ਬਤਾਏ ਹੁਸੀਨ ਪਲਾਂ ਨੂੰ ਕਦੇ ਵੀ ਮੁੜ ਕੇ ਨਹੀ ਖਰੀਦ ਸਕਦਾ ਅਤੇ ਨਾ ਹੀ ਉਹ ਬੇਸੁਮਾਰ ਕੀਮਤੀ ਬਚਪਨ ਉਹ ਦੁਆਰਾ ਮਾਣ ਸਕਦਾ ਹੈ ਬੱਸ ਉਹ ਉਹਨਾਂ ਪਲਾਂ ਨੂੰ ਅਨੁਭਵ ਹੀ ਕਰ ਸਕਦਾ ਹੈ।ਬੜੀ ਕੋਸ਼ਿਸ ਕਰਦਾ ਮੈਂ ਖੁਸ਼ ਹੋਣ ਦੀ ਮਾਏ,ਪਰ ਉਹ ਬਚਪਨ ਵਾਲੇ ਹਾਸੇ ਮੁੜ ਕੇ ਨੀ ਆਏ।
ਗੱਲ ਲੱਗਭੱਗ ਪੈਤੀਂ ਚਾਲੀ ਕੁ ਸਾਲ ਪੁਰਾਣੀ ਉਹਨਾਂ ਦਿਨਾਂ ਦੀ ਹੈ ਜਦੋਂ ਮੈਂ ਆਪਣੇ ਬਚਪਨ ਦੇ ਦਿਨ ਆਪਣੇ ਪਿੰਡ ਗੁਜ਼ਾਰੇ ਸਨ।ਪਿੰਡ ਦੀ ਹਰ ਗਲੀ ਮੁਹੱਲੇ ਵਿੱਚ ਆਪਣੇ ਹਾਣੀਆਂ ਨਾਲ ਮੌਜ਼ ਮਸਤੀਆਂ ਭਰੀ ਬਚਪਨੀ ਸਟੇਜ਼ ਹੰਢਾ ਕੇ ਜ਼ਿੰਦਗੀ ਦੇ ਅਣਮੁਲੇ ਰੰਗ ਮਾਣੇ ਸਨ।ਆਪਣੇ ਹਾਣੀਆਂ ਨਾਲ ਨਿੱਕੀ ਨਿੱਕੀ ਗੱਲ ਤੇ ਲੜ ਝਗੜ੍ਹ ਕੇ ਕੱਟੀ ਕੀਤੀ ਦੋਸਤੀ ਥੋੜੇ ਹੀ ਪਲਾਂ ਵਿੱਚ ਫਿਰ ਤੋਂ ਹੱਥ ਦੇ ਅੰਗੂਠੇ ਅਤੇ ਚੀਚੀ ਨੂੰ ਆਪਸ ਵਿੱਚ ਮਿਲਾ ਕੇ ਫਿਰ ਤੋਂ ਦੋਸਤੀ ਦਾ ਅਹਿਸਾਸ ਕਰਨਾ ਤੇ ਗਲਵੱਕੜੀ ਪਾ ਕੇ ਮਿਲਣਾ ਕਿੰਨਾ ਹੀ ਮਨ ਨੁੰ ਸਕੂਨ ਦਿੰਦਾ ਹੁੰਦਾ।ਦਰਖਤਾਂ ਦੀਆਂ ਟਾਹਣੀਆਂ ਤੋੜ ਕੇ ਉਹਨਾਂ ਦੀਆਂ ਬਣਾਈਆਂ ਟੇਡੀਆਂ ਮੇਡੀਆਂ ਖੰੂਡੀਆਂ ਨਾਲ ਲੀਰਾਂ ਦੀ ਬਣਾਈ ਹੋਈ ਖਿੱਦੋ ਨਾਲ ਖੇਡਣਾ ਤੇ ਉਸ ਖਿੱਦੋ ਨੂੰ ਫਿਰ ਤੋਂ ਲੀਰੋ ਲੀਰ ਕਰਨਾ ਉਸ ਰੰਗਭਰੀ ਸਟੇਜ਼ ਦਾ ਵੱਖਰਾ ਹੀ ਆਨੰਦ ਹੁੰਦਾ ਸੀ। ਕਦੇ ਕੱਚ ਦੀਆਂ ਗੋਲੀਆਂ, ਪੀਚੋ ਬੱਕਰੀ, ਬਿੱਲੀਆਂ ਚੁਹਾਉਣੀਆਂ ਅਤੇ ਮਿੱਟੀ ਦੇ ਢੇਰ ਤੇ ਘਰ ਬਣਾਉਣੇ ਢਾਹੁਣੇ,ਨਿੱਕੀਆਂ ਨਿੱਕੀਆਂ ਕਿਆਰੀਆਂ ਬਣਾ ਕੇ ਪਾਣੀ ਦੇ ਡੱਬੇ ਭਰ ਭਰ ਕੇ ਰਾਉਣੀ ਕਰਨੀ ਵੀ ਇਸ ਉਮਰ ਦੀ ਇੱਕ ਅਦੁਤੀ ਪੇਸ਼ਕਾਰੀ ਹੁੰਦੀ ਸੀ।
“ਬਚਪਨ ਦੇ ਦਿਨ ਸੀ ਬੜੇ ਪਿਆਰੇ,ਰੇਤ ਦੇ ਘਰ ਕਈ ਢਾਹੇ ਤੇ ਕਈ ਉਸਾਰੇ”।ਸਕੂਲ ਵਿੱਚ ਜਾ ਕੇ ਕਲਾਸ ਲਈ ਥਾਂ ਰੋਕਣੀ ਅਤੇ ਕਲਾਸਾਂ ਵਿੱਚ ਆਪਣੀਆਂ ਬੋਰੀਆਂ ਵਿਛਾ ਕੇ ਆਪਣੀ ਤੇ ਆਪਣੇ ਲਿਹਾਜੀਆਂ ਲਈ ਥਾਂ ਰੋਕਣੀ ਬਹੁਤ ਵਧੀਆ ਲਗਦੀ ਹੁੰਦੀ ਸੀ।ਇੱਕ ਦੂਜੇ ਦੇ ਬਸਤਿਆਂ ਵਿੱਚੋਂ ਚੋਰੀਓਂ ਰੋਟੀ ਕੱਢ ਕੇ ਖਾਣ ਦੀ ਇੱਕ ਵੱਖਰੀ ਹੀ ਚਾਹਤ ਹੁੰਦੀ।ਸਕੂਲ ਵਿੱਚ ਹਾਣੀਆਂ ਨੂੰ ਵੱਡੇ ਨਾਵਾਂ ਦੀਆਂ ਪੈਦੀਆਂ ਅੱਲਾਂ ਨਾਲ ਛੇੜ ਕੇ ਭੱਜਣਾ ਵੀ ਜ਼ਿੰਦਗੀ ਦਾ ਅਨੋਖਾ ਹੀ ਨਜ਼ਾਰਾ ਸੀ।ਕਿਉਂਕਿ ਸਾਰੇ ਹੀ ਪਿੰਡ ਦੇ ਬੱਚਿਆਂ ਦਾ ਇੱਕੋ ਹੀ ਸਕੂਲ ਵਿੱਚ ਪੜ੍ਹਣ ਆਉਣਾ ਅਤੇ ਗਵਾੜ ਦੇ ਬੱਚਿਆਂ ਦਾ ਇੱਕ ਦੂਜੇ ਤੋਂ ਕਿਤਾਬਾ ਤੇ ਕਾਪੀਆ ਮੰਗਣਾ ਅਤੇ ਉੱਥੇ ਹੀ ਚਾਹ ਰੋਟੀ ਖਾ ਪੀ ਲੈਣੀ ਕਿੰਨਾਂ ਹੀ ਪਿਆਰ ਤੇ ਸਤਿਕਾਰ ਭਰਿਆ ਲਹਿਜਾ ਸੀ।
ਮਸਤਪਣੇ ਵਿੱਚ ਅਗਵਾੜ ਦੇ ਫਲੇ੍ਹ ਵਿੱਚ ਚਰਖਾ ਕੱਤਦੀਆਂ ਚਾਚੀਆਂ,ਤਾਈਆਂ ਤੇ ਦਾਦੀ ਸਮਾਨ ਔਰਤਾਂ ਦੇ ਤੱਕਲੇ ਵਿੰਗੇ ਕਰਨੇ,ਚਰਮਖਾਂ ਤੋੜਨੀਆਂ, ਮਾਲ੍ਹ ਢਿੱਲੀ ਕਰਨੀ,ਗਲੋਟੇ ਉਧੇੜ ਕੇ ਭੱਜਣਾ ਤੇ ਉਹਨਾਂ ਤੋਂ ਮਿੱਠੀਆਂ ਮਿਠੀਆਂ ਝਿੜਕਾਂ ਲੈਣੀਆਂ ਮਰੰੂਡਿਆਂ ਦੀ ਮਿਠਾਸ ਤੋਂ ਘੱਟ ਨਹੀ ਲਗਦੀਆਂ ਸਨ।ਗਲੀ ਵਿੱਚ ਤਾਣੀ ਤਣਦੀਆਂ ਹੋਈਆਂ ਕੁੜੀਆਂ ਤੋਂ ਕੁੱਚ ਫੜਕੇ ਫੇਰਨੇ ਅਤੇ ਤਾਣੀ ਦੇ ਹੇਠਾਂ ਦੀ ਵਿੰਗ ਵਲ ਕੇ ਲੱਘਣ ਦਾ ਵੱਖਰਾ ਹੀ ਸੌਂਕ ਹੁੰਦਾ।ਗੁਆਂਢ ਪਿੰਡਾਂ ਵਿੱਚ ਲਗਦੇ ਮੇਲਿਆਂ ਵਿੱਚ ਦੁਲੱਤੇ ਮਾਰਦੇ ਜਾਣਾ ਰਸਤੇ ਚ’ਬੇਰੀਆਂ ਦੇ ਬੇਰ ਝਾੜਣੇ,ਗੰਨੇ ਪੁੱਟ ਕੇ ਚੂਪਣੇ ਤੇ ਉਥੇ ਜਾ ਕੇ ਇੱਕ ਇੱਕ ਦੋ-ਦੋ ਰੁਪਏ ਸਾਝੇਂ ਪਾ ਕੇ ਕੁਝ ਖਾਣ ਕਈ ਲੈ ਕੇ ਖਾਣਾ ਅੱਜ ਦੇ ਮਹਿੰਗੇ ਖਾਣਿਆਂ ਤੋਂ ਕਿਤੇ ਜਿਆਦਾ ਚੰਗਾ ਅਤੇ ਆਨੰਦ ਭਰਪੂਰ ਲਗਦਾ ਸੀ।
ਹੋਲੀ ਦੀਵਾਲੀ ਅਤੇ ਲੋਹੜੀ ਵਰਗੇ ਪਵਿੱਤਰ ਤਿਉਹਾਰਾਂ ਨੂੰ ਰਲ ਮਿਲ ਕੇ ਹਾਸੇ ਠੱਠਿਆਂ ਨਾਲ ਮਨਾਉਣ ਦਾ ਬੜਾ ਹੀ ਚਾਅ ਹੁੰਦਾ ਸੀ।ਲੋਹੜੀ ਵਾਲੇ ਦਿਨ ਸਵੇਰ ਤੋਂ ਹੀ ਘਰਾਂ ਵਿੱਚੋਂ ਪਾਥੀਆਂ ਮੰਗ ਕੇ ਇਕੱਠੀਆਂ ਕਰਕੇ ਅਗਵਾੜ ਦੇ ਫਲ੍ਹੇ ਵਿੱਚ ਸਭ ਤੋਂ ਉੱਚੀ ਲੋਹੜੀ ਚਿਣ ਕੇ ਇੱਕੋ ਹੀ ਜਗਾ ਲੋਹੜੀ ਬਾਲਣ ਦਾ ਖੂਬ ਨਜ਼ਾਰਾ ਹੁੰਦਾ।ਉਸ ਦਿਨ ਕਿੰਨੇ ਹੀ ਘਰਾਂ ਵਿੱਚ ਮੁੰਡਾ ਹੋਣ ਦੀ ਖੁਸ਼ੀ ਵਿੱਚ ਪਰਾਤਾਂ ਭਰ ਕੇ ਵੰਡੇ ਜਾਦੇਂ ਗੁੜ ਤੇ ਰਿਊੜੀਆਂ ਨੂੰ ਵਾਰ ਵਾਰ ਲੈ ਕੇ ਖਾਣਾ, ਵਿਆਹ ਸ਼ਾਦੀ ਤੋਂ ਬਾਅਦ ਕੁੜੀਆਂ ਦੁਆਰਾ ਗਲੀ ਗਲੀ ਫੇਰੀ ਜਾਂਦੀ ਭਾਜੀ (ਸੀਰਨੀ) ਮੰਗ ਕੇ ਖਾਣ ਦਾ ਵੱਖਰਾ ਹੀ ਸਵਾਦ ਆਉਂਦਾ ਸੀ।ਬੇਸੱਕ ਕੁਦਰਤ ਦੇ ਨਿਯਮਾਂ ਮੁਤਾਬਕ ਹਰ ਮਨੁੱਖ ਨੇ ਬਚਪਨ ਤੋਂ ਬਾਅਦ ਜਵਾਨੀ ਅਤੇ ਬਿਰਧ ਅਵਸਥਾ ਵਿੱਚ ਵੀ ਪ੍ਰਵੇਸ਼ ਕਰਕੇ ਵੱਖ ਵੱਖ ਜਿੰਮੇਵਾਰੀਆਂ ਨੂੰ ਸੰਭਾਲਣਾ ਤੇ ਉਹਨਾਂ ਨੂੰ ਪੂਰਾ ਕਰਨਾ ਹੁੰਦਾ ਹੈ।
ਪਰ ਜੋ ਮਖਮਲੀ ਨਜ਼ਾਰੇ ਬਚਪਨ ਵਾਲੀ ਉਮਰੇ ਮਿਲਦੇ ਹਨ ਉਹ ਨਜ਼ਾਰੇ ਜ਼ਿੰਦਗੀ ਦੇ ਸੁਿਨਹਰੀ ਪਲ ਹੁੰਦੇ ਹਨ।ਜਿੰਨਾਂ ਨੂੰ ਕੋਈ ਵੀ ਇਨਸਾਨ ਮਰਦੇ ਦਮ ਤੱਕ ਨਹੀ ਭੁਲਾ ਸਕਦਾ।ਇਸ ਲਈ ਤਾਂ ਕਹਿੰਦੇ ਹਨ ਕਿ “ਲੱਖ ਕਮਾ ਲੈ ਦੌਲਤਾਂ,ਸ਼ੋਹਰਤਾਂ,ਪਰ ਬਚਪਨ ਦੀ ਅਮੀਰੀ ਤੈਨੂੰ ਕਦੇ ਵਾਪਿਸ ਨੀ ਮਿਲਣੀ” ਬਚਪਨ ਦੇ ਉਹ ਮਖਮਲੀ ਨਜ਼ਾਰੇ ਤਾਂ ਬੱਸ ਯਾਦਾਂ ਇੱਕ ਸਰਮਾਇਆ ਬਣ ਕੇ ਰਹਿ ਗਏ ਹਨ।ਪ੍ਰੰਤੂ ਅਜੋਕੇ ਸਮੇਂ ਦੇ ਵਿੱਚ ਬਦਲਦੇ ਹਾਲਾਤਾਂ ਅਨੁਸਾਰ ਜਿਆਦਾਤਰ ਬੱਚਿਆਂ ਦਾ ਬਚਪਨ ਕਿੱਡਜੀ,ਅਤੇ ਹੋਰ ਕਰੈਚਾਂ ਵਿੱਚ ਹੀ ਬੀਤ ਜਾਦਾਂ ਹੈ।
ਬਹੁਤ ਹੀ ਘੱਟ ਬੱਚਿਆਂ ਨੂੰ ਹੁਣ ਇਹ ਮੌਜ਼ ਮਸਤੀਆਂ ਵਾਲੀ ਬਚਪਨੀ ਸਟੇਜ਼ ਆਨੰਦ ਭਰਪੂਰ ਬਿਤਾਉਣ ਨੂੰ ਨਸੀਬ ਹੁੰਦੀ ਹੈ ਕਿਉਕਿ ਜਿਆਦਾਤਰ ਬੱਚਿਆਂ ਨੂੰ ਟੀ ਵੀ, ਮੋਬਾਇਲ ਜਾਂ ਫਿਰ ਘਰ ਦੀ ਚਾਰ ਦੀਵਾਰੀ ਅੰਦਰ ਹੀ ਰਹਿਣ ਸਬੰਧੀ ਕਹਿ ਕੇ ਬੱਚਿਆਂ ਤੋਂ ਉਹਨਾਂ ਦਾ ਬਚਪਨ ਅਤੇ ਸਰੀਰਕ ਕਸਰਤਾਂ ਤੋਂ ਵਾਝੇ ਕੀਤਾ ਜਾ ਰਿਹਾ ਹੈ।ਇਸ ਦੇ ਕਾਰਨ ਹੀ ਅਜੋਕੇ ਬੱਚਿਆਂ ਦਾ ਸੁਭਾਅ ਵੀ ਚਿੜਚੜਾ ਹੋ ਰਿਹਾ ਹੈ ਤੇ ਬੱਚਿਆਂ ਦੇ ਚਿਹਰਿਆਂ ਤੇ ਵੀ ਕੋਈ ਕੁਦਰਤੀ ਮੁਸਕਾਨ ਨਜ਼ਰ ਨਹੀ ਆਉਂਦੀ।
ਲੇਖਕ:ਜਗਦੀਸ਼ ਸਿੰਘ ਪੱਖੋ (ਹੈਲਥ ਇੰਸਪੈਕਟਰ )
ਪਿੰਡ ਤੇ ਡਾਕ:ਪੱਖੋ ਕਲਾਂ ਤਹਿ ਤਪਾ (ਬਰਨਾਲਾ )
ਮੋਬਾਇਲ ਨੰ: 98151-07001
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly