(ਸਮਾਜ ਵੀਕਲੀ) ਇਹ ਅਕਾਸ਼ਵਾਣੀ ਹੈ ਦਿਨ ਦੇ ਦੋ ਵਜ ਕੇ ਤੀਹ ਮਿੰਟ ਹੋ ਚੁੱਕੇ ਹਨ ਹੁਣ ਤੁਸੀਂ ਪੰਜਾਬੀ ਵਿੱਚ ਖਬਰਾਂ ਸੁਣੋਗੇ ਜੀ ਹਾਂ ਜਦੋਂ ਵੀ ਅਸੀਂ ਅਪਣਾ ਰੇਡੀਓ ਸੈਟ ਚਾਲੂ ਕਰਦੇ ਹਾਂ ਤਾਂ ਕੁਝ ਇਸ ਤਰ੍ਹਾਂ ਦੀਆਂ ਅਵਾਜ਼ਾਂ ਸੁਣਨ ਨੂੰ ਮਿਲਦੀਆਂ ਹਨ। ਛੋਟੇ ਹੁੰਦੇ ਬਹੁਤ ਹੈਰਾਨ ਹੁੰਦੇ ਸਾਂ ਕਿ ਆਖਿਰ ਰੇਡੀਓ ਸੈਟ ਵਿੱਚੋ ਇਹ ਅਵਾਜ਼ਾਂ ਕਿਵੇਂ ਨਿਕਲਦੀਆਂ ਹਨ। ਕੋਈ ਵਕਤ ਸੀ ਜਦੋਂ ਪਿੰਡ ਵਿੱਚ ਕਿਸੇ ਇੱਕ ਜਾਂ ਦੋ ਘਰ ਵਿੱਚ ਹੀ ਰੇਡੀਓ ਸੈੱਟ ਹੁੰਦਾ ਸੀ ਜਾਂ ਫਿਰ ਪਿੰਡ ਪੰਚਾਇਤ ਕੋਲ ਸਾਂਝਾ ਰੇਡੀਓ ਹੁੰਦਾ ਸੀ ਜਿਸ ਨੂੰ ਇੱਕ ਸਾਝੀਂ ਥਾਂ ’ਤੇ ਲਗਾਇਆ ਜਾਂਦਾ ਸੀ ਅਤੇ ਸਾਰਾ ਪਿੰਡ ਸੁਣਦਾ ਸੀ। 1965 ਅਤੇ 1971 ਦੀਆਂ ਭਾਰਤ-ਪਾਕਿ ਜੰਗਾਂ ਸਮੇਂ ਭਾਰਤੀ ਰੇਡੀਓ ਨੇ ਆਮ ਲੋਕਾਂ ਲਈ ਇੱਕ ਬਹੁਤ ਮੱਹਤਵਪੂਰਨ ਭੂਮਿਕਾ ਅਦਾ ਕੀਤੀ ਸੀ। ਕੇਵਲ ਖ਼ਬਰਾਂ ਜਾਂ ਸੂਚਨਾਵਾਂ ਹੀ ਨਹੀਂ, ਰੇਡੀਓ ਮਨੋਰੰਜਨ ਦਾ ਵੀ ਵੱਡਾ ਸਾਧਨ ਹੈ। ਬਹੁਤ ਸਾਰੇ ਲੇਖਕਾਂ, ਗਾਇਕਾਂ ਅਤੇ ਲੋਕ ਕਲਾਵਾਂ ਨੂੰ ਪੂਰੀ ਦੁਨੀਆਂ ਸਾਹਮਣੇ ਲਿਆਉਣ ਲਈ ਰੇਡੀਓ ਨੇ ਇੱਕ ਬਹੁਤ ਹੀ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ। ਪੂਰੀ ਦੁਨੀਆਂ ਵਿੱਚ ਹਰ ਸਾਲ 13 ਫਰਵਰੀ ਨੂੰ ਰੇਡੀਓ ਦਿਵਸ ਮਨਾਇਆ ਜਾਂਦਾ ਹੈ ਕਿਉਂਕਿ ਇਸ ਦਿਨ ਹੀ 1946 ਈਸਵੀ ਵਿੱਚ ਸਯੁੰਕਤ ਰਾਸ਼ਟਰ ਸੰਘ ਦੇ ਰੇਡੀਓ ਸਟੇਸ਼ਨ ਦੀ ਸਥਾਪਨਾ ਹੋਈ ਸੀ। ਯੂਨੇਸਕੋ ਦੀ ਆਮ ਸਭਾ ਦੇ ਵਿੱਚ 3 ਨਵੰਬਰ 2011 ਨੂੰ ਇੱਕ ਮਤਾ ਪਾਸ ਕਰਕੇ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ 13 ਫਰਵਰੀ ਸਾਲ 2012 ਤੋਂ ਹੋਈ। ਇਹ ਅਕਾਸ਼ਵਾਣੀ ਹੈ’ ਉਦੋਂ ਸੁਣਾਈ ਦਿੰਦਾ ਹੈ ਜਦੋਂ ਅਸੀਂ ਰੇਡੀਓ ’ਤੇ ਕੋਈ ਪ੍ਰੋਗਰਾਮ ਸੁਣਨ ਲਈ ਇਸ ਨੂੰ ਚਾਲੂ ਕਰਦੇ ਹਾਂ। ਰੇਡੀਓ ਸ਼ਬਦ ਅਸਲ ’ਚ ਰੇਡੀਅਸ ਨਾਂ ਦੇ ਲਾਤੀਨੀ ਸ਼ਬਦ ਤੋਂ ਬਣਿਆ ਜਿਸ ਦਾ ਅਰਥ ਹੈ ਤਰੰਗਾਂ। ਜੇਮਜ਼ ਕਲਾਰਕ ਮੈਕਸਵੈਲ ਅਤੇ ਮਾਈਕਲ ਫੈਰਾਡੇ ਸਾਇੰਸਦਾਨਾਂ ਨੇ ਬਿਜਲੀ ਚੁੰਬਕੀ ਤਰੰਗਾਂ ਦੀ ਖੋਜ ਕੀਤੀ। ਇਨ੍ਹਾਂ ਤਰੰਗਾਂ ਦੇ ਆਧਾਰ ’ਤੇ ਇਟਲੀ ਦੇ ਗੁਗਲੀਏਲਮੋ ਮਾਰਕੋਨੀ ਨੇ 1901 ਵਿੱਚ ਰੇਡੀਓ ਦੀ ਖੋਜ ਕੀਤੀ। ਰੇਡੀਓ ਤਰੰਗਾਂ ਰਾਹੀਂ ਇਲੈਕਟ੍ਰੋਮੈਗਨੈਟਿਕ ਊਰਜਾ ਪ੍ਰਸਾਰਿਤ ਅਤੇ ਪ੍ਰਾਪਤ ਕਰਦੇ ਹਨ। ਰੇਡੀਓ ਸਿਗਨਲ ਇਲੈਕਟ੍ਰਾਨਿਕ ਕਰੰਟ ਹੁੰਦੇ ਹਨ ਜੋ ਪ੍ਰਕਾਸ਼ ਦੀ ਗਤੀ ਨਾਲ ਹਵਾ ਰਾਹੀਂ ਯਾਤਰਾ ਕਰਦੇ ਹਨ। ਸਿਗਨਲ ਇੱਕ ਟ੍ਰਾਂਸਮੀਟਰ ਤੋਂ ਇੱਕ ਐਂਟੀਨਾ ਦੁਆਰਾ ਤੁਹਾਡੇ ਰੇਡੀਓ ਵਿੱਚ ਇੱਕ ਰਿਸੀਵਰ ਨਾਲ ਜੁੜੇ ਇੱਕ ਹੋਰ ਐਂਟੀਨਾ ਵਿੱਚ ਬਾਹਰ ਨਿਕਲਦੇ ਹਨ। ਇੱਕ ਵਾਰ ਜਦੋਂ ਤੁਹਾਡਾ ਰੇਡੀਓ ਇਹਨਾਂ ਤਰੰਗਾਂ ਨੂੰ ਪ੍ਰਾਪਤ ਕਰਦਾ ਹੈ, ਤਾਂ ਇਹ ਉਹਨਾਂ ਨੂੰ ਆਪਣੇ ਸਪੀਕਰਾਂ ਰਾਹੀਂ ਉਹਨਾਂ ਅਵਾਜ਼ ਤਰੰਗਾਂ ਵਿੱਚ ਅਨੁਵਾਦ ਕਰਦਾ ਹੈ ਜੋ ਤੁਹਾਡੇ ਮਨੁੱਖੀ ਕੰਨ ਸਮਝ ਸਕਦੇ ਹਨ। ਸਰਲ ਭਾਸ਼ਾ ਵਿੱਚ ਕਹਿ ਸਕਦੇ ਹਾਂ ਕਿ ਰੇਡੀਓ ਸਟੇਸ਼ਨ ਤੇ ਲੱਗੇ ਟਰਾਂਸਮੀਟਰ ਅਵਾਜ਼ ਤਰੰਗਾਂ ਨੂੰ ਬਿਜਲੀ ਤਰੰਗਾਂ ਵਿੱਚ ਬਦਲ ਕੇ ਅਕਾਸ਼ ਵਿੱਚ ਛੱਡਦੇ ਹਨ ਅਤੇ ਦੁਜੇ ਪਾਸੇ ਰੇਡੀਓ ਸੈਟ ਵਿਚ ਲੱਗੇ ਰਿਸੀਵਰ ਇਨ੍ਹਾਂ ਬਿਜਲੀ ਤਰੰਗਾਂ ਨੂੰ ਫਿਰ ਤੋਂ ਅਵਾਜ਼ ਤਰੰਗਾਂ ਵਿੱਚ ਬਦਲ ਦਿੰਦੇ ਹਨ। ਟੈਲੀਫੋਨ, ਮੋਬਾਈਲ ਅਤੇ ਟੀਵੀ ਆਦਿ ਇਸੇ ਸਿਧਾਂਤ ਤੇ ਕੰਮ ਕਰਦੇ ਹਨ। ਸ਼ੁਰੂ ਸ਼ੁਰੂ ਵਿੱਚ ਰੇਡੀਓ ਨੂੰ ਸਮੁੰਦਰੀ ਜਹਾਜ਼ਾਂ ਤਕ ਸੁਨੇਹਾ ਭੇਜਣ ਦੇ ਨਾਲ ਨਾਲ ਰਾਜਨੀਤਕ ਤੇ ਫੌਜੀ ਸੂਚਨਾਵਾਂ ਆਦਿ ਦੇਣ ਲਈ ਵਰਤਿਆ ਜਾਂਦਾ ਸੀ। ਬਾਅਦ ਵਿੱਚ ਰੇਡੀਓ ਆਮ ਜਨਤਾ ਲਈ ਖਬਰਾਂ ਅਤੇ ਮਨੋਰੰਜਨ ਦਾ ਸਾਧਨ ਬਣ ਗਿਆ। ਕੋਈ ਵਕਤ ਸੀ ਜਦੋਂ ਰੇਡੀਓ ਸੈੱਟ ਖਰੀਦਣ ਲਈ ਲਾਇਸੈਂਸ ਫੀਸ ਦੇਣੀ ਪੈਂਦੀ ਸੀ। ਅੱਜ-ਕੱਲ੍ਹ ਦੁਨੀਆਂ ਵਿੱਚ ਸਵਾ ਲੱਖ ਤੋਂ ਵੱਧ ਸਰਗਰਮ ਰੇਡੀਓ ਸਟੇਸ਼ਨ ਹਨ ਜਿਨ੍ਹਾਂ ਵਿੱਚ ਜਨਤਕ ਤੋਂ ਇਲਾਵਾ ਨਿੱਜੀ ਰੇਡੀਓ ਸਟੇਸ਼ਨ ਵੀ ਸ਼ਾਮਿਲ ਹਨ। ਸਾਡੇ ਦੇਸ਼ ਵਿੱਚ 1923-24 ’ਚ ਪਹਿਲੀ ਵਾਰ ਰੇਡੀਓ ਦਾ ਪ੍ਰਸਾਰਨ ਮੁੰਬਈ ਤੋਂ ਹੋਇਆ। 1929 ਨੂੰ ਭਾਰਤੀ ਸਟੇਟ ਪ੍ਰਸਾਰਣ ਸਰਵਿਸ ਦੀ ਸਥਾਪਨਾ ਕੀਤੀ ਗਈ। 1936 ਵਿੱਚ ਇਸ ਦਾ ਨਾਂ ਆਲ ਇੰਡੀਆ ਰੇਡੀਓ (ਏ.ਆਈ.ਆਰ.) ਰੱਖਿਆ ਗਿਆ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਸ ਨੂੰ ਆਕਾਸ਼ਵਾਣੀ ਦਾ ਨਾਂ ਦਿੱਤਾ ਗਿਆ। ਉਸ ਵਕਤ ਰੇਡੀਓ ਦੀ ਆਮਦ ਨਾਲ ਦੁਨੀਆਂ ਵਿੱਚ ਤਹਿਲਕਾ ਮਚ ਗਿਆ ਸੀ। ਭਾਰਤ ਵਰਗੇ ਦੇਸ਼ ਦੇ ਲੋਕਾਂ ਲਈ ਰੇਡੀਓ ਕਿਸੇ ਜਾਦੂ ਵਾਂਗ ਸੀ। ਰੇਡੀਓ ਦੀ ਆਮਦ ਨੇ ਟੇਪ ਰਿਕਾਰਡਰ ਅਤੇ ਟੈਲੀਵਿਜ਼ਨ ਆਦਿ ਜਿਹੀਆਂ ਹੋਰ ਬਹੁਤ ਸਾਰੀਆਂ ਖੋਜਾਂ ਲਈ ਪ੍ਰੇਰਕ ਦਾ ਕੰਮ ਕੀਤਾ। ਟੈਲੀਵਿਜ਼ਨ ਦੀ ਕਾਢ ਨਾਲ ਇੱਕ ਵਾਰ ਸ਼ੱਕ ਪੈਦਾ ਹੋ ਗਿਆ ਸੀ ਕਿ ਹੁਣ ਸ਼ਾਇਦ ਰੇਡੀਓ ਦੇ ਦਿਨ ਖ਼ਤਮ ਹੋ ਜਾਣਗੇ, ਪਰ ਰੇਡੀਓ ਦੀ ਸਰਦਾਰੀ ਨੂੰ ਟੈਲੀਵਿਜ਼ਨ ਤਾਂ ਕੀ, ਬਾਅਦ ਵਿੱਚ ਆਏ ਵੀ.ਸੀ.ਆਰ ਤੇ ਹੋਰ ਸਾਧਨ ਵੀ ਪ੍ਰਭਾਵਿਤ ਨਹੀਂ ਕਰ ਪਾਏ। ਅੱਜ ਭਾਵੇਂ ਇੰਟਰਨੈੱਟ ਅਤੇ ਹੋਰ ਕਈ ਤਰ੍ਹਾਂ ਦਾ ਮੀਡੀਆ ਲੋਕਾਂ ਵਿੱਚ ਆ ਚੁੱਕਾ ਹੈ ਪਰ ਇਸ ਦੇ ਬਾਵਜੂਦ ਰੇਡੀਓ ਦੀ ਪ੍ਰਸੰਗਿਕਤਾ ਬਰਕਰਾਰ ਹੈ। ਦੂਰ-ਦਰਾਜ਼ ਦੇ ਅਵਿਕਸਿਤ ਪਿੰਡਾਂ ਦੇ ਲੋਕਾਂ ਨੂੰ ਰੇਡੀਓ ਹੀ ਜਾਣਕਾਰੀ ਅਤੇ ਮਨੋਰੰਜਨ ਦੇ ਰਿਹਾ ਹੈ। ਵਿਦੇਸ਼ਾਂ ਵਿੱਚ ਤਾਂ ਰੇਡੀਓ, ਟਰੱਕ ਤੇ ਮੋਟਰ ਚਾਲਕਾਂ ਨੂੰ ਮੌਸਮੀ ਤਬਦੀਲੀਆਂ ਜਾਂ ਰਾਹ ਵਿੱਚ ਉਤਪੰਨ ਅੜਿੱਕਿਆਂ ਬਾਰੇ ਮੁੱਢਲੀ ਜਾਣਕਾਰੀ ਦੇਣ ਦਾ ਬਿਹਤਰੀਨ ਵਸੀਲਾ ਹੈ। ਰੇਡੀਓ ਦਾ ਨਵਾਂ ਡਿਜੀਟਲ ਰੂਪ ਐਫ.ਐਮ. ਲੋਕਾਂ ਵਿੱਚ ਬਹੁਤ ਹਰਮਨ ਪਿਆਰਾ ਹੋ ਰਿਹਾ ਹੈ। ਵਿਕਸਿਤ ਮੁਲਕਾਂ ਵਿੱਚ ਟੈਲੀਵਿਜ਼ਨ ਨਾਲੋਂ ਰੇਡੀਓ ਜ਼ਿਆਦਾ ਸੁਣਿਆ ਜਾਂਦਾ ਹੈ। ਅਜੇ ਵੀ ਦੁਨੀਆਂ ਦੀ 30 ਪ੍ਰਤੀਸ਼ਤ ਆਬਾਦੀ ਇੰਟਰਨੈੱਟ ਦੀ ਸਹੂਲਤ ਤੋਂ ਵਾਂਝੀ ਹੈ ਅਤੇ ਉਨ੍ਹਾਂ ਲਈ ਗਿਆਨ ਅਤੇ ਮਨੋਰੰਜਨ ਦਾ ਸਾਧਨ ਰੇਡੀਓ ਹੀ ਹੈ। ਡੀ.ਟੀ.ਐਚ. ਸੇਵਾ ਰਾਹੀਂ ਰੇਡੀਓ ਵਿਸ਼ਵ ਦੇ ਕਿਸੇ ਵੀ ਕੋਨੇ ’ਚ ਬੈਠੇ ਹੋਏ ਸੁਣਿਆ ਜਾ ਸਕਦਾ ਹੈ। ਮੋਬਾਈਲ ਫੋਨਾਂ ਵਿੱਚ ਰੇਡੀਓ ਹੋਣ ਕਰਕੇ ਰੇਡੀਓ ਨਾਲ ਨੌਜਵਾਨਾਂ ਸਮੇਤ ਵੱਡਾ ਵਰਗ ਜੁੜਿਆ ਹੋਇਆ ਹੈ। ਰੇਡੀਓ ਸਸਤੀ ਤੇ ਪੁਖ਼ਤਾ ਇਸਤਿਹਾਰ ਬਾਜ਼ੀ ਦੇ ਸਾਧਨ ਵਜੋਂ ਆਪਣਾ ਮੁਕਾਮ ਮੁੜ ਹਾਸਲ ਕਰ ਰਿਹਾ ਹੈ। ਸਮੇਂ ਅਤੇ ਤਕਨੀਕ ਦੇ ਨਾਲ ਚੱਲਦੇ ਹੋਏ ਨਾਰਵੇ ਦੇਸ਼ ਨੇ ਦਸੰਬਰ 2017 ਵਿੱਚ ਆਪਣੇ ਸਾਰੇ ਐਫ.ਐਮ. ਰੇਡੀਓ ਸਟੇਸ਼ਨ ਬੰਦ ਕਰਕੇ ਉਸ ਦੀ ਥਾਂ ਡਿਜੀਟਲ ਰੇਡੀਓ ਸਟੇਸ਼ਨ ਚਾਲੂ ਕਰ ਲਿਆ ਹੈ। ਓੜੀਸਾ ਦੀ ਰਾਜਧਾਨੀ ਭੁਵਨੇਸ਼ਵਰ ਵਿਖੇ ਹਰ ਸਾਲ ਇਸ ਦਿਨ ਕੌਮਾਂਤਰੀ ਪੱਧਰ ਦਾ ਰੇਡੀਓ ਮੇਲਾ ਲਗਾਇਆ ਜਾਂਦਾ ਹੈ ਜਿਸ ਵਿੱਚ ਹਜ਼ਾਰਾਂ ਹੀ ਪੁਰਾਣੇ ਅਤੇ ਨਵੇਂ ਰੇਡੀਓ ਦੀ ਨੁਮਾਇਸ਼ ਕੀਤੀ ਜਾਂਦੀ ਹੈ। ਅੱਜ ਕੌਮਾਂਤਰੀ ਰੇਡੀਓ ਦਿਵਸ ’ਤੇ ਸਾਨੂੰ ਇਸ ਦੀ ਅਹਿਮੀਅਤ ਸਮਝਦੇ ਹੋਏ ਟੈਲੀਵਿਜ਼ਨ ਅਤੇ ਸਮਾਰਟ ਫੋਨ ਵਰਤਣ ਦੀ ਆਦਤ ਘੱਟ ਕਰਕੇ ਇਸ ਨੂੰ ਸੁਣਨ ਦੀ ਆਦਤ ਪਾਉਣੀ ਚਾਹੀਦੀ ਹੈ ਅਤੇ ਸਰਕਾਰ ਨੂੰ ਨਿੱਜੀ ਰੇਡੀਓ ਸਟੇਸ਼ਨ ਨੂੰ ਹੱਲਾਸ਼ੇਰੀ ਦੇਣ ਦੇ ਨਾਲ ਨਾਲ ਆਪਣੀ ਅਕਾਸ਼ਵਾਣੀ ਪ੍ਰਸਾਰਨ ਸੇਵਾ ਨੂੰ ਵੀ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ। ਅੱਜ ਬੇਸ਼ੱਕ ਨਵਾਂ ਵਰਗ ਨਵੀਂ ਟੈਕਨਾਲੋਜੀ ਕਾਰਨ ਰੇਡੀਓ ਤੋਂ ਦੂਰ ਹੁੰਦਾ ਜਾ ਰਿਹਾ ਹੈ ਪਰ ਇਹ ਵੀ ਸੱਚ ਹੈ ਕਿ ਟੈਲੀਫੋਨ, ਅਤੇ ਟੈਲੀਵਿਜ਼ਨ ਵਰਗੀਆਂ ਖੋਜਾਂ ਵੀ ਰੇਡੀਓ ਦੀ ਖੋਜ ਵਿੱਚੋ ਹੀ ਉਪਜੀਆਂ ਹਨ। ਨਵੀਂ ਪੀੜ੍ਹੀ ਤੋਂ ਪਹਿਲਾਂ ਵਾਲੇ ਲੋਕ ਸਚਮੁੱਚ ਰੇਡੀਓ ਨੂੰ ਆਪਣਾ ਦੋਸਤ ਮੰਨਦੇ ਹਨ। ਉਹ ਅਜੇ ਵੀ ਆਪਣੇ ਪਸੰਦੀਦਾ ਪ੍ਰੋਗਰਾਮ ਸੁਣਦੇ ਰਹਿੰਦੇ ਹਨ। ਰੇਡੀਓ ਤੋਂ ਸਰੋਤੇ ਗੀਤ ਸੰਗੀਤ ਰਾਹੀਂ ਮਨੋਰੰਜਨ ਕਰਦੇ ਰਹਿੰਦੇ ਹਨ ਅਤੇ ਖੇਤੀਬਾੜੀ, ਸਿਹਤ, ਸਿੱਖਿਆ ਵਿਗਿਆਨ ਅਤੇ ਦੁਨੀਆਂ ਦੇ ਹੋਰ ਗਿਆਨ ਵਾਰੇ ਜਾਣਕਾਰੀ ਹਾਸਿਲ ਕਰਦੇ ਰਹਿੰਦੇ ਹਨ। ਕੁਲ ਮਿਲਾ ਕੇ ਰੇਡੀਓ ਨੂੰ ਗਿਆਨ ਦਾ ਭੰਡਾਰ ਅਤੇ ਸੱਚਾ ਮਿੱਤਰ ਕਹਿਣਾ ਗਲਤ ਨਹੀਂ ਹੋਵੇਗਾ। ਸੱਚ ਮੁੱਚ ਹੀ ਸਕੂਨ ਦਾ ਅਗਾਜ਼ ਹੁੰਦਾ ਹੈ ਜਦੋਂ ਰੇਡੀਓ ਸੈਟ ਚਾਲੂ ਕਰਦੇ ਹੀ ਸੁਣਦੇ ਹਾਂ।
“ਇਹ ਤੁਹਾਡਾ ਆਪਣਾ ਰੇਡੀਓ ਅਕਾਸ਼ਵਾਣੀ ——ਹੈ”
ਕੁਲਦੀਪ ਸਿੰਘ ਸਾਹਿਲ
9417990040
ਸਿਰਨਾਵਾਂ:- # 16, ਏ ਫੋਕਲ ਪੁਆਇੰਟ ਰਾਜਪੁਰਾ