ਏਹੁ ਹਮਾਰਾ ਜੀਵਣਾ ਹੈ -592

ਬਰਜਿੰਦਰ ਕੌਰ ਬਿਸਰਾਓ
  (ਸਮਾਜ ਵੀਕਲੀ) ਇਸ ਧਰਤੀ ਉੱਤੇ ਹਰ  ਮਨੁੱਖ ਆਪਣਾ ਆਪਣਾ ਕਿਰਦਾਰ ਆਪਣੇ ਪਰਿਵਾਰਕ ,ਸਮਾਜਿਕ ਅਤੇ ਆਰਥਿਕ ਸਥਿਤੀਆਂ ਅਨੁਸਾਰ ਬਤੀਤ ਕਰਦਾ ਹੈ।ਕਿਸੇ ਦਾ ਪਰਿਵਾਰਕ ਜੀਵਨ ਕਠਿਨਾਈਆਂ ਭਰਿਆ ਹੁੰਦਾ ਹੈ ਤੇ ਕਿਸੇ ਦਾ ਜੀਵਨ ਇਸ ਪੱਖੋਂ ਸੁਖਾਲ਼ਾ ਹੁੰਦਾ ਹੈ। ਕੋਈ ਆਰਥਿਕ ਤੌਰ ਤੇ ਕਮਜ਼ੋਰ ਹੁੰਦਾ ਹੈ ਤੇ ਕੋਈ ਆਰਥਿਕ ਪੱਖੋਂ ਬਹੁਤ ਮਜ਼ਬੂਤ ਹੁੰਦਾ ਹੈ। ਕਈਆਂ ਦਾ ਸਮਾਜ ਵਿੱਚ ਬਹੁਤ ਆਦਰ ਸਤਿਕਾਰ ਹੁੰਦਾ ਹੈ ਤੇ ਕਿਸੇ ਕਿਸੇ ਵਿਅਕਤੀ ਦਾ ਸਮਾਜ ਵਿੱਚ ਅਕਸ ਧੁੰਦਲਾ ਹੁੰਦਾ ਹੈ। ਜ਼ਾਹਿਰ ਹੈ ਕਿ ਇਸ ਸਭ ਕਰਕੇ ਹਰ‌‌ ਮਨੁੱਖ ਦੀ ਸੋਚ ਦਾ ਪੱਧਰ ਵੀ ਆਪਣਾ ਆਪਣਾ ਹੀ ਹੁੰਦਾ ਹੈ। ਇਹ ਸਭ ਕੁਝ ਜਾਣਦੇ ਹੋਏ ਫਿਰ ਵੀ ਹਰ ਮਨੁੱਖ ਦੇ ਅੰਦਰ ਆਪਣੇ ਆਪ ਨੂੰ ਜਾਂ ਆਪਣੀਆਂ ਸਥਿਤੀਆਂ -ਪ੍ਰਸਥਿਤੀਆਂ ਦਾ ਮੁਕਾਬਲਾ ਆਪਣੇ ਕਿਸੇ ਕਰੀਬੀ ਜਾਂ ਆਪਣੇ ਆਲ਼ੇ ਦੁਆਲ਼ੇ ਵਿਚਰ ਰਹੇ ਲੋਕਾਂ ਨਾਲ ਕਰਦਾ ਰਹਿੰਦਾ ਹੈ। ਕਿਸੇ ਦੇ ਬੱਚਿਆਂ ਦੀਆਂ ਪ੍ਰਾਪਤੀਆਂ ਦੀ ਤੁਲਨਾ ਕਰਦੇ ਹੋਏ ਆਪਣੇ ਬੱਚਿਆਂ ਨੂੰ ਨੀਵਾਂ ਦਿਖਾਉਣਾ, ਔਰਤਾਂ ਵੱਲੋਂ ਸਹੇਲੀ ਦੇ ਪਰਿਵਾਰ ਨੂੰ ਮੁੱਖ ਰੱਖ ਕੇ ਆਪਣੀ ਜ਼ਿੰਦਗੀ ਉਸ ਨਾਲ ਜੋੜ ਕੇ ਦੇਖਣਾ, ਆਦਮੀਆਂ ਵੱਲੋਂ ਦੂਜੀਆਂ ਔਰਤਾਂ ਦੀਆਂ ਆਦਤਾਂ ਦੀ ਤਾਰੀਫ਼ ਕਰਕੇ ਆਪਣੀ ਪਤਨੀ ਨੂੰ ਨੀਵਾਂ ਦਿਖਾਉਣਾ,ਸੱਸ ਵੱਲੋਂ ਦੂਜਿਆਂ ਦੀਆਂ ਨੂੰਹਾਂ, ਨੂੰਹਾਂ ਵੱਲੋਂ ਸਹੇਲੀਆਂ ਜਾਂ ਗੁਆਂਢੀਆਂ ਦੀਆਂ ਕੁੜੀਆਂ ਦੀਆਂ ਸੱਸਾਂ ਦੀਆਂ ਗੱਲਾਂ ਦੀ ਤਾਰੀਫ਼ ਕਰਨਾ ਮਹਿਜ਼ ਇੱਕ ਆਪਣੇ ਚੰਗੇ ਭਲੇ ਵਸ ਰਹੇ ਪਰਿਵਾਰ ਨੂੰ ਕੰਡਿਆਂ ਤੇ ਪਾਉਣ ਵਾਲੀ ਗੱਲ ਹੁੰਦੀ ਹੈ। ਇਸ ਤਰ੍ਹਾਂ ਕਰਕੇ ਹਰ ਮਨੁੱਖ ਦੇ ਆਪਣੇ ਰਿਸ਼ਤਿਆਂ ਵਿੱਚ ਕੜਵਾਹਟ ਪੈਦਾ ਹੁੰਦੀ ਹੈ। ਜਦ ਕਿ ਆਪਣੇ ਆਲ਼ੇ ਦੁਆਲ਼ੇ ਵਿਚਰ ਰਹੇ ਲੋਕਾਂ ਦੀਆਂ ਗੱਲਾਂ ਕਰਨ ਨਾਲ ਕੋਈ ਲਾਭ ਤਾਂ ਨਹੀਂ ਹੋ ਸਕਦਾ। ਹਾਂ,ਐਨਾ ਜ਼ਰੂਰ ਹੈ ਕਿ ਕਿਸੇ ਦੀ ਚੰਗੀ ਆਦਤ,ਚੰਗਾ ਸੁਭਾਅ ਜਾਂ ਕੁਝ ਹੋਰ ਚੰਗੀਆਂ ਗੱਲਾਂ ਨੂੰ ਚੁੱਪ ਚੁਪੀਤੇ ਆਪਣੀ ਜ਼ਿੰਦਗੀ ਵਿੱਚ ਸ਼ਾਮਲ ਕਰਕੇ ਜ਼ਿੰਦਗੀ ਵਿੱਚ ਹੋਰ ਰੰਗ ਭਰੇ ਜਾ ਸਕਦੇ ਹਨ। ਆਪਣੇ ਪਰਿਵਾਰਕ ਰਿਸ਼ਤਿਆਂ ਉੱਪਰ ਦੂਜਿਆਂ ਦੇ ਪਰਿਵਾਰਕ ਜੀਵਨ ਦਾ ਰੰਗ ਚਾੜ੍ਹਨ ਲਈ ਆਪਣੇ ਪਰਿਵਾਰ ਦੇ ਜੀਆਂ ਨੂੰ ਉਹਨਾਂ ਦੀਆਂ ਬੁਰਾਈਆਂ ਗਿਣਾ ਗਿਣਾ ਕੇ ਜਿੱਥੇ ਮਨੁੱਖ ਆਪਣੇ ਹੀ ਪਰਿਵਾਰਕ ਰਿਸ਼ਤੇ ਨੂੰ ਬੇਇੱਜ਼ਤ ਕਰ ਰਿਹਾ ਹੁੰਦਾ ਹੈ ਉੱਥੇ ਹੀ ਆਪਣੇ ਪਰਿਵਾਰਕ ਮੈਂਬਰਾਂ ਦਾ ਮਨੋਬਲ ਗਿਰਾ ਕੇ ਉਹਨਾਂ ਨਾਲ ਆਪਣੇ ਰਿਸ਼ਤੇ ਨੂੰ ਕਮਜ਼ੋਰ ਅਤੇ ਅਰਥਹੀਣ ਕਰ ਰਿਹਾ ਹੁੰਦਾ ਹੈ। ਇਹ ਗੱਲਾਂ ਚਾਹੇ ਬੜੇ ਹੀ ਬੇਧਿਆਨੇ ਅਤੇ ਅਣਜਾਣੇ ਜਿਹੇ ਵਿੱਚ ਕੀਤੀਆਂ ਜਾਂਦੀਆਂ ਹਨ ਪਰ ਇਹ ਕਿਸੇ ਸੌ ਸਾਲ ਪੁਰਾਣੇ ਮਜ਼ਬੂਤ ਦਰਖ਼ਤ ਨੂੰ ਲੱਗੀ ਸਿਉਂਕ ਵਾਂਗ ਅੰਦਰੋਂ ਅੰਦਰ ਖ਼ਤਮ ਕਰ ਦਿੰਦੀਆਂ ਹਨ। ਆਪਣੇ ਘਰ ਪਰਿਵਾਰ ਅਤੇ ਬੱਚਿਆਂ ਦੀਆਂ ਆਦਤਾਂ ਜਾਂ ਪ੍ਰਾਪਤੀਆਂ ਵਿੱਚੋਂ ਜਦੋਂ ਆਪਣੇ ਹੀ ਪਰਿਵਾਰਾਂ ਦੇ ਵਡੇਰਿਆਂ ਦੇ ਅਕਸ ਲੱਭੇ ਜਾਂਦੇ ਹਨ ਤਾਂ ਉਨ੍ਹਾਂ ਅੰਦਰ ਖ਼ੁਸ਼ੀ ਹੁੰਦੀ ਹੈ।ਇਸ ਤਰ੍ਹਾਂ ਕਰਨ ਨਾਲ ਨਾਲ਼ੇ ਤਾਂ ਆਪਣੇ ਬਜ਼ੁਰਗਾਂ ਪ੍ਰਤੀ ਸਤਿਕਾਰ ਵਧਦਾ ਹੈ ਅਤੇ ਨਾਲ ਹੀ ਬੱਚਿਆਂ ਵਿੱਚ ਆਪਣੇ ਪਰਿਵਾਰ ਪ੍ਰਤੀ ਮੋਹ ਦੀ ਡੋਰੀ ਜੁੜਦੀ ਹੈ। ਇਸ ਤਰ੍ਹਾਂ ਕਿਸੇ ਬੁਰੀ ਆਦਤ ਨੂੰ ਵੀ ਆਸਾਨੀ ਨਾਲ ਇਹ ਕਹਿ ਕੇ ਸੁਧਾਰਿਆ ਜਾ ਸਕਦਾ ਹੈ,” ਇਹ ਆਦਤ ਆਪਣੇ ਬਾਪੂ,ਚਾਚੇ ਜਾਂ ਤਾਏ,ਮਾਮੇ ਵਿੱਚ ਸੀ ,ਦੇਖ ਲਓ ਉਹਨਾਂ ਨੇ ਆਪਣੀ ਇਸ ਆਦਤ ਕਰਕੇ ਕਿੰਨਾ ਕਸ਼ਟ ਉਠਾਇਆ ਸੀ।” ਇਸ ਤਰ੍ਹਾਂ ਸਮਝਾਉਣ ਨਾਲ ਉਹਨਾਂ ਦੇ ਮਨ ਵਿੱਚ ਇੱਕ ਉਦਾਹਰਣ ਸਾਹਮਣੇ ਆਏਗੀ ਜਿਸ ਨਾਲ ਕੋਈ ਵੀ ਪਰਿਵਾਰਕ ਮੈਂਬਰ‌ ਅਸਾਨੀ ਨਾਲ ਉਸ ਉੱਤੇ ਅਸਰ ਕਰਨ ਦੀ ਕੋਸ਼ਿਸ਼ ਕਰੇਗਾ।ਪਰ ਜੇ ਉਹੀ ਗੱਲ ਕਿਸੇ ਗੁਆਂਢੀ ਦੀ ਉਦਾਹਰਣ ਦੇ ਕੇ ਆਖੀ ਜਾਵੇਗੀ ਜਿਵੇਂ,” ਆਪਣੇ ਨਾਲਦਿਆਂ ਦਾ ਫਲਾਣਾ ਦੇਖ ਕਿੰਨਾ ਚੰਗਾ, ਤੇਰੇ ਤੋਂ ਨੀ ਉਹੋ ਜਿਹਾ ਬਣਿਆ ਜਾਂਦਾ?” ਤਾਂ ਇਸ ਤਰ੍ਹਾਂ ਕੀਤੀ ਗੱਲ ਪਰਿਵਾਰਕ ਜੀਆਂ ਅੰਦਰ ਹੀਣਤਾ ਭਾਵ ਭਰਕੇ ਰੋਹ ਦੀ ਭਾਵਨਾ ਪੈਦਾ ਕਰੇਗੀ। ਜਿਸ ਨਾਲ ਪਰਿਵਾਰ ਦੇ ਜੀਆਂ ਵਿੱਚ ਜਿੱਥੇ ਨਫ਼ਰਤ ਪੈਦਾ ਹੋਣ ਲੱਗਦੀ ਹੈ ਉੱਥੇ ਉਨ੍ਹਾਂ ਲੋਕਾਂ ਪ੍ਰਤੀ ਵੀ ਈਰਖਾ ਅਤੇ ਸਾੜਾ ਪੈਦਾ ਹੁੰਦਾ ਹੈ ਜਿਨ੍ਹਾਂ ਦੇ ਨਾਲ ਤੁਲਨਾ ਕੀਤੀ ਜਾਂਦੀ ਹੈ। ਇਸ ਤਰ੍ਹਾਂ ਆਪਣੇ ਪਰਿਵਾਰਕ ਅਤੇ ਸਮਾਜਿਕ ਜੀਵਨ ਨੂੰ ਖੁਸ਼ਹਾਲ ਬਣਾਈ ਰੱਖਣ ਲਈ ਇਹੋ ਜਿਹੀਆਂ ਛੋਟੀਆਂ ਛੋਟੀਆਂ ਗੱਲਾਂ ਪ੍ਰਤੀ ਸੁਚੇਤ ਰਹਿਣਾ ਹੀ ਅਸਲੀ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
Previous articleਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਪੰਜਾਬ ਸਟਰੀਟ ਵੈਂਡਰਜ ਐਕਟ 2016 ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਮੰਗ
Next articleਸਾਹਿਤ ਅਕਾਦਮੀ, ਪਟਿਆਲਾ ਵੱਲੋਂ ਚਾਰ ਕਵੀਆਂ ਦੀ ਕਵਿਤਾ ਤੇ ਗੋਸ਼ਟੀ