(ਸਮਾਜ ਵੀਕਲੀ)-“ਮਾਪੇ” ਸ਼ਬਦ ਆਪਣੇ ਆਪ ਵਿੱਚ ਇੱਕ ਸੰਪੂਰਨ ਸ਼ਬਦ ਹੈ ਜਿਸ ਨੂੰ ਉਚਾਰਦਿਆਂ ਹੀ ਸਾਡੇ ਦਿਮਾਗ਼ ਵਿੱਚ ਇੱਕ ਪਰਿਵਾਰ ਦੀ ਤਸਵੀਰ ਘੁੰਮਣ ਲੱਗਦੀ ਹੈ ਜਿਸ ਵਿੱਚ ਮਾਤਾ, ਪਿਤਾ ਅਤੇ ਬੱਚੇ ਹੁੰਦੇ ਹਨ। ਜੇ ਦੇਖਿਆ ਜਾਵੇ ਤਾਂ ਜ਼ਮਾਨੇ ਦੇ ਬਦਲਣ ਨਾਲ ਪਰਿਵਾਰਾਂ ਦੇ ਢਾਂਚੇ,ਰਹਿਣ ਸਹਿਣ ਦੇ ਢੰਗ ਤਰੀਕੇ, ਬੱਚਿਆਂ ਦੀ ਪਰਵਰਿਸ਼ ਕਰਨ ਦੇ ਤੌਰ ਤਰੀਕੇ ਸਭ ਕੁਝ ਬਦਲ ਗਿਆ ਹੈ। ਅੱਜ ਦਾ ਬਚਪਨ ਪਹਿਲਾਂ ਵਾਲ਼ੇ ਬਚਪਨ ਦੇ ਮੁਕਾਬਲੇ ਬਹੁਤ ਸੁੱਖ ਸਹੂਲਤਾਂ ਨਾਲ ਭਰਪੂਰ ਅਰਾਮਦਾਇਕ ਬਚਪਨ ਬਣ ਗਿਆ ਹੈ। ਪਹਿਲਾਂ ਮਨੁੱਖ ਆਪਣੇ ਬਚਪਨ ਦੇ ਸਖ਼ਤ ਹਾਲਾਤਾਂ ਚੋਂ ਗੁਜ਼ਰਦਿਆਂ ਹੋਇਆਂ ਆਪਣੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਕਈ ਤਰ੍ਹਾਂ ਦੀਆਂ ਔਕੜਾਂ ਵਿੱਚੋਂ ਗੁਜ਼ਰਨਾ ਸਹਿਜ ਸੁਭਾਅ ਹੀ ਸਿੱਖ ਜਾਂਦਾ ਸੀ। ਅੱਜ ਕੱਲ੍ਹ ਦੇ ਮਾਪਿਆਂ ਵੱਲੋਂ ਔਲਾਦ ਨੂੰ ਮਹਿੰਗੇ ਕੱਪੜੇ, ਵਧੀਆ ਤੋਂ ਵਧੀਆ ਬਸਤੇ,ਮਹਿੰਗੀ ਸਟੇਸ਼ਨਰੀ ਪ੍ਰਦਾਨ ਕਰਨ ਤੋਂ ਸ਼ੁਰੂ ਹੋ ਕੇ ਕਾਲਜ ਵਿੱਚ ਪਹੁੰਚਦੇ ਪਹੁੰਚਦੇ ਵੱਡੀਆਂ ਵੱਡੀਆਂ ਕਾਰਾਂ ਜਾਂ ਮਹਿੰਗੇ ਮੋਟਰਸਾਈਕਲਾਂ ਤੱਕ ਪਹੁੰਚ ਜਾਂਦੀ ਹੈ। ਮਾਪਿਆਂ ਦੀ ਪਦਾਰਥਵਾਦੀ ਸੋਚ ਬੱਚਿਆਂ ਨੂੰ ਵੀ ਪਦਾਰਥਵਾਦੀ ਸੋਚ ਦਾ ਧਾਰਨੀ ਇਸ ਤਰ੍ਹਾਂ ਬਣਾ ਦਿੰਦੀ ਹੈ ਕਿ ਉਹਨਾਂ ਨੂੰ ਆਪਣੇ ਆਲ਼ੇ ਦੁਆਲ਼ੇ ਵਿੱਚੋਂ ਕਿਸੇ ਕੋਲੋਂ ਵਧੀਆ ਗੱਲਾਂ, ਨੈਤਿਕ ਕਦਰਾਂ ਕੀਮਤਾਂ ਇਕੱਠੀਆਂ ਕਰਨ ਦਾ ਹੁਨਰ ਆਉਣ ਦੀ ਬਜਾਏ ਉਹ ਆਪਣੇ ਆਲ਼ੇ ਦੁਆਲ਼ੇ ਦੇ ਲੋਕਾਂ ਵਿੱਚੋਂ ਅਮੀਰ ਲੋਕਾਂ ਦੁਆਰਾ ਵਰਤੀਆਂ ਜਾਣ ਵਾਲੀਆਂ ਮਹਿੰਗੀਆਂ ਵਸਤੂਆਂ ਨੂੰ ਚੁਣਨ ਲੱਗਦਾ ਹੈ। ਫਿਰ ਉਹੀ ਵਸਤਾਂ ਇਕੱਠੀਆਂ ਕਰਨ ਦੀ ਲਾਲਸਾ ਕਰਨ ਲੱਗਦਾ ਹੈ । ਜਿਸ ਦਾ ਨਤੀਜਾ ਮਾਪਿਆਂ ਉੱਤੇ ਭਾਰੂ ਪੈਂਦਾ ਹੈ।
ਮੰਨਿਆ ਕਿ ਸਮਿਆਂ ਦੇ ਸੰਗੀ ਬਣ ਕੇ ਚੱਲਣਾ ਹੀ ਪੈਂਦਾ ਹੈ ਪਰ ਇਸ ਦਾ ਇਹ ਮਤਲਬ ਹਰਗਿਜ਼ ਨਹੀਂ ਹੁੰਦਾ ਕਿ ਅਸੀਂ ਆਪਣੇ ਪਿਛੋਕੜ ਨੂੰ ਬਿਲਕੁਲ ਹੀ ਵਿਸਾਰ ਦੇਈਏ। ਅੱਜ ਕੱਲ੍ਹ ਦੇ ਮਾਪੇ ਤਾਂ ਬੱਚੇ ਨੂੰ ਜਨਮ ਤੋਂ ਪਹਿਲਾਂ ਹੀ ਫ਼ੋਟੋਸੂਟ ਕਰਵਾ ਕੇ ਉਸ ਨੂੰ ਅਮੀਰ ਹੋਣ ਦਾ ਅਹਿਸਾਸ ਕਰਵਾਉਣ ਲੱਗ ਪਏ ਹਨ, ਜੰਮਦਿਆਂ ਹੀ ਉਸ ਦੇ ਆਲ਼ੇ ਦੁਆਲ਼ੇ ਮਹਿੰਗੇ ਮਹਿੰਗੇ ਤੋਹਫ਼ਿਆਂ ਦੀ ਭਰਮਾਰ, ਜਨਮ ਦੀ ਸਾਲਗਿਰਹਾ ਮਨਾਉਣ ਦੀ ਥਾਂ ਅੱਜ ਕੱਲ੍ਹ ਹਰ ਮਹੀਨੇ ਜਨਮ ਦਿਨ ਮਨਾਉਣ ਦਾ ਰਿਵਾਜ ਤੋਰਨਾ ਮਹਿਜ਼ ਫੁਕਰੇਪਣ ਤੋਂ ਇਲਾਵਾ ਹੋਰ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਹਨਾਂ ਗੱਲਾਂ ਦਾ ਮਨੁੱਖ ਦੀ ਝੂਠੀ ਸ਼ੋਹਰਤ ਜਾਂ ਵਿਖਾਵੇ ਦੀ ਜ਼ਿੰਦਗੀ ਵਿੱਚ ਤਾਂ ਕੋਈ ਸਥਾਨ ਹੋ ਸਕਦਾ ਹੈ ਪਰ ਆਮ ਜ਼ਿੰਦਗੀ ਵਿੱਚ ਇਹਨਾਂ ਗੱਲਾਂ ਦਾ ਕੋਈ ਖਾਸ ਮਹੱਤਵ ਨਹੀਂ ਹੁੰਦਾ। ਵੱਡਿਆਂ ਦੇ ਹੱਥਾਂ ਦੇ ਝੂਲਿਆਂ ਵਿੱਚ ਝੂਲ ਝੂਲ ਕੇ,ਮਿੱਠੀ ਮਿੱਠੀ ਲੋਰੀ ਨਾਲ ਜਿਹੜਾ ਸਕੂਨ ਬੱਚਿਆਂ ਨੂੰ ਮਿਲਦਾ ਹੈ ਉਹ ਸੋਨੇ ਦੇ ਪੰਘੂੜਿਆਂ ਦੇ ਹੁਲਾਰਿਆਂ ਵਿੱਚ ਨਹੀਂ ਮਿਲ ਸਕਦਾ।
ਬਚਪਨ ਇੱਕ ਉਹ ਅਵਸਥਾ ਹੈ ਜਿਸ ਵਿੱਚ ਮਾਪੇ ਆਪਣੇ ਬੱਚਿਆਂ ਨੂੰ ਆਉਣ ਵਾਲੀ ਜ਼ਿੰਦਗੀ ਦੇ ਲੰਮੇ ਪੈਂਡਿਆਂ ਦੇ ਸਫ਼ਰ ਲਈ ਤਿਆਰ ਕਰ ਰਹੇ ਹੁੰਦੇ ਹਨ। ਪਹਿਲਾਂ ਬੱਚੇ ਅੱਜ ਕੱਲ੍ਹ ਦੀਆਂ ਸੁੱਖ ਸਹੂਲਤਾਂ ਤੋਂ ਸੱਖਣੇ ਆਪਣੇ ਆਪ ਹੀ ਖੇਡਾਂ ਬਣਾ ਲੈਂਦੇ ਸਨ ਤੇ ਆਪਣੇ ਆਪ ਹੀ ਆਲ਼ੇ ਦੁਆਲ਼ੇ ਵਿੱਚੋਂ ਕੁਝ ਸਮਾਨ ਇਕੱਠਾ ਕਰ ਕੇ ਖੇਡ ਲੈਂਦੇ ਸਨ , ਜਿਵੇਂ ਲੀਰਾਂ ਇਕੱਠੀਆਖੁੱਦੋ ਖੂੰਡੀ, ਗੁਲੇਲ ਜਾਂ ਅਨੇਕਾਂ ਇਹੋ ਜਿਹੀਆਂ ਖੇਡਾਂ ਖੇਡਦੇ ਸਨ। ਅੱਜ ਦੀਆਂ ਵੱਡੀਆਂ ਖੇਡਾਂ ਦਾ ਮੂਲ ਆਧਾਰ ਇਹੀ ਦੇਸੀ ਖੇਡਾਂ ਹਨ ਜੋ ਪੁਰਾਣਿਆਂ ਬਚਪਨਾਂ ਦੀ ਇਜਾਦ ਮੰਨੀਆਂ ਜਾ ਸਕਦੀਆਂ ਹਨ। ਬੱਚੇ ਕਈ ਇਹੋ ਜਿਹੀਆਂ ਖੇਡਾਂ ਆਪ ਹੀ ਬਣਾ ਲੈਂਦੇ ਜਿਸ ਵਿੱਚ ਕੋਈ ਸਮਾਨ ਦੀ ਜ਼ਰੂਰਤ ਹੀ ਨਾ ਪੈਂਦੀ। ਇਸ ਗੱਲ ਤੋਂ ਇਹੀ ਸਿੱਧ ਹੁੰਦਾ ਹੈ ਕਿ ਪਹਿਲਾਂ ਬੱਚੇ ਖੋਜੀ ਪ੍ਰਵਿਰਤੀ ਦੇ,ਹਾਲਾਤਾਂ ਨਾਲ ਸਮਝੌਤਾ ਕਰਨ ਵਾਲੇ,ਸਬਰ ਸੰਤੋਖ ਵਾਲ਼ੇ ਅਤੇ ਆਪੇ ਖੁਸ਼ੀਆਂ ਲੱਭਣ ਵਰਗੇ ਨੈਤਿਕ ਗੁਣ ਆਪਣੇ ਆਪ ਹੀ ਲੱਭ ਕੇ ਉਹਨਾਂ ਦੇ ਧਾਰਨੀ ਬਣ ਜਾਂਦੇ ਸਨ। ਪਰ ਅੱਜ ਕੱਲ੍ਹ ਦੇ ਬੱਚਿਆਂ ਨੂੰ ਸੁਰਤ ਸੰਭਾਲਦਿਆਂ ਹੀ ਪਦਾਰਥਾਂ ਦੀ ਅਹਿਮੀਅਤ ਦਿਖਾਈ ਦੇਣ ਲੱਗਦੀ ਹੈ ਜਿਸ ਨਾਲ ਇਹ ਸਭ ਕੁਝ ਐਨਾ ਉਸ ਉੱਤੇ ਭਾਰੂ ਹੋ ਜਾਂਦਾ ਹੈ ਕਿ ਉਹ ਛੋਟੀਆਂ ਛੋਟੀਆਂ ਗੱਲਾਂ ਲਈ ਦੂਜਿਆਂ ਤੇ ਜਾਂ ਵਸਤਾਂ ਤੇ ਨਿਰਭਰ ਹੋਣ ਲੱਗਦਾ ਹੈ,ਉਸ ਦੀ ਸੋਚ ਅੰਦਰ ਸੌੜਾਪਣ ਪੈਦਾ ਹੋ ਕੇ ਉਹ ਤੰਗ ਦਿਲ ਜਿਹੇ ਇਨਸਾਨ ਵਜੋਂ ਉਭਰਨ ਲੱਗਦਾ ਹੈ। ਇਹੀ ਕਾਰਨ ਹੈ ਕਿ ਅੱਜ ਦੀ ਦੁਨੀਆਂ ਬਹੁਤ ਤੰਗਦਿਲ ਲੋਕਾਂ ਦੀ ਬਣਦੀ ਜਾ ਰਹੀ ਹੈ, ਸਹਿਣਸ਼ੀਲਤਾ ਘਟ ਰਹੀ ਹੈ ਤੇ ਗੱਲ ਗੱਲ ਤੇ ਗੁੱਸਾ ਕਰਨ ਦੀ ਆਦਤ ਵਧ ਰਹੀ ਹੈ।
ਜੇ ਸੱਚ ਮੁੱਚ ਮਾਪੇ ਆਪਣੇ ਬੱਚਿਆਂ ਨੂੰ ਇੱਕ ਦਮਦਾਰ ਸ਼ਖ਼ਸੀਅਤ ਦੇ ਮਾਲਕ ਬਣਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਪੁਰਾਣੇ ਬਚਪਨਾਂ ਵਾਂਗ ਮਾਹੌਲ ਸਿਰਜਣ ਦੀ ਲੋੜ ਹੈ। ਆਪਣੇ ਰੁਝੇਵਿਆਂ ਵਿਚੋਂ ਕੁਝ ਸਮਾਂ ਕੱਢਕੇ ਪਰਿਵਾਰਕ ਮਾਹੌਲ ਵਿੱਚ ਬੱਚਿਆਂ ਨੂੰ ਖੁੱਲ੍ਹ ਕੇ ਖੇਡਣ ਲਈ,ਖੁੱਲ੍ਹ ਕੇ ਦਿਲ ਦੀ ਗੱਲ ਦੱਸਣ ਦੇ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ। ਅੱਜ ਦਾ ਕੋਮਲ ਬਚਪਨ ਸਕੂਲ ਦੀ ਚਾਰ ਦੀਵਾਰੀ, ਸਕੂਲ ਤੋਂ ਘਰ ਆ ਕੇ ਟਿਊਸ਼ਨਾਂ ਦੀ ਚਾਰਦੀਵਾਰੀ ਤੇ ਫਿਰ ਘਰ ਦੇ ਵਿੱਚ ਬੱਚਿਆਂ ਵਾਲੇ ਕਮਰੇ ਦੀ ਚਾਰਦੀਵਾਰੀ ਵਿੱਚ ਕੈਦ ਹੁੰਦਾ ਜਾ ਰਿਹਾ ਹੈ। ਐਕਟੀਵਿਟੀ (ਕਾਰਜਸ਼ੀਲ ਪੜ੍ਹਾਈ ਪ੍ਰਣਾਲੀ) ਦੇ ਨਾਂ ਤੇ ਹੋਣ ਵਾਲੀ ਪੜ੍ਹਾਈ ਦੇ ਵਿੱਚ ਐਨਾ ਉਲਝਿਆ ਹੁੰਦਾ ਹੈ ਕਿ ਮਾਪਿਆਂ ਜਾਂ ਹੋਰਾਂ ਦੀ ਮਦਦ ਨਾਲ ਉਸੇ ਨੂੰ ਪੂਰਾ ਕਰਦਾ ਨਜ਼ਰ ਆਉਂਦਾ ਹੈ ,ਜਿਸ ਦੇ ਬੋਝ ਹੇਠ ਉਸ ਦੇ ਖੁੱਲ੍ਹ ਕੇ ਜਿਊਣ ਵਾਲ਼ਾ ਬਚਪਨ ਆਪਣੇ ਆਪ ਖ਼ਤਮ ਹੋ ਜਾਂਦਾ ਹੈ। ਬੱਚਾ ਓਨਾ ਹੀ ਸਿੱਖਦਾ ਹੈ ਜਿੰਨਾ ਉਸ ਨੂੰ ਪੜਾਇਆ ਜਾਂ ਸਿਖਾਇਆ ਜਾਂਦਾ ਹੈ। ਇਸ ਵਿੱਚ ਕਿਧਰੇ ਵੀ ਸਹਿਣਸ਼ੀਲਤਾ,ਸਨੇਹ, ਰੁੱਸਣਾ ਮੰਨਣਾ ਵਰਗੇ ਗੁਣ ਨਹੀਂ ਲੱਭਦੇ ਹਨ। ਅੱਜ ਦੇ ਬਚਪਨ ਵਿੱਚ ਮਾਪਿਆਂ ਦੀ ਹਿੱਸੇਦਾਰੀ ਸਿਰਫ਼ ਪੈਸਾ, ਸੁੱਖ ਸਹੂਲਤਾਂ, ਵਧੀਆ ਸਕੂਲ, ਵਧੀਆ ਟਿਊਟਰ ਅਤੇ ਬੱਚਿਆਂ ਨੂੰ ਸਕੂਲ ਛੱਡਣ ਜਾਂ ਲਿਆਉਣ ਜਿੰਨੀ ਹੀ ਰਹਿ ਗਈ ਹੈ। ਅੱਜ ਦਾ ਬਚਪਨ ਖੁੱਲ੍ਹੇ ਅਸਮਾਨਾਂ ਦੀਆਂ ਹਵਾਵਾਂ ਵਿੱਚ ਖੁੱਲ੍ਹ ਕੇ ਜਿਊਣ ਤੋਂ ਵਾਂਝਾ ਹੋ ਗਿਆ ਹੈ। ਜਿਸ ਨਾਲ ਉਹ ਜਵਾਨੀ ਵਿੱਚ ਭਟਕਣ ਮਹਿਸੂਸ ਕਕਰਦਾ ਹੋਇਆ ਕੁਰਾਹੇ ਪੈ ਜਾਂਦਾ ਹੈ। ਲੋੜ ਹੈ ਅੱਜ ਦੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਦੇ ਬਚਪਨ ਨੂੰ ਸੰਭਾਲਣ ਦੀ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਹੀ ਮਾਰਗਦਰਸ਼ਨ ਕਰਕੇ ਫਿਰ ਤੋਂ ਇੱਕ ਨਰੋਆ ਸਮਾਜ ਸਿਰਜਣ ਦੇ ਯੋਗ ਹੋ ਸਕੀਏ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324