(ਸਮਾਜ ਵੀਕਲੀ)
ਪਿੰਡ ਘੜਾਮਿਓਂ ਰੋਮੀ ਰਾਹੀਂ ਰਿਹਾ ਮੈਂ ਅਰਜ ਗੁਜਾਰ।
ਸੁਣੀ ਡਾਹਢਿਆ ਮੈਂ ਪੰਜਾਬ ਦੀ ਤੈਨੂੰ ਲਾਈ ਪੁਕਾਰ।
ਡਾਵਾਂਡੋਲ ਹੈ ਸਿਹਤ ਤੇ ਸਿੱਖਿਆ, ਨੌਕਰੀਆਂ ਦੀ ਥੋੜ੍ਹ।
ਸਭ ਤੋਂ ਵੱਡਾ ਮੁੱਦਾ ਕਰਜਾ, ਤਿੰਨ ਕੁ ਲੱਖ ਕਰੋੜ।
ਧੀਆਂ-ਪੁੱਤਾਂ ਨੇ ਅੰਦਰੋਂ ਅੰਦਰੀ ਰਲ਼ਮਿਲ ਮਤੇ ਪਕਾਏ।
ਜਿੰਨੇ ਜੁੰਮੇਵਾਰ ਸੀ ਇੱਕ ਇੱਕ ਕਰਕੇ ਖੂੰਜੇ ਲਾਏ।
ਛੇਕੇ ਸਭ ਪੁਰਾਣੇ ਲਾਹ ਲਏ ਝਪਟ ਸਿਰਾਂ ਤੋਂ ਤਾਜ।
ਰੱਖ ਆਸਾਂ-ਧਰਵਾਸਾਂ ਦਿੱਤੇ ਨਵਿਆਂ ਦੇ ਸਿਰ ਸਾਜ।
ਇਹ ਸੋਚ ਕਿ ਅਸਲੀ ਮੁੱਦੇ ਕਰ ਦੇਵਣਗੇ ਹੱਲ।
ਐਪਰ ਚਾਲ ਪੁਰਾਣਿਆਂ ਵਾਲ਼ੀ ਹੁਣ ਵੀ ‘ਚੱਲ ਸੋ ਚੱਲ’।
ਓਵੇਂ ਹੀ ਹੜਤਾਲਾਂ, ਧਰਨੇ, ਵਰ੍ਹੀ ਜਾਂਦੀਆਂ ਡਾਂਗਾਂ।
ਆਗੂ ਮਿਹਣੋ-ਮਿਹਣੀ ਲਾਹੁੰਦੇ ਇੱਕ ਦੂਜੇ ਦੀਆਂ ਸਾਂਗਾਂ।
ਗੱਡੀਆਂ, ਬਾਡੀਗਾਰਡ, ਕਾਫਲੇ ਉਵੇਂ ਹੀ ਪਾਉਂਦੇ ਖੋਰੂ।
ਜਨਤਾ ਅੱਜ ਵੀ ਹੁੰਦੀ ਪਿੰਡ ਵਿੱਚ ਜਿਉਂ ‘ਮਾੜੇ ਦੀ ਜੋਰੂ’।
ਉੱਪਰੋਂ ਸੱਚ ਸੁਣਾਵਣ ਵਾਲ਼ਿਆਂ ਦੇ ਨਾਲ਼ ਲੜਦੇ ਭਿੜਦੇ।
ਗਲ਼ੀ, ਮੁਹੱਲਿਆਂ, ਮੋੜਾਂ ਉੱਤੇ ਭਗਤ ਚਾਂਬ੍ਹਲ਼ੇ ਫਿਰਦੇ।
ਬਹੁਤ ਖੁਸ਼ੀ ਸਾਂ ਕਿ ਸ਼ਾਇਦ ਇਹ ਨਵੇਂ ਲਿਖਣਗੇ ਲੇਖ।
ਪਰ ‘ਏਹੁ ਹਮਾਰਾ ਜੀਵਣਾ, ਤੂ ਸਾਹਿਬ ਸਚੇ ਵੇਖੁ’।
‘ਏਹੁ ਹਮਾਰਾ ਜੀਵਣਾ, ਤੂ ਸਾਹਿਬ ਸਚੇ ਵੇਖੁ’।
ਰੋਮੀ ਘੜਾਮੇਂ ਵਾਲ਼ਾ।
9855281105
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly