(ਸਮਾਜ ਵੀਕਲੀ)- ਸਤਿੰਦਰ ਘਰ ਦਾ ਕੰਮਕਾਜ ਨਿਪਟਾ ਕੇ, ਨਹਾ-ਧੋ ਕੇ ਸ਼ੀਸ਼ੇ ਅੱਗੇ ਤਿਆਰ ਹੋ ਰਹੀ ਸੀ। ਉਸ ਦੀ ਗਰਦਨ ਤੇ ਦੋਵੇਂ ਪਾਸੇ ਨੀਲ ਦੇ ਨਿਸ਼ਾਨ ਸਨ । ਉਸ ਨੂੰ ਵੇਖ ਕੇ ਉਸ ਦੇ ਮਨ ਵਿੱਚ ਕਿਸੇ ਨਾਲ ਕੋਈ ਸ਼ਿਕਾਇਤ ਨਹੀਂ ਸੀ, ਕੋਈ ਦੁੱਖ ਨਹੀਂ ਸੀ। ਉਸ ਨੂੰ ਇਹ ਸਭ ਕਰਮਾਂ ਦਾ ਖੇਡ ਹੀ ਲੱਗਦਾ ਸੀ। ਜਦ ਉਹ ਕੰਘੀ ਨਾਲ ਵਾਲ ਵਾਹੁਣ ਲੱਗੀ ਤਾਂ ਵਾਲਾਂ ਦੀਆਂ ਜੜ੍ਹਾਂ ਦਰਦ ਕਰ ਰਹੀਆਂ ਸਨ। ਦਰ ਅਸਲ ਅੱਜ ਸਵੇਰੇ ਹੀ ਉਹ ਜਦ ਘਰ ਦੀਆਂ ਸਫਾਈਆਂ ਕਰਕੇ ਸਵੇਰ ਦੀ ਪਹਿਲੀ ਚਾਹ ਪੀਣ ਲਈ ਡਾਈਨਿੰਗ ਟੇਬਲ ਵਾਲੀ ਕੁਰਸੀ ਤੇ ਬੈਠੀ ਹੀ ਸੀ ਕਿ ਉਸ ਨੇ ਆਪਣੇ ਪਤੀ ਨੂੰ ਸਹਿਜ ਸੁਭਾਅ ਹੀ ਪੁੱਛ ਲਿਆ,”ਅੱਜ ਤੁਸੀਂ ਸਵੇਰੇ ਸਵੇਰੇ ਮੇਰੀ ਸਕੂਟਰੀ ਬਾਹਰ ਕਿਉਂ ਕੱਢੀ ਹੈ?”ਬੱਸ ਐਨੀ ਗੱਲ ਉਸ ਦੇ ਮੂੰਹ ਤੋਂ ਕੀ ਨਿਕਲੀ ਕਿ ਉਸ ਦੇ ਪਤੀ ਨੂੰ ਸੱਤੀਂ ਕੱਪੜੀਂ ਅੱਗ ਲੱਗ ਗਈ ,ਭੱਜ ਕੇ ਆਇਆ ਤੇ ਉਸ ਦੇ ਵਾਲ਼ ਦੋਵੇਂ ਮੁੱਠੀਆਂ ਵਿੱਚ ਘੁੱਟ ਕੇ ਦੋ-ਚਾਰ ਵਾਰੀ ਜ਼ੋਰ ਜ਼ੋਰ ਦੀ ਸਿਰ ਨੂੰ ਹਲੂਣਾ ਦੇ ਦਿੱਤਾ ਅਤੇ ਗਰਦਨ ਨੂੰ ਦੋਵੇਂ ਹੱਥਾਂ ਨਾਲ ਘੁੱਟ ਦਿੱਤਾ ਸੀ ਤੇ ਨਾਲ ਹੀ ਮਾਂ-ਭੈਣ ਦੀਆਂ ਗਾਲ਼ਾਂ ਦੀ ਝੜੀ ਲਾ ਦਿੱਤੀ। ਉਸ ਨੂੰ ਕਹਿਣ ਲੱਗਾ,”ਤੇਰੇ ਪਿਓ ਨੇ ਦਿੱਤੀ ਸੀ? ਆਈ ਵੱਡੀ ‘ਮੇਰੀ ਸਕੂਟਰੀ’ ਕਹਿਣ ਵਾਲੀ।” ਨਾਲ਼ ਹੀ ਅੱਠ ਦਸ ਮੋਟੀਆਂ ਮੋਟੀਆਂ ਗਾਲ਼ਾਂ ਸਤਿੰਦਰ ਦੇ ਮਰੇ ਹੋਏ ਮਾਂ ਬਾਪ ਤੇ ਭੈਣਾਂ-ਭਰਾਵਾਂ ਨੂੰ ਕੱਢੀਆਂ, ਗੱਲ ਕੀ ਸਾਰੇ ਖ਼ਾਨਦਾਨ ਦੀ ਮਾਂ-ਭੈਣ ਇੱਕ ਕਰ ਦਿੱਤੀ। ਇਹ ਉਸ ਲਈ ਕੋਈ ਨਵੀਂ ਗੱਲ ਨਹੀਂ ਸੀ। ਕੋਈ ਦਿਨ ਹੀ ਭਾਗਾਂ ਵਾਲਾ ਹੁੰਦਾ ਸੀ ਜਦ ਕਦੇ ਉਹ ਸਤਿੰਦਰ ਨੂੰ ਗਾਲ਼ਾਂ ਕੱਢੇ ਬਿਨਾਂ ਸੌਂਦਾ ਹੋਵੇ । ਜਿਵੇਂ ਕੋਈ ਪਿਛਲੇ ਜਨਮ ਦਾ ਵੈਰ ਕੱਢਦਾ ਹੋਵੇ। ਕਦੇ ਕਦੇ ਤਾਂ ਉਹ ਉਸ ਨੂੰ ਬਾਂਹੋਂ ਫੜ ਕੇ ਘਰੋਂ ਬਾਹਰ ਵੀ ਕੱਢ ਦਿੰਦਾ ਸੀ।ਸਤਿੰਦਰ ਨੂੰ ਪਤਾ ਨਹੀਂ ਕਿਹੜੀ ਮਜ਼ਬੂਰੀ ਨੇ ਰੋਕ ਕੇ ਰੱਖਿਆ ਹੋਇਆ ਸੀ ਜੋ ਉਸ ਨੇ ਆਪਣੀ ਸਾਰੀ ਜ਼ਿੰਦਗੀ ਨਰਕ ਵਿੱਚ ਕੱਢ ਲਈ ਸੀ।
ਦਰ ਅਸਲ ਪਹਿਲਾਂ ਜਦ ਉਸ ਦੇ ਬੱਚੇ ਛੋਟੇ ਸਨ ਤਾਂ ਇੱਕ-ਦੋ ਵਾਰ ਉਹ ਪਤੀ ਦੀ ਇਸੇ ਆਦਤ ਤੋਂ ਤੰਗ ਆ ਕੇ ਪੇਕੇ ਜਾ ਕੇ ਬੈਠੀ ਤਾਂ ਭਰਾ- ਭਰਜਾਈਆਂ ਉਸ ਨੂੰ ਬੋਝ ਸਮਝਣ ਲੱਗਦੇ। ਵੈਸੇ ਵੀ ਮਾਂ ਦੀ ਇਹ ਗੱਲ ਉਸ ਨੇ ਲੜ ਬੰਨ੍ਹ ਲਈ ਸੀ ਜੋ ਹਮੇਸ਼ਾਂ ਉਸ ਨੂੰ ਸਮਝਾਉਂਦੇ ਹੋਏ ਕਹਿੰਦੀ ਹੁੰਦੀ ਸੀ,” ਧੀਏ ਸੁਘੜ ਕੁੜੀਆਂ ਵਿਆਹ ਤੋਂ ਬਾਅਦ ਕਦੇ ਪੇਕਿਆਂ ਵੱਲ ਨਹੀਂ ਝਾਕਦੀਆਂ ਹੁੰਦੀਆਂ । ਆਦਮੀ ਮਾੜਾ ਹੋਵੇ ਚਾਹੇ ਚੰਗਾ,ਔਰਤ ਆਪਣੇ ਘਰ ਹੀ ਰਾਣੀ ਹੁੰਦੀ ਐ। ਔਖ-ਸੌਖ ਕੱਟਣ ਵਾਲੀ ਕੁੜੀ ਈ ਬਹਾਦਰ ਹੁੰਦੀ ਆ।” ਉਹ ਵੀ ਆਪਣੀ ਮਾਂ ਵਾਂਗ ਘਰ ਵਸਾਉਣ ਵਾਲੀ ਹੀ ਗੱਲ ਸੋਚਦੀ ਸੀ ਜੇ ਕੋਈ ਉਸ ਨੂੰ ਇਸ ਆਦਮੀ ਤੋਂ ਛੁਟਕਾਰਾ ਪਾਉਣ ਲਈ ਸਲਾਹ ਦਿੰਦਾ ਤਾਂ ਉਹ ਜਵਾਬ ਦਿੰਦੀ, “ਇਹ ਤਾਂ ਕੋਈ ਗਰੰਟੀ ਨਹੀਂ ਕਿ ਇਸ ਆਦਮੀ ਨੂੰ ਛੱਡ ਕੇ ਦੂਜਾ ਕੋਈ ਚੰਗਾ ਹੀ ਮਿਲੇਗਾ। ਬੱਚਿਆਂ ਦੀ ਜ਼ਿੰਦਗੀ ਵਾਧੂ ਵਿੱਚ ਰੁਲ ਜਾਵੇਗੀ। ਤਲਾਕ ਲੈਂਦਿਆਂ ਹੀ ਪਤੀ-ਪਤਨੀ ਦੇ ਨਾਲ ਬੱਚੇ ਵੀ ਵੰਡੇ ਜਾਣਗੇ ਅਤੇ ਇੱਕ ਜਣੇ ਦੇ ਪਿਆਰ ਤੋਂ ਸੱਖਣੇ ਰਹਿ ਜਾਣਗੇ।”ਗੱਲ ਵੀ ਸਹੀ ਸੀ ,ਘਰਾਣੇ ਘਰ ਦੀਆਂ ਕੁੜੀਆਂ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸੌ ਵਾਰ ਸੋਚਦੀਆਂ ਹਨ।
ਸਤਿੰਦਰ ਅੰਦਰ ਸਬਰ ਐਨਾ ਸੀ ਕਿ ਉਹ ਆਦਮੀ ਦੀ ਮਾੜੀ-ਮੋਟੀ ਗਾਲੀ-ਗਲੋਚ ਨੂੰ ਤਾਂ ਅਣਗੌਲਿਆਂ ਹੀ ਕਰ ਛੱਡਦੀ ਸੀ। ਉਹ ਮੁਸਕਰਾਉਂਦੇ ਹੋਏ ਚੁੱਪ-ਚਾਪ ਵਿੱਚ ਕੰਮ ਕਰਦੀ ਰਹਿੰਦੀ ਸੀ। ਸਾਰੇ ਦਿਨ ਵਿੱਚ ਪਤੀ ਨਾਲ ਤਾਂ ਗਿਣਤੀ ਦੇ ਅੱਠ ਦਸ ਫ਼ਿਕਰੇ ਹੀ ਬੋਲਦੀ ਹੋਊ।ਜਦ ਉਸ ਦਾ ਪਤੀ ਕੰਨ ਪਾੜਵੀਆਂ ਅਵਾਜ਼ਾਂ ਵਿੱਚ ਉਸ ਨੂੰ ਬੁਰਾ ਭਲਾ ਬੋਲ ਰਿਹਾ ਹੁੰਦਾ ਤਾਂ ਉਹ ਹਾਲਾਤ ਨੂੰ ਸੰਭਾਲਦੇ ਹੋਏ ਕਦੇ ਉਸ ਨੂੰ ਮੋੜਵਾਂ ਜਵਾਬ ਦੇਣ ਦੀ ਬਜਾਏ ਮਨ ਵਿੱਚ ਰੱਬ ਦਾ ਨਾਂ ਲੈਣ ਲੱਗ ਜਾਂਦੀ। ਇਹੀ ਹਾਲਾਤ ਸੰਭਾਲਦੀ ਨੇ ਉਸ ਨੇ ਅਠਾਈ ਸਾਲ ਕੱਢ ਲਏ ਸਨ ਪਰ ਅੱਜ ਤੱਕ ਉਸ ਨੇ ਨਾ ਕਦੇ ਕਰਮਾਂ ਨੂੰ ਦੋਸ਼ ਦਿੱਤਾ ਸੀ ਅਤੇ ਨਾ ਹੀ ਕਦੇ ਜ਼ਿੰਦਗੀ ਤੇ ਕੋਈ ਗਿਲਾ ਕੀਤਾ ਸੀ। ਹਾਂ ਕਦੇ ਕਦਾਈਂ ਆਪਣੀ ਕਾਲਜ ਦੀ ਸਹੇਲੀ ਮਨਜੋਤ ਨਾਲ ਆਪਣੇ ਹਾਲਾਤਾਂ ਦੀ ਸਾਂਝ ਜ਼ਰੂਰ ਪਾ ਲੈਂਦੀ ਸੀ।
ਸਤਿੰਦਰ ਦੇ ਦੋ ਲੜਕੇ ਸਨ ਜੋ ਪੜ੍ਹ ਲਿਖ ਕੇ ਦੂਜੇ ਸ਼ਹਿਰਾਂ ਵਿੱਚ ਉੱਚੇ ਅਹੁਦਿਆਂ ਤੇ ਲੱਗ ਗਏ ਸਨ। ਦੋਵਾਂ ਦੇ ਬਹੁਤ ਪੜ੍ਹੀਆਂ- ਲਿਖੀਆਂ ਕੁੜੀਆਂ ਨਾਲ ਵਿਆਹ ਹੋ ਗਏ ਸਨ।ਪਹਿਲਾਂ-ਪਹਿਲ ਸਤਿੰਦਰ ਮਨ ਹੀ ਮਨ ਸੋਚਦੀ ਹੁੰਦੀ ਸੀ ,”ਜਦ ਬੱਚੇ ਨੌਕਰੀਆਂ ਕਰਨ ਲੱਗੇ ਤਾਂ ਉਸ ਨੇ ਇੱਕ ਦਿਨ ਵੀ ਇਸ ਬੰਦੇ ਕੋਲ ਨਹੀਂ ਰਹਿਣਾ। ਉਹ ਇਸ ਨੂੰ ਛੱਡ ਕੇ ਬੱਚਿਆਂ ਨਾਲ ਹੀ ਰਹੇਗੀ, ਇਹ ਖਾਵੇ ਧੱਕੇ, ਮੈਂ ਇਹਦਾ ਸਾਰੀ ਉਮਰ ਦਾ ਠੇਕਾ ਤਾਂ ਨੀ ਲਿਆ ਹੋਇਆ?”ਉਸ ਦਾ ਇਹ ਸੁਪਨਾ ਵੀ ਟੁੱਟ ਗਿਆ ਜਦ ਦੋਵਾਂ ਮੁੰਡਿਆਂ ਦੀਆਂ ਪਤਨੀਆਂ ਦੇ ਸੁਭਾਅ ਵੀ ਬਹੁਤੇ ਚੰਗੇ ਨਾ ਨਿਕਲ਼ੇ। ਉਹ ਤਾਂ ਇੱਕ-ਦੋ ਦਿਨ ਮਿਲ਼ਣ ਗਇਆਂ ਨਾਲ ਹੀ ਸਿੱਧੇ ਮੂੰਹ ਗੱਲ ਨਹੀਂ ਕਰਦੀਆਂ ਸਨ। ਉਹਨਾਂ ਨੂੰ ਆਪਣੇ ਸਹੁਰੇ ਦੇ ਸੁਭਾਅ ਦਾ ਤਾਂ ਪਤਾ ਹੀ ਸੀ ।ਇਸ ਲਈ ਉਹ ਡਰਦੀਆਂ ਸਨ ਕਿ ਕਿਧਰੇ ਉਹਨਾਂ ਦੀ ਸੱਸ ਉਹਨਾਂ ਕੋਲ ਹੀ ਨਾ ਰਹਿਣ ਲੱਗ ਜਾਵੇ। ਸਤਿੰਦਰ ਮਨ ਹੀ ਮਨ ਉਹਨਾਂ ਨੂੰ ਜਵਾਬ ਦਿੰਦੀ,”ਬੇਟਾ,ਜਿਹੜੇ ਮਾਪਿਆਂ ਨੇ ਇਹਦੇ ਲੜ ਲਾਇਆ ਸੀ, ਮੈਂ ਤਾਂ ਅੱਜ ਤੱਕ ਉਹਨਾਂ ਨੂੰ ਦੁੱਖ ਨਹੀਂ ਦਿੱਤਾ,ਭਲਾ ਦੱਸੋ ਮੈਂ ਤੁਹਾਨੂੰ ਕਿਉਂ ਦੁੱਖ ਦੇਵਾਂਗੀ?” ਪਰ ਸਤਿੰਦਰ ਦੇ ਦੋਨੋਂ ਪੁੱਤਰ ਉਸ ਦਾ ਬਹੁਤ ਸਤਿਕਾਰ ਕਰਦੇ ਸਨ। ਉਂਝ ਵੀ ਉਹ ਆਦਰਸ਼ਵਾਦੀ ਬੱਚੇ ਸਨ। ਉਹਨਾਂ ਨੂੰ ਆਪਣੀ ਮਾਂ ਦੀਆਂ ਕੁਰਬਾਨੀਆਂ ਦਾ ਇੱਕ ਇੱਕ ਦਿਨ ਯਾਦ ਸੀ। ਆਪਣੇ ਹਿੱਸੇ ਦਾ ਆਪਣੀ ਮਾਂ ਨੂੰ ਬਹੁਤ ਸਤਿਕਾਰ ਦਿੰਦੇ ਸਨ। ਆਪਣੇ ਪੁੱਤਰਾਂ ਨੂੰ ਵਧਦੇ-ਫੁੱਲਦੇ ਦੇਖ ਕੇ ਉਹ ਬਹੁਤ ਖੁਸ਼ ਹੁੰਦੀ ਤੇ ਸੋਚਦੀ ਕਿ ਉਸ ਨੂੰ ਉਸ ਦੀ ਤਪੱਸਿਆ ਦਾ ਫ਼ਲ ਮਿਲ ਗਿਆ ਹੈ।
ਇੱਕ ਦਿਨ ਸਤਿੰਦਰ ਨੂੰ ਮਨਜੋਤ ਦਾ ਫੋਨ ਆਇਆ ਕਿ ਉਹ ਕਿਸੇ ਕੰਮ ਦੇ ਸਿਲਸਿਲੇ ਵਿੱਚ ਉਹਨਾਂ ਦੇ ਸ਼ਹਿਰ ਆ ਰਹੀ ਹੈ ਅਤੇ ਉਹ ਉਸ ਕੋਲ ਹੀ ਰੁਕੇਗੀ। ਕਾਲਜ ਪੜ੍ਹਦਿਆਂ ਦੋਵਾਂ ਸਹੇਲੀਆਂ ਦਾ ਸਕੀਆਂ ਭੈਣਾਂ ਵਰਗਾ ਪਿਆਰ ਸੀ। ਮਨਜੋਤ ਦੇ ਪਿਤਾ ਬਹੁਤ ਗਰੀਬ ਸਨ। ਉਹਨਾਂ ਨੂੰ ਰਿਸ਼ਤੇਦਾਰੀ ਵਿੱਚ ਹੀ ਚੰਗਾ ਮੁੰਡਾ ਲੱਭ ਗਿਆ ਸੀ ਜੋ ਉਸ ਨਾਲ ਬਿਨਾਂ ਦਾਜ ਦਹੇਜ ਲਏ ਵਿਆਹ ਕਰਵਾਉਣਾ ਚਾਹੁੰਦਾ ਸੀ। ਇਸ ਲਈ ਉਸ ਦੇ ਮਾਪਿਆਂ ਨੇ ਪੜ੍ਹਾਈ ਵਿੱਚੇ ਛੁਡਵਾ ਕੇ ਉਸ ਦਾ ਵਿਆਹ ਕਰ ਦਿੱਤਾ ਸੀ। ਮਨਜੋਤ ਦਾ ਪਤੀ ਐਨਾ ਚੰਗਾ ਸੀ ਕਿ ਉਸ ਨੇ ਤਾਂ ਜਿਵੇਂ ਉਸ ਨੂੰ ਜ਼ਿੰਦਗੀ ਦੇ ਸਫ਼ਰ ਵਿੱਚ ਉਡਾਰੀਆਂ ਮਾਰਨ ਲਈ ਖੰਭ ਹੀ ਦੇ ਦਿੱਤੇ ਹੋਣ। ਕਾਲਜ ਦੇ ਸਮੇਂ ਤੋਂ ਹੀ ਉਸ ਨੂੰ ਗਾਉਣ ਦਾ ਸ਼ੌਕ ਸੀ।ਉਸ ਦੇ ਪਤੀ ਨੇ ਉਸ ਨੂੰ ਮਿਊਜ਼ਿਕ ਦੀ ਪੜ੍ਹਾਈ ਕਰਵਾ ਕੇ ਉਸ ਨੂੰ ਮਿਊਜ਼ਿਕ ਅਕੈਡਮੀ ਚਾਲੂ ਕਰਕੇ ਦਿੱਤੀ ਜਿੱਥੇ ਉਹ ਗਰੀਬ ਬੱਚਿਆਂ ਦੀ ਪ੍ਰਤਿਭਾ ਨੂੰ ਨਿਖਾਰ ਕੇ ਉੱਘੇ ਸਿਤਾਰੇ ਬਣਨ ਵਿੱਚ ਮਦਦ ਕਰਦੀ।ਲੋਕ ਸੇਵਾਵਾਂ ਲਈ ਉਹ ਇੱਕ ਮੰਨੀ ਪ੍ਰਮੰਨੀ ਹਸਤੀ ਬਣ ਗਈ ਸੀ। ਇਸੇ ਸਿਲਸਿਲੇ ਵਿੱਚ ਅੱਜ ਔਰਤ ਦਿਵਸ ਦੇ ਮੌਕੇ ਤੇ ਉਸ ਨੂੰ ਸਨਮਾਨਿਤ ਕੀਤਾ ਜਾਣਾ ਸੀ।
ਮਨਜੋਤ ਦੇ ਆਉਣ ਦੀ ਖੁਸ਼ੀ ਸਤਿੰਦਰ ਤੋਂ ਸੰਭਾਲ਼ੀ ਨਹੀਂ ਸੀ ਜਾ ਰਹੀ।ਉਹ ਬਹੁਤ ਖੁਸ਼ ਸੀ। ਦੋਵੇਂ ਅੱਧੀ ਰਾਤ ਤੱਕ ਆਪਣੀਆਂ ਕਾਲਜ ਦੀਆਂ ਯਾਦਾਂ ਸਾਂਝੀਆਂ ਕਰਦੀਆਂ ਰਹੀਆਂ। ਅਗਲੇ ਦਿਨ ਮਨਜੋਤ ਸਨਮਾਨ ਸਮਾਰੋਹ ਵਿੱਚ ਆਪਣੇ ਨਾਲ ਸਤਿੰਦਰ ਨੂੰ ਵੀ ਲੈਕੇ ਗਈ। ਸਮਾਰੋਹ ਸ਼ੁਰੂ ਹੋਇਆ , ਜਿਵੇਂ ਹੀ ਐਵਾਰਡ ਲੈਣ ਲਈ ਸਟੇਜ ਤੇ ਪਹੁੰਚੀ ਤਾਂ ਸਾਰਾ ਹਾਲ ਤਾੜੀਆਂ ਨਾਲ ਗੂੰਜ ਰਿਹਾ ਸੀ , ਮਨਜੋਤ ਨੇ ਐਵਾਰਡ ਹਾਸਲ ਕਰਕੇ ਮਾਈਕ ਤੇ ਕਿਹਾ,” ਇਹ ਐਵਾਰਡ ਸਿਰਫ਼ ਮੇਰਾ ਨਹੀਂ ਹੈ,ਇਹ ਹਰ ਉਸ ਮਰਦ ਦਾ ਇਨਾਮ ਹੈ ਜੋ ਆਪਣੀ ਪਤਨੀ ਨੂੰ ਆਪਣੇ ਬਰਾਬਰ ਦਾ ਦਰਜਾ ਦੇ ਕੇ ਸਨਮਾਨਿਤ ਕਰਦਾ ਹੈ,ਜੋ ਉਸ ਦੇ ਅਧੂਰੇ ਸੁਪਨਿਆਂ ਨੂੰ ਪਰਵਾਜ਼ ਦਿੰਦਾ ਹੈ,ਉਸ ਨੂੰ ਸਮਾਜ ਵਿੱਚ ਵੱਖਰੀ ਪਛਾਣ ਦਿੰਦਾ ਹੈ।” ਮਨਜੋਤ ਨੇ ਨਾਲ ਹੀ ਕਿਹਾ,” ਮੈਂ ਇਹ ਸਨਮਾਨ ਹਰ ਉਸ ਬਹਾਦਰ ਔਰਤ ਦੀ ਝੋਲੀ ਪਾਉਂਦੀ ਹਾਂ ਜਿਨ੍ਹਾਂ ਨੂੰ ਸਮਾਜ ਵਿੱਚ ਸਨਮਾਨ ਦਿਵਾਉਣ ਵਾਲਾ ਵਿਅਕਤੀ ਖੁਦ ਅਪਮਾਨਿਤ ਕਰਦਾ ਰਿਹਾ ਹੋਵੇ, ਫਿਰ ਵੀ ਉਹ ਔਰਤਾਂ ਘਰ ਨਾ ਟੁੱਟਣ ਦਾ ਸੰਘਰਸ਼ ਕਰਦੀਆਂ ਹੋਈਆਂ ਆਪਣੇ ਬੱਚਿਆਂ ਨੂੰ ਚੰਗੀ ਵਿੱਦਿਆ ਅਤੇ ਚੰਗੇ ਸੰਸਕਾਰ ਦੇ ਕੇ ਪਰਵਰਿਸ਼ ਕਰਦੀਆਂ ਹਨ ,ਉਹ ਔਰਤਾਂ ਹੀ ਅਸਲੀ ਬਹਾਦਰ ਔਰਤਾਂ ਹੁੰਦੀਆਂ ਹਨ।”
ਮਨਜੋਤ ਨੇ ਸਤਿੰਦਰ ਨੂੰ ਸਟੇਜ ਤੇ ਬੁਲਾ ਕੇ ਆਪਣਾ ਐਵਾਰਡ ਉਸ ਦੀ ਝੋਲੀ ਪਾ ਦਿੱਤਾ। ਸਾਰਾ ਹਾਲ ਤਾੜੀਆਂ ਨਾਲ ਗੂੰਜ ਉੱਠਿਆ।ਇਹ ਸਾਰਾ ਸਮਾਗਮ ਟੀ. ਵੀ. ਤੇ ਲਾਈਵ ਚੱਲ ਰਿਹਾ ਸੀ ਜਿਸ ਨੂੰ ਸਤਿੰਦਰ ਦਾ ਪਤੀ ਘਰ ਬੈਠਾ ਦੇਖ ਰਿਹਾ ਸੀ।ਉਸ ਨੂੰ ਆਪਣੇ ਆਪ ਤੇ ਬਹੁਤ ਸ਼ਰਮ ਆਈ । ਉਹਨਾਂ ਦੋਨਾਂ ਦੇ ਘਰ ਆਉਂਦਿਆਂ ਹੀ ਉਹ ਸਾਹਮਣੇ ਹੱਥ ਜੋੜੀ ਖੜਾ ਸੀ ।ਉਸ ਨੇ ਸਤਿੰਦਰ ਤੋਂ ਮਾਫ਼ੀ ਮੰਗਦਿਆਂ ਕਿਹਾ,” ਮੈਂ ਤੇਰੇ ਹੱਕ ਦੀ ਖੁਸ਼ੀ ਦੇ ਅਠਾਈ ਸਾਲ ਤਾਂ ਨਹੀਂ ਮੋੜ ਸਕਦਾ ਪਰ ਐਨਾ ਵਾਅਦਾ ਹੈ ਕਿ ਹੁਣ ਜਿੰਨੀ ਜ਼ਿੰਦਗੀ ਆਪਾਂ ਇਕੱਠੇ ਰਹਾਂਗੇ, ਤੈਨੂੰ ਮੈਂ ਰਾਣੀ ਬਣਾ ਕੇ ਰੱਖਾਂਗਾ।” ਨਾਲ ਹੀ ਉਸ ਨੇ ਮਨਜੋਤ ਦਾ ਧੰਨਵਾਦ ਕੀਤਾ ਕਿ ਉਸ ਨੇ ਤਾਂ ਉਸ ਦੀਆਂ ਅੱਖਾਂ ਹੀ ਖੋਲ੍ਹ ਦਿੱਤੀਆਂ ਹਨ।
ਮਨਜੋਤ ਬਹੁਤ ਖੁਸ਼ ਸੀ । ਉਸ ਨੂੰ ਇੰਝ ਪ੍ਰਤੀਤ ਹੋ ਰਿਹਾ ਸੀ ਜਿਵੇਂ ਉਸ ਨੇ ਕੋਈ ਵੱਡੀ ਜੰਗ ਜਿੱਤ ਲਈ ਹੋਵੇ। ਕਿਉਂਕਿ ਉਸ ਨੂੰ ਲੱਗ ਰਿਹਾ ਸੀ ਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
ReplyReply to allForward
|