ਏਹੁ ਹਮਾਰਾ ਜੀਵਣਾ ਹੈ -590

ਬਰਜਿੰਦਰ ਕੌਰ ਬਿਸਰਾਓ
(ਸਮਾਜ ਵੀਕਲੀ)
ਤਿੰਨ ਸਾਲ ਪਹਿਲਾਂ ਵਣ ਮਹਾਂਉਤਸਵ ਮੌਕੇ ਮੇਰੀ ਮਾਲਕਣ ਨੇ ਕਿੰਨੇ ਬੂਟੇ ਲਾਏ ਸੀ।ਮੇਰੀ ਵਾਰੀ ਸਾਰਿਆਂ ਤੋਂ ਅਖੀਰ ਵਿੱਚ ਆਈ ਸੀ , ਮੈਨੂੰ ਪਿਛਲੀ ਕੰਧ ਦੇ ਅਖ਼ੀਰ ਵਿੱਚ ਲਾ ਦਿੱਤਾ। ਉਹਨਾਂ ਦਿਨਾਂ ਵਿੱਚ ਮੀਂਹ ਪੈਂਦਾ ਹੋਣ ਕਰਕੇ ਮੈਨੂੰ ਜ਼ਿਆਦਾ ਮਹਿਸੂਸ ਨੀ ਹੋਇਆ। ਫਿਰ ਤ੍ਰੇਲ ਪੀ ਪੀ ਕੇ ਮੈਂ ਢਿੱਡ ਭਰੀ ਗਿਆ ਤੇ ਫਿਰ ਧੁੰਦ ਦੀਆਂ ਮਿੱਠੀਆਂ ਮਿੱਠੀਆਂ ਭੂਰਾਂ ਮੈਨੂੰ ਪਾਲ਼ੀ ਗਈਆਂ।ਮੇਰਾ ਥੋੜ੍ਹਾ ਜਿਹਾ ਕੱਦ ਵੀ ਵਧ ਗਿਆ ਤੇ ਨਵੇਂ ਨਵੇਂ ਪੱਤੇ ਵੀ ਕੁਝ ਆ ਗਏ, ਪੁਰਾਣੇ ਝੜੀ ਜਾਂਦੇ। ਮੇਰੇ ਪੱਤਿਆਂ ਨੂੰ ਅਵਾਰਾ ਪਸ਼ੂ ਖਾ ਗਏ। ਮੇਰੀ ਮਾਲਕਣ ਨੇ ਇੱਕ ਲੋਹੇ ਦਾ ਸ਼ਿਕੰਜਾ ਜਿਹਾ ਮੇਰੇ ਆਲੇ ਦੁਆਲੇ ਰੱਖ ਦਿੱਤਾ। ਫਿਰ ਗਰਮੀਆਂ ਆ ਗਈਆਂ। ਵਿੱਚ ਵਿੱਚ ਦੀ ਜਦੋਂ ਵੀ ਮੇਰੀ ਮਾਲਕਣ ਨੂੰ ਯਾਦ ਆਉਂਦਾ ਤਾਂ ਉਹ ਕਦੇ ਕਦੇ ਪਾਣੀ ਪਾ ਵੀ ਜਾਂਦੀ। ਬਹੁਤੀ ਧੁੱਪ ਤੇਜ਼ ਹੋਣ ਕਰਕੇ ਇੱਕ ਦਿਨ ਮੇਰੀ ਮਾਲਕਣ ਨੇ ਆਪਣੀ ਗੁਆਂਢਣ ਨੂੰ ਕਿਹਾ,”ਭੈਣੇ,ਤੇਰਾ ਗੇਟ ਜਮ੍ਹਾਂ ਕੋਲ਼ ਆ ,ਜਦ ਤੂੰ ਸਫ਼ਾਈ ਕਰਦੀ ਹੁੰਦੀ ਐਂ ਤਾਂ ਮੇਰੇ ਇਸ ਬੂਟੇ ਨੂੰ ਵੀ ਪਾਣੀ ਦੇ ਦਿਆ ਕਰ।”
            ਉਸ ਨੇ ਮੈਨੂੰ ਪਾਣੀ ਕਿੱਥੇ ਦੇਣਾ ਸੀ,ਉਹ ਤਾਂ ਮੇਰੇ ਵੱਲ ਕੌੜ ਕੌੜ ਕੇ ਦੇਖਦੀ ਹੁੰਦੀ ਸੀ। ਮੈਨੂੰ ਕਿੰਨੀ ਪਿਆਸ ਲੱਗੀ ਹੁੰਦੀ ਸੀ ,ਪਰ ਉਹ ਆਪਣੇ ਘਰ ਮੂਹਰੇ ਕਿੰਨਾ ਪਾਣੀ ਡੋਲ ਡੋਲ ਕੇ ਸਫਾਈ ਕਰਦੀ ਹੁੰਦੀ ਸੀ, ਮੇਰੇ ਵੱਲ ਨੂੰ ਤੁਪਕਾ ਪਾਣੀ ਦਾ ਆਉਣ ਨਾ ਦਿੰਦੀ। ਇੱਕ ਰਾਤ ਇੱਕ ਚੋਰ ਲੰਘੇ ਜਾਂਦੇ ਦੀ ਨਿਗਾਹ ਮੇਰੇ ਸ਼ਿਕੰਜੇ ਤੇ ਪਈ ਤਾਂ ਉਹ ਸ਼ਿਕੰਜਾ ਚੁੱਕ ਕੇ ਲੈ ਗਿਆ। ਮੈਂ ਚੁੱਪ ਚੁਪੀਤਾ ਬੇਬਸ ਖੜ੍ਹਾ ਚੋਰ ਨੂੰ ਚੋਰੀ ਕਰਦੇ ਦੇਖਦਾ ਰਿਹਾ। ਸਵੇਰੇ ਸਵੇਰੇ ਅਵਾਰਾ ਗਾਈਆਂ ਮੈਨੂੰ ਤੋੜ ਮਰੋੜ ਕੇ ਸਾਰੇ ਪੱਤੇ ਖਾ ਗਈਆਂ। ਮੈਂ ਰੁੰਡ ਮੁੰਡ ਅਲਫ਼ੋਂ ਨੰਗਾ ਖੜਾ ਸੀ। ਮਾਲਕਣ ਨੇ ਦੇਖਿਆ ਤਾਂ ਉਹ ਬਹੁਤ ਦੁਖੀ ਹੋਈ।ਉਹ ਮੈਨੂੰ ਸਿੱਧਾ ਕਰਕੇ ਮੇਰੀਆਂ ਜੜ੍ਹਾਂ ਤੋਂ ਦੱਬ‌ਕੇ ਖੜ੍ਹਾ ਕਰਕੇ ਪਾਣੀ ਪਾ ਕੇ ਗਈ ਤਾਂ ਮਾੜਾ ਜਿਹਾ ਮੇਰੇ ਵਿੱਚ ਸਾਹ ਵਗਦਾ ਹੋਇਆ। ਮੇਰੀ ਕੁੱਖ ਵਿੱਚ ਇੱਕ ਨਿੱਕਾ ਜਿਹਾ ਨਿੰਮ ਦਾ ਬੂਟਾ ਉੱਗ ਪਿਆ। ਮੈਨੂੰ ਬਹੁਤ ਖੁਸ਼ੀ ਹੋਈ।ਮੇਰੀ ਮਾਲਕਣ ਨੂੰ ਓਦੂੰ ਵੱਧ। ਦਿਨਾਂ ਵਿੱਚ ਹੀ ਉਹ ਵਧ ਰਿਹਾ ਸੀ। ਮੇਰੀ ਮਾਲਕਣ ਸੋਚਣ ਲੱਗੀ ਕਿ ਚੱਲ ਮੈਨੂੰ ਪੁੱਟ ਕੇ ਅੰਦਰ ਲਾ ਲਵੇਗੀ ,ਨਿੰਮ ਦਾ ਬੂਟਾ ਤਾਂ ਏਦਾਂ ਈ ਹੋਇਆ ਦਿਨਾਂ ਵਿੱਚ ਜਵਾਨ। ਉਹ ਬਚਪਨ ਤੋਂ ਹੀ ਖੁਸ਼ਮਿਜ਼ਾਜ਼ ਮੇਰੇ ਨਾਲ ਸ਼ਰਾਰਤਾਂ ਕਰਦਾ ,ਹੱਸਦਾ ਖਿੜਿਆ ਰਹਿੰਦਾ। ਮੈਂ ਵੀ ਉਸ ਨੂੰ ਵਧਦਾ ਦੇਖ ਕੇ ਖੁਸ਼ ਹੁੰਦਾ ਰਹਿੰਦਾ। ਮਾਲਕਣ ਉਸ ਨਿਆਣੇ ਬੂਟੇ ਦੀ ਰਾਖੀ ਲਈ ਆਲ਼ੇ ਦੁਆਲ਼ੇ ਇੱਟਾਂ ਲਾ ਗਈ। ਹੁਣ ਉਹ ਮੇਰੇ ਲੱਕ ਤੱਕ ਆਉਣ ਲੱਗਾ।ਇੱਕ ਦਿਨ ਗੁਆਂਢਣ ਹੌਲੀ ਜਿਹੀ ਬਾਹਰ ਆਈ ਤੇ ਉਸ ਨੇ ਨੰਨ੍ਹੇ ਜਿਹੇ ਹੱਸਦੇ ਖੇਡਦੇ ਬੂਟੇ ਨੂੰ ਜੜ੍ਹੋਂ ਪੁੱਟ ਕੇ ਪਰ੍ਹਾਂ ਵਗਾਹ ਕੇ ਮਾਰਿਆ। ਮੈਂ ਫਿਰ ਵੀ ਕੁਝ ਨਾ ਕਰ ਸਕਿਆ। ਗੁਆਂਢਣ ਨੂੰ ਡਰ ਸੀ ਕਿ ਜਦ ਬੂਟਾ ਦਰਖ਼ਤ ਬਣ ਜਾਵੇਗਾ ਤਾਂ ਉਸ ਦੇ ਪੱਤੇ  ਉਡ ਕੇ ਉਸ ਦੇ ਦਰਵਾਜ਼ੇ ਅੱਗੇ ਆ ਜਾਇਆ ਕਰਨਗੇ। ਮੈਂ ਬਿਨਾਂ ਪੱਤਿਆਂ ਤੋਂ ਸੁੱਕੀ ਲੱਕੜ ਵਾਂਗ ਖੜ੍ਹਾ ਸੋਚ ਰਿਹਾ ਸੀ ਕਿ ਕੀ ਪਿਛਲੀ ਕੰਧ ਵਾਲ਼ੇ ਹਰ ਬੂਟੇ ਦਾ ਹਾਲ ਦੁਨੀਆ ਇਸ ਤਰ੍ਹਾਂ ਹੀ ਕਰਦੀ ਹੋਵੇਗੀ ਕੀ ਏਹੁ ਹਮਾਰਾ ਜੀਵਣਾ ਹੈ?
ਬਰਜਿੰਦਰ ਕੌਰ ਬਿਸਰਾਓ…
9988901324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
Previous articleਬਲਕੌਰ ਸਿੰਘ ਸਿੱਧੂ ਨੇ ਜਲੰਧਰ ਦੇ ਲੋਕਾਂ ਨੂੰ ਚਰਨਜੀਤ ਚੰਨੀ ਨੂੰ ਜਿਤਾਉਣ ਦੀ ਅਪੀਲ ਕੀਤੀ
Next articleਬ੍ਰਹਮ ਗਿਆਨ