(ਸਮਾਜ ਵੀਕਲੀ)
ਵਾਹ! ਮੇਰੇ ਪੰਜਾਬ ਦੇ ਢਾਬਿਆਂ ਦਾ ਖਾਣਾ ਕਿੰਨਾ ਸਵਾਦ ਹੈ। ਆਖਿਰ ਪੰਜਾਬੀ ਢਾਬਿਆਂ ਦਾ ਖਾਣਾ ਤਾਂ ਅਮਰੀਕਾ ਕਨੇਡਾ ਵਰਗੇ ਵੱਡੇ ਮੁਲਕਾਂ ਵਿੱਚ ਵੀ ਖੂਬ ਪਸੰਦ ਕੀਤਾ ਜਾਂਦਾ ਹੈ। ਜਿਵੇਂ ਦੁਨੀਆਂ ਦੇ ਕਿਸੇ ਕੋਨੇ ਵਿੱਚ ਚਲੇ ਜਾਓ ਤਾਂ ਤੁਹਾਨੂੰ ਪੰਜਾਬੀ ਲੋਕ ਮਿਲ਼ ਹੀ ਜਾਣਗੇ ਉਸੇ ਤਰ੍ਹਾਂ ਤੁਸੀਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਓ, ਤੁਹਾਨੂੰ ਪੰਜਾਬੀ ਢਾਬੇ ਵੀ ਲੱਭ ਹੀ ਜਾਂਦੇ ਹਨ।ਪਰ ਆਹ ਜਦੋਂ ਤੋਂ ਦੇਸ਼ ਦੀਆਂ ਲੋਕ ਸਭਾ ਚੋਣਾਂ ਦਾ ਐਲਾਨ ਹੋਇਆ ਹੈ ਉਦੋਂ ਤੋਂ ਤਾਂ ਪਤਾ ਨਹੀਂ ਢਾਬਿਆਂ ਵਾਲਿਆਂ ਨੇ ਮਸਾਲੇ ਕਿੱਥੋਂ ਮੰਗਾਏ ਹਨ ਜਿਨ੍ਹਾਂ ਦੀ ਖ਼ੁਸ਼ਬੂ ਸਾਡੇ ਦੇਸ਼ ਦੇ ਵੱਡੇ ਵੱਡੇ ਦਿਗਜ਼ ਨੇਤਾਵਾਂ ਨੂੰ ਆਪਣੇ ਵੱਲ ਖਿੱਚ ਕੇ ਲਿਜਾ ਰਹੀ ਹੈ।
ਪਹਿਲਾਂ ਪਹਿਲ ਤਾਂ ਕਦੇ ਵੱਡੀਆਂ ਸ਼ਕਤੀਆਂ ਭਾਵ ਪੱਛਮੀ ਦੇਸ਼ਾਂ ਦੇ ਵੱਡੇ ਵੱਡੇ ਨੇਤਾ ਆਮ ਜਨਤਾ ਵਿੱਚ ਘੁੰਮਦੇ ਜਾਂ ਛੋਟੇ ਮੋਟੇ ਕੰਮ ਆਪਣੇ ਹੱਥੀਂ ਕਰਦਿਆਂ ਦੀਆਂ ਵੀਡੀਓਜ਼ ਤਾਂ ਦੇਖਦੇ ਹੁੰਦੇ ਸੀ।ਪਰ ਇਹ ਸਾਡੇ ਵਾਲੇ ਜ਼ੈੱਡ ਸੁਰੱਖਿਆ ਲੈ ਕੇ ਘੁੰਮਣ ਵਾਲੇ ਨੇਤਾਵਾਂ ਨੂੰ ਅਚਾਨਕ ਪਤਾ ਨਹੀਂ ਕੀ ਲਾਗ ਲੱਗ ਗਈ ਹੈ ? ਜਿਹੜੀ ਪਾਰਟੀ ਦਾ ਨੇਤਾ ਦੇਖੋ ਉਸੇ ਦੀਆਂ ਢਾਬਿਆਂ ਤੇ ਖਾਣਾ ਖਾਣ ਦੀਆਂ, ਵਾਈ ਜੈਡ ਜਾਂ ਹੋਰ ਕੋਈ ਸਖਤ ਸਕਿਉਰਟੀ ਮੰਗਣ ਵਾਲ਼ੇ ਸਵੇਰੇ ਸਵੇਰੇ ਮੁਹਲਿਆਂ ਪਿੰਡਾਂ ਦੀਆਂ ਪਾਰਕਾਂ ਵਿੱਚ ਆਮ ਲੋਕਾਂ ਨਾਲ ਸੈਰ ਕਰਦੇ, ਤਾਸ਼ ਖੇਡਦੇ, ਫਿਰ ਕਿਸੇ ਵਧੀਆ ਜਿਹੇ ਢਾਬੇ ਤੇ ਐਨ ਢਿੱਡ ਭਰੇ ਬਿਨਾਂ ਨਹੀਂ ਤੁਰਦੇ। ਤੁਹਾਡੇ ਕਿੰਨੇ ਚੰਗੇ ਮਿੱਤਰ ਬਣ ਗਏ ਹਨ, ਕਿੰਨੇ ਦਲੇਰ ਬਣ ਗਏ ਹਨ। ਕਿਸੇ ਗਰੀਬ ਦੇ ਘਰ ਅਚਨਚੇਤ ਪਹੁੰਚਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।
ਇਸ ਵਾਰ ਚੋਣਾਂ ਦਾ ਐਲਾਨ ਹੁੰਦੇ ਹੀ ਸਾਡੇ ਨੇਤਾਵਾਂ ਦਾ ਢਾਬਿਆਂ ਤੇ ਖਾਣਾ ਖਾਣ ਵਾਲਾ ਰਿਵਾਜ ਦੇ ਨਾਲ ਪਾਰਕਾਂ ਦੀ ਸੈਰ ਦਾ ਰਿਵਾਜ ਵੀ ਵੇਖਣ ਨੂੰ ਮਿਲਿਆ ਹੈ। ਇਹ ਜਿਹੜੇ ਨੇਤਾ ਢਾਬਿਆਂ ਦੇ ਮੰਜਿਆਂ ਜਾਂ ਕੁਰਸੀਆਂ ਜਾਂ ਪਾਰਕਾਂ ਦੇ ਘਾਹ ਤੇ ਬੈਠ ਕੇ ਖਾਣਾ ਖਾਂਦੇ ਹਨ ਜਾਂ ਚਾਹ ਪੀਂਦੇ ਹਨ , ਉਹਨਾਂ ਦੀ ਵਿਚਾਰਿਆਂ ਦੀ ਕਿੰਨੀ ਵੱਡੀ ਮਜ਼ਬੂਰੀ ਹੈ। ਤੁਸੀਂ ਉਹਨਾਂ ਦੀ ਮਾਨਸਿਕ ਦਸ਼ਾ ਨੂੰ ਸਮਝੋ। ਆਖਿਰ ਵੋਟਾਂ ਵੀ ਤਾਂ ਲੈਣੀਆਂ ਹਨ। ਅਸਲ ਵਿੱਚ ਉਹ ਪੰਜਾਬੀਆਂ ਜਾਂ ਆਮ ਲੋਕਾਂ ਦੇ ਭੋਲੇਪਣ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਆਮ ਲੋਕ ਭਾਵਨਾਵਾਂ ਦੇ ਵਹਿਣ ਵਿੱਚ ਵਹਿ ਤੁਰਦੇ ਹਨ।ਉਹ ਸੋਚਦੇ ਹਨ, “ਦੇਖੋ ਕਿੰਨੀ ਨਿਮਰਤਾ ਹੈ ਸਾਡੇ ਨੇਤਾ ਵਿੱਚ,ਉਹ ਕੋਈ ਫਰਕ ਈ ਨੀ ਰੱਖਦੇ ਸਾਡੇ ਨਾਲ, ਦੇਖਲੋ ਕਿਵੇ ਢਾਬੇ ਤੇ ਬਹਿ ਕੇ ਰੋਟੀ ਖਾਧੀ”। ਜ਼ਿਆਦਾ ਭਾਵੁਕਤਾ ਦੀ ਮਿਠਾਸ ਵਿੱਚ ਆਉਣ ਤੋਂ ਪਹਿਲਾਂ ਉਹਨਾਂ ਸਾਰਿਆਂ ਦਾ ਆਮ ਲੋਕਾਂ ਵਿੱਚ ਵਿਚਰਨ ਵਾਲ਼ਾ ਇਤਿਹਾਸ ਜ਼ਰੂਰ ਫ਼ਰੋਲ ਲਿਓ। ਰਹਿੰਦੀ- ਖੂਹੰਦੀ ਕਸਰ ਟੀ ਵੀ ਚੈਨਲਾਂ ਦੇ ਰਿਪੋਰਟਰ ਪੂਰੀ ਕਰ ਦਿੰਦੇ ਹਨ। ਜਿਵੇਂ ਹੀ ਨੇਤਾ ਜੀ ਖਾਣਾ ਖਾ ਕੇ ਢਾਬੇ ਤੋਂ ਤੁਰ ਜਾਂਦੇ ਹਨ ਉਸੇ ਸਮੇਂ ਉਹ ਪੂਰੀ ਟੀਮ ਲੈਕੇ ਢਾਬੇ ਦੇ ਮਾਲਕ,ਖਾਣਾ ਪਕਾਉਣ ਵਾਲੇ,ਪਰੋਸਣ ਵਾਲਿਆਂ ਦੀ ਇੰਟਰਵਿਊ ਲੈਣ ਲੱਗ ਜਾਂਦੇ ਹਨ। ਹਰੇਕ ਦੇ ਮੂਹਰੇ ਮਾਈਕ ਕਰਕੇ ਪੁੱਛਣਗੇ,”ਅੱਜ ਐਨੇ ਵੱਡੇ ਨੇਤਾ ਤੁਹਾਡੇ ਢਾਬੇ ਤੇ ਰੁਕੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ? ਉਹਨਾਂ ਨੇ ਕੀ ਖਾਧਾ?” ਆਦਿ ਪ੍ਰਸ਼ਨਾਂ ਦੀ ਝੜੀ ਲਾ ਦਿੰਦੇ ਹਨ। ਆਮ ਲੋਕ ਟੀ ਵੀ ਚੈਨਲਾਂ ਤੇ ਉਹਨਾਂ ਦੇ ਖਾਧੇ ਖਾਣੇ ਦਾ ਸਵਾਦ ਆਪਣੇ ਮੂੰਹ ਵਿੱਚ ਲੈ ਰਹੇ ਹੁੰਦੇ ਹਨ। ਆਪਾਂ ਆਮ ਵੋਟਰ ਹਾਂ,ਕਿਸ ਪਾਰਟੀ ਦੇ ਨੇਤਾ ਨੇ ਕਿੱਥੇ ਖਾਣਾ ਖਾਧਾ,ਕੌਣ ਕਿਸ ਦੇ ਘਰ ਗਿਆ,ਕਿਸ ਨੇ ਖੇਤਾਂ ਦੀ ਜਾਂ ਬਜ਼ਾਰਾਂ ਦੀ ਸੈਰ ਕੀਤੀ ਇਸ ਦਾ ਆਪਣੇ ਅਤੇ ਆਪਣੇ ਪਰਿਵਾਰ ਦੀ ਸੋਚ ਉੱਪਰ ਕੋਈ ਕਬਜ਼ਾ ਨਹੀਂ ਹੋਣਾ ਚਾਹੀਦਾ।ਇਹੀ ਨੇਤਾਵਾਂ ਨੂੰ ਆਉਣ ਵਾਲੇ ਪੰਜ ਸਾਲ ਕੋਈ ਢਾਬਾ,ਖੇਤ ਜਾਂ ਆਮ ਲੋਕਾਂ ਦੇ ਘਰ ਨਜ਼ਰ ਨਹੀਂ ਆਉਣਗੇ।ਸੋ ਮੈਨੂੰ ਆਸ ਹੈ ਤੁਸੀਂ ਸਾਰੇ ਆਪ ਹੀ ਪੜ੍ਹੇ ਲਿਖੇ ਅਤੇ ਸਮਝਦਾਰ ਹੋ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly