ਏਹੁ ਹਮਾਰਾ ਜੀਵਣਾ ਹੈ -585

ਬਰਜਿੰਦਰ-ਕੌਰ-ਬਿਸਰਾਓ-
(ਸਮਾਜ ਵੀਕਲੀ)-   ਸੋਹਣ ਸਿੰਘ ਦਾ ਪਰਿਵਾਰ ਬਹੁਤ ਵੱਡਾ ਸੀ। ਉਸ ਦੇ ਚਾਰ ਪੁੱਤਰ ਸਨ। ਚਾਰੇ ਵਿਆਹੇ ਹੋਏ ਸਨ । ਉਹਨਾਂ ਦੇ ਵੀ ਅਗਾਂਹ ਸੁੱਖ ਨਾਲ ਦੋ- ਦੋ ਨਿਆਣੇ ਸਨ। ਪਿੰਡ ਅੰਦਰ ਉਹ ਆਪਣੇ ਪੁਰਖਿਆਂ ਦੇ ਘਰ ਵਿੱਚ ਹੀ ਰਹਿੰਦੇ ਸਨ ਜੋ ਹੁਣ ਐਨੇ ਵੱਡੇ ਪਰਿਵਾਰ ਲਈ ਕਾਫ਼ੀ ਨਹੀਂ ਸੀ। ਉਹਨਾਂ ਦੀ ਜ਼ਮੀਨ ਬਿਲਕੁਲ ਸ਼ਹਿਰ ਦੇ ਨਾਲ਼ ਲੱਗਦੀ ਸੀ। ਇਸ ਲਈ ਸੋਹਣ ਸਿੰਘ ਨੇ ਨਵਾਂ ਘਰ ਸ਼ਹਿਰ ਵਾਲ਼ੇ ਪਾਸੇ ਹੀ ਬਣਾਉਣਾ ਚਾਹਿਆ। ਉਸ ਨੇ ਜਮ੍ਹਾਂ ਸ਼ਹਿਰ ਦੇ ਨਾਲ਼ ਲੱਗਦੀ ਜ਼ਮੀਨ ਵਿੱਚ ਆਪਣੇ ਪਰਿਵਾਰ ਦੇ ਜੀਆਂ ਦੇ ਹਿਸਾਬ ਨਾਲ ਬਹੁਤ ਵੱਡਾ ਘਰ ਬਣਾਇਆ। ਇਸ ਕਰਕੇ ਉਸ ਨੇ ਇਹ ਘਰ ਸਾਰਿਆਂ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਹੀ ਬਣਾਇਆ ਸੀ। ਉਸ ਦੇ ਪੁੱਤਰਾਂ ਦਾ ਆਪਸ ਵਿੱਚ ਬਹੁਤ ਪਿਆਰ ਸੀ । ਸਾਰੇ ਰਲ਼ ਮਿਲ਼ ਕੇ ਰਹਿੰਦੇ ਸਨ। ਉਹਨਾਂ ਵਿੱਚੋਂ ਕਿਸੇ ਨੇ ਵੀ ਕਦੇ ਅੱਡ ਹੋਣ ਦੀ ਗੱਲ ਨਹੀਂ ਕੀਤੀ ਸੀ ਇਸੇ ਕਰਕੇ ਸੋਹਣ ਸਿੰਘ ਆਪਣੇ ਘਰ ਦੇ ਏਕੇ ਦੀ ਮਿਸਾਲ ਕਾਇਮ ਕਰਨਾ ਚਾਹੁੰਦਾ ਸੀ।ਉਸ ਨੇ ਘਰ ਇਸ ਤਰੀਕੇ ਨਾਲ ਬਣਵਾਇਆ ਕਿ ਘਰ ਨੂੰ ਕਿਸੇ ਤਰੀਕੇ ਨਾਲ਼ ਵੀ ਵੰਡਿਆ ਨਾ ਜਾ ਸਕੇ ਅਤੇ ਘਰ ਦਾ ਇੱਕ ਹੀ ਗੇਟ ਰਖਵਾਇਆ।
            ਜਿੰਨਾਂ ਚਿਰ ਸੋਹਣ ਸਿੰਘ ਜਿਉਂਦਾ ਸੀ ਓਨਾਂ ਚਿਰ ਤਾਂ ਕਿਸੇ ਨੇ ਅੱਡ ਹੋਣ ਦਾ ਨਾਂ ਨਹੀਂ ਲਿਆ ਪਰ ਉਸ ਦੇ ਅੱਖਾਂ ਮੀਟਦੇ ਹੀ ਸਭ ਨੇ ਅੱਡ ਹੋਣ ਦੀ ਗੱਲ ਸ਼ੁਰੂ ਕੀਤੀ। ਅਕਸਰ ਨੂੰ ਅੱਡ ਤਾਂ ਹੋਣਾ ਹੀ ਪੈਣਾ ਸੀ ਕਿਉਂਕਿ ਵੱਡੇ ਦੋਵਾਂ ਮੁੰਡਿਆਂ ਦੇ ਨਿਆਣੇ ਤਾਂ ਵਿਆਹੁਣ ਵਾਲ਼ੇ ਵੀ ਹੋ ਗਏ ਸਨ। ਜਦ ਉਹਨਾਂ ਨੇ ਉਹ ਘਰ ਵੇਚਣਾ ਚਾਹਿਆ ਤਾਂ ਘਰ ਦੀ ਕੀਮਤ ਬਹੁਤ ਜ਼ਿਆਦਾ ਹੋਣ ਕਰਕੇ ਕੋਈ ਖਰੀਦਦਾਰ ਨਹੀਂ ਮਿਲ ਰਿਹਾ ਸੀ। ਫਿਰ ਆਪਸੀ ਸਹਿਮਤੀ ਨਾਲ ਸੋਹਣ ਸਿੰਘ ਦੇ ਦੋਵੇਂ ਵੱਡੇ ਮੁੰਡਿਆਂ ਜੀਤੇ ਅਤੇ ਮੀਤੇ  ਨੇ ਇਹ ਘਰ ਖਰੀਦ ਲਿਆ ਤੇ ਛੋਟੇ ਭਰਾਵਾਂ ਨੂੰ ਬਣਦੀ ਕੀਮਤ ਦੇ ਦਿੱਤੀ। ਉਨ੍ਹਾਂ ਪੈਸਿਆਂ ਨਾਲ ਉਹਨਾਂ ਦੋਹਾਂ ਨੇ ਆਪਣੇ ਵੱਖਰੇ ਵੱਖਰੇ ਘਰ ਖ਼ਰੀਦ ਲਏ। ਸੋਹਣ ਸਿੰਘ ਦੇ ਦੋਨਾਂ ਵੱਡੇ ਮੁੰਡਿਆਂ ਨੇ ਸੁੱਖ ਨਾਲ ਹੁਣ ਆਪਣੇ ਆਪਣੇ ਬੱਚੇ ਵਿਆਹ ਲਏ ਸਨ। ਉਂਝ ਚਾਹੇ ਜੀਤੇ ਤੇ ਮੀਤੇ ਦਾ ਸਾਰਾ ਪਰਿਵਾਰ ਉਸ ਘਰ ਵਿੱਚ ਇਕੱਠਾ ਹੀ ਰਹਿੰਦਾ ਸੀ ਪਰ ਉਹਨਾਂ ਦਾ ਰੋਟੀ ਪਾਣੀ ਵੱਖਰਾ ਹੀ ਸੀ। ਹੁਣ ਦੋਹਾਂ ਭਰਾਵਾਂ ਦੇ ਘਰ ਦੋ ਦੋ ਨੂੰਹਾਂ ਆ ਗਈਆਂ ਸਨ ਤੇ ਉਨ੍ਹਾਂ ਦੇ ਵੀ ਅਗਾਂਹ ਬੱਚੇ ਹੋ ਗਏ ਸਨ। ਜਿੰਨਾਂ ਆਪਣਾ ਪਰਿਵਾਰ ਸੋਹਣ ਸਿੰਘ ਨੇ ਨਵਾਂ ਘਰ ਬਣਾ ਕੇ ਇਸ ਵਿੱਚ ਵਸਾਇਆ ਸੀ,ਓਡਾ ਹੀ ਪਰਿਵਾਰ ਹੁਣ ਜੀਤੇ ਤੇ ਮੀਤੇ ਦਾ ਬਣ ਗਿਆ ਸੀ। ਹੁਣ ਉਹਨਾਂ ਨੂੰ ਵੀ ਆਪਣਾ ਵੱਖਰਾ ਵੱਖਰਾ ਘਰ ਬਣਾਉਣ ਦੀ ਲੋੜ ਮਹਿਸੂਸ ਹੋਣ ਲੱਗੀ ਸੀ ਕਿਉਂਕਿ ਸਮੇਂ ਦੇ ਨਾਲ ਨਾਲ ਘਰ ਦੀ ਕੀਮਤ ਵੀ ਵਧ ਰਹੀ ਸੀ। ਉਸ ਨੂੰ ਵੇਚਣਾ ਔਖਾ ਹੋ ਰਿਹਾ ਸੀ ਤਾਂ ਸੋਹਣ ਸਿੰਘ ਦੇ ਸਭ ਤੋਂ ਵੱਡੇ ਮੁੰਡੇ ਜੀਤੇ ਨੇ ਆਪਣੇ ਦੋਹਾਂ ਮੁੰਡਿਆਂ ਨਾਲ ਸਲਾਹ ਕਰਕੇ ਆਪ ਹੀ ਖ਼ਰੀਦ ਲਿਆ ਸੀ ਅਤੇ ਮੀਤੇ ਨੂੰ ਬਣਦੀ ਰਕਮ ਦੇ ਦਿੱਤੀ ਸੀ। ਹੁਣ ਉਸ ਘਰ ਵਿੱਚ ਸੋਹਣ ਸਿੰਘ ਦਾ ਵੱਡਾ ਪੁੱਤਰ ਜੀਤਾ ਅਤੇ ਆਪਣੇ ਦੋ ਪੁੱਤਰਾਂ ਦੇ ਪਰਿਵਾਰਾਂ ਸਮੇਤ ਰਹਿ ਰਹੇ ਸਨ। ਅੱਗੋਂ ਜੀਤੇ ਦੇ ਪੋਤੇ ਪੋਤੀਆਂ ਵੀ ਵੱਡੇ ਹੋ ਰਹੇ ਸਨ। ਜੀਤਾ ਵੀ ਹੁਣ ਓਨੀ ਉਮਰ ਦਾ ਹੀ ਹੋ ਗਿਆ ਸੀ ਜਿੰਨੀ ਉਮਰ ਵਿੱਚ ਸੋਹਣ ਸਿੰਘ ਨੇ ਇਹ ਵੱਡਾ ਸਾਰਾ ਘਰ ਏਕੇ ਦੀ ਮਿਸਾਲ ਬਣਾਇਆ ਸੀ। ਜੀਤੇ ਦੇ ਦੋਹਾਂ ਮੁੰਡਿਆਂ ਚੋਂ ਇੱਕ ਦੇ ਦੋ ਮੁੰਡੇ ਹੀ ਸਨ ਤੇ ਦੂਜੇ ਦੇ ਇੱਕ ਮੁੰਡਾ ਤੇ ਇੱਕ ਕੁੜੀ ਸੀ। ਜਿਵੇਂ ਹੀ ਜੀਤੇ ਦੇ ਪੋਤੇ ਪੋਤੀਆਂ ਪੜ੍ਹਾਈ ਕਰੀ ਗਏ ਉਹ ਵਿਦੇਸ਼ਾਂ ਵਿੱਚ ਅੱਗੋਂ ਪੜ੍ਹਾਈ ਕਰਨ ਲਈ ਚਲੇ ਗਏ ਤੇ ਹੌਲ਼ੀ ਹੌਲ਼ੀ ਉੱਥੇ ਦੇ ਹੀ ਨਾਗਰਿਕ ਬਣ ਕੇ ਰਹਿ ਗਏ। ਜੀਤੇ ਦੇ ਬਾਕੀ ਭਰਾਵਾਂ ਦੇ ਬੱਚੇ ਵੀ ਵਿਦੇਸ਼ਾਂ ਵਿੱਚ ਜਾ ਵਸੇ ਸਨ। ਜੀਤੇ ਦਾ ਵੱਡਾ ਪੁੱਤਰ ਬੜਾ ਖੁਸ਼ੀ ਖੁਸ਼ੀ ਬਜ਼ੁਰਗ ਜੀਤੇ ਨੂੰ ਆ ਕੇ ਆਖਣ ਲੱਗਿਆ,” ਬਾਪੂ ਜੀ….. ਜਹਾਜ਼ ਵਿੱਚ ਬੈਠਣ ਦੀ ਤਿਆਰੀ ਖਿੱਚ ਲਓ…… ਆਪਣੇ ਸਾਰੇ ਟੱਬਰ ਦਾ ਵੀਜ਼ਾ ਲੱਗ ਕੇ ਆ ਗਿਆ….. ਚਲੋ ਆਪਾਂ ਵੀ ਆਪਣੇ ਬਾਕੀ ਪਰਿਵਾਰ ਕੋਲ ਚੱਲੀਏ…..!”
ਜੀਤਾ ਇਹ ਸੁਣ ਕੇ ਸੁੰਨ ਜਿਹਾ ਹੋ ਗਿਆ….ਤੇ ਬਹੁਤ ਕੁਝ ਕਹਿਣਾ ਚਾਹੁੰਦਾ ਹੋਇਆ ਵੀ ਕੁਝ ਨਾ ਕਹਿ ਸਕਿਆ….. ਬਜ਼ੁਰਗ ਜੀਤੇ ਨੂੰ ਤਾਂ ਇਹ ਘਰ ਛੱਡ ਕੇ ਪਰਿਵਾਰ ਕੋਲ ਜਾਣਾ ਹੀ ਪੈਣਾ ਸੀ। ਬਜ਼ੁਰਗ ਜੀਤਾ ਜਦ ਆਪਣੇ ਪਰਿਵਾਰ ਨਾਲ਼ ਆਪਣੀਆਂ ਪੈੜਾਂ ਛੱਡਦਾ ਹੋਇਆ ਗੇਟ ਤੋਂ ਬਾਹਰ ਪੈਰ ਪੁੱਟਦਾ ਹੈ …… ਮੁੜ ਮੁੜ ਹਵੇਲੀ ਵੱਲ ਨੂੰ ਤੱਕਦਾ ਹੈ ਤਾਂ ਉਸ ਦਾ ਪੁੱਤਰ ਆਖਦਾ ਹੈ,”ਬਾਪੂ ਜੀ…… ਜਲਦੀ ਜਲਦੀ ਚੱਲੋ….. ਕਿਤੇ ਲੇਟ ਨਾ ਹੋ ਜਾਈਏ…… ਹੋਰ ਫਲਾਈਟ ਹੀ ਮਿਸ ਹੋ ਜਾਏ…..!” ਜੀਤੇ ਨੂੰ ਕੁਝ ਸੁਣਾਈ ਨਾ ਦਿੱਤਾ…… ਉਹ ਗੱਡੀ ਵਿੱਚ ਬੈਠ ਕੇ ਵੀ ਪਿੱਛੇ ਨੂੰ ਮੁੜ ਕੇ “ਏਕੇ ਦੀ ਮਿਸਾਲ” ਹਵੇਲੀ ਨੂੰ ਉਦੋਂ ਤੱਕ ਤੱਕੀ ਗਿਆ ਜਦ ਤੱਕ ਉਡਦੀ ਧੂੜ ਵਿੱਚ ਦਿਸਣੋਂ ਅਲੋਪ ਨਾ ਹੋ ਗਈ।ਇਹੋ ਜਿਹੇ ਏਕੇ ਵਰਗੀ ਕਿਧਰੇ ਮਿਸਾਲ ਨਹੀਂ ਮਿਲਦੀ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡੀ ਟੀ ਐਫ ਦਾ ਵਫ਼ਦ ਜਿਲਾ ਸਿੱਖਿਆ ਅਧਿਕਾਰੀ ਸੈਕੰਡਰੀ ਸਿੱਖਿਆ  ਨੂੰ ਮਿਲਿਆ 
Next article1857: The idea of nationality in the ‘Flag Salute Song’