ਏਹੁ ਹਮਾਰਾ ਜੀਵਣਾ ਹੈ -576

ਬਰਜਿੰਦਰ ਕੌਰ ਬਿਸਰਾਓ...

 (ਸਮਾਜ ਵੀਕਲੀ)- ਪਿੰਡਾਂ ਦੇ ਲੋਕਾਂ ਦਾ ਸ਼ਹਿਰਾਂ ਵੱਲ ਨੂੰ ਵਧਦਾ ਹੋਇਆ ਪਰਵਾਸ, ਪਿੰਡਾਂ ਵਿੱਚੋਂ ਜਿਵੇਂ ਰੂਹ ਕੱਢ ਕੇ ਲਿਜਾ ਰਿਹਾ ਹੋਵੇ ਅਤੇ ਸ਼ਹਿਰਾਂ ਦਾ ਫੈਲਾਅ ਆਪਣੇ ਆਪ ਹੀ ਪਿੰਡਾਂ ਨੂੰ ਨਿਗਲੀ ਜਾ ਰਿਹਾ ਹੈ। ਕਹਿੰਦੇ ਹਨ ਕਿ ਚੰਡੀਗੜ੍ਹ ਨੂੰ ਬਣਾਉਣ ਲਈ ਹੀ 22 ਪਿੰਡਾਂ ਦੀ ਹੋਂਦ ਨੂੰ ਮਿਟਾ ਦਿੱਤਾ ਗਿਆ ਸੀ।ਇਸ ਤਰ੍ਹਾਂ ਸਾਰੇ ਸ਼ਹਿਰਾਂ ਦੇ ਪਸਾਰ ਵਿੱਚ ਵਾਧਾ ਹੋਣ ਕਰਕੇ ਤੇਜ਼ੀ ਨਾਲ ਪਿੰਡਾਂ ਦਾ ਘਟਣਾ ਜਿੱਥੇ ਆਪਣੇ ਆਪ ਵਿੱਚ ਇੱਕ ਚਿੰਤਾ ਦਾ ਵਿਸ਼ਾ ਹੈ ਉੱਥੇ ਦੂਜੇ ਪਾਸੇ ਨਵੀਨੀਕਰਨ ਹੋਣ ਨਾਲ ਪਿੰਡਾਂ ਦੀ ਰੂਪਰੇਖਾ ਵੀ ਤੇਜ਼ੀ ਨਾਲ ਬਦਲ ਰਹੀ ਹੈ। ਇਹ ਕਹਾਵਤ ਆਮ ਹੀ ਵਰਤੀ ਜਾਂਦੀ ਹੈ ਕਿ ਪਿੰਡ ਤਾਂ ਗੁਹਾਰਿਆਂ ਤੋਂ ਪਛਾਣੇ ਜਾਂਦੇ ਹਨ। ਪਰ ਅੱਜ ਕੱਲ੍ਹ ਪੰਜਾਬ ਦੇ ਪਿੰਡਾਂ ਦੀ ਪਛਾਣ ਗੁਹਾਰਿਆਂ ਤੋਂ ਨਹੀਂ ਸਗੋਂ ਉਸ ਦੇ ਬਾਹਰਵਾਰ ਬਣੀਆਂ ਕਲੋਨੀਆਂ ਜਾਂ ਪਿੰਡਾਂ ਦੀਆਂ ਖੇਤੀਬਾੜੀ ਯੋਗ ਜ਼ਮੀਨਾਂ ਵਿੱਚੋਂ ਭੱਠਿਆਂ ਲਈ ਪਟਾਈ ਜਾਣ ਵਾਲ਼ੀ ਮਿੱਟੀ ਵਾਲ਼ੀਆਂ ਜ਼ਮੀਨਾਂ ਵੱਧ ਨਜ਼ਰ ਆਉਂਦੀਆਂ ਹਨ।

            ਤੇਜ਼ੀ ਨਾਲ ਤਰੱਕੀ ਹੋਣ ਕਰਕੇ ਪਿਛਲੇ ਇੱਕ ਦਹਾਕੇ ਤੋਂ ਪੜ੍ਹਾਈ  ਜਾਂ ਰੋਜ਼ਗਾਰ ਦੀ ਭਾਲ਼ ਕਰਕੇ ਪਿੰਡਾਂ ਦੇ ਲੋਕਾਂ ਨੇ ਤੇਜ਼ੀ ਨਾਲ ਵਿਦੇਸ਼ਾਂ ਦਾ ਰੁਖ਼ ਕੀਤਾ। ਉਹਨਾਂ ਵੱਲੋਂ ਕੁਝ ਚਿਰ ਲਈ ਵਾਪਸ ਪਿੰਡ ਆ ਕੇ ਰਹਿਣ ਦੀ ਖਾਤਰ ਉੱਥੋਂ ਵਰਗੀਆਂ ਸੁੱਖ ਸਹੂਲਤਾਂ ਭਰਪੂਰ ਖੇਤਾਂ ਵਿੱਚ ਵੱਡੀਆਂ ਵੱਡੀਆਂ ਕੋਠੀਆਂ ਪਾ ਕੇ ਛੱਡ ਦਿੱਤੀਆਂ ਜਾਂਦੀਆਂ ਹਨ। ਹੁਣ ਪਿੰਡਾਂ ਦੀ ਪਛਾਣ ਗੁਹਾਰਿਆਂ ਤੋਂ ਛੱਡ ਕੇ ਬਾਹਰਵਾਰ ਬਣੀਆਂ ਹੋਈਆਂ ਕੋਠੀਆਂ ਦੇ ਮਿਆਰ ਤੋਂ ਵੀ ਕੀਤੀ ਜਾਂਦੀ ਹੈ ਕਿ ਐਥੋਂ ਦੇ ਕਿੰਨੇ ਕੁ ਲੋਕ ਵਿਦੇਸ਼ਾਂ ਵਿੱਚ ਵਸਦੇ ਹਨ। ਇਹ ਤਾਂ ਹਜੇ ਪਿੰਡ ਦੇ ਬਾਹਰਵਾਰ ਖੇਤਾਂ ਤੱਕ ਦੀ ਬਦਲਦੀ ਨੁਹਾਰ ਦੀ ਕਹਾਣੀ ਹੈ। ਪਿੰਡ ਦੀ ਫਿਰਨੀ ਤੇ ਚੜ੍ਹਦਿਆਂ ਹੀ ਬਹੁਤੇ ਪਿੰਡਾਂ ਵਿੱਚ ਅੱਜ ਕੱਲ੍ਹ ਛੋਟੀ ਜਿਹੀ ਮਾਰਕੀਟ  ਦੁਕਾਨਾਂ ਦੇ ਰੂਪ ਵਿੱਚ ਦਿਖਾਈ ਦੇਣ ਲੱਗ ਪਈ ਹੈ।ਇਹ ਦੁਕਾਨਾਂ ਪਿੰਡ ਨੂੰ ਕਸਬੇ ਦਾ ਰੂਪ ਦਿੰਦੀਆਂ ਨਜ਼ਰ ਆਉਂਦੀਆਂ ਹਨ।ਹਰ ਪਿੰਡ ਵਿੱਚ ਦਾਣੇ ਭੁੰਨਣ ਵਾਲੀਆਂ ਭੱਠੀਆਂ ਦੀ ਜਗ੍ਹਾ ਵਿਦੇਸ਼ੀ ਲਜ਼ਤ ਵਾਲੇ ਪਕਵਾਨਾਂ ਜਿਵੇਂ ਬਰਗਰ ਅਤੇ ਪੀਜ਼ਾ ਆਦਿ ਦੀਆਂ ਰੇਹੜ੍ਹੀਆਂ ਨੇ ਲੈ ਲਈ ਹੈ। ਜਿੱਥੇ ਇਹਨਾਂ ਤੋਂ ਨੌਜਵਾਨਾਂ ਵਿੱਚ ਸਵੈ ਰੁਜ਼ਗਾਰ ਦੀ ਰੁਚੀ ਦਾ ਹੋਣਾ ਤਾਂ ਚੰਗਾ ਭਾਸਦਾ ਹੈ ਪਰ ਉੱਥੇ ਹੀ ਅਲੋਪ ਹੋ ਰਹੀ ਵਿਰਾਸਤੀ ਦਿੱਖ ਮਨ ਵਿੱਚ ਚਿੰਤਾਂ ਵੀ ਪੈਦਾ ਕਰਦੀ ਹੈ।
               ਜੇ ਪਿੰਡਾਂ ਦੇ ਅੰਦਰ ਵਸਦੇ ਲੋਕਾਂ ਦੇ ਜੀਵਨ ਵਿੱਚ ਆ ਰਹੇ ਬਦਲਾਅ ਤੇ ਇੱਕ ਪੰਛੀ ਝਾਤ ਮਾਰੀਏ ਤਾਂ ਉੱਥੇ ਤਾਂ ਸਭ ਕੁਝ ਹੀ ਬਦਲਿਆ ਬਦਲਿਆ ਲੱਗਦਾ ਹੈ। ਪਹਿਲਾਂ ਲੋਕਾਂ ਦੇ ਖਾਨਦਾਨਾਂ ਦੀ ਪਛਾਣ ਪਿੰਡ ਵਾਲਿਆਂ ਵੱਲੋਂ ਉਹਨਾਂ ਦੇ ਕਿਸੇ ਪੁਰਖੇ ਦੇ ਕਾਰਨਾਮਿਆਂ ਕਰਕੇ ਜਾਂ ਸਿਹਤ ਜਾਂ ਪੈਸੇ ਪੱਖੋਂ ਚੰਗੇ ਜਾਂ ਮਾੜੇ ਹੋਣ ਕਰਕੇ ਰੱਖੇ ਛੋਟੇ ਨਾਂ ਕਰਕੇ ਹੁੰਦੀ ਸੀ ਜਿਵੇਂ ‘ਭਲਵਾਨਾਂ ਕੇ ‘,ਮਾੜੇ ਕੇ, ਬਾਬਿਆਂ ਕੇ,ਖੂਹੀ ਵਾਲ਼ਿਆਂ ਕੇ ਆਦਿ ਵਰਗੇ ਅਨੇਕਾਂ ਨਾਂ ਵਰਤ ਕੇ ਪਛਾਣ ਕੀਤੀ ਜਾਂਦੀ ਸੀ।ਪਰ ਅੱਜ ਕੱਲ੍ਹ ਕਨੇਡਾ ਵਾਲਿਆਂ ਦੇ, ਅਮਰੀਕਾ ਵਾਲਿਆਂ ਦੇ, ਬਾਹਰਲੀ ਕੋਠੀ ਵਾਲਿਆਂ ਦੇ ਨਾਂ ਨਾਲ ਪਛਾਣ ਕੀਤੀ ਜਾਂਦੀ ਹੈ। ਅੱਜ ਕੱਲ੍ਹ ਪਿੰਡਾਂ ਵਿੱਚੋਂ ਪਾਥੀਆਂ ਦੀ ਵਰਤੋਂ ਨਾ ਹੋਣ ਕਰਕੇ ਲਗਭਗ ਬਹੁਤੇ ਲੋਕਾਂ ਵੱਲੋਂ ਪੱਥਣੀਆਂ ਬੰਦ ਹੀ ਕਰ ਦਿੱਤੀਆਂ ਗਈਆਂ ਹਨ। ਲੱਸੀ ਵੀ ਟਾਵਾਂ ਟਾਵਾਂ ਘਰ ਹੀ ਰਿੜਕਦਾ ਹੈ। ਪੰਜਾਬ ਦੇ ਪਿੰਡਾਂ ਦੇ ਲੋਕਾਂ ਦੁਆਰਾ ਘਰਾਂ ਨੂੰ ਜ਼ਮਾਨੇ ਅਨੁਸਾਰ ਨਵਾਂ ਰੂਪ ਦੇਣ ਕਾਰਨ ਪੁਰਾਣੇ ਕੱਚੇ ਘਰਾਂ ਵਾਲੀ ਮਹਿਕ ਖਤਮ ਹੋਣ ਨਾਲ ਕਿਸੇ ਦੇ ਘਰ ਵਿੱਚ ਬੈਠ ਕੇ ਪਿੰਡ ਵਿੱਚ ਬੈਠੇ ਹੋਣ ਦਾ ਅਹਿਸਾਸ ਹੀ ਨਹੀਂ ਹੁੰਦਾ।
           ਅਸੀਂ ਅੱਜ ਦੇ ਪਿੰਡਾਂਂ ਦੀ ਗੱਲ ਕਰੀਏ ਤਾਂ ਵਿਸ਼ਵੀਕਰਨ ਦੇ ਪ੍ਰਭਾਵ ਅਧੀਨ ਅੱਜ ਉਹ ਦੁੱਖ-ਸੁੱਖ ਵਾਲੀ ਸਾਂਝ ਵੀ ਪਿੰਡਾਂ ਵਿੱਚੋਂ ਗਾਇਬ ਹੋ ਰਹੀ ਹੈ।ਪੰਜਾਬੀ ਪਿੰਡਾਂ ਵਿੱਚ ਜੇਕਰ ਲੋਕਾਂ ਵਿੱੱਚ ਆਪਸੀ ਨਿੱਘ ਦਾ ਰਿਸ਼ਤਾ ਬਣਿਆ ਹੋਇਆ ਸੀ ਤਾਂ ਉਹ ਆਪਸੀ ਅੜਾਂ-ਥੁੜਾਂ,ਅਮੀਰੀ-ਗ਼ਰੀਬੀ ਦੀਆਂ ਭਾਈਵਾਲੀਆਂ ਕਾਰਨ ਹੀ ਸੀ।ਰਿਸ਼ਤਿਆਂ ਦੇ ਗੀਤਾਂ ਦੀ ਘੂਕ ਵੀ ਇਸ ਪੱਧਰ ‘ਤੇ ਅਲੋਪ ਹੋ ਚੁੱਕੀ ਹੈ ਕਿ ਇਹ ਸਿਰਫ਼ ਕਿਤਾਬਾਂ ਤੱਕ ਹੀ ਸੀਮਿਤ ਹੋ ਕੇ ਰਹਿ ਗਈ ਹੈ। ਪਿੰਡਾਂ ਵਿੱਚ ਨਾ ਪਹਿਲਾਂ ਵਰਗੀ ਰੌਣਕ,ਨਾ ਆਪਸੀ ਪਿਆਰ ਅਤੇ ਨਾ ਹੀ ਆਪਣਾਪਣ ਨਜ਼ਰ ਆਉਂਦਾ ਹੈ। ਸ਼ਾਨੋ ਸ਼ੌਕਤ ਵਾਲੇ ਪਿੰਡ ਜਿੱਥੇ ਸਮੇਂ ਦੇ ਬਦਲਾਅ ਦੀ ਹਾਮੀ ਭਰਦੇ ਹਨ ਓਥੇ ਹੀ ਮਨ ਵਿੱਚ ਇੱਕ ਉਦਾਸੀ ਜਿਹੀ ਵੀ ਛੱਡਦੇ ਹਨ ਕਿਉਂਕਿ ਸਾਡਾ ਸਭਿਆਚਾਰ ਅਤੇ ਵਿਰਸਾ ਸਾਡੇ ਪਿੰਡਾਂ ਕਰਕੇ ਹੀ ਅਮੀਰ ਮੰਨਿਆ ਜਾਂਦਾ ਹੈ। ਆਮ ਹੀ ਇਹ ਗੱਲ ਆਖੀ ਜਾਂਦੀ ਹੈ ਕਿ “ਪਿੰਡਾਂ ਵਿੱਚ ਰੱਬ ਵਸਦਾ”…ਇਸ ਗੱਲ ਨੂੰ ਜਿਉਂਦਾ ਰੱਖਣ ਲਈ ਸਾਨੂੰ ਪਿੰਡਾਂ ਦੀ ਹੋਂਦ ਨੂੰ ਜਿਉਂ ਦਾ ਤਿਉਂ ਕਾਇਮ ਰੱਖਣ ਵਿੱਚ ਉਪਰਾਲੇ ਕਰਨ ਦੀ ਲੋੜ ਹੈ ਕਿਉਂਕਿ ਆਪਣੀ ਵਿਰਾਸਤ ਨੂੰ ਸੰਭਾਲਣ ਲਈ ਹੰਭਲੇ ਮਾਰਨਾ ਹੀ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324  

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੀਸ਼ਾ
Next articleਡਿੰਪਾ ਨੇ ਵਿਦੇਸ਼ਾਂ ਚ ਵੱਸਦੇ ਖਡੂਰ ਸਾਹਿਬ ਲੋਕ ਸਭਾ ਹਲਕੇ ਨਾਲ ਸਬੰਧਿਤ ਲੋਕਾਂ ਨੂੰ ਸ ਜ਼ੀਰਾ ਨੂੰ ਜਿਤਾਉਣ ਦੀ ਕੀਤੀ ਅਪੀਲ