(ਸਮਾਜ ਵੀਕਲੀ)- ” ਨੀ ਨਿੱਕੀਏ….! ਜਾਈਂ ਖਾਂ ਜ਼ਰਾ…… ਆਹ ਲੰਬੜਦਾਰਨੀ ਤੋਂ ਘੋਟਣੀ ਤਾਂ ਮੰਗ ਕੇ ਲਿਆਈਂ….. ਖਸਮਾਂ ਨੂੰ ਖਾਣਾਂ……ਆਥਣ ਹੋ ਗਿਆ…..ਸਾਗ ਘੋਟਣ ਵਾਲਾ ਪਿਆ……!” ਹਰਨਾਮੀ ਆਪਣੀ ਛੋਟੀ ਕੁੜੀ ਨੂੰ ਹਾਕ ਮਾਰ ਕੇ ਆਖਦੀ ਹੈ ਫੇਰ ਆਪਣੇ ਆਪ ਨਾਲ ਗੱਲਾਂ ਕਰਦੀ ਹੋਈ ਬੋਲੀ,”…… ਦਸਾਂ ਰੁਪਿਆਂ ਦੀ ਚੀਜ਼ ਨੀ…..ਐਡਾ ਬਗੋਚਾ ਆਇਆ ਰਹਿੰਦਾ…… ਊੰ ਚੱਲ ਅਸੀਂ ਕਿਹੜਾ ਉਹਨਾਂ ਦੀ ਘੋਟਣੀ……. ਨਾਲੋਂ….. ਕੋਈ ਹੀਰੇ ਮੋਤੀ ਤੋੜ ਲੈਣੇ ਨੇ……. ਲੰਬੜਦਾਰਨੀ ਦੀ ਤਾਂ ਨੀਤ ਵੀ ਮਾੜੀ ਆ……… ਦਸਾਂ ਰੁਪਿਆਂ ਦੀ ਚੀਜ਼ ਨੀ…….ਕੁੜੀ ਨੂੰ ਸੌ ਸਵਾਲ ਕਰੂਗੀ……. ਚੱਲ ਮੈਂ ਕੀ ਲੈਣਾ…… ਮੈਂ ਆਪਣਾ ਕੰਮ ਸਾਰ ਕੇ ਮੋੜ ਦੇਣੀ ਆ।” (ਕੁੜੀ ਘੋਟਣੀ ਲਿਆਉਂਦੀ ਹੈ) “ਬੀਬੀ……ਲੰਬੜਨੀ ਤਾਈ ਕਹਿੰਦੀ ਸੀ….. ਅਸੀਂ ਵੀ ਹਜੇ ਸਾਗ ਘੋਟਣਾ…… ਮੋੜਜੀਂ……ਹੋਰ ਨਾ ਕਿਤੇ…..ਸਾਨੂੰ ਆਪ ਜਾ ਕੇ ਮੰਗ ਕੇ ਲਿਆਉਣੀ ਪਏ……!” ਨਿੱਕੀ ਬੋਲੀ।
“ਮੈਨੂੰ ਤਾਂ ਪਹਿਲਾਂ ਈ ਪਤਾ ਸੀ……ਮਾੜੀ ਨੀਤ ਵਾਲੀ ਦਾ……ਬਈ ਜਵਾਕੜੀ ਨੂੰ ਕੁਛ ਨਾ ਕੁਛ ਜ਼ਰੂਰ ਬੋਲੂ….ਘੋਟਣੀ ਮੋੜਨ ਪਿੱਛੇ……(ਸਿਰ ਮਾਰ ਕੇ “ਹੂੰ” ਕਰਦੀ ਹੋਈ)…..!” ਮੂੰਹ ਚ ਕੋਈ ਗੀਤ ਗੁਣਗਣਾਉਂਦੀ ਹੋਈ ਸਾਗ ਵਿੱਚ ਆਲਣ ਪਾਉਣ ਲੱਗਦੀ ਹੈ।
ਸਵੇਰੇ ਤੜਕੇ ਤੋਂ ਹੀ ਹਰਨਾਮੀ ਦੇ ਘਰ ਦੀ ਬਿਜਲੀ ਖ਼ਰਾਬ ਹੋਣ ਕਰਕੇ ਲਾਈਟ ਨਹੀਂ ਸੀ ਤੇ ਬਿਜਲੀਘਰ ਸ਼ਿਕਾਇਤ ਲਿਖਾਈ ਹੋਈ ਸੀ। ਰਾਤ ਨੂੰ ਦਸ ਕੁ ਵਜੇ ਬਿਜਲੀ ਵਾਲ਼ੇ ਬਿਜਲੀ ਠੀਕ ਕਰਨ ਆ ਗਏ । ਬਿਜਲੀ ਵਾਲਿਆਂ ਨੇ ਖੰਭੇ ਤੇ ਚੜ੍ਹਨ ਲਈ ਪੌੜੀ ਮੰਗੀ ਤਾਂ ਹਰਨਾਮੀ ਨੇ ਝੱਟ ਦੇਣੇ ਆਪਣੇ ਘਰਵਾਲੇ ਬੰਤੇ ਨੂੰ ਕਿਹਾ,” …..ਜਾਹ …. ਲੰਬੜਾਂ ਦਿਓਂ ਮੰਗ ਲਿਆ……. ਆਹ ਜਿਹੜੀ ਉਹਨਾਂ ਨੇ ਚੁਬਾਰੇ ਨੂੰ ਲਾਈ ਹੋਈ ਆ……ਉਹੀ ਲੈ ਆਈਂ…. ।” ਬੰਤਾ ਪੌੜੀ ਮੰਗ ਕੇ ਲੈ ਆਉਂਦਾ ਹੈ ਤੇ ਬਿਜਲੀ ਵਾਲ਼ੇ ਬਿਜਲੀ ਠੀਕ ਕਰਕੇ ਚਲੇ ਜਾਂਦੇ ਹਨ। “ਆਹ….. ਪੌੜੀ ਅੰਦਰ ਈ ਕਰ ਲੈ….. ਆਪਣੀਆਂ ਕੰਧਾਂ ਝਾੜਨ ਵਾਲੀਆਂ ਪਈਆਂ….. ਖਸਮਾਂ ਨੂੰ ਖਾਣਾਂ….ਐਡੇ ਐਡੇ ਜਾਲੇ ਲੱਗੇ ਹੋਏ ਨੇ….. ਗਿੱਠ ਗਿੱਠ ਘੱਟਾ ਕੰਧਾਂ ਤੇ…… ਚੱਲ ਪੌੜੀ ਦੇ ਪੱਜ ਨਾਲ…… ਸਫ਼ਾਈ ਈ ਹੋਜੂ……!” ਕਹਿਕੇ ਬੰਤੇ ਤੋਂ ਪੌੜੀ ਅੰਦਰ ਕਰਵਾ ਲੈਂਦੀ ਹੈ।
ਜਦ ਕਦੇ ਸਾਹਮਣੇ ਘਰ ਵਾਲਿਆਂ ਦੀਆਂ ਕੁੜੀਆਂ ਕੱਪੜੇ ਧੋਣ ਲਈ ਮਸ਼ੀਨ ਲਾਉਂਦੀਆਂ ਤਾਂ ਹਰਨਾਮੀ ਨੇ ਆਪਣੀ ਵੱਡੀ ਕੁੜੀ ਨੂੰ ਆਖ ਦੇਣਾ,”…….ਨੀ ਮਾਣੋ….ਜਾਹ …… ਸਾਹਮਣੇ ਭੈਣ ਜੀ ਨੇ ਮਸ਼ੀਨ ਲਾਈ ਹੋਈ ਆ……. ਜਾਕੇ ਉਹਨਾਂ ਨਾਲ਼ ਹੱਥ ਵਟਾ ਦੇ…. ਨਿਆਣੇ ਦਾ ਸੌ ਸਹਾਰਾ ਹੁੰਦਾ…. ਨਾਲ਼ ਦੀ ਨਾਲ਼ ਸੁੱਕਣੇ ਪਵਾਈ ਜਾਈਂ……ਜਾਂਦੀ ਹੋਈ……ਗੁਸਲਖਾਨੇ ਚੋਂ ਆਪਣੀ ਧੋਣ ਵਾਲ਼ੇ ਕੱਪੜਿਆਂ ਦੀ ਪੰਡ ਵੀ ਲੈਜਾ…… ਨਾਲ਼ ਕੌਲੀ ਵਿੱਚ ਸਰਫ ਪਾ ਕੇ ਲੈ ਜਾਵੀਂ……ਅਖੀਰਲੇ ਗੇੜੇ ਸਾਫ਼ ਪਾਣੀ ਪਾ ਕੇ ਪਾ ਦੇਈਂ…… ਦੋ ਗੇੜਿਆਂ ਚ ਸਾਫ਼ ਹੋ ਜਾਣਾ…… ਕੀ ਲੱਗਿਆ ਇਹਨਾਂ ਨੂੰ…… ਅਸੀਂ ਕਿਹੜਾ ਖੇਤਾਂ ਚ ਕੰਮ ਕਰਕੇ ਆਉਂਦੇ ਆਂ……ਜਿਹੜਾ ਮੈਲ਼ ਨਾਲ਼ ਭਰੇ ਹੋਣਗੇ……!” ਫਿਰ ਆਪਣੇ ਆਪ ਨਾਲ ਗੱਲ ਕਰਦੀ ਹੋਈ,”….. ਕਿਹੜਾ ਐਡੀ ਪੰਡ…… ਥਾਪੀਆਂ ਨਾਲ਼ ਕੁੱਟ ਕੁੱਟ ਕੇ ਧੋਵੇ….. ਮੇਰੇ ਵਿੱਚ ਕਿਹੜਾ ਲੋਹਾ ਠੋਕਿਆ ਹੋਇਆ….. ਚਾਉਣੇ ਦੀਆਂ ਰੋਟੀਆਂ ਪਕਾਵਾਂ ਕਿ ਹੋਰ ਕੰਮ ਕਰਾਂ…..ਲੈ ਸੱਚ ਮੈਨੂੰ ਰੋਟੀਆਂ ਤੋਂ ਯਾਦ ਆਇਆ….. ਅੱਜ ਤਾਂ ਸੀਰੇ ਦੀ ਮਾਂ ਨੇ ਤੰਦੂਰ ਲਾਇਆ ਹੋਇਆ….. ਚੰਗੇ ਵੇਲੇ ਯਾਦ ਆ ਗਿਆ…..!” “ਨੀ ਨਿੱਕੀਏ…..(ਛੋਟੀ ਕੁੜੀ ਨੂੰ ਅਵਾਜ਼ ਮਾਰਦੀ ਹੋਈ)…… ਪਰਾਤ ਚ ਦਸ ਕੁ ਰੋਟੀਆਂ ਦਾ ਆਟਾ ਪਾ ਕੇ ਲੈ ਜਾ…… ਸੀਰੇ ਦੀ ਮਾਂ ਕੋਲ….. ਓਹਨੇ ਤੰਦੂਰ ਲਾਇਆ ਹੋਇਆ….. ਜਾਹ ਆਪਣੀਆਂ ਵੀ ਲਵਾ ਲੀਂ ਤਾਈ ਆਪਣੀ ਨੂੰ ਕਹਿ ਕੇ….. ਕੋਲ ਬੈਠ ਕੇ ਓਹਦੀਆਂ ਰੋਟੀਆਂ ਵੀ ਚੋਪੜਦੀਂ…… ਕੁੜੀਆਂ ਕੰਮ ਕਰਦੀਆਂ ਸੋਹਣੀਆਂ ਲੱਗਦੀਆਂ ਨੇ…..(ਕੁੜੀ ਨਾਂਹ ਨੁੱਕਰ ਕਰਦੀ ਹੈ…. ਤਾਂ ਉਹ ਕੁੜੀ ਨੂੰ ਪੁਚਕਾਰਦੀ ਹੋਈ) ….. ਜਾਹ ਮੇਰਾ ਬੀਬਾ ਪੁੱਤ….. ਕਿਤੇ ਤੰਦੂਰ ਠੰਢਾ ਈ ਨਾ ਹੋਜੇ…..!” ਕੁੜੀ ਜਾਂਦੀ ਹੈ।
ਇੱਕ ਦਿਨ ਬੰਤੇ ਨੇ ਸ਼ਹਿਰ ਜ਼ਰੂਰੀ ਕੰਮ ਜਾਣਾ ਸੀ ਪਰ ਬੱਸਾਂ ਦੀ ਹੜਤਾਲ ਸੀ। ਹਰਨਾਮੀ ਓਹਨੂੰ ਆਖਣ ਲੱਗੀ,”ਆਹ…… ਲੰਬੜਾਂ ਦੀ ਸਕੂਟਰੀ ਮੰਗ ਲੈ….. ਆਂਢ ਗੁਆਂਢ ਔਖੇ ਵੇਲੇ ਈ ਕੰਮ ਆਉਂਦੇ ਨੇ…… ਮੈਨੂੰ ਜਿਹੜੇ ਵੇਲੇ ਮਰਜ਼ੀ ਹਾਕ ਮਾਰ ਲੈਣ…… ਓਸੇ ਵੇਲੇ ਦੁਖਦੇ ਸੁਖਦੇ ਪਹੁੰਚ ਜਾਂਦੀ ਆਂ…..!” ਜਦ ਬੰਤਾ ਉਹਨਾਂ ਦੀ ਸਕੂਟਰੀ ਲਿਆਇਆ ਤਾਂ ਆਖਣ ਲੱਗੀ….”ਚੱਲ ਮੈਂ ਵੀ….. ਸ਼ਹਿਰ ਘੁੰਮ ਆਉਂਦੀ ਆਂ ਤੇਰੇ ਨਾਲ….. ਇਹਦੇ ਤੇ ਖ਼ਸਮਾਂ ਨੂੰ ਖਾਣਾ ਚਾਹੇ ਇੱਕ ਬਹਿ ਜੋ ਚਾਹੇ ਦੋ ਬਹਿ ਜੋ….. ਇਹਨੂੰ ਕੀ ਫ਼ਰਕ ਪੈਣਾ…. !” ਉਹਨਾਂ ਦੀ ਸਕੂਟਰੀ ਦੀ ਤੇਲ ਦੀ ਭਰੀ ਹੋਈ ਟੈਂਕੀ ਲੈ ਕੇ ਗਏ ਸੀ ਤੇ ਸ਼ਾਮ ਨੂੰ ਖ਼ਾਲੀ ਲਿਆ ਕੇ ਉਹਨਾਂ ਦੇ ਘਰੇ ਖੜ੍ਹੀ ਕਰ ਦਿੱਤੀ। ਇਸ ਤਰ੍ਹਾਂ ਉਹਨਾਂ ਨੂੰ ਹਰ ਛੋਟੀ ਚੀਜ਼ ਤੋਂ ਲੈਕੇ ਵੱਡੀ ਚੀਜ਼ ਤੱਕ ਮੰਗਣ ਦੀ ਆਦਤ ਪਈ ਹੋਈ ਸੀ।
ਇੱਕ ਦਿਨ ਸਾਰੀਆਂ ਆਂਢਣਾਂ ਗੁਆਂਢਣਾਂ ਖੜ੍ਹੀਆਂ ਇੱਕ ਰੇੜ੍ਹੀ ਵਾਲੇ ਤੋਂ ਘਰ ਦੀਆਂ ਨਿੱਕੀਆਂ ਮੋਟੀਆਂ ਚੀਜ਼ਾਂ ਖਰੀਦ ਰਹੀਆਂ ਸਨ ਕਿ ਲੰਬੜਦਾਰਨੀ ਨੇ ਉਸ ਨੂੰ ਕਿਹਾ ,”ਹਰਨਾਮੀਏ…. ਮੈਂ ਤਾਂ ਕਹਿੰਦੀ ਆਂ….. ਆਹ ਘੋਟਣੀ….. ਖਰੀਦ ਲੈ…. ਫੇਰ ਐਵੇਂ…..ਆਂਢ ਗੁਆਂਢ ਤੋਂ ਨਿੱਕੀ ਨਿੱਕੀ ਚੀਜ਼ ਮੰਗਣੀ ਪੈਂਦੀ ਐ….. !”
“ਨਾ ਨੀ ਭੈਣੇ…… ਮੈਂ ਤਾਂ ਸੌਂ ਖਾ ਕੇ ਕਹਿ ਸਕਦੀ ਆਂ….. ਜੇ ‘ ਮੈਂ ‘ ਕਿਸੇ ਦੇ ਘਰੋਂ ਚੀਜ਼ ਮੰਗਣ ਗਈ ਹੋਵਾਂ….. ਕਦੇ ਜਵਾਕ ਜਾਂ ਇਹਨਾਂ ਦਾ ਭਾਪਾ…… ਭਾਵੇਂ ਮੰਗ ਲਿਆਉਣ…..!” ਜਿਵੇਂ ਈ ਉਸ ਨੇ ਇਹ ਗੱਲ ਬੋਲੀ ਤਾਂ ਸਾਰੀਆਂ ਹੱਕੀਆਂ ਬੱਕੀਆਂ ਰਹਿ ਗਈਆਂ ਤੇ ਉਸ ਦੇ ਜਾਣ ਮਗਰੋਂ ਲੰਬੜਦਾਰਨੀ ਆਖ਼ਣ ਲੱਗੀ,”ਨੀ…. ਹਰਨਾਮੀ ਤਾਂ ਸਾਨੂੰ ਸਾਰੀਆਂ ਨੂੰ ਚਾਰ ਗਈ…..”
ਦੂਜੀ ਗੁਆਂਢਣ ਆਖਦੀ ਹੈ,”ਊਂ….. ਇੱਕ ਗੱਲ ਐ…. ਕਿਹਾ ਤਾਂ ਉਸ ਨੇ ਸੱਚ ਐ…. ਚਾਹੇ ਸਾਰਾ ਟੱਬਰ ਆਂਢ ਗੁਆਂਢ ਦੀ ਜਾਨ ਵੱਢ ਕੇ ਖਾ ਜਾਂਦਾ ਚੀਜ਼ਾਂ ਮੰਗਣ ਨੂੰ ਲੈ ਕੇ….. ਪਰ ਆਪ ਤਾਂ ਇਹ ਸੱਚੀਂ ਹੀ ਨੀ ਕਦੇ ਕਿਸੇ ਦੇ ਚੀਜ਼ ਮੰਗਣ ਜਾਂਦੀ….. ਅੱਜ ਤੋਂ ਇਹਨੂੰ ਦੂਰੋਂ ਈ ਸਲਾਮ….. ਜਿੰਨਾਂ ਇਹਦਾ ਕਰ ਲਿਆ….. ਓਨਾਂ ਈ ਬਹੁਤ ਆ….. ਜਿੰਨਾ ਨ੍ਹਾਤੇ ਓਨਾਂ ਪੁੰਨ ਕਮਾ ਲਿਆ….ਅੱਗੇ ਤੋਂ ਇਹਦੇ ਘਰਦਿਆਂ ਨੂੰ ਮੂੰਹ ਨੀ ਲਾਉਣਾ…. ਏਹੋ ਜਿਹੇ ਲੋਕ ਹਨ ਸਾਨੂੰ ਅਕਲ ਸਿਖਾ ਜਾਂਦੇ ਨੇ…. ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ….!”
ਬਰਜਿੰਦਰ ਕੌਰ ਬਿਸਰਾਓ…
9988901324