(ਸਮਾਜ ਵੀਕਲੀ) – ਮਨੁੱਖ ਜਨਮ ਸਮੇਂ ਤੋਂ ਲੈਕੇ ਮਰਨ ਤੱਕ ਇੱਕ ਪਰਿਵਾਰ ਦਾ ਹਿੱਸਾ ਰਹਿੰਦਾ ਹੈ ਜਾਂ ਇਉਂ ਕਹਿ ਲਵੋ ਕਿ ਪਰਿਵਾਰ ਮਨੁੱਖ ਦੀ ਜ਼ਿੰਦਗੀ ਦਾ ਉਹ ਧੁਰਾ ਹੁੰਦਾ ਹੈ ਜਿਸ ਦੇ ਇਰਦ ਗਿਰਦ ਉਸ ਦਾ ਜੀਵਨ ਅਤੇ ਸਧਰਾਂ ਘੁੰਮਦੀਆਂ ਰਹਿੰਦੀਆਂ ਹਨ। ਕਿਸੇ ਵੀ ਮਨੁੱਖ ਦਾ ਜਿਹੋ ਜਿਹਾ ਪਰਿਵਾਰਕ ਜੀਵਨ ਹੋਵੇਗਾ ਉਸ ਦੀ ਸ਼ਖ਼ਸੀਅਤ ਵੀ ਲਗਪਗ ਉਸੇ ਅਨੁਸਾਰ ਤਿਆਰ ਹੁੰਦਾ ਹੈ। ਉਹ ਪਰਿਵਾਰ ਵਿੱਚ ਰਹਿਕੇ ਜਦੋਂ ਤੋਂ ਹੋਸ਼ ਸੰਭਾਲਦਾ ਹੈ ਉਹ ਤੋਤਲੀਆਂ ਗੱਲਾਂ ਕਰਨੀਆਂ ਸਿੱਖਦਾ ਹੈ, ਫਿਰ ਉਹਨਾਂ ਤੋਤਲੀਆਂ ਗੱਲਾਂ ਨਾਲ ਵੱਡਿਆਂ ਦੇ ਰੁੱਸੇ ਤੇ ਮਸੂਸੇ ਚਿਹਰਿਆਂ ਤੇ ਮੁਸਕਰਾਹਟਾਂ ਲਿਆਉਣੀਆਂ ਸਿੱਖਦਾ ਹੈ ਜਿਵੇਂ ਜਿਵੇਂ ਵੱਡਾ ਹੋਈ ਜਾਂਦਾ ਹੈ ਉਹ ਰੁੱਸਣਾ, ਮਨਾਉਣਾ ,ਹੱਸਣਾ ਖੇਡਣਾ ਆਦਿ ਸਿੱਖਦਾ ਹੈ ਤੇ ਹੋਰ ਵੀ ਬਹੁਤ ਕੁਝ ਸਿੱਖਦਾ ਹੈ।
ਪਹਿਲਾਂ ਪਹਿਲ ਸੰਯੁਕਤ ਪਰਿਵਾਰ ਸਾਡੇ ਸਮਾਜ ਦਾ ਇੱਕ ਅਹਿਮ ਹਿੱਸਾ ਹੁੰਦੇ ਸਨ ਕਿਉਂਕਿ ਇੱਕ ਸੰਯੁਕਤ ਪਰਿਵਾਰ ਜਿੰਨਾਂ ਵੱਡਾ ਹੁੰਦਾ ਸੀ ਓਨਾ ਹੀ ਉਸ ਪਰਿਵਾਰ ਨੂੰ ਸਮਾਜ ਵਿੱਚ ਇੱਜ਼ਤ ਦੀ ਨਿਗਾਹ ਨਾਲ ਵੇਖਿਆ ਜਾਂਦਾ ਸੀ। ਉਦੋਂ ਚਾਹੇ ਲੋਕ ਬਹੁਤ ਪੜ੍ਹੇ ਲਿਖੇ ਨਹੀਂ ਹੁੰਦੇ ਸਨ ਤੇ ਨਾ ਹੀ ਨੌਕਰੀਆਂ ਕਰਨ ਦਾ ਰਿਵਾਜ ਸੀ ਪਰ ਫਿਰ ਵੀ ਇੱਕ ਬਜ਼ੁਰਗ ਦੀ ਛਤਰ ਛਾਇਆ ਹੇਠ ਉਸ ਦੇ ਬੱਚਿਆਂ ਤੋਂ ਅੱਗੇ ਬੱਚਿਆਂ ਦੇ ਪਰਿਵਾਰ ਵੀ ਇਕੱਠੇ ਹੀ ਇੱਕ ਛੱਤ ਹੇਠ ਰਹਿੰਦੇ ਸਨ। ਅੱਜਕਲ੍ਹ ਕਈ ਵਾਰ ਛੋਟੀਆਂ ਪਾਰਟੀਆਂ ਲਈ ਜਿੰਨਾ ਇਕੱਠ ਹੋ ਜਾਂਦਾ ਹੈ ਓਨਾ ਤਾਂ ਇੱਕ ਇੱਕ ਪਰਿਵਾਰ ਦੇ ਮੈਂਬਰਾਂ ਦਾ ਇਕੱਠ ਹੁੰਦਾ ਸੀ। ਉਸ ਵਿੱਚ ਵਿਚਰਦੇ ਹੋਏ ਬੱਚੇ ਵੱਡਿਆਂ ਨੂੰ ਸਤਿਕਾਰਨਾ, ਛੋਟਿਆਂ ਨੂੰ ਪਿਆਰਨਾ ਅਤੇ ਰੁੱਸਿਆਂ ਨੂੰ ਮਨਾਉਣਾ, ਹੱਸਦਿਆਂ ਨਾਲ ਹੱਸਣਾ,ਆਦਿ ਸਦਾਚਾਰਕ ਗੁਣ ਸਹਿਜ ਸੁਭਾਅ ਹੀ ਸਿੱਖ ਲੈਂਦੇ ਸਨ।ਉਸ ਲਈ ਉਹਨਾਂ ਨੂੰ ਸਿਖਾਉਣ ਦੀ ਲੋੜ ਨਹੀਂ ਪੈਂਦੀ ਸੀ।
ਜਿਵੇਂ ਜਿਵੇਂ ਜ਼ਮਾਨਾ ਬਦਲਦਾ ਗਿਆ ਘਰਾਂ ਵਿੱਚ ਪਾੜ੍ਹਿਆਂ ਦੀ ਗਿਣਤੀ ਵਧਣ ਲੱਗੀ, ਕਿਸੇ ਨੂੰ ਘਰ ਤੋਂ ਦੂਰ ਨੌਕਰੀ ਕਰਨ ਜਾਣਾ ਪੈਂਦਾ, ਕਿਸੇ ਨੂੰ ਘਰ ਦੀ ਕਬੀਲਦਾਰੀ ਤੇ ਆਪਣੀ ਕਮਾਈ ਖਰਚ ਹੋਣ ਦੇ ਡਰੋਂ ਹੌਲੀ ਹੌਲੀ ਇਕਹਿਰੇ ਪਰਿਵਾਰ ਹੋਂਦ ਵਿੱਚ ਆਉਣ ਲੱਗੇ। ਆਪਣੇ ਪਰਿਵਾਰਾਂ ਨੂੰ ਮਿਲਣ ਗਿਲਣ ਦੇ ਬਹਾਨੇ ਪਰਿਵਾਰ ਦੇ ਬਾਕੀ ਜੀਆਂ ਨਾਲ ਮੇਲ ਮਿਲਾਪ ਹੋਈ ਜਾਣਾ ਵੀ, ਸਦਾਚਾਰਕ ਕਦਰਾਂ ਕੀਮਤਾਂ ਨੂੰ ਸੰਭਾਲਣ ਵਿੱਚ ਸਹਾਈ ਹੁੰਦਾ ਰਿਹਾ।ਪਰ ਪਿਛਲੇ ਇੱਕ ਡੇਢ ਦਹਾਕੇ ਤੋਂ ਮਨੁੱਖੀ ਜੀਵਨ ਸ਼ੈਲੀ ਵਿੱਚ ਤੇਜ਼ੀ ਨਾਲ ਬਦਲਾਅ ਆਇਆ ਹੈ ਚਾਹੇ ਉਸ ਦਾ ਕਾਰਨ ਵਿਸ਼ਵੀਕਰਨ ਸਮਝ ਲਿਆ ਜਾਵੇ ਜਾਂ ਪਦਾਰਥਵਾਦੀ ਯੁੱਗ ਸਮਝ ਲਿਆ ਜਾਵੇ। ਇਸ ਬਦਲਾਅ ਦੇ ਕਾਰਨ ਸਾਡਾ ਸਭਿਆਚਾਰ ਲੁੱਟਿਆ ਜਾ ਰਿਹਾ ਹੈ ਜਿਸ ਕਾਰਨ ਸਾਡੀ ਵਿਰਾਸਤੀ ਹੋਂਦ ਦੀਆਂ ਜੜ੍ਹਾਂ ਖੋਖਲੀਆਂ ਹੁੰਦੀਆਂ ਜਾ ਰਹੀਆਂ ਹਨ। ਇਕਹਿਰੇ ਪਰਿਵਾਰਾਂ ਦੀ ਗਿਣਤੀ ਵਧਦੀ ਗਈ ਤੇ ਸੰਯੁਕਤ ਪਰਿਵਾਰਾਂ ਦੀ ਗਿਣਤੀ ਘਟਣ ਲੱਗੀ।ਹਰ ਕੋਈ ਆਪਣੀ ਅਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਬਿਨਾਂ ਕਿਸੇ ਦੀ ਦਖਲਅੰਦਾਜ਼ੀ ਦੇ ਜਿਊਣਾ ਪਸੰਦ ਕਰਨ ਲੱਗਿਆ।
ਇਕਹਿਰੇ ਪਰਿਵਾਰਾਂ ਵਿੱਚ ਪਤੀ ਅਤੇ ਪਤਨੀ ਦੋਵਾਂ ਦਾ ਪੜ੍ਹਿਆ ਲਿਖਿਆ ਹੋਣ ਕਰਕੇ ਆਪਣਾ ਜੀਵਨ ਪੱਧਰ ਉੱਚਾ ਚੁੱਕਣ ਲਈ ਔਰਤਾਂ ਦਾ ਨੌਕਰੀ ਕਰਨ ਵੱਲ ਰੁਝਾਨ ਵਧਣ ਲੱਗਿਆ। ਇੱਕ ਪਰਿਵਾਰ ਵਿੱਚ ਮਾਤਾ ਪਿਤਾ ਦੋਵਾਂ ਦਾ ਘਰ ਤੋਂ ਸਾਰਾ ਦਿਨ ਬਾਹਰ ਰਹਿਣਾ ਅਤੇ ਘਰ ਆ ਕੇ ਵੀ ਥਕਾਵਟ ਜਾਂ ਹੋਰ ਕਾਰਨਾਂ ਕਰਕੇ ਬੱਚੇ ਅਣਗੌਲੇ ਹੋਣ ਲੱਗੇ। ਜਿਹੜੀਆਂ ਕਦਰਾਂ ਕੀਮਤਾਂ ਸਹਿਜ ਸੁਭਾਅ ਬੱਚਾ ਪਹਿਲਾਂ ਘਰ ਵਿੱਚੋਂ ਸਿੱਖ ਲੈਂਦਾ ਸੀ ਉਹ ਹੁਣ ਉਸ ਤੋਂ ਵਾਂਝੇ ਹੋਣ ਲੱਗੇ।ਉਸ ਤੋਂ ਅਗਲੀ ਪੀੜ੍ਹੀ ਵਿੱਚ ਨੈਤਿਕਤਾ ਦੀ ਕਮੀ ਕਾਰਨ ਅਸਹਿਣਸ਼ੀਲਤਾ,ਕ੍ਰੋਧ, ਬੇਹਯਾਈ ਤੇ ਬੇਸ਼ਰਮੀ ਵਰਗੇ ਔਗੁਣ ਪੈਦਾ ਹੋਣ ਲੱਗੇ।ਜਿਸ ਨੇ ਅਧੂਰੇ ਪਰਿਵਾਰਾਂ ਨੂੰ ਉਪਜਿਆ ਹੈ।
ਸਾਡੇ ਸਮਾਜ ਵਿੱਚ ਅਧੂਰੇ ਪਰਿਵਾਰ ਕਈ ਕਾਰਨਾਂ ਕਰਕੇ ਉਪਜ ਰਹੇ ਹਨ। ਪਹਿਲਾ ਕਾਰਨ ਪਤੀ ਪਤਨੀ ਦੇ ਆਪਸੀ ਝਗੜਿਆਂ ਕਾਰਨ ਇੱਕ ਦੂਜੇ ਤੋਂ ਵੱਖ ਹੋ ਕੇ ਜੀਵਨ ਬਤੀਤ ਕਰਨਾ।ਇਸ ਦਾ ਸ਼ਿਕਾਰ ਉਹਨਾਂ ਦੇ ਬੱਚੇ ਹੁੰਦੇ ਹਨ ਜਿਨ੍ਹਾਂ ਨੂੰ ਬਦਕਿਸਮਤੀ ਨਾਲ ਮਾਂ ਜਾਂ ਪਿਓ ਵਿੱਚੋਂ ਇੱਕ ਦਾ ਹੀ ਪਿਆਰ ਮਿਲਦਾ ਹੈ।ਜਿਸ ਕੋਲ ਰਹਿ ਰਿਹਾ ਹੁੰਦਾ ਹੈ ਉਸ ਵੱਲੋਂ ਪਤੀ ਜਾਂ ਪਤਨੀ ਦੀ ਖਲਨਾਇਕ ਭੂਮਿਕਾ ਬਾਰੇ ਦੱਸਿਆ ਜਾਂਦਾ ਹੈ ਤਾਂ ਜ਼ੋ ਪੱਕੀ ਤਰ੍ਹਾਂ ਦਿਲੋਂ ਦੂਰੀ ਬਣਾ ਲਵੇ। ਇਹ ਪੱਖ ਸਾਡੇ ਸਮਾਜ ਲਈ ਬਹੁਤ ਘਾਤਕ ਸਿੱਧ ਹੋ ਰਿਹਾ ਹੈ। ਪਾਲਣ ਵਾਲੇ ਦਾ ਡਰ ਖ਼ਤਮ ਹੋਣ ਦੇ ਨਾਲ ਅੱਡ ਹੋ ਚੁੱਕੇ ਪਤੀ ਜਾਂ ਪਤਨੀ ਪ੍ਰਤੀ ਨਫ਼ਰਤ ਦੀ ਭਾਵਨਾ ਪੈਦਾ ਕੀਤੀ ਜਾਂਦੀ ਹੈ ਜਿਸ ਬੱਚੇ ਦੇ ਕੋਮਲ ਮਨ ਵਿੱਚ ਪੜ੍ਹਾਈ, ਪਿਆਰ, ਨਵੀਆਂ ਗੱਲਾਂ ਸਿੱਖਣੀਆਂ ਅਤੇ ਆਪਣੇ ਜੀਵਨ ਲਈ ਉਸਾਰੂ ਵਿਉਂਤਬੰਦੀ ਕਰਨੀ ਹੁੰਦੀ ਹੈ ਉਸ ਦੇ ਮਨ ਵਿੱਚ ਇਹ ਗੱਲਾਂ ਜਿੱਥੇ ਬੱਚਿਆਂ ਅਤੇ ਮਾਪਿਆਂ ਦੇ ਭਵਿੱਖ ਲਈ ਖਤਰਨਾਕ ਸਾਬਤ ਹੁੰਦੀਆਂ ਹਨ ਉੱਥੇ ਸਮਾਜ ਲਈ ਵੀ ਘਾਤਕ ਸਿੱਧ ਹੋ ਰਹੀਆਂ ਹਨ।
ਅਧੂਰੇ ਪਰਿਵਾਰ ਅੱਜ ਦੇ ਜ਼ਮਾਨੇ ਦੀ ਤਰੱਕੀਆਂ ਵਿੱਚੋਂ ਵੀ ਉਪਜ ਰਹੇ ਹਨ। ਇਕਹਿਰੇ ਪਰਿਵਾਰ ਵਿੱਚ ਘਰ ਵਿੱਚ ਇੱਕ ਜਾਂ ਦੋ ਬੱਚਿਆਂ ਦਾ ਹੋਣਾ, ਉਹਨਾਂ ਨੂੰ ਪੜ੍ਹਾਈ ਕਰਨ ਲਈ ਘਰਾਂ ਤੋਂ ਦੂਰ ਹੋਰ ਸ਼ਹਿਰ ਜਾਂ ਵਿਦੇਸ਼ਾਂ ਵਿੱਚ ਭੇਜ ਦੇਣਾ ਅਤੇ ਫਿਰ ਪੜ੍ਹਾਈ ਪੂਰੀ ਹੋਣ ਤੇ ਉੱਥੇ ਹੀ ਨੌਕਰੀਆਂ ਲੱਭ ਕੇ ਆਪਣੀ ਜ਼ਿੰਦਗੀ ਦਾ ਅਗਲਾ ਪੜਾਅ ਉੱਥੇ ਹੀ ਸਥਾਪਤ ਕਰ ਲੈਣਾ ਜਿਸ ਕਾਰਨ ਬੁੱਢੇ ਮਾਪੇ ਕਿਤੇ ਇਕੱਲੇ ਬੱਚੇ ਕਿਤੇ ਇਕੱਲੇ।ਇਹ ਇੱਕ ਫੈਸ਼ਨ ਹੈ ਜਾਂ ਮਜ਼ਬੂਰੀ ,ਇਹ ਸਭ ਦੀ ਆਪਣੀ ਆਪਣੀ ਸੋਚ ਮੁਤਾਬਕ ਹੀ ਸਮਝ ਲਿਆ ਜਾਵੇ। ਸੰਯੁਕਤ ਤੋਂ ਇਕਹਿਰੇ ਅਤੇ ਇਕਹਿਰਿਆਂ ਤੋਂ ਅਧੂਰੇ ਪਰਿਵਾਰਾਂ ਵੱਲ ਨੂੰ ਵਧ ਰਿਹਾ ਰੁਝਾਨ ਜ਼ਰੂਰ ਇੱਕ ਸੋਚਣ ਦਾ ਵਿਸ਼ਾ ਹੈ। ਮਾਨਸਿਕ ਰੋਗੀਆਂ ਦੀ ਦੇਖਭਾਲ ਲਈ ਸਮਾਜ ਸੇਵੀ ਸੰਸਥਾਵਾਂ ਦਾ ਵਧਣਾ ਜਾਂ ਬਜ਼ੁਰਗਾਂ ਦੀ ਦੇਖ ਭਾਲ ਲਈ ਆਸ਼ਰਮਾਂ ਦਾ ਵਧਣਾ ਕਿਤੇ ਅਧੂਰੇ ਪਰਿਵਾਰਾਂ ਕਰਕੇ ਤਾਂ ਬਣਾਉਣੇ ਜ਼ਰੂਰੀ ਨਹੀਂ ਹੋ ਰਹੇ? ਇਹ ਗੱਲ ਵਿਚਾਰਨਯੋਗ ਹੈ।ਵਧ ਰਹੀਆਂ ਆਤਮਹੱਤਿਆਵਾਂ, ਘਰੇਲੂ ਕਤਲਾਂ, ਨਸ਼ਿਆਂ ਅਤੇ ਨੌਜਵਾਨੀ ਦਾ ਅਪਰਾਧ ਦੀ ਦੁਨੀਆ ਵਿੱਚ ਪ੍ਰਵੇਸ਼ ਕਰਨ ਦਾ ਬੀਜ ਵੀ ਕਿਤੇ ਅਧੂਰੇ ਪਰਿਵਾਰਾਂ ਕਰਕੇ ਤਾਂ ਨਹੀਂ ਪੁੰਗਰ ਰਹੇ? ਇਹ ਸਭ ਗੱਲਾਂ ਇੱਕ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਲਾਉਂਦੀਆਂ ਹਨ।
ਮੁੱਕਦੀ ਗੱਲ ਇਹ ਹੈ ਕਿ ਅਧੂਰੇ ਪਰਿਵਾਰਾਂ ਵਿੱਚ ਨੈਤਿਕ ਕਦਰਾਂ ਕੀਮਤਾਂ ਦੀ ਘਾਟ ਹੋ ਰਹੀ ਹੈ, ਘਰਾਂ ਵਿੱਚੋਂ ਬੱਚਿਆਂ ਨੂੰ ਸੁਭਾਵਿਕ ਤੌਰ ਤੇ ਸਿੱਖਣ ਲਈ ਕੁਝ ਨਹੀਂ ਲੱਭਦਾ।ਜਿਸ ਕਰਕੇ ਉਹ ਫੋਨਾਂ ਉੱਪਰ ਨੈੱਟ ਰਾਹੀਂ ਜਾਂ ਆਪਣੇ ਦੋਸਤਾਂ ਤੋਂ ਆਪਣੀ ਸੋਚ ਅਤੇ ਸਵਾਦ ਮੁਤਾਬਕ ਲੱਭ ਕੇ ਦੇਖ ਰਿਹਾ ਹੈ ਉਹੀ ਕੁਝ ਉਸ ਸਿੱਖ ਰਿਹਾ ਹੈ।ਜਿਸ ਕਾਰਣ ਸਹਿਜਤਾ ਨਾਲ ਜੀਵਨ ਜਿਊਣ ਦੀ ਜਾਚ ਅੱਜ ਦਾ ਮਨੁੱਖ ਭੁੱਲਦਾ ਜਾ ਰਿਹਾ ਹੈ ।
ਬਰਜਿੰਦਰ ਕੌਰ ਬਿਸਰਾਓ…
9988901324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly