ਏਹੁ ਹਮਾਰਾ ਜੀਵਣਾ ਹੈ -551

ਬਰਜਿੰਦਰ ਕੌਰ ਬਿਸਰਾਓ
(ਸਮਾਜ ਵੀਕਲੀ)-   ਇਸ ਦੁਨੀਆ ਵਿੱਚ ਵਿਚਰਦੇ ਹੋਏ ਹਰ ਮਨੁੱਖ ਦਾ ਆਪਣਾ ਆਪਣਾ ਸੁਭਾਅ ਅਤੇ ਕਿਰਦਾਰ ਹੁੰਦਾ ਹੈ। ਲੋਕਾਂ ਪ੍ਰਤੀ ਵਰਤਾਰਾ ਵੀ ਹਰ ਵਿਅਕਤੀ ਦਾ ਆਪਣੇ ਸੁਭਾਅ ਮੁਤਾਬਿਕ ਹੀ ਉਪਜਦਾ ਹੈ। ਹਰ ਵਿਅਕਤੀ ਦੇ ਸੁਭਾਅ ਦੀ ਸਿਰਜਣਾ ਵੀ ਕਈ ਪੱਖਾਂ ਦੇ ਸੁਮੇਲ ਨਾਲ ਹੁੰਦੀ ਹੈ। ਸੁਭਾਅ ਵਿੱਚ ਸਭ ਤੋਂ ਪਹਿਲਾਂ ਮਾਪਿਆਂ ਵੱਲੋਂ ਕੁਦਰਤੀ ਤੌਰ ਤੇ ਮਿਲੇ ਗੁਣ- ਔਗੁਣ ਹੁੰਦੇ ਹਨ ਫਿਰ ਜਿਵੇਂ ਜਿਵੇਂ ਜਿਹੋ ਜਿਹੀ ਦੁਨੀਆ ਵਿੱਚੋਂ ਦੀ ਲੰਘਦਾ ਹੋਇਆ ਅੱਗੇ ਵਧਦਾ ਜਾਂਦਾ ਹੈ, ਉਹ ਕੁਝ ਗੁਣ ਔਗੁਣ ਆਪਣੇ ਆਲ਼ੇ ਦੁਆਲ਼ੇ ਤੋਂ ਇਕੱਤਰ ਕਰਦਾ ਹੋਇਆ ਆਪਣੇ ਉੱਪਰ ਉਹਨਾਂ ਦੀ ਰੰਗਤ ਚੜ੍ਹਾਉਂਦਾ ਜਾਂਦਾ ਹੈ। ਉਹੀ ਰੰਗਤ ਅਤੇ ਕੁਦਰਤੀ ਸੁਭਾਅ ਦੇ ਮੇਲ ਨਾਲ ਜਿਹੋ ਜਿਹੇ ਢੰਗ ਨਾਲ ਆਪਣੇ ਆਪ ਨੂੰ ਫਿਰ ਦੁਨੀਆਂ ਵਿੱਚ ਪੇਸ਼ ਕਰਦਾ ਹੈ,ਉਹ ਉਸ ਦੀ ਆਪਣੀ ਸ਼ਖ਼ਸੀਅਤ ਬਣ ਜਾਂਦੀ ਹੈ। ਕਈ ਲੋਕ ਬਹੁਤ ਪ੍ਰਭਾਵਸ਼ਾਲੀ ਸ਼ਖ਼ਸੀਅਤ ਦੇ ਮਾਲਕ ਹੁੰਦੇ ਹਨ ਅਤੇ ਕਈ ਆਪਣੇ ਆਪ ਦਾ ਪ੍ਰਭਾਵ ਦੂਜਿਆਂ ਉੱਪਰ ਨਹੀਂ ਪਾ ਸਕਦੇ। ਮਨੁੱਖ ਦੀ ਸ਼ਖ਼ਸੀਅਤ ਨੂੰ ਉਭਾਰਨ ਲਈ ਅੱਜ ਕੱਲ੍ਹ ਕਈ ਤਰ੍ਹਾਂ ਦੇ ਸਿਖ਼ਲਈ  ਕੇਂਦਰ ਵੀ ਖੁੱਲ੍ਹ ਰਹੇ ਹਨ ਜਿਸ ਵਿੱਚ ਲੋਕਾਂ ਨੂੰ ਗੱਲ ਬਾਤ ਕਰਨ ਦਾ ਢੰਗ ਤੇ ਸਲੀਕਾ , ਆਪਣੇ ਆਪ ਨੂੰ ਦੂਜਿਆਂ ਸਾਹਮਣੇ ਕਿਵੇਂ ਪੇਸ਼ ਕਰਨਾ ਹੈ ਜਾਂ ਫਿਰ ਸਮਾਜਿਕ ਵਰਤਾਰੇ ਅਨੁਸਾਰ ਲੋਕਾਂ ਵਿੱਚ ਵਿਚਰਨਾ ਆਦਿ ਸਿਖਾਇਆ ਜਾਂਦਾ ਹੈ। ਪਰ ਇਹੋ ਜਿਹੇ ਸਿਖਲਾਈ ਕੇਂਦਰਾਂ ਤੇ ਸਿਖਲਾਈ ਲੈਣ ਜਾਣਾ ਹਰ ਕਿਸੇ ਦੀ ਜ਼ਰੂਰਤ ਜਾਂ ਦਿਲਚਸਪੀ ਨਹੀਂ ਹੁੰਦੀ। ਇਸ ਨੂੰ ਅਮੀਰਾਂ ਦੇ ਚੋਚਲੇ ਵੀ ਆਖਿਆ ਜਾ ਸਕਦਾ ਹੈ ਜਾਂ ਫਿਰ ਕਿਸੇ ਖਾਸ ਕਿੱਤੇ ਵਿੱਚ ਜਾਣ ਦੀ ਜ਼ਰੂਰਤ ਵੀ ਹੋ ਸਕਦੀ ਹੈ। ਇੱਕ ਆਮ ਵਿਅਕਤੀ ਤਾਂ ਸੁਭਾਵਿਕ ਤੌਰ ਤੇ ਹੀ ਦੁਨੀਆ ਵਿੱਚੋਂ ਵਿਚਰਦਾ ਹੈ।ਸ਼ਖਸੀਅਤ ਉਹਨਾਂ ਵਿਚਾਰਾਂ, ਭਾਵਨਾਵਾਂ ਅਤੇ ਵਿਹਾਰਾਂ ਦੇ ਗੁਣਾਂ ਦੇ ਪੈਟਰਨਾਂ ਤੋਂ ਬਣਦੀ ਹੈ ਜੋ ਇੱਕ ਵਿਅਕਤੀ ਨੂੰ ਵਿਲੱਖਣ ਬਣਾਉਂਦੇ ਹਨ।

               ਸੁਭਾਵਿਕ ਤੌਰ ਤੇ ਹੀ ਮਨੁੱਖ ਦੀ ਸ਼ਖ਼ਸੀਅਤ ਦਾ ਜੋ ਅਸਰ ਦੂਜਿਆਂ ਤੇ ਪੈਂਦਾ ਹੈ ਉਸ ਤੋਂ ਹੀ ਮਨੁੱਖ ਦੇ ਚੰਗੇ ਜਾਂ ਮਾੜ੍ਹੇ ਹੋਣ ਦਾ ਦੂਜਿਆਂ ਨੂੰ ਪਤਾ ਲੱਗਦਾ ਹੈ। ਸ਼ਖ਼ਸੀਅਤ ਦੀ ਉਸਾਰੀ ਵਿੱਚ ਸੱਚ ਦਾ ਕਿੰਨਾ ਕੁ ਮਹੱਤਵ ਹੈ,ਆਓ ਆਪਾਂ ਇਸ ਬਾਰੇ ਪੜਚੋਲ ਕਰੀਏ। ਸੱਚ ਇੱਕ ਅਜਿਹਾ ਗੁਣ ਹੈ ਜੋ ਕਿਸੇ ਵੀ ਮਨੁੱਖੀ ਸ਼ਖ਼ਸੀਅਤ ਨੂੰ ਪ੍ਰਗਟਾਉਣ ਦਾ ਇੱਕ ਵਧੀਆ ਜ਼ਰੀਆ ਹੈ। ਉਦਾਹਰਣ ਦੇ ਤੌਰ ਤੇ ਜੇ ਕਿਸੇ ਵਿਅਕਤੀ ਬਾਰੇ ਉਸ ਦੇ ਬਿਲਕੁਲ ਸੱਚਾ-ਸੁੱਚਾ ਹੋਣ ਦੀ ਧਾਰਨਾ ਬਣ ਜਾਵੇ ਤਾਂ ਹਰ ਕੋਈ ਉਸ ਨੂੰ ਇੱਜ਼ਤ ਦੀ ਨਿਗਾਹ ਨਾਲ ਦੇਖਦਾ ਹੈ। ਕਿਸੇ ਵਿਅਕਤੀ ਦੇ ਸੱਚ ਵਰਗੇ ਗੁਣ ਦਾ ਧਾਰਨੀ ਹੋਣਾ ਉਸ ਦੀ ਸ਼ਖ਼ਸੀਅਤ ਨੂੰ ਹੀ ਬਦਲ ਕੇ ਰੱਖ ਦਿੰਦਾ ਹੈ। ਉਸ ਦੀ ਸ਼ਖ਼ਸੀਅਤ ਵਿੱਚ ਇਸ ਇੱਕ ਗੁਣ ਨੂੰ ਅਪਣਾਉਣ ਕਰਕੇ ਹੋਰ ਕਈ ਗੁਣ ਆਪਣੇ ਆਪ ਜਨਮ ਲੈ ਲੈਂਦੇ ਹਨ।
                      ਜ਼ਿੰਦਗੀ ਵਿੱਚ ਸਚਾਈ ਵਰਗਾ ਇੱਕ ਗੁਣ ਅਪਣਾਉਣ ਨਾਲ ਮਨੁੱਖ ਜਿੱਥੇ ਇੱਕ ਪ੍ਰਭਾਵਸ਼ਾਲੀ ਸ਼ਖ਼ਸੀਅਤ ਦਾ ਮਾਲਕ ਬਣਦਾ ਹੈ ਉੱਥੇ ਸੱਚ ਦਾ ਸਾਥ ਦੇਣ ਵਾਲੇ ਵਿਅਕਤੀ ਦਾ ਮਨ ਵੀ ਪ੍ਰਸੰਨ ਰਹਿੰਦਾ ਹੈ।ਮਨ ਪ੍ਰਸੰਨ ਰਹਿਣ ਨਾਲ ਇਹੋ ਜਿਹਾ ਵਿਅਕਤੀ ਆਪਣੇ ਆਲ਼ੇ ਦੁਆਲ਼ੇ ਇੱਕ ਖੁਸ਼ਗਵਾਰ ਮਾਹੌਲ ਸਿਰਜਦਾ ਹੈ ।ਇਸ ਤਰ੍ਹਾਂ ਖੁਸ਼ੀ ਭਰਿਆ ਵਾਤਾਵਰਨ ਸਿਰਜਣ ਨਾਲ਼ ਉਹ ਮਾਨਸਿਕ ਤੌਰ ਤੇ ਤੰਦਰੁਸਤ ਅਤੇ ਖੁਸ਼ਹਾਲ ਜੀਵਨ ਬਤੀਤ ਕਰਨ ਦੇ ਸਮਰੱਥ ਹੁੰਦਾ ਹੈ। ਇਸ ਤਰ੍ਹਾਂ ਸੱਚ ਇੱਕ ਇਹੋ ਜਿਹਾ ਗੁਣ ਹੈ ਜੋ ਕਿਸੇ ਵੀ ਵਿਅਕਤੀ ਦੀ ਸ਼ਖ਼ਸੀਅਤ ਨੂੰ ਪ੍ਰਭਾਵਸ਼ਾਲੀ ਅਤੇ ਉਸ ਦੇ ਜੀਵਨ ਨੂੰ ਖੁਸ਼ਗਵਾਰ ਬਣਾਉਂਦਾ ਹੈ। ਇਸ ਇੱਕ ਗੁਣ ਨੂੰ ਧਾਰਨ ਕਰ ਕੇ ਬਾਕੀ ਗੁਣ ਮਨੁੱਖ ਅੰਦਰ ਆਪਣੇ ਆਪ ਉਪਜਦੇ ਹਨ।ਇਸ ਲਈ ਸੱਚ ਦਾ ਪੱਲਾ ਫੜਿਆਂ ਹਰ ਵਿਅਕਤੀ ਇੱਕ ਪ੍ਰਭਾਵਸ਼ਾਲੀ ਸ਼ਖ਼ਸੀਅਤ ਦਾ ਮਾਲਕ ਬਣ ਸਕਦਾ ਹੈ ।
                   ਜਿਹੜੇ ਵਿਅਕਤੀ ਅੰਦਰ ਸੱਚ ਦਾ ਵਾਸ ਹੋਵੇ ਉਸ ਅੰਦਰ ਕਿਸੇ ਗੱਲ ਦਾ ਭੈਅ ਨਹੀਂ ਰਹਿੰਦਾ।ਉਸ ਅੰਦਰ ਨਿਡਰਤਾ ਵਰਗਾ ਗੁਣ ਉਪਜਦਾ ਹੈ।ਉਸ ਦੇ ਅੰਦਰ ਕਿੰਤੂ ਪ੍ਰੰਤੂ ਵਾਲ਼ੀ ਧਾਰਨਾ ਵੀ ਖ਼ਤਮ ਹੋ ਜਾਂਦੀ ਹੈ। ਉਹ ਹਰ ਤਰ੍ਹਾਂ ਦੇ ਵਿਅਕਤੀ ਅਤੇ ਹਾਲਾਤਾਂ ਅੱਗੇ ਬਹੁਤ ਨਿਡਰਤਾ ਨਾਲ ਖੜ ਸਕਦਾ ਹੈ।ਉਸ ਦੀ ਸ਼ਖ਼ਸੀਅਤ ਦਲੇਰ ਬਣਦੀ ਹੈ ਕਿਉਂਕਿ ਇਸ ਤੋਂ ਉਲਟ ਝੂਠ ਦੀਆਂ ਅੱਖਾਂ ਅੱਗੇ ਹਰ ਵੇਲੇ ਫੜੇ ਜਾਣ ਦਾ ਭੈਅ ਉਪਜਦਾ ਹੈ, ਭੈਅ ਤੋਂ ਸਹਿਮ ਪੈਦਾ ਹੁੰਦਾ ਹੈ। ਸਹਿਮਿਆ ਅਤੇ ਡਰਿਆ ਹੋਇਆ ਵਿਅਕਤੀ ਕਦੇ ਵੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਦਾ ਮਾਲਕ ਨਹੀਂ ਹੋ ਸਕਦਾ। ਗੱਲ ਇੱਥੇ ਹੀ ਨਹੀਂ ਮੁੱਕਦੀ, ਸੱਚੇ ਵਿਅਕਤੀ ਅੰਦਰੋਂ ਜਿੱਥੇ ਭੈਅ ਮੁਕਤ ਹੋ ਕੇ ਦਲੇਰੀ ਵਰਗੇ ਗੁਣ ਉਪਜਦੇ ਹਨ ਉੱਥੇ ਹੀ ਨਿਰਪੱਖਤਾ ਵਰਗਾ ਗੁਣ ਜਨਮ ਲੈਂਦਾ ਹੈ ਕਿਉਂਕਿ ਸੱਚਾ ਵਿਅਕਤੀ ਪੱਖਪਾਤੀ ਵਿਚਾਰਧਾਰਾ ਤੋਂ ਉੱਪਰ ਉੱਠ ਕੇ ਸਿਰਫ਼ ਸੱਚ ਦਾ ਸਾਥ ਦਿੰਦਾ ਹੈ। ਜਿਸ ਨਾਲ ਅੱਗੋਂ ਉਸ ਉੱਤੇ ਨਿੱਜਤਾ ਭਾਰੂ ਨਹੀਂ ਹੋ ਸਕਦੀ। ਨਿੱਜਤਾ ਤੋਂ ਉੱਪਰ ਉੱਠਿਆ ਵਿਅਕਤੀ ਚੰਗੇ ਮਾੜੇ ਦੀ ਪਰਖ਼ ਸਹਿਜੇ ਹੀ ਕਰ ਸਕਦਾ ਹੈ। ਉਹ ਇੱਕ ਚੰਗਾ ਪਾਰਖੂ ਬਣ ਜਾਂਦਾ ਹੈ। ਜਿਸ ਨਾਲ ਉਹ ਬੁਰੇ ਲੋਕਾਂ ਤੋਂ ਸਹਿਜੇ ਹੀ ਆਪਣੀ ਦੂਰੀ ਬਣਾਉਣ ਦੇ ਯੋਗ ਬਣ ਜਾਂਦਾ ਹੈ। ਇਹੋ ਜਿਹਾ ਵਿਅਕਤੀ ਸਮਾਜ ਵਿੱਚ ਇੱਕ ਪ੍ਰਭਾਵਸ਼ਾਲੀ ਸ਼ਖ਼ਸੀਅਤ ਦਾ ਦਰਜਾ ਹਾਸਲ ਕਰਦਾ ਹੈ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਨਕਾਣਾ ਸਾਹਿਬ ਖਾਲਸਾ ਸਕੂਲ ਦਾ ਸਲਾਨਾ ਨਤੀਜਾ ਸੌ ਫੀਸਦੀ
Next articleSamaj Weekly = 30/03/2024