(ਸਮਾਜ ਵੀਕਲੀ)- “ਨੀ ਭੈਣੇ! ਮੈਨੂੰ ਤਾਂ ਭਜਨੀ ਤੇ ਪੂਰਾ ਸ਼ੱਕ ਐ….. ਓਹਨੇ ਈ ਮੇਰੇ ਤੇ ਕੁਛ ਕੀਤਾ ਹੋਇਆ…… ਤਾਂ ਹੀ ਮੇਰਾ ਸਰੀਰ ਜੁੜ ਗਿਆ……ਇਹਦੇ ਜਾਦੂ ਟੂਣਿਆਂ ਨੇ ਜਮ੍ਹਾਂ ਬੰਨ੍ਹਤਾ ਮੈਨੂੰ …. ਜਿਵੇਂ ਕਿਤੇ ਰੱਸੀਆਂ ਨਾਲ ਨੂੜਿਆ ਹੋਇਆ ਹੋਵੇ…..ਕੱਲਾ ਕੱਲਾ ਜੋੜ ਮੇਰਾ ਦਰਦ ਕਰਦਾ……!” ਪ੍ਰੀਤੋ ਆਪਣੀ ਗੁਆਂਢਣ ਜੀਤੋ ਦੇ ਘਰ ਵਿਹੜੇ ਵਿੱਚ ਧੁੱਪੇ ਮੰਜੇ ਤੇ ਬੈਠੀ ਉਸ ਨਾਲ਼ ਗੱਲਾਂ ਕਰਦੀ ਹੋਈ ਆਖ ਰਹੀ ਸੀ।
“ਜਿਹੜੇ ਕਰਨਗੇ……ਆਪੇ ਭਰਨਗੇ……ਰੱਬ ਦੇ ਘਰ ਦੇਰ ਹੁੰਦੀ ਐ ਨ੍ਹੇਰ ਤਾਂ ਨੀ……!” ਜੀਤੋ ਉਹਦੇ ਨਾਲ ਹਮਦਰਦੀ ਪ੍ਰਗਟਾਉਂਦਿਆਂ ਬੋਲੀ।
“ਨੀ….. ਪਤਾ ਨੀ…… ਕਦੋਂ ਭੁਗਤਣਗੇ…… ਹੁਣ ਤਾਂ ਓਹਨਾਂ ਦੀਆਂ ਕੀਤੀਆਂ ਕਰਾਈਆਂ ਦੀਆਂ ਅਸੀਂ ਭੁਗਤਦੇ ਆਂ……. ਰੱਬ ਵੀ ਇਹੋ ਜਿਹੀਆਂ ਨੂੰ…… ਪਰੋਸ ਪਰੋਸ ਕੇ ਮੂਹਰੇ ਰੱਖਦਾ…..!” ਪ੍ਰੀਤੋ ਰੱਬ ਤੇ ਗਿਲਾ ਕਰਦੀ ਹੋਈ ਬੋਲੀ।
“ਆਹ ਤਾਂ…… ਤੇਰੀ ਗੱਲ ਜਮ੍ਹਾਂ ਸੋਲਾਂ ਆਨੇ ਸੱਚ ਐ…… ਦੇਖ਼ ਲੈ ਰੱਬ ਨੇ….. ਓਹਨੂੰ ਸੋਨੇ ਵਰਗਾ ਪੋਤਾ ਦੇਤਾ….. ਘਰ ਦਾ ਕੱਲਾ ਕੱਲਾ ਜੀਅ ਓਹਦੇ ਅੱਗੇ ਪਿੱਛੇ…… ਆਏਂ ਫਿਰਦਾ….. ਜਿਵੇਂ ਕਿਤੇ ਡੀ ਸੀ ਲੱਗੀ ਹੋਵੇ…… ਮਜ਼ਾਲ ਐ ਕਿ ਓਹਦੇ ਸਾਹਮਣੇ ਕੋਈ ਖੰਘ ਵੀ ਜਾਵੇ……!”ਪ੍ਰੀਤੋ ਲਗਾਤਾਰ ਬੋਲੀ ਜਾ ਰਹੀ ਸੀ ਕਿ ਉਸ ਦੀ ਗੱਲ ਵਿੱਚੋਂ ਈ ਕੱਟ ਕੇ ਜੀਤੋ ਬੋਲੀ,”….ਸਾਡੇ ਹੈਗੇ ਆ ਨਾ ਤਾੜ ਤਾੜ ਜਵਾਬ ਦੇਣ ਨੂੰ….. ਗੱਲ ਮਗ਼ਰੋਂ ਕਰੀਦੀ ਆ….. ਜਵਾਬ ਪਹਿਲਾਂ ਇੱਟ ਤੇ ਪਿਆ ਹੁੰਦਾ…… ਠਾਹ ਸੋਟਾ ਮਾਰਦੇ ਨੇ…..।”
“ਨੀ….. ਭੈਣੇ ਇਹੀ ਤਾਂ ਆਪਣੇ ਆਪਣੇ ਕਰਮ ਹੁੰਦੇ ਨੇ….!”ਪ੍ਰੀਤੋ ਬੋਲੀ।
“….. ਪ੍ਰੀਤੋ….. ਮੈਨੂੰ ਤਾਂ ਆਹ ਤੇਰੀ ਪਰਲੀ ਗੁਆਂਢਣ ਤੇ ਵੀ ਪੂਰਾ ਸ਼ੱਕ ਐ…… ਓਹਦੇ ਵੀ ਚਾਰ ਕੁੜੀਆਂ ਈ ਨੇ…..ਓਹ ਵੀ ਮੁੰਡਾ ਹੋਣ ਲਈ ਪਾਂਡਿਆਂ ਪਾਂਧਿਆਂ ਕੋਲ਼ ਕਿਹੜਾ ਘੱਟ ਫਿਰਦੀ ਹੋਣੀ ਐ….!”
“ਨਹੀਂ ਜੀਤੋ…… ਉਹ ਤਾਂ ਮੇਰੀ ਪੱਕੀ ਸਹੇਲੀ ਆ….. ਓਹਦੇ ਤੇ ਤਾਂ ਮੈਨੂੰ ਆਪਣੇ ਤੋਂ ਵੀ ਵੱਧ ਭਰੋਸਾ….. (ਪਾਸਾ ਲੈ ਕੇ ਬੈਠਦੀ ਹੋਈ) …. ਹਾਏ….ਹਾਏ….!
(ਤੀਜੀ ਗੁਆਂਢਣ ਜੱਸੀ ਆਉਂਦੀ ਹੈ)
“ਆਓ ਬੈਠੋ ਜੱਸੀ ਭੈਣ ਜੀ….. ਕੀ ਹਾਲ ਹੈ…… ਤੁਸੀਂ ਕਿਵੇਂ ਟੈਮ ਕੱਢ ਲਿਆ ਅੱਜ….?” ਜੀਤੋ ਮੰਜੇ ਤੇ ਬੈਠੀ ਜੱਸੀ ਨੂੰ ਬੈਠਣ ਲਈ ਜਗ੍ਹਾ ਦਿੰਦੀ ਹੋਈ ਥੋੜ੍ਹਾ ਜਿਹਾ ਖਿਸਕਦੀ ਹੋਈ ਪੁੱਛਦੀ ਹੈ।
” ….. ਮੈਂ ਤਾਂ ਲੰਘੀ ਜਾਂਦੀ ਸੀ…… ਥੋਡੀ ਅਵਾਜ਼ ਸੁਣ ਕੇ ਮੈਂ ਸੋਚਿਆ ਹਾਲ ਚਾਲ ਈ ਪੁੱਛ ਚੱਲਦੀ ਹਾਂ….. ਹੋਰ ਸੁਣਾਓ ਪ੍ਰੀਤ ਭੈਣ ਜੀ ਤੁਹਾਡਾ ਕੀ ਹਾਲ ਐ…..?” ਜੱਸੀ ਨੇ ਜੀਤੋ ਦਾ ਜਵਾਬ ਦਿੰਦਿਆਂ ਨਾਲ਼ ਹੀ ਪ੍ਰੀਤੋ ਨੂੰ ਪੁੱਛਿਆ।
” ….. ਮੇਰਾ ਕਾਹਦਾ ਹਾਲ ਐ ਭੈਣ ਜੀ….. ਮੇਰੇ ਤਾਂ ਹੱਡ ਜੁੜੇ ਪਏ ਨੇ…… ਦਿਨ ਰਾਤ ਦਰਦ ਨਾਲ ਤੜਫਦੀ ਆਂ….. ਪਤਾ ਨੀ…..ਕਿਸੇ ਕੁਲਹਿਣੀ ਜ਼ਨਾਨੀ ਨੇ ਮੇਰੇ ਤੇ ਕੀ ਐਹੇ ਜਿਹਾ ਟੂਣਾ ਕੀਤਾ….. ਮੈਂ ਜੀਤੋ ਕੋਲ਼ ਬੈਠੀ ਏਹੀ ਰੋਣਾ ਰੋਂਦੀ ਸੀ…. ਮੈਨੂੰ ਤਾਂ ਪਤਾ ਕੀਹਨੇ…. ਬੰਨ੍ਹ ਕੇ ਰੱਖਤਾ….ਹਾਏ !….ਹਾਏ…!….ਇੱਕ ਇੱਕ ਜੋੜ ਦੁਖਦਾ…. ਇਲਾਜ ਦੀ ਵੀ ਕੋਈ ਕਸਰ ਨੀ ਛੱਡੀ…. ਅਸਰ ਈ ਨੀ ਕਰਦੀ….. ਮੈਂ ਤਾਂ ਬਾਬੇ ਤੋਂ ਧਾਗਾ ਕਰਵਾ ਕੇ ਵੀ ਪਾਇਆ….. ।”ਪ੍ਰੀਤੋ ਆਪਣਾ ਰੋਣਾ ਰੋਂਦੀ ਹੈ।
ਜੀਤੋ ਬੋਲੀ,” ….. ਜੱਸੀ ਭੈਣ ਜੀ…. ਮੈਨੂੰ ਤਾਂ ਇਹਦੀ ਪਰਲੀ ਗੁਆਂਢਣ ਤੇ ਸ਼ੱਕ ਐ….. ਇਹ ਭਜਨੀ ਤੇ ਸ਼ੱਕ ਕਰਦੀ ਆ….!”
ਜੱਸੀ ਮੁਸਕਰਾਉਂਦੀ ਹੋਈ ਬੋਲੀ,”…. ਤੁਸੀਂ ਦੋਵੇਂ ਕਿਹੜੇ ਜ਼ਮਾਨੇ ਵਿੱਚ ਤੁਰੀਆਂ ਫਿਰਦੀਆਂ…..ਆਹ ਕਿਹੜੇ ਵਹਿਮਾਂ ਵਿੱਚ ਪੈ ਗਈਆਂ….. ਪ੍ਰੀਤੋ ਭੈਣ ਜੀ….. ਮੈਨੂੰ ਲੱਗਦਾ ਤੁਸੀਂ ਉਸ ਦਿਨ ਤੋਂ ਹੀ ਬੀਮਾਰ ਹੋ….. ਜਿਸ ਦਿਨ ਮੈਂ ਤੁਹਾਡੇ ਕੋਲ ਛੱਤ ਤੇ ਧੁੱਪ ਸੇਕਣ ਆਈ ਸੀ….. ਤੇ ਤੁਸੀਂ ਆਪਣੇ ਸਰੀਰ ਤੇ ਗਰਮ ਤੇਲ ਦੀ ਮਾਲਿਸ਼ ਕਰ ਕੇ ਧੁੱਪ ਸੇਕਦੇ ਸੀ…..!”
” ….. ਹਾਂ ਨੀ ਭੈਣੇ….. ਉਸ ਤੋਂ ਅਗਲੇ ਦਿਨ ਤੋਂ ਈ ਮੈਂ ਤਾਂ ਮੰਜੇ ਤੇ ਪੈ ਗਈ….. ।” ਪ੍ਰੀਤੋ ਹਾਏ ਹਾਏ ਕਰਦੀ ਜੱਸੀ ਦੀ ਗੱਲ ਦਾ ਜਵਾਬ ਦਿੰਦੀ ਹੈ।
“ਤੂੰ ਤਾਂ ਅਗਲੇ ਦਿਨ ਬੀਮਾਰ ਹੋਈ ਐਂ….. ਮੈਂ ਤਾਂ ਉਸ ਦਿਨ ਈ ਸਮਝ ਗਈ ਸੀ….. ਜਦ ਤੂੰ ਗਰਮ ਤੇਲ ਦੀ ਮਾਲਿਸ਼ ਕਰਕੇ ਦੋ ਘੰਟੇ ਧੁੱਪ ਸੇਕਦੇ ਸੇਕਦੇ…. ਠੰਡੇ ਬਰਫ਼ ਵਰਗੇ ਪਾਣੀ ਚ ਭਿਉਂਤੇ ਖੇਸ ਧੋਣ ਲੱਗ ਗਈ ਸੀ….. ਤੇਰੇ ਸਾਰੇ ਕੱਪੜੇ ਠੰਡੇ ਪਾਣੀ ਨਾਲ ਭਿੱਜੇ ਪਏ ਸੀ…. ਫ਼ਿਰ ਸਰੀਰ ਨੀ ਜੁੜੂ ਤਾਂ ਹੋਰ ਕੀ ਹੋਊ….. ਇਹ ਧਾਗੇ ਪਾਉਣ ਨਾਲ ਥੋੜ੍ਹਾ ਬੀਮਾਰੀਆਂ ਠੀਕ ਹੁੰਦੀਆਂ….. ਚੰਗੇ ਜਿਹੇ ਡਾਕਟਰ ਨੂੰ ਦਿਖਾ…. ਨਾਲ਼ੇ ਪਰਲੀ ਗੁਆਂਢਣ ਨਾਲ਼ ਤੇਰਾ ਪਿਆਰ ਆ…. ਓਹਦੇ ਤੇ ਤੈਨੂੰ ਸ਼ੱਕ ਨੀ ਹੋਇਆ ਤੇ ਜੀਤੋ ਦੀ ਉਹਦੇ ਨਾਲ ਬਣਦੀ ਨੀ…. ਓਹਨੂੰ ਓਹਦੇ ਤੇ ਸ਼ੱਕ ਹੋ ਗਿਆ…. ਤੇ ਭਜਨੋ ਨਾਲ ਤੇਰੀ ਨੀ ਬਣਦੀ ….. ਓਹਦੇ ਤੇ ਤੈਨੂੰ ਸ਼ੱਕ ਹੋ ਗਿਆ….. ਕੋਈ ਜਾਦੂ ਟੂਣੇ ਨੀ ਕਰਦਾ ਭੈਣੋ….. ਇਹ ਤਾਂ ਸਾਰੇ ਮਨ ਦੇ ਵਹਿਮ ਹੁੰਦੇ ਨੇ….. !”
ਜੀਤੋ ਉਸ ਦੀ ਗੱਲ ਸੁਣ ਕੇ ਉੱਤੋਂ ਉੱਤੋਂ ਹਾਮੀ ਭਰਦੀ ਹੋਈ ਕਹਿੰਦੀ ਹੈ, “…. ਗੱਲ ਤਾਂ ਠੀਕ ਐ….. ਤੁਸੀਂ ਬੈਠੋ ਤਾਂ ਸਹੀ ਭੈਣ ਜੀ….!”
“ਨਹੀਂ… ਨਹੀਂ ਭੈਣ ਜੀ ਮੈਂ ਚੱਲਦੀ ਆਂ…. ਪ੍ਰੀਤੋ …. ਤੂੰ ਆਪਣਾ ਚੰਗੇ ਜਿਹੇ ਡਾਕਟਰ ਤੋਂ ਇਲਾਜ ਕਰਵਾ…..!” ਕਹਿ ਕੇ ਜੱਸੀ ਚਲੀ ਜਾਂਦੀ ਹੈ।
ਪ੍ਰੀਤੋ ਵੀ ਉਸੇ ਸਮੇਂ ਉੱਠ ਕੇ ਜੱਸੀ ਦੇ ਨਾਲ ਹੀ ਬਾਹਰ ਨਿਕਲ ਜਾਂਦੀ ਹੈ।
ਮਹੀਨੇ ਕੁ ਬਾਅਦ ਪ੍ਰੀਤੋ ਚੰਗੀ ਭਲੀ ਤੰਦਰੁਸਤ ਤੁਰੀ ਆਉਂਦੀ ਗਲ਼ੀ ਵਿੱਚ ਹੀ ਜੱਸੀ ਨੂੰ ਮਿਲੀ ਤੇ ਆਖਣ ਲੱਗੀ ,”…. ਭੈਣੇ….. ਤੇਰਾ ਬਹੁਤ ਬਹੁਤ ਧੰਨਵਾਦ….. ਜੇ ਤੂੰ ਓਦਣ ਮੈਨੂੰ ਨਾ ਮਿਲ਼ਦੀ ਤਾਂ ਹੁਣ ਤੱਕ ਮੈਂ ਕਿੱਥੇ ਠੀਕ ਹੋਣਾ ਸੀ…. ਮੈਂ ਤਾਂ ਬਾਬੇ ਤੋਂ ਈ ਧਾਗੇ ਕਰਵਾਈ ਜਾਣੇ ਸੀ….. ਤੇਰੇ ਕਹੇ ਮੈਂ ਅਗਲੇ ਦਿਨ ਈ ਡਾਕਟਰ ਤੋਂ ਦਵਾਈ ਲੈਣ ਚਲੀ ਗਈ…..ਤੇਰੀ ਗੱਲ ਸੱਚੀ ਸੀ….. ਡਾਕਟਰ ਕਹਿੰਦਾ ਤੂੰ ਤਾਂ ਗਰਮ ਸਰਦ ਹੋਣ ਨਾਲ ਬੀਮਾਰ ਹੋ ਗਈ ਐਂ….. ਤੇ ਹਫ਼ਤੇ ਚ ਈ ਮੈਂ….. ਨੌਂ ਬਰ ਨੌਂ ਹੋ ਗਈ …. ਕੀਤਾ ਕਰਾਇਆ ਤਾਂ ਐਵੇਂ ਮਨ ਦੇ ਵਹਿਮ ਹੀ ਹੁੰਦੇ ਨੇ…. ਵਹਿਮਾਂ ਤੋਂ ਮੁਕਤ ਹੋ ਕੇ ਜਿਊਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ…..!” ਦੋਵੇਂ ਹੱਸਦੀਆਂ ਹਨ ਤੇ ਹੋਰ ਦੁਖ ਸੁਖ ਕਰਦੀਆਂ ਆਪਣੇ ਆਪਣੇ ਘਰਾਂ ਵੱਲ ਨੂੰ ਤੁਰ ਗਈਆਂ।
ਬਰਜਿੰਦਰ ਕੌਰ ਬਿਸਰਾਓ…
9988901324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly