(ਸਮਾਜ ਵੀਕਲੀ)- ਦੁਨੀਆਦਾਰੀ ਨਿਭਾਉਣ ਲਈ ਮਨੁੱਖ ਦੇ ਖੂਨ ਦੀ ਸਾਂਝ ਦੇ ਰਿਸ਼ਤਿਆਂ ਤੋਂ ਇਲਾਵਾ ਹੋਰ ਵੀ ਕਈ ਰਿਸ਼ਤੇ ਜੁੜਦੇ ਹਨ।ਘਰ ਤੋਂ ਬਾਹਰ ਆਂਢ ਗੁਆਂਢ ਨਾਲ, ਕੰਮਕਾਜੀ ਸਥਾਨਾਂ ਉੱਪਰ, ਕਿਸੇ ਸਮਾਗਮ ਵਿੱਚ ਜਾਂ ਜਗ੍ਹਾ ਤੇ ਵਜ੍ਹਾ ਕੋਈ ਵੀ ਹੋਵੇ ਅਨੇਕਾਂ ਲੋਕਾਂ ਵਿੱਚ ਗੱਲਬਾਤ ਕਰਦਿਆਂ ਵਿਚਰਨਾ ਪੈਂਦਾ ਹੈ। ਕੋਈ ਰਿਸ਼ਤਾ ਨਾ ਵੀ ਜੁੜੇ,ਪਰ ਸਾਨੂੰ ਬਾਹਰ ਦੇ ਕੰਮਕਾਰ ਕਰਦੇ ਹੋਏ ਅਨੇਕਾਂ ਲੋਕਾਂ ਨਾਲ਼ ਮੁਲਾਕਾਤ ਕਰਨ ਦੀ ਲੋੜ ਪੈਂਦੀ ਹੈ । ਉਹਨਾਂ ਲੋਕਾਂ ਨਾਲ਼ ਸਾਡੀ ਕੋਈ ਰਿਸ਼ਤੇਦਾਰੀ ਨਹੀਂ ਹੁੰਦੀ ਤੇ ਨਾ ਹੀ ਆਪਾਂ ਨੂੰ ਉਹਨਾਂ ਦਾ ਨਾਂ ਪਤਾ ਹੁੰਦਾ ਹੈ ਪਰ ਫਿਰ ਵੀ ਕੁਝ ਪੁੱਛਣ ਜਾਂ ਦੱਸਣ ਲਈ ਉਹਨਾਂ ਲਈ ਕੋਈ ਨਾ ਕੋਈ ਸੰਬੋਧਨੀ ਸ਼ਬਦ ਵਰਤਣਾ ਪੈਂਦਾ ਹੈ। ਉਹ ਸ਼ਬਦ ਵਰਤਣ ਸਮੇਂ ਉਸ ਵਿਅਕਤੀ ਦੀ ਉਮਰ ਅਤੇ ਅਹੁਦੇ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ।
ਸਭ ਤੋਂ ਪਹਿਲਾਂ ਗੱਲ ਘਰ ਅੰਦਰਲੇ ਰਿਸ਼ਤਿਆਂ ਦੀ ਕਰੀਏ ਤਾਂ ਇੱਕ ਸਾਡਾ ਦੇਸ਼ ਹੀ ਹੈ ਜਿਸ ਵਿੱਚ ਹਰ ਰਿਸ਼ਤੇ ਨੂੰ ਵੱਖ ਵੱਖ ਨਾਂ ਦੇ ਕੇ ਸਤਿਕਾਰਿਆ ਜਾਂਦਾ ਹੈ ਜਿਵੇਂ ਦਾਦਾ ਦਾਦੀ, ਨਾਨਾ ਨਾਨੀ,ਮਾਮਾ ਮਾਮੀ,ਚਾਚਾ ਚਾਚੀ ਅਤੇ ਤਾਇਆ ਤਾਈ ਆਦਿਕ । ਬਾਹਰਲੇ ਮੁਲਕਾਂ ਵਿੱਚ ਦਾਦਾ ਦਾਦੀ ਤੇ ਨਾਨੀ ਨਾਨੀ ਲਈ ਇੱਕ ਸ਼ਬਦ ਹੀ ਕਾਫ਼ੀ ਹੁੰਦਾ ਹੈ “ਗ੍ਰੈਂਡ” (ਫਾਦਰ ਮਦਰ ਜਾਂ ਚਾਈਲਡ)….. ਹੁਣ ਸਮਝਣ ਵਾਲ਼ਾ ਆਪੇ ਮੁਹਾਂਦਰਾ ਪਛਾਣ ਕੇ ਲੱਭੀ ਜਾਵੇ ਕਿ ਦਾਦਾ- ਦਾਦੀ ਹਨ ਜਾਂ ਨਾਨਾ- ਨਾਨੀ,ਪੋਤਾ -ਪੋਤੀ ਜਾਂ ਦੋਹਤਾ -ਦੋਹਤੀ……! ਬਾਕੀ ਸਭ ਰਿਸ਼ਤਿਆਂ ਲਈ ਆਂਟੀ ਅੰਕਲ ਹੀ ਕਾਫੀ ਹੁੰਦਾ ਹੈ। ਸਾਡੇ ਦੇਸ਼ ਵਿੱਚ ਵੀ ਜਦੋਂ ਤੋਂ ਪਾੜ੍ਹਿਆਂ ਦੀ ਗਿਣਤੀ ਵਧਣ ਲੱਗ ਪਈ ਹੈ ਉਦੋਂ ਤੋਂ ਸਾਡੇ ਘਰਾਂ ਵਿੱਚ ਵੀ ਆਂਟੀ ਅੰਕਲ ਨੇ ਡੇਰੇ ਲਾ ਲਏ ਹਨ ਤੇ ਪਿਆਰ ਵਧਾਉਣ ਵਾਲੇ ਮਾਸੀ ਮਾਮੀ, ਚਾਚੀ,ਤਾਈ ਅਤੇ ਭੂਆ ਆਦਿਕ ਰਿਸ਼ਤਿਆਂ ਉੱਤੇ ਕਬਜ਼ਾ ਇਸ ਆਂਟੀ ਨੇ ਹੀ ਕਰ ਲਿਆ ਹੈ। ਰਿਸ਼ਤੇ ਨੂੰ ਅਸਲੀ ਨਾਂ ਨਾਲ ਬੁਲਾਉਣਾ ਹੀ ਸਾਡੇ ਰਿਸ਼ਤਿਆਂ ਦੀ ਨਿਵੇਕਲੀ ਸ਼ਾਨ ਵਧਾਉਂਦੀ ਹੈ।
ਗੱਲ ਆਂਢ ਗੁਆਂਢ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਤਿਕਾਰ ਦੇਣ ਲਈ ਸੰਬੋਧਨੀ ਸ਼ਬਦ ਵਰਤਣ ਦੀ ਕਰੀਏ ਤਾਂ ਉਹਨਾਂ ਨੂੰ ਉਮਰ ਦੇ ਹਿਸਾਬ ਨਾਲ ਦੇਖ ਕੇ ਵਰਤਣਾ ਚਾਹੀਦਾ ਹੈ। ਆਂਢ ਗੁਆਂਢ ਦੇ ਲੋਕਾਂ ਨਾਲ਼ ਰੋਜ਼ ਮੂੰਹ ਮੱਥੇ ਲੱਗਣਾ ਹੁੰਦਾ ਹੈ, ਉਹਨਾਂ ਪ੍ਰਤੀ ਸ਼ਬਦ ਬਿਲਕੁਲ ਢੁਕਵੇਂ ਵਰਤਣੇ ਚਾਹੀਦੇ ਹਨ ਕਿਉਂਕਿ ਜੇ ਪਿਆਰ ਬਣਿਆ ਰਹੇ ਤਾਂ ਕਈ ਆਂਢੀ ਗੁਆਂਢੀ ਵੀ ਰਿਸ਼ਤੇਦਾਰਾਂ ਵਾਂਗ ਹੀ ਵਰਤਦੇ ਹਨ। ਕਈ ਵਾਰ ਆਮ ਕਰਕੇ ਆਪਣੇ ਤੋਂ ਚਾਰ ਕੁ ਸਾਲ ਛੋਟੇ ਵਿਅਕਤੀ ਜਾਂ ਔਰਤ ਨੂੰ ਹੀ ਅੰਕਲ ਆਂਟੀ ਕਹੀ ਜਾਵੋਗੇ ਤਾਂ ਉਹਨਾਂ ਨਾਲ ਨਾ ਸਬੰਧ ਵਧੀਆ ਬਣ ਸਕਣਗੇ ਤੇ ਲੋਕਾਂ ਵਿੱਚ ਵੀ ਮਜ਼ਾਕ ਦਾ ਪਾਤਰ ਬਣ ਸਕਦੇ ਹੋ। ਉਹਨਾਂ ਨੂੰ ਸਤਿਕਾਰ ਵਜੋਂ ਦੀਦੀ,ਭੈਣ ਜੀ,ਭਾਜੀ,ਵੀਰ ਜੀ ਆਦਿਕ ਸ਼ਬਦਾਂ ਨਾਲ ਸੰਬੋਧਨ ਕੀਤਾ ਜਾਵੇ ਤਾਂ ਉਹਨਾਂ ਦੇ ਆਤਮ ਸਨਮਾਨ ਨੂੰ ਵੀ ਠੇਸ ਨਹੀਂ ਪਹੁੰਚੇਗੀ। ਇੱਕ ਜੋੜੇ ਦੇ ਬੱਚਿਆਂ ਦੀ ਗ੍ਰੈਜੂਏਸ਼ਨ ਕੀਤੀ ਨੂੰ ਵੀ ਕਈ ਸਾਲ ਹੋ ਗਏ ਹਨ ਪਰ ਜਦੋਂ ਕੋਈ ਉਹਨਾਂ ਦੇ ਆਂਢ ਗੁਆਂਢ ਦੀ ਵਹੁਟੀ ਉਹਨਾਂ ਦੇ ਪੈਰੀਂ ਹੱਥ ਲਗਾਉਣ ਲੱਗਦੀ ਹੈ ਤਾਂ ਉਹ ਸਭ ਨੂੰ ਇਹੀ ਗੱਲ ਕਹਿ ਕੇ ਮਨ੍ਹਾ ਕਰ ਦਿੰਦੇ ਹਨ,” ਤੁਸੀਂ ਸਾਡੇ ਪੈਰੀਂ ਹੱਥ ਨਾ ਲਗਾਇਆ ਕਰੋ…… ਅਸੀਂ ਤਾਂ ਆਪ ਤੁਹਾਡੇ ਵਰਗੇ ਹੀ ਹਾਂ…..।” ….’ਤੇ ਫਿਰ ਉਹ ਇਸੇ ਗੱਲ ਕਰਕੇ ਬਾਕੀ ਲੋਕਾਂ ਵਿੱਚ ਵੀ ਮਜ਼ਾਕ ਦੇ ਪਾਤਰ ਬਣਦੇ ਹਨ ਕਿਉਂਕਿ ਛੋਟੀ ਉਮਰ ਵਾਲਿਆਂ ਨੂੰ ਵੀ ਠੇਸ ਪਹੁੰਚਦੀ ਹੈ ਕਿ ਇਹ ਬਜ਼ੁਰਗ ਸਾਨੂੰ ਆਪਣੇ ਜਿੱਡਾ ਬਣਾ ਰਹੇ ਹਨ ਜਿਸ ਕਰਕੇ ਉਹ ਭੰਡੀ ਪ੍ਰਚਾਰ ਕਰਨ ਲੱਗੇ ਦੇਰ ਨਹੀਂ ਲਗਾਉਂਦੇ।
ਕੰਮਕਾਜੀ ਅਤੇ ਬਾਹਰੀ ਥਾਵਾਂ ਤੇ ਅਣਜਾਣ ਲੋਕਾਂ ਨਾਲ ਗੱਲਬਾਤ ਕਰਦਿਆਂ ਇੱਕ ਦੋ ਸ਼ਬਦ ਸੁਭਾਵਿਕ ਤੌਰ ਤੇ ਸਹਾਈ ਹੋ ਕੇ ਸਾਰਥਕ ਸਿੱਧ ਹੁਦੇ ਹਨ । ਉਹ ਸ਼ਬਦ ਹਨ” ਮੈਡਮ ਅਤੇ ਸਰ” ….ਇਹ ਸ਼ਬਦ ਕਈ ਸ਼ਬਦਾਂ ਦੇ ਪੂਰਕ ਹੋਣ ਦੇ ਨਾਲ਼ ਨਾਲ਼ ਤਹਿਜ਼ੀਬ ਦਾ ਵੀ ਇੱਕ ਹਿੱਸਾ ਜਾਪਦੇ ਹਨ। ਇਹ ਸ਼ਬਦ ਬੋਲਣ ਨਾਲ ਜਿੱਥੇ ਬੁਲਾਉਣ ਵਾਲੇ ਦਾ ਸਤਿਕਾਰ ਵਧਦਾ ਹੈ ਉੱਥੇ ਹੀ ਆਲ਼ੇ ਦੁਆਲ਼ੇ ਸੁਣਨ ਵਾਲੇ ਲੋਕਾਂ ਨੂੰ ਵੀ ਵਧੀਆ ਲੱਗਦਾ ਹੈ। ਇਹਨਾਂ ਸ਼ਬਦਾਂ ਨੂੰ ਬੋਲਣ ਲਈ ਕੋਈ ਇੱਕ ਦੂਜੇ ਪ੍ਰਤੀ ਉਮਰ ਸੀਮਾ ਦੀ ਬੱਧਤਾ ਨਹੀਂ ਹੁੰਦੀ। ਇੱਕ ਬਜ਼ੁਰਗ ਵੱਲੋਂ ਬਹੁਤ ਛੋਟੀ ਉਮਰ ਦੇ ਵਿਅਕਤੀਆਂ ਲਈ , ਛੋਟਿਆਂ ਵੱਲੋਂ ਵੱਡਿਆਂ ਲਈ,ਹਮ ਉਮਰ ਵਾਲਿਆਂ ਲਈ ਅਸਾਨੀ ਨਾਲ ਵਰਤਿਆ ਜਾ ਸਕਦਾ ਹੈ । ਇਹ ਸ਼ਬਦ ਸੋਸ਼ਲ ਮੀਡੀਆ ਉੱਪਰ ਸਤਿਕਾਰ ਸਹਿਤ ਕੁਮੈਂਟ ਕਰਨ ਲਈ ਵੀ ਵਰਤੇ ਜਾ ਸਕਦੇ ਹਨ। ਇਸ ਸ਼ਬਦ ਨੂੰ ਸੁਣ ਕੇ ਹਰ ਕੋਈ ਆਪਣੇ ਆਪ ਨੂੰ ਵੱਡਾ ਵੱਡਾ ਜਿਹਾ ਸਮਝਣ ਲੱਗਦਾ ਹੈ ਅਤੇ ਖੁਸ਼ੀ ਮਹਿਸੂਸ ਕਰਦਾ ਹੈ। ਫਿਰ ਇਹ ਸ਼ਬਦ ਵਰਤਣ ਤੋਂ ਗ਼ੁਰੇਜ਼ ਕਿਉਂ ਕੀਤਾ ਜਾਵੇ? ਬਲਕਿ ਇਸ ਸ਼ਬਦ ਦੀ ਖੁੱਲ੍ਹ ਕੇ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਜੋ ਦੂਜਿਆਂ ਨੂੰ ਅਤੇ ਆਪਣੇ ਆਪ ਨੂੰ ਸਤਿਕਾਰ ਵੀ ਦੇਵੇ ਤੇ ਖੁਸ਼ੀ ਵੀ ਦੇਵੇ।
ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜੇਕਰ ਰਿਸ਼ਤਿਆਂ ਨੂੰ ਸੰਬੋਧਨ ਕਰਨ ਲਈ ਹਰੇਕ ਵਿਅਕਤੀ ਵੱਲੋਂ ਸੁਚੇਤ ਅਤੇ ਚੇਤੰਨ ਹੋ ਕੇ ਉਚਿਤ ਸ਼ਬਦਾਂ ਦਾ ਪ੍ਰਯੋਗ ਕੀਤਾ ਜਾਵੇ ਤਾਂ ਰਿਸ਼ਤਿਆਂ ਪ੍ਰਤੀ ਪਿਆਰ ਅਤੇ ਸਤਿਕਾਰ ਵਧਦਾ ਹੈ। ਸੰਬੋਧਨੀ ਸ਼ਬਦਾਂ ਰਾਹੀਂ ਜਿੱਥੇ ਅਸੀਂ ਦੂਜਿਆਂ ਦੇ ਸਤਿਕਾਰ ਵਿੱਚ ਵਾਧਾ ਕਰ ਰਹੇ ਹੁੰਦੇ ਹਾਂ ਉੱਥੇ ਹੀ ਸਾਡੀ ਸ਼ਖਸੀਅਤ ਵੀ ਦੂਜਿਆਂ ਸਾਹਮਣੇ ਉੱਘੜ ਕੇ ਪੇਸ਼ ਹੋ ਰਹੀ ਹੁੰਦੀ ਹੈ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly